ਮਨੁੱਖੀ ਆਚਰਣ ਨੂੰ ਮਾਪਣ ਦਾ ਪੈਮਾਨਾ ਕੀ ਹੈ? - ਗੁਰਚਰਨ ਪੱਖੋਕਲਾਂ
Posted on:- 11-01-2015
ਵਰਤਮਾਨ ਸਮੇਂ ਦੇ ਤਕਨੀਕੀ ਯੁੱਗ ਵਿੱਚ ਦੁਨੀਆਂ ਦੇ ਅਮੀਰ ਲੋਕ ਪੈਸੇ ਦੇ ਜ਼ੋਰ ’ਤੇ ਕਰੋੜਾਂ ਅਰਬਾਂ ਦੇ ਮਸ਼ਹੂਰੀ ਯੁੱਧ ਚਲਾ ਕੇ ਆਪਣੇ ਆਪ ਨੂੰ ਮਹਾਨ ਬਣਾਉਣ ਦਾ ਯਤਨ ਕਰਦੇ ਹਨ। ਕੋਣ ਮਨੁੱਖ ਕਿੰਨਾਂ ਕੁ ਵੱਡਾ ਹੁੰਦਾ ਹੈ, ਇਹ ਅਹੁਦਿਆਂ ’ਤੇ ਬੈਠ ਕੇ ਜਾਂ ਅਮੀਰੀਆਂ ਨਾਲ ਨਹੀਂ ਮਾਪਿਆ ਜਾਂਦਾ। ਦੁਨੀਆਂ ਦੇ ਗਿਆਨਵਾਨ ਲੋਕ ਇਸ ਨੂੰ ਮਨੁੱਖ ਦੇ ਆਚਰਣ ਤੋਂ ਮਾਪਦੇ ਹਨ ਕਿ ਕੋਣ ਮਨੁੱਖ ਕਿੰਨਾਂ ਕੁ ਵੱਡਾ ਛੋਟਾ ਹੈ । ਦੁਨਿਆਵੀ ਮਨੁੱਖ ਦੂਸਰਿਆਂ ਨੂੰ ਜਾਇਦਾਦਾਂ ਅਤੇ ਅਹੁਦਿਆਂ ਦੇ ਪੈਮਾਨੇ ਨਾਲ ਮਾਪ ਕੇ ਆਦਰ ਸਤਿਕਾਰ ਜਾਂ ਨਿਰਾਦਰ ਦਿੰਦਾ ਹੈ, ਪਰ ਗਿਆਨਵਾਨ , ਅਸਲੀ ਸਿਆਣੇ ਜਾਂ ਫਕੀਰ ਲੋਕ ਮਨੁੱਖ ਨੂੰ ਉਸਦੇ ਆਚਰਣ ਕਾਰਨ ਸਤਿਕਾਰ ਜਾਂ ਨਿਰਾਦਰ ਕਰਦੇ ਹਨ।
ਦੁਨੀਆਂ ਦੀਆਂ ਰਾਜਗੱਦੀਆਂ ਦੇ ਮਾਲਕ ਬਣੇ ਲੋਕ ਜੇ ਆਪਣੇ ਰਾਜ ਦੇ
ਸਮੁੱਚੇ ਲੋਕਾਂ ਬਾਰੇ ਸੋਚਣ ਦੀ ਥਾਂ ਆਪਣੇ ਪਰਿਵਾਰਾਂ ਬਾਰੇ ਹੀ ਸੋਚਦੇ ਰਹਿਣ ਜਾਂ ਆਪਣੇ
ਆਪ ਨੂੰ ਵੱਡਾ ਹੀ ਸਿੱਧ ਕਰਨ ਲਈ ਜ਼ੋਰ ਲਾਉਂਦੇ ਰਹਿਣ ਤਦ ਬਹੁਤ ਛੋਟੇ ਪੱਧਰ ਦੇ ਗਰੀਬਾਂ
ਨਾਲੋਂ ਵੀ ਥੱਲੇ ਦੀ ਅਵਸਥਾ ਦੇ ਮਾਲਕ ਹੀ ਸਿੱਧ ਹੁੰਦੇ ਹਨ । ਇਸ ਤਰਾਂ ਹੀ ਗਰੀਬੀ ਨਾਲ
ਜੂਝ ਰਿਹਾ ਕੋਈ ਭੁੱਖਾ ਮਨੁੱਖ ਵੀ ਜਦ ਆਪਣੀ ਭੁੱਖ ਦੀ ਥਾਂ ਸਮੁੱਚੇ ਸੰਸਾਰ ਦੇ ਭਲੇ ਦੀ
