Thu, 21 November 2024
Your Visitor Number :-   7253113
SuhisaverSuhisaver Suhisaver

ਬੁਢਾਪਾ ਆਵੇ ਹੀ ਕਿਉਂ - ਸੰਤੋਖ ਸਿੰਘ ਭਾਣਾ

Posted on:- 31-01-2015

suhisaver

ਇਹ ਗੱਲ ਤਕਰੀਬਨ ਹਰ ਇੱਕ ਦੇ ਮਨ ਵਿੱਚ ਠੋਕ ਠੋਕ ਕੇ ਭਰ ਦਿੱਤੀ ਜਾਂਦੀ ਹੈ ਕਿ ਬੁਢਾਪਾ ਆਉਂਦਿਆਂ ਹੀ ਆਦਮੀ ਬੇਕਾਰ ਹੋ ਜਾਂਦਾ ਹੈ।ਉਹ ਕਿਸੇ ਵੀ ਕੰਮ ਜੋਗਾ ਨਹੀਂ ਰਹਿ ਜਾਂਦਾ।ਅਸੀ ਆਪਣੇ ਆਲੇ ਦੁਆਲੇ ਅਜਿਹੇ ਅਨੇਕਾਂ ਬੰਦਿਆਂ ਨੂੰ ਵੇਖਦੇ ਹਾਂ ਜੋ ਆਪਣੀ ਉਮਰ ਵਧਣ ਦੇ ਨਾਲ ਨਾਲ ਉਤਸ਼ਾਹ ਹੀਣ ਹੁੰਦੇ ਜਾਂਦੇ ਹਨ।ਸਾਰੇ ਕੰਮ ਧੰਦੇ ਛੱਡ ਦਿੰਦੇ ਹਨ ਤੇ ਪਏ ਪਏ ਬੁਢਾਪੇ ਨੂੰ ਕੋਸਦੇ ਰਹਿੰਦੇ ਹਨ।ਉਨ੍ਹਾਂ ਦੀ ਹਰ ਗੱਲ ਚੋਂ ਨਿਰਾਸ਼ਤਾ ਝਲਕਦੀ ਹੈ ਕੀ ਕਰੀਏ, ਬੁੱਢੇ ਹੋ ਗਏ ਆਂ। ਅਜਿਹੇ ਬੰਦੇ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹੋਏ ਵੀ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਐਨਾ ਅਯੋਗ ਸਮਝਣ ਲੱਗ ਪੈਂਦੇ ਹਨ ਕਿ ਕੋਈ ਕੰਮ ਕਰ ਹੀ ਨਹੀਂ ਸਕਦੇ।
   
ਆਦਮੀ ਦੇ ਵਿਚਾਰ ਬੁੱਢੇ ਹੋ ਜਾਂਦੇ ਹਨ ਤਾਂ ਬੁਢਾਪਾ ਖੁਦ ਆ ਘੇਰਦਾ ਹੈ। ਮਨ ਚੋਂ ਬੁਢਾਪੇ ਦੀ ਭਾਵਨਾ ਭਰਦਿਆਂ ਹੀ ਸਰੀਰ ਨਿਢਾਲ ਹੋਣ ਲੱਗ ਪੈਂਦਾ ਹੈ।ਮੁਸ਼ਕਲ ਗੱਲ ਇਹ ਵੀ ਹੈ ਕਿ ਲੋਕੀ ਬਿਨਾਂ ਕੁਝ ਸੋਚੇ ਸਮਝੇ ਇਹ ਵਿਸ਼ਵਾਸ ਕਰਨ ਲੱਗ ਪੈਂਦੇ ਹਨ ਕਿ ਬੁਢਾਪੇ ਵਿੱਚ ਆਦਮੀ ਦਾ ਦਿਮਾਗ ਬੇਕਾਰ ਹੋ ਜਾਂਦਾ ਹੈ ਜਦਕਿ ਗੱਲ ਇਸ ਦੇ ਉਲਟ ਹੈ।ਬੁਢਾਪੇ ਚੋਂ ਦਿਮਾਗ ਕਮਜੋਰ ਨਹੀਂ ਹੁੰਦਾ ਬਲਕਿ ਦਿਮਾਗ ਦੀਆਂ ਸੋਚਾਂ ਕਮਜੋਰ ਹੋਣ ਨਾਲ ਬੁਢਾਪਾ ਆਣ ਘੇਰਦਾ ਹੈ।ਉਮਰ ਦੇ ਵਧਣ ਨਾਲ ਤਾਂ ਸਗੋਂ ਆਦਮੀ ਦੇ ਵਿਚਾਰ ਪਰਪੱਕ ਹੋ ਜਾਂਦੇ ਹਨ ਤੇ ਉਨ੍ਹਾਂ ਦੇ ਅਨੁਭਵ ਤੋ ਦੁਨੀਆਂ ਲਾਭ ਉਠਾ ਸਕਦੀ ਹੈ।


ਆਦਮੀ ਦੇ ਜਵਾਨ ਰਹਿਣ ਦਾ ਰਾਜ਼ ਉਸ ਦੇ ਮਨ ਵਿੱਚ ਲੁਕਿਆ ਹੁੰਦਾ ਹੈ।ਜਵਾਨੀ ਆਦਮੀ ਦੇ ਸੁੰਦਰ ਅਨੁਭਵਾਂ ਅਤੇ ਵਿਚਾਰਾਂ ਦੀ ਸ਼ੁੱਧਤਾ ਨਾਲ ਟਿਕੀ ਰਹਿ ਸਕਦੀ ਹੈ ਜੋ ਆਦਮੀ ਸਮਝਦੇ ਹਨ ਕਿ ਖੁਸ਼ ਰਹਿਣਾ,ਤੰਦਰੁਸਤ ਜੀਵਨ ਦਾ ਮਹਾਨ ਫਲਸਫਾ ਹੈ,ਉਹ ਕਦੇ ਬੁੱਢੇ ਕਦੇ ਨਹੀਂ ਹੋ ਸਕਦੇ।

    ਬੁਢਾਪੇ ਦਾ ਡਰ ਆਦਮੀ ਨੂੰ ਬਹੁਤ ਜਲਦੀ ਲੈ ਡੁੱਬਦਾ ਹੈ।ਜ਼ਿੰਦਗੀ ਦੀਆਂ ਦੁਸ਼ਵਾਰੀਆਂ,ਪ੍ਰੇਸ਼ਾਨੀਆਂ ਅਤੇ ਮਨ ਚੋਂ ਹਰ ਵੇਲੇ ਭਰੀ ਰਹਿਣ ਵਾਲੀ ਚਿੰਤਾ ਮਨ ਨੂੰ ਅਜਿਹੇ ਭਾਰੀ ਪੱਥਰਾਂ ਵਾਂਗ,ਹੇਠਾਂ ਦੱਬੀ ਰੱਖਦੀ ਹੈ ਕਿ ਉਸਾਰੂ ਅਤੇ ਰਚਨਾਤਮਕ ਭਾਵਨਾਵਾਂ ਦੀਆਂ ਕਰੂੰਬਲਾਂ ਫੁੱਟ ਹੀ ਨਹੀਂ ਸਕਦੀਆਂ।ਆਧੁਨਿਕ ਮਨੁੱਖ ਦੀ ਤੇਜ਼ ਰਫਤਾਰ ਜ਼ਿੰਦਗੀ,ਉਸਦੇ ਮਨ ਦੀ ਇਸ ਦੁਰਦਸ਼ਾ ਦਾ ਬਹੁਤ ਵੱਡਾ ਕਾਰਨ ਹੈ।ਇਹਦੇ ਨਾਲ ਨਾਲ ਜ਼ਿਆਦਾਤਰ ਲੋਕ ਆਪਣੇ ਉਪਰ ਬੇਲੋੜੀ ਜ਼ਿੰਮੇਵਾਰੀਆਂ ਦਾ ਬੋਝ ਵੀ ਲੱਦ ਲੈਂਦੇ ਹਨ।ਉਨਾਂ ਨੂੰ ਇੰਝ ਲੱਗਦਾ ਹੈ ਕਿ ਦੁਨੀਆਂ ਦਾ ਸਾਰਾ ਸਿਸਟਮ ਉਨ੍ਹਾਂ ਦੇ ਭਰੋਸੇ ਹੀ ਚੱਲ ਰਿਹਾ ਹੈ।ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਲਗਾਤਾਰ ਤਣਾਅ ਚੋਂ ਘਿਰੇ ਰਹਿੰਦੇ ਹਨ ਅਤੇ ਛੋਟੇ ਵੱਡੇ ਕਾਰਨਾਂ ਕਰਕੇ ਉਨ੍ਹਾਂ ਦੀ ਜ਼ਿੰਦਗੀ ਦਾ ਸੰਤੁਲਨ ਵਿਗੜ ਜਾਂਦਾ ਹੈ ਉਨ੍ਹਾਂ ਦਾ ਮਾਲਸਿਕ ਥਕੇਵਾਂ,ਉਲਝਣਾਂ ਅਤੇ ਚੌਵੀ ਘੰਟੇ ਦੀ ਕਿਚਕਿਚ ਉਨ੍ਹਾਂ ਨੂੰ ਸਮੇਂ ਤੋ ਪਹਿਲਾਂ ਬੁੱਢਾ ਬਣਾ ਦਿੰਦੀ ਹੈ।

ਅਨੇਕਾਂ ਵਾਰ ਅਜਿਹੇ ਬੰਦੇ ਦੁੱਖਾਂ ਤਕਲੀਫਾਂ ਚੋਂ ਐਨੇ ਘਿਰ ਜਾਂਦੇ ਹਨ ਕਿ ਉਨ੍ਹਾਂ ਨੂੰ ਸਾਰੇ ਸੰਸਾਰ ਹੀ ਵਾਵਰੋਲਿਆਂ ਅਤੇ ਝੱਖੜਾ ਚੋਂ ਘਿਰਿਆ ਲੱਗਦਾ ਹੈ ਅਜਿਹੇ ਲੋਕਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੇ ਕਿਉਂਕਿ ਉਹ ਨਵੇਂ ਵਿਚਾਰ ਗ੍ਰਹਿਣ ਕਰਨ ਦੀ ਤਾਕਤ ਗੁਆ ਬਹਿੰਦੇ ਹਨ।ਅਜਿਹੇ ਆਦਮੀ ਚਾਲੀ ਪੰਤਾਲੀ ਸਾਲ ਦੀ ਉਮਰ ਤਕ ਪਹੁੰਚਦੇ ਪਹੁੰਚਦੇ ਆਪਣੇ ਦਿਲ ਦਿਮਾਗ ਨੂੰ ਅਜਿਹੇ ਸ਼ਿਕੰਜੇ ਚ ਜਕੜ ਲੈਂਦੇ ਹਨ ਕਿ ਉਸ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ।

ਆਪਣੇ ਦਿਲ ਦਿਮਾਗ ਨੂੰ ਤਰੋ ਤਾਜ਼ਾ ਰੱਖੋ ਕਿਉਂਕਿ ਬਾਸੀ ਦਿਮਾਗ,ਚਿੰਤਾ ਅਤੇ ਭੈਅ ਦਾ ਸ਼ਿਕਾਰ ਹੋ ਜਾਂਦਾ ਹੈ।ਜਿਹੜੇ ਆਦਮੀ ਨਵੀਆਂ ਨਵੀਆਂ ਗੱਲਾਂ ਸੋਚਦੇ ਹਨ ਅਤੇ ਨਵੇਂ ਕੰਮਾਂ ਚੋਂ ਰੁਚੀ ਲੈਂਦੇ ਹਨ,ਜਿਹੜੇ ਖੁਸ਼ਮਿਜਾਜ਼ ਆਦਮੀ ਨੌਜਵਾਲਾਂਦੀਆਂ ਖਰਮਸਤੀਆਂ ਤੋ ਨੱਕ ਬੁੱਲ੍ਹ ਨਹੀਂ ਚੜ੍ਹਾਉਂਦੇ, ਨਿਸ਼ਚਿਤ ਤੌਰ ਤੇ ਉਹ ਪ੍ਰਫੁਲਤ ਅਤੇ ਚੜ੍ਹਦੀ ਕਲਾ ਚੋਂ ਰਹਿੰਦੇ ਹਨ।ਮਨ ਦੀ ਇਹ ਭਾਵਨਾ ਕਦੇ ਵੀ ਟੁੱਟਣ ਨਾ ਦੇਵੋ।ਸਮੇਂ ਅਨੁਸਾਰ ਆਪਣੇ ਆਪ ਨੂੰ ਬਦਲਣ ਵਾਲਾ ਵਿਅਕਤੀ ਜਲਦੀ ਹੀ ਨੌਜਵਾਨਾਂ ਨਾਲ ਘੁਲ ਮਿਲ ਜਾਂਦਾ ਹੈ।ਉਸਨੂੰ ਉਨ੍ਹਾਂ ਦੀ ਕੰਪਨੀ ਚੋਂ ਇੱਕਲਤਾ ਨਹੀਂ ਭੋਗਣੀ ਪੈਂਦੀ।ਉਹ ਸਾਰੀਆਂ ਉੱਚੀਆਂ ਸੁੱਚੀਆਂ ਭਾਵਨਾਵਾਂ ਅਤੇ ਰੋਸ਼ਨ ਆਸ਼ਾਵਾ ਜੋ ਤੁਹਾਡੇ ਮਨ ਨੂੰ ਆਸ਼ਾਵਾਦੀ ਹੁਲਾਰਾ ਦਿੰਦੀਆਂ ਹਨ,ਦਾ ਵਿਸਥਾਰ ਕਦੇ ਵੀ ਘਟਣ ਨਾ ਦਿਓ।ਅਜਿਹਾ ਕਰੋਗੇ ਤਾਂ ਜ਼ਿੰਦਗੀ ਚ ਬੁਢਾਪੇ ਦਾ ਹਨੇਰਾ ਕਦੇ ਵੀ ਤੁਹਾਡੀਟਾ ਬਰੂਹਾਂ ਤੇ ਨਹੀਂ ਟਪਕੇਗਾ।

ਮੌਤ ਸਬੰਧੀ ਹਰ ਵੇਲੇ ਸੋਚਦੇ ਰਹਿਣ ਕਰਕੇ ਸਾਡਾ ਅਜਿਹੇ ਭੈ ਭੀਤ ਕਰਨ ਵਾਲੇ ਵਿਚਾਰਾਂ ਤੋਂ ਤਰਾਹ ਨਿਕਲਿਆ ਰਹਿੰਦਾ ਹੈ,ਜਿਸ ਕਰਕੇ ਸਾਡੇ ਸਰੀਰ ਦੀਆਂ ਕਿਰਿਆਤਮਕ ਸ਼ਕਤੀਆਂ ਦਾ ਵਿਨਾਸ਼ ਹੋ ਜਾਂਦਾ ਹੈ।ਕਾਰਜ ਸ਼ਕਤੀ ਦੇ ਖਤਮ ਹੋ ਜਾਣ ਦੀ ਕਲਪਨਾ ਹੀ ਦੁੱਖਾਂ ਦਾ ਵੱਡਾ ਸਰੋਤ ਹੈ।ਇਸ ਤਰ੍ਹਾਂ ਦੇ ਘਾਤਕ ਵਿਚਾਰ ਆਦਮੀ ਦੀ ਪੇ੍ਰਰਣਾ ਸ਼ਕਤੀ ਨੂੰ ਨਿਰਬਲ ਕਰਦੇ ਹਨ।ਇਸ ਦਾ ਹੀ ਨਤੀਜਾ ਹੁੰਦਾ ਹੈ ਕਿ ਆਦਮੀ ਬੁਢਾਪੇ ਤੋ ਹਾਰ ਮੰਨ ਜਾਂਦਾ ਹੈ।

ਡਰ ਦੇ ਕਾਰਨ ਸਾਡੀਆਂ ਹੱਡੀਆਂ ਗਲਣ ਲੱਗ ਪੈਂਦੀਆਂ ਹਨ।ਮੌਤ ਦੀ ਸਜ਼ਾ ਪਾਏ ਅਪਰਾਧੀ ਵਾਂਗ ਅਸੀਂ ਆਪਣੇ ਆਪ ਨੂੰ ਅਜਿਹੇ ਅੰਨ੍ਹੇ ਖੂਹ ਚ ਧੱਕ ਲੈਂਦੇ ਹਾਂ,ਜਿਸ ਦਾ ਹਨੇਰਾ ਭਿਅੰਕਰ ਨਾਗ ਬਣ ਕੇ ਸਾਡੀਆਂ ਸਾਰੀਆਂ ਰਚਨਾਤਮਿਕ ਸ਼ਕਤੀਆਂ ਨੂੰ ਡੱਸ ਲੈਂਦਾ ਹੈ।ਬੁਢਾਪੇ ਦੇ ਭੈਅ ਕਰਕੇ ਸਾਡੇ ਸਰੀਰ ਦੇ ਸਾਰੇ ਪੌਸ਼ਕ ਤੱਤ ਕੰਮ ਕਰਨਾ ਬੰਦ ਕਰ ਦਿੰਦੇ ਹਨ।ਅਜਿਹੇ ਹਾਲਾਤ ਚ ਜਦੋਂ ਅਸੀਂ ਬਿਮਾਰ ਪੈ ਜਾਂਦੇ ਹਾਂ ਤਾਂ ਅਸੀਂ ਇਨ੍ਹਾਂ ਰੋਗਾਂ ਨੂੰ ਕਿਸਮਤ ਦੀ ਦੇਣ ਸਮਝ ਬਹਿੰਦੇ ਹਾਂ ਅਤੇ ਸਾਡੇ ਵਿੱਚ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਹੀ ਨਹੀਂ ਰਹਿ ਜਾਂਦੀ।

ਇਹ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਸਾਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਅਫਵਾਹਾਂ ਉਪਰ ਅਸੀ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਹਾਂ।ਪ੍ਰੰਤੂ ਵਿਗਿਆਨੀਆਂ ਦੇ ਖੋਜੇ ਨਤੀਜਿਆਂ ਉਪਰ ਸਾਨੂੰ ਭੋਰਾ ਯਕੀਨ ਨਹੀਂ ਹੁੰਦਾ।ਜਦਕਿ ਅੱਖਾਂ ਬੰਦ ਕਰਕੇ ਕਿਸੇ ਗੱਲ ਤੇ ਅਮਲ ਕਰਨ ਦੇ ਸਿੱਟੇ ਸਦਾ ਮਾੜੇ ਹੀ ਹੁੰਦੇ ਹਨ।ਇਸ ਲਈ ਵਿਗਿਆਨਕ ਨਜ਼ਰੀਆ ਅਪਣਾਉਣਾ ਚਾਹੀਦਾ ਹੈ।

ਮੁਹਾਵਰਾ ਹੈ ਕਿ ਚੱਲਦਾ ਫਿਰਦਾ ਆਦਮੀ ਅਤੇ ਦੌੜਦਾ ਹੋਇਆ ਘੋੜਾ,ਕਦੇ ਬੁੱਢੇ ਨਹੀਂ ਹੁੰਦੇ।ਭਾਵ ਰੁਕ ਜਾਣ ਦਾ ਨਾਂ ਹੈ ਬੁਢਾਪਾ ।ਬੁੱਢਾ ਹੋ ਜਾਣਾ ਤੁਹਾਡੀ ਆਪਣੀ ਇੱਛਾ ਸ਼ਕਤੀ ਉਪਰ ਨਿਰਭਰ ਕਰਦਾ ਹੈ।ਦੁਸਰਿਆਂ ਦੇ ਕਹਿਣ ਨਾਲ ਤੁਸੀਂ ਬੁੱਢੇ ਨਹੀਂ ਹੋ ਜਾਂਦੇ।ਦੁਨੀਆਂ ਕੀ ਕਹਿੰਦੀ ਹੈ,ਇਸ ਦੀ ਪਰਵਾਹ ਨਾ ਕਰੋ।ਤੁਹਾਡੇ ਦੋਸਤ ਅਤੇ ਪਰਿਵਾਰਕ ਮੈਂਬਰ ਤਾਂ ਵਾਰ ਵਾਰ ਕਹਿ ਕੇ ਤੁਹਾਨੂੰ ਬੁੱਢਾ ਬਣਾ ਦੇਣਗੇ।ਸਿਧਾਂਤ,ਸੱਚ ਅਤੇ ਸੁੰਦਰਤਾ ਕਦੇ ਬੁੱਢੇ ਨਹੀਂ ਹੁੰਦੇ।ਜੋ ਆਦਮੀ ਇਸ ਵਿੱਚ ਵਿਸ਼ਵਾਸ ਰੱਖਦਾ ਹੈ ਉਸ ਦਾ ਜੋਬਨ ਕਿਵੇਂ ਨਸ਼ਟ ਹੋ ਸਕਦਾ ਹੈ।

ਜ਼ਿ਼ੰਦਗੀ ਜਿਉਣ ਨਾਲ ਘਟਦੀ ਨਹੀਂ ਬਲਕਿ ਅਨੁਭਵਾਂ ਨੂੰ ਪ੍ਰਾਪਤ ਕਰਦੀ ਹੈ ਸਰੀਰ ਨੂੰ ਬੁਢਾਪੇ ਚੋਂ ਤਬਦੀਲ ਕਰਨ ਵਾਲੀ ਪ੍ਰਕਿਰਿਆ ਉਦੋ ਤਕ ਆਰੰਭ ਨਹੀਂ ਹੁੰਦੀ ਜਦ ਤਕ ਮਨੁੱਖ ਦਾ ਮਨ ਆਪਣੇ ਆਪ ਨੂੰ ਬੁੱਢਾ ਨਹੀਂ ਸਮਝ ਲੈਂਦਾ।ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਨਿਰਾਸ਼ਤਾ ਭਰੇ ਵਿਚਾਰ,ਸਰੀਰ ਦੇ ਪੁਨਰ ਨਿਰਮਾਣ ਚ ਭਿਅੰਕਰ ਰੋਕਾਂ ਲਾਉਦੇ ਹਨ।ਇਸ ਤਰ੍ਹਾਂ ਦੇ ਵਿਚਾਰ ਜਿੰਨੇ ਜ਼ਿਆਦਾ ਹੋਣਗੇ ਓਨਾਂ ਹੀ ਸਰੀਰ ਦਾ ਵਿਕਾਸ ਰੁਕਦਾ ਜਾਵੇਗਾ।ਸਵਾਰਥ ,ਲੋਭ ਅਤੇ ਹੋਰ ਕਈ ਤਰ੍ਹਾਂ ਦੇ ਲਾਲਚੀ ਵਿਚਾਰ,ਬੁਢਾਪੇ ਦੇ ਮਿੱਤਰ ਹਨ।ਜੀਵਨ ਵਿੱਚ ਨਿਰਾਸ਼ਾ ਤੋ ਵੱਧ ਕੇ,ਜਵਾਨੀ ਦਾ ਦੂਸਰਾ ਕੋਈ ਦੁਸ਼ਮਣ ਨਹੀਂ ਹੈ।

ਕੁਝ ਆਦਮੀ ਆਪਣਾ ਮਾਨਸਿਕ ਪੁਨਰ ਨਿਰਮਾਣ ਕਰਦੇ ਰਹਿਣ ਕਰਕੇ ਕਦੇ ਵੀ ਬੁੱਢੇ ਨਹੀਂ ਹੁੰਦੇ।ਉਹ ਨਾ ਤਾਂ ਕਿਸੇ ਕੰਮ ਤੌ ਜੀ ਚੁਰਾਉਂਦੇ ਹਨ ਨਾ ਸੰਘਰਸ਼ ਤੋਂ।ਥਕੇਵਾ ਅਤੇ ਉਦਾਸੀ ਤਾਂ ਉਨ੍ਹਾਂ ਦੇ ਨੇੜੇ ਨਹੀਂ ਫਟਕਦੀ।ਜੋ ਆਦਮੀ ਆਨੰਦਪੂਰਵਕ ਜ਼ਿੰਦਗੀ ਨਹੀਂ ਜੀ ਸਕਦਾ,ਉਹ ਜਵਾਨ ਵੀ ਨਹੀਂ ਬਣਿਆ ਰਹਿ ਸਕਦਾ।
                                    
                ਸੰਪਰਕ: +91 98152 96475

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