ਅਰਦਾਸ ਕਰ ਰਿਹਾ ਹੈ ਤਦ ਉਹ ਛੋਟਾ ਨਹੀਂ ਰਹਿ ਜਾਂਦਾ, ਸਗੋਂ ਬਾਦਸਾਹਾਂ ਨਾਲੋਂ ਵੀ ਵੱਡਾ
ਕਿਹਾ ਜਾਵੇਗਾ। ਸੋ ਇਸ ਤਰਾਂ ਹੀ ਅੱਜਕਲ ਐਮ ਡੀ ਐਚ ਕੰਪਨੀ ਦਾ ਮਾਲਕ ਇੱਕ ਬਜ਼ੁਰਗ ਆਪਣੇ
ਆਪ ਨੂੰ ਤਾਂਗੇ ਵਾਲੇ ਤੋਂ ਮਸਾਲਿਆਂ ਦੇ ਵਪਾਰ ਤੋਂ ਅੰਨ੍ਹਾ ਪੈਸਾ ਕਮਾਕੇ ਵੱਡਾ ਅਮੀਰ
ਬਣਨ ਦੀ ਕਹਾਣੀ ਦੀਆਂ ਕਿਤਾਬਾਂ ਛਪਵਾਕੇ ਵੇਚ ਰਿਹਾ ਹੈ।
ਇਸ ਤਰਾਂ ਦਾ ਇੱਕ ਹੋਰ ਮਨੁੱਖ ਜੀ ਨੈਟਵਰਕ ਦੇ ਇਲੈਕਟ੍ਰਾਨਿਕ ਮੀਡੀਆਂ ਤੇ ਲੋਕਾਂ ਨੂੰ ਕਾਮਯਾਬੀ ਦੇ ਗੁਰ ਪੜਾ ਰਿਹਾ ਹੈ, ਜੋ ਕਿ ਕਿਸੇ ਵਕਤ ਆਟੇ ਵਾਲੀ ਚੱਕੀ ਤੇ ਆਟਾ ਪੀਂਹਦਾ ਹੁੰਦਾ ਸੀ। ਇਸ ਤਰਾਂ ਦੇ ਹੋਰ ਬਥੇਰੇ ਲੋਕ ਸੰਤ ਭੇਸ ਵਿੱਚ ਠੱਗੀਆਂ ਬੇਈਮਾਨੀਆਂ ਰਾਹੀਂ ਲੋਕਾਂ ਦੇ ਇਕੱਠਾਂ ਨੂੰ ਮੱਤਾਂ ਦਿੰਦੇ ਹਨ ਅਤੇ ਆਪਣੇ ਆਪ ਨੂੰ ਪੈਗੰਬਰ ਸਿੱਧ ਕਰਦੇ ਹਨ । ਸਮੇਂ ਦੇ ਨਾਲ ਇਹਨਾਂ ਅਖੌਤੀ ਵੱਡੇ ਵਪਾਰੀ ਲੋਕਾਂ ਜਾਂ ਅਖੌਤੀ ਸੰਤਾਂ ਦਾ ਝੂਠ ਕਾਨੂੰਨ ਦੇ ਸ਼ਿਕੰਜੇ ਵਿੱਚ ਆ ਜਾਂਦਾ ਹੈ, ਤਦ ਇਹੋ ਜਿਹੇ ਲੋਕਾਂ ਦੀ ਅਸਲੀਅਤ ਲੁਕੋਇਆਂ ਵੀ ਨਹੀਂ ਲੁਕ ਸਕਦੀ ਹੁੰਦੀ । ਸੋ ਆਉ ਜਾਣੀਏ ਕਿ ਫਕੀਰਾਂ ਜਾਂ ਗਿਆਨਵਾਨ ਲੋਕਾਂ ਅਨੁਸਾਰ ਕੌਣ ਮਨੁੱਖ ਕਿਨਾਂ ਕੁ ਵੱਡਾ ਛੋਟਾ ਹੁੰਦਾ ਹੈ ? ਦੋਸਤੋ ਜਦ ਜੇ ਕੋਈ ਮਨੁੱਖ ਰਾਜਗੱਦੀ ਤੇ ਵੀ ਬੈਠਾ ਹੋਵੇ ਜਾਂ ਇੱਕ ਆਮ ਪਰਿਵਾਰ ਚਲਾ ਰਿਹਾ ਹੋਵੇ, ਜਦ ਤੱਕ ਆਪਣੇ ਤੱਕ ਆਪਣੀਆਂ ਹੀ ਲੋੜਾਂ ਬਾਰੇ ਸੋਚਦਾ ਹੈ ਤਦ ਉਹ ਆਮ ਵਿਅਕਤੀ ਹੀ ਹੁੰਦਾ ਹੈ । ਇਸ ਛੋਟੇ ਲੈਵਲ ਤੇ ਵੀ ਉਹ ਚੰਗਾਂ ਜਾਂ ਮਾੜਾ ਆਪਣੀ ਫਿਤਰਤ ਅਨੁਸਾਰ ਹੋ ਸਕਦਾ ਹੈ। ਇਹ ਆਮ ਵਿਅਕਤੀ ਜਦ ਕਿਸੇ ਪਰਿਵਾਰ ਦੇ ਹਿੱਤਾਂ ਤੱਕ ਸੋਚਣਾ ਸ਼ੁਰੂ ਕਰ ਦਿੰਦਾ ਹੈ, ਤਦ ਥੋੜਾ ਹੋਰ ਵੱਡੇ ਘੇਰੇ ਦਾ ਮਾਲਕ ਹੋ ਜਾਂਦਾ ਹੈ। ਇਸ ਲੈਵਲ ਤੇ ਉਹ ਕਿਸੇ ਪਰਿਵਾਰ ਦਾ ਮੁੱਖੀ ਵੀ ਬਣਨ ਦੀ ਯੋਗਤਾ ਦਾ ਮਾਲਕ ਵੀ ਹੋ ਜਾਂਦਾ ਹੈ। ਇਸ ਤੋਂ ਅਗਲਾ ਘੇਰਾ ਪਿੰਡ ਜਾਂ ਸ਼ਹਿਰ ਤੱਕ ਦਾ ਹੁੰਦਾ ਹੈ, ਜਦ ਕੋਈ ਆਪਣੇ ਪਿੰਡ ਜਾਂ ਸ਼ਹਿਰ ਦੇ ਹਿੱਤਾਂ ਤੱਕ ਸੋਚਣਾ ਸ਼ੁਰੂ ਕਰ ਦੇਵੇ, ਤਦ ਉਸਦਾ ਸਾਰਾ ਪਿੰਡ ਹੀ ਆਪਣਾ ਹੋ ਜਾਂਦਾ ਹੈ । ਇਸ ਲੈਵਲ ਤੇ ਪਹੁੰਚ ਕੇ ਉਸਦੇ ਆਪਣੇ ਹਿੱਤ ਅਤੇ ਪਰਿਵਾਰ ਦੇ ਹਿੱਤ ਵੀ ਆਪਣੇ ਸਮੂਹ ਦੇ ਵਿਕਾਸ਼ ਵਿੱਚੋਂ ਹੀ ਪਰਾਪਤ ਹੁੰਦੇ ਹਨ। ਇਸ ਘੇਰੇ ਵਿੱਚ ਵਿਚਰਦਾ ਮਨੁੱਖ ਸਰਪੰਚ ਆਦਿ ਵਰਗੇ ਅਹੁਦਿਆਂ ਦੀ ਯੋਗਤਾ ਪਰਾਪਤ ਕਰ ਲੈਂਦਾ ਹੈ। ਇਸ ਘੇਰੇ ਤੋਂ ਅੱਗੇ ਅਨੇਕਾਂ ਪਿੰਡਾਂ ਦੇ ਸਮੂਹ ਜਾਂ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਹਿੱਤਾਂ ਬਾਰੇ ਸੋਚਣ ਵਾਲੀ ਅਵਸਥਾ ਅਨੁਸਾਰ ਹਰ ਮਨੁੱਖ ਵੱਡਾ ਹੁੰਦਾ ਜਾਂਦਾ ਹੈ। ਇਸ ਤਰਾਂ ਦੀ ਸੋਚਣੀ ਅਨੁਸਾਰ ਹੀ ਉਸਦਾ ਕੱਦ ਮਾਪਿਆ ਜਾਂਦਾ ਹੈ। ਇਸ ਤਰਾਂ ਦੇ ਲੋਕ ਵਰਤਮਾਨ ਸਮੇਂ ਦੀ ਰਾਜਨੀਤਕ ਪਰਣਾਲੀ ਅਨੁਸਾਰ ਵਿਧਾਨਕਾਰ ,ਮੈਂਬਰ ਪਾਰਲੀਮੈਂਟ ਤੱਕ ਜਾ ਪਹੁੰਚਦੇ ਹਨ । ਦੇਸਾਂ ਦੇ ਆਗੂ ਪਰਧਾਨ ਮੰਤਰੀ , ਰਾਸ਼ਟਰਪਤੀ ਬਣਨ ਦੇ ਅਹੁਦਿਆਂ ਤੱਕ ਪਹੁੰਚਣ ਵਾਲੇ ਲੋਕ ਆਪਣੇ ਦੇਸ਼ ਦੇ ਸਮੁੱਚੇ ਲੋਕਾਂ ਬਾਰੇ ਸੋਚਣ ਵਾਲੇ ਹੀ ਬਣਦੇ ਹਨ, ਪਰ ਜੇ ਕਦੀ ਇਹੋ ਜਿਹੇ ਅਹੁਦਿਆਂ ਤੇ ਪਹੁੰਚ ਕੇ ਲੋਕ ਆਪਣੇ ਨਿੱਜ ਵੱਲ ਜਾਂ ਆਪਣੇ ਪਰਿਵਾਰਕ ਹਿੱਤਾਂ ਵੱਲ ਹੀ ਸੋਚਣਾ ਸ਼ੁਰੂ ਕਰ ਦੇਣ ਤਦ ਉਹ ਲੋਕ ਅਸਫਲ ਹੋ ਜਾਂਦੇ ਹਨ ਅਤੇ ਇਤਿਹਾਸ ਦੇ ਗੱਦਾਰ ਵੀ ਬਣ ਜਾਂਦੇ ਹਨ । ਵੱਡੇ ਅਹੁਦਿਆਂ ਤੇ ਜੇ ਛੋਟੀ ਪਰਿਵਾਰਕ ਹਿੱਤਾਂ ਵਾਲੀ ਸੋਚਣੀ ਦੇ ਲੋਕ ਪਹੁੰਚ ਜਾਣ ਤਦ ਉਹ ਆਪਣੇ ਮੁਲਕਾਂ ਵਿੱਚ ਅਸਫਲਤਾ, ਅਰਾਜਕਤਾ , ਬਦਅਮਨੀ ਦੇ ਜ਼ੁੰਮੇਵਾਰ ਵੀ ਜ਼ਰੂਰ ਬਣਦੇ ਹਨ । ਉਪਰੋਕਤ ਵਰਤਾਰੇ ਤੋਂ ਬਾਹਰ ਵੀ ਬਹੁਤ ਸਾਰੇ ਲੋਕ ਹੁੰਦੇ ਹਨ, ਜੋ ਸਮੁੱਚੇ ਸੰਸਾਰ ਦਾ ਭਲਾ ਲੋੜਦੇ ਹਨ ਇਹ ਲੋਕ ਦੁਨੀਆਂ ਦੀਆਂ ਰਾਜਗੱਦੀਆਂ ਤੇ ਭਾਵੇਂ ਨਹੀਂ ਬੈਠਦੇ, ਪਰ ਇਹਨਾਂ ਲੋਕਾਂ ਦੀ ਫਕੀਰ ਤਬੀਅਤ ਹਮੇਸ਼ਾਂ ਹੀ ਸਮੁੱਚੇ ਸੰਸਾਰ ਦੇ ਲੋਕਾਂ ਦਾ ਭਲਾ ਲੋੜਦੀ ਹੈ ਅਤੇ ਇਹ ਲੋਕ ਸੰਤ ਫਕੀਰ ਜਾਂ ਪੈਗੰਬਰ ਅਖਵਾਉਂਦੇ ਹਨ । ਆਮ ਲੋਕਾਂ ਵਿੱਚ ਵੀ ਰਾਜਸੱਤਾ ਦੇ ਅਹੁਦਿਆਂ ਦੀ ਭੁੱਖ ਤੋਂ ਦੂਰ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਫਕੀਰ ਬਿਰਤੀ ਦੇ ਹੁੰਦੇ ਹਨ। ਸੋ ਆਮ ਲੋਕਾਂ ਨੂੰ ਵੀ ਕਦੇ ਛੋਟਾ ਨਹੀਂ ਸਮਝਣਾਂ ਚਾਹੀਦਾ ਕਿਉਂਕਿ ਇਹ ਲੋਕ ਹੀ ਰਾਜਸੱਤਾ ਤੱਕ ਦੇ ਅਹੁਦੇ ਦੇਣ ਵਾਲੇ ਅਤੇ ਬਦਲਣ ਵਾਲੇ ਵੀ ਹੁੰਦੇ ਹਨ। ਰਾਜਸੱਤਾ ਤੇ ਕਬਜਾ ਕਰਕੇ ਬਹੁਤ ਵਾਰ ਕਈ ਲੋਕ ਤਾਨਾਸ਼ਾਹ ਵੀ ਬਣੇ ਹਨ ਜਿੰਹਨਾਂ ਨੂੰ ਵੀ ਅਨੇਕਾਂ ਵਾਰ ਇਹਨਾਂ ਨੂੰ ਆਮਲੋਕਾਂ ਨੇ ਮਲੀਆਮੇਟ ਕੀਤਾ ਹੈ। ਸੋ ਜੋ ਮਨੁੱਖ ਸਮੁੱਚੇ ਸੰਸਾਰ ਦਾ ਭਲਾ ਮੰਗਣ ਵਾਲਾ ਹੋਵੇ ਜਾਂ ਆਪਣੇ ਆਪ ਦੀ ਥਾਂ ਦੂਸਰਿਆਂ ਦਾ ਭਲਾ ਮੰਗਣ ਵਾਲਾ ਹੋਵੇ ਹਮੇਸਾਂ ਬਾਦਸ਼ਾਹੀ ਬਿਰਤੀ ਦਾ ਮਾਲਕ ਹੀ ਹੁੰਦਾ ਹੈ । ਰਾਜਨੀਤਕ ਕੁਰਸੀਆਂ ਤੇ ਅਨੇਕਾਂ ਵਾਰ ਤਿਕੜਮਬਾਜ਼, ਬੇਈਮਾਨ , ਭਰਿਸ਼ਟ ਲੋਕ ਵੀ ਪਹੁੰਚ ਜਾਂਦੇ ਹਨ, ਪਰ ਉਹਨਾਂ ਦਾ ਪਤਾ ਉਸ ਵਕਤ ਲੱਗਦਾ ਹੈ, ਜਦ ਉਹ ਰਾਜਸੱਤਾ ਤੇ ਬੈਠਕੇ ਨਿੱਜਪ੍ਰਸਤੀ ਕਰਦਿਆਂ ਆਪਣੇ ਅਤੇ ਆਪਣਿਆਂ ਦੇ ਵਾਸਤੇ ਲੁੱਟ ਸ਼ੁਰੂ ਕਰ ਦਿੰਦੇ ਹਨ । ਇਸ ਤਰਾਂ ਦੇ ਲੋਕ ਨੀਚ ਬੇਈਮਾਨ ਅਤੇ ਮੰਗਤੇ ਕਿਸਮ ਦੇ ਹੀ ਮੰਨੇ ਜਾਂਦੇ ਹਨ। ਇਮਾਨਦਾਰ ਰਾਜਨੀਤਕ ਬੰਦਾ ਆਪਣੇ ਸਮੁੱਚੇ ਲੋਕਾਂ ਦਾ ਭਲਾ ਕਰਦਾ ਹੈ, ਜਿਸ ਵਿੱਚ ਉਸਦੇ ਆਪਣੇ ਨਿੱਜ ਰਿਸਤਿਆਂ ਦੇ ਲੋਕ ਵੀ ਸ਼ਾਮਲ ਹੁੰਦੇ ਹਨ । ਸਮੁੱਚੇ ਲੋਕਾਂ ਦੀ ਭਲਾਈ ਸਮੇਂ ਉਸ ਦੇ ਨਿੱਜ ਰਿਸ਼ਤਿਆਂ ਵਾਲਿਆਂ ਦੀ ਵੀ ਦੂਸਰੇ ਲੋਕਾਂ ਵਾਂਗ ਭਲਾ ਹੁੰਦਾ ਹੀ ਹੈ। ਜੋ ਵਿਅਕਤੀ ਆਪਣੇ ਜ਼ਿੰਦਗੀ ਦੇ ਹਰ ਕੰਮ ਵਿੱਚ ਉਸਦਾ ਧਰਮ ਨਿਭਾਉਂਦਾ ਹੈ, ਉਹ ਹੀ ਸਫਲ ਜ਼ਿੰਦਗੀ ਅਤੇ ਉੱਚੇ ਕਿਰਦਾਰ ਦਾ ਮਾਲਕ ਹੁੰਦਾ ਹੈ। ਸੰਪਰਕ: +91 94177 27245