ਵਾਹਿਗੁਰੂ ਭਲੀ ਕਰੇ! -ਅਵਤਾਰ ਸਿੰਘ ਭੁੱਲਰ
Posted on:- 25-12-2014
ਸਾਡੇ ਪੰਜਾਬੀਆਂ ਦੇ ਖੂਨ 'ਚ ਪਤਾ ਨਹੀਂ ਅਜਿਹਾ ਕੀ ਹੈ ਕਿ, ਅਸੀਂ ਕਿਸੇ ਨੂੰ ਅਸਮਾਨੇ ਚਾੜਦੇ ਆਂ ਤਾਂ ਮਿੰਟਾਂ ਚ ਰੱਬ ਬਣਾ ਧਰਦੇ ਆਂ ( ਦਰਸ਼ਨ ਲਖੇਵਾਲ ਦੀ ਉਦਾਹਰਣ ਸਾਹਮਣੇ ਹੈ ) । ਜੇ ਕਿਸੇ ਨੂੰ ਨਿੰਦਣ ਤੇ ਆਉਂਦੇ ਆਂ ਤਾਂ ਅਜਿਹੇ ਪਾਤਾਲ ਚ ਸੁਟਦੇ ਆਂ ਕਿ ਦੁਬਾਰਾ ਧਰਤ ਤੇ ਉਭਰਨ ਜੋਗਾ ਨੀ ਛਡਦੇ । ਅਸੀਂ ਬਹੁਤੀ ਵਾਰ ਆਪਣੇ ਆਪ ਨੂੰ ਬੁੱਧੀਜੀਵਿਤਾ ਦੀ ਸਲਤਨਤ ਦੇ ਕਰਤਾ ਧਰਤਾ ਸਮਝ ਲੈਨੇ ਆਂ, ਤੇ ਹੌਲੀ ਹੌਲੀ ਬਾਕੀ ਲੋਕਾਂ ਨੂੰ ਵੀ ਆਪਣੀ ਪਰਜਾ ਚ ਸ਼ਾਮਿਲ ਕਰਨਾ ਲੋਚਦੇ ਆਂ । ਪਿਛਲੇ ਕੁਝ ਦਿਨਾ ਤੋਂ ਸੋਸ਼ਲ ਸਾਇਟਾਂ ਤੇ ਇਕ ਵਿਦੇਸ਼ੀ ਗੁਰਦੁਆਰਾ ਸਾਹਿਬ ਚ ਹੋਏ ਇਕ ਪੰਜਾਬੀ ਦੇ ਗੁਜਰਾਤੀ ਕੁੜੀ ਨਾਲ ਵਿਆਹ ਸਮਾਰੋਹ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ । ਅਸੀਂ ਤਕਰੀਬਨ ਸਭ ਨੇ ਉਹ ਤਸਵੀਰਾਂ ਵੇਖੀਆਂ ਹਨ, ਜਿਸ ਚ ਉਹ ਲੜਕੀ ਇਕ ਪੋਜ਼ ਚ ਸ਼੍ਰੀ ਗੁਰੂ ਗਰੰਥ ਵੱਲ ਪਿਠ ਕਰਕੇ ਆਪਣੀ ਫੋਟੋ ਖਿਚਵਾ ਰਹੀ ਹੈ ।
ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਸ਼ੁਰੁਆਤ ਚ ਈ ਸਪਸ਼ਟ ਕਰ ਦੇਵਾਂ ਕਿ ਮੈਨੂੰ ਵੀ ਉਸ ਤਸਵੀਰ ਨਾਲ ਉਨਾਂ ਹੀ ਦੁਖ ਹੈ, ਜਿੰਨਾ ਇੱਕ ਸਿੱਖ ਹਿਰਦੇ ਨੂੰ ਹੁੰਦਾ ਹੈ, ਤੇ ਹੋਣਾ ਵੀ ਚਾਹੀਦਾ । ਅਕਾਲ ਪੁਰਖ ਨੂੰ ਹਾਜ਼ਿਰ ਨਾਜ਼ਿਰ ਜਾਣ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਲੇਖ ਚ ਸਿੱਖ ਵਿਰੋਧੀ ਜਾਂ ਪੰਥ ਵਿਰੋਧੀ ਸੋਚ ਲੈ ਕੇ ਇਕ ਵੀ ਸ਼ਬਦ ਨਹੀਂ ਲਿਖਾਂਗਾ, ਜੋ ਵੀ ਲਿਖਾਂਗਾ ਇੱਕ ਸਿੱਖ ਪਰਿਵਾਰ ਚ ਜਨਮੇ ਨਿਮਾਣੇ ਦੇ ਵਿਚਾਰ ਹੋਣਗੇ ।ਅਸੀਂ ਦੂਜੇ ਧਰਮ ਦੇ ਲੋਕਾਂ ਦੁਆਰਾ ਅਨਜਾਣੇ 'ਚ ਕੀਤੀ ਇਸ ਗਲਤੀ ਨੂੰ ਤਾਂ ਬਜਰ ਗੁਨਾਹ ਸਮਝ ਬੈਠੇ ਹਾਂ, ਪਰ ਆਪਣੇ ਨਾ ਬਖਸ਼ਾਉਣ ਵਾਲੇ ਜਾਣਬੁਝ ਕੀਤੇ ਗੁਨਾਹਾਂ ਨੂੰ ਮੰਨਣ ਤੋਂ ਇਨਕਾਰੀ ਹੁੰਨੇ ਆਂ । ਸਾਡੇ ਪੂਰੇ ਗੁਰਸਿੱਖ ਧਾਰਮਿਕ ਮੋਢੀ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ 'ਚ ਇਕ ਦੂਜੇ ਨੂੰ ਗਾਲੀ ਗਲੋਚ ਕਰਦੇ ਆਮ ਨਜ਼ਰੀਂ ਪੈਂਦੇ ਹਨ । ਕੁਝ ਮਹੀਨੇ ਪਹਿਲਾਂ ਸਿੱਖਾਂ ਦੇ ਸਿਰਮੋਰ ਅਸਥਾਨ ਅਮ੍ਰਿਤਸਰ ਵਿਖੇ ਚੱਲੀਆਂ ਡਾਂਗਾਂ ਸੋਟੇ ਤਲਵਾਰਾਂ ਪੂਰੀ ਦੁਨੀਆਂ ਨੇ ਵੇਖੀਆਂ ਤੇ ਸਮੁਚੀ ਸਿਖ ਕੌਮ ਸ਼ਰਮਸਾਰ ਹੋਈ ।ਜੇਕਰ ਉਸ ਗੈਰ ਸਿੱਖ ਕੁੜੀ ਨੇ ਉਹ ਗਲਤੀ ਕੀਤੀ ਤਾਂ ਉਹਨੂੰ ਸਾਡੇ ਅਖੌਤੀ ਫੇਸਬੁੱਕੀ ਬੁੱਧੀਜੀਵੀਆਂ ਨੇ ' ਰੱਬ ਕਰਕੇ ਛੁੱਟੜ ਕਿਸੇ ਥਾਂ ਦੀ ਨਾ ਰਹੇ ' 'ਤੇਲ ਪਾ ਫੋਟੋਗ੍ਰਾਫਰ ਮਚਾ ਦਿਓ ' ਵਰਗੇ ਸ਼ਬਦਾਂ ਨਾਲ ਸ਼ਰੇਆਮ ਆਪਣੇ ਦਿਲ ਦੀ ਭੜਾਸ ਆਪਣੀ ਅਖੌਤੀ ਪੰਥ ਹਿਤਕਾਰੀ ਦਿਖਾਉਂਦਿਆਂ ਕੱਢੀ । ਪਰ ਇਥੇ ਜੇਕਰ ਤਹਿ ਦਿਲੋਂ ਸੋਚੀਏ ਤਾਂ ਉਸਦਾ ਪੰਜਾਬੀ ਪਤੀ, ਤੇ ਗੁਰਦੁਆਰਾ ਕਮੇਟੀ ਵੀ ਬਰਾਬਰ ਦੀ ਜ਼ਿੰਮੇਵਾਰ ਹੈ । ਉਸ ਨਾਲੋਂ ਵੀ ਵੱਧ ਅਸੀਂ ਸਭ ਜ਼ਿੰਮੇਵਾਰ ਹਾਂ ਜਿਹੜੇ ' ਰਾਜ ਕਰੇਗਾ ਖਾਲਸਾ ' ਤਾਂ ਬਹੁਤ ਉੱਚੀ ਉਚਾਰਦੇ ਹਾਂ ਪਰ ਆਪਣੇ ਧਰਮ ਬਾਰੇ ਵਿਦੇਸ਼ੀਆਂ ਨੂੰ ਤਾਂ ਕ਼ੀ ਆਪਣੇ ਦੇਸ਼ ਵਾਸੀਆਂ ਨੂੰ ਵੀ ਜਾਣੂ ਨਹੀਂ ਕਰਵਾ ਸਕੇ । ਅਸੀਂ ਦੂਜੇ ਭਾਈਚਾਰਿਆਂ ਨਾਲ ਥੋੜਾ ਬਹੁਤ ਵਾਹ ਵਾਸਤਾ ਤਾਂ ਰਖਦੇ ਹਾਂ, ਪਰ ਮੁਆਫ ਕਰਨਾ ਇਹ ਪਾਰਟੀਆਂ, ਖਾਣ ਪੀਣ ਤੇ ਦਾਰੂ ਸਿੱਕੇ ਤੱਕ ਹੀ ਸੀਮਤ ਰਹਿੰਦਾ ਹੈ ।ਪਿਛਲੇ ਸਾਲ ਕ੍ਰੇਗੀਬ੍ਰਨ ਚ ਇਕ ਪਾਰਕ 'ਚ ਸੈਰ ਕਰਦਿਆਂ ਇਕ ਗੁਜਰਾਤੀ ਬਜ਼ੁਰਗ ਮਿਲਦਾ ਹੁੰਦਾ ਸੀ, ਜਿਸ ਨੇ ਗੱਲਾਂ ਬਾਤਾਂ ਦੋਰਾਨ ਆਪਣਾ ਧਰਮ ਜੈਨ ਦੱਸਿਆ ਸੀ । ਇਕ ਦਿਨ ਸ਼ਾਮ ਨੂੰ ਉਹ ਉਦਾਸ ਸੀ ਤੇ ਕਹਿੰਦਾ ਦਿਲ ਕਰਦਾ ਵਾਪਿਸ ਚਲਾ ਜਾਵਾਂ । ਦਿਲ ਨੀ ਲਗਦਾ ਇਥੇ ਕਿਉਂਕੇ ਬੱਚੇ ਰਾਤ ਨੂੰ ਘਰ ਆਉਂਦੇ ਨੇ, ਤੇ ਸਾਰਾ ਦਿਨ ਬੋਰੀਅਤ ਮਹਿਸੂਸ ਹੁੰਦੀ ਰਹਿੰਦੀ ਹੈ । ਮੈਂ ਉਸ ਨੂੰ ਸਾਡੇ ਲੋਕਲ ਗੁਰਦੁਆਰਾ ਸਾਹਿਬ ਚਲੇ ਜਾਇਆ ਜਾਣ ਬਾਰੇ ਕਿਹਾ ਕਿ ਘੱਟੋ ਘੱਟ ਹਫਤੇ 'ਚ ਦੋ ਦਿਨ ਤੁਸੀਂ ਬਹੁਤ ਸਾਰੇ ਭਾਰਤੀ ਪਰਿਵਾਰਾਂ ਨਾਲ ਵਿਚਰੋਗੇ, ਨਾਲੇ ਰੂਹਾਨੀ ਅਨੰਦ ਆਵੇਗਾ। ਪਰ ਮੈਨੂੰ ਅਤਿਅੰਤ ਹੈਰਾਨੀ ਉਦੋਂ ਹੋਈ, ਜਦੋਂ ਉਸਨੇ ਕਿਹਾ ਕਿ ਮੈਨੂੰ ਤੁਹਾਡੇ ਅਸਥਾਨ ਦਾ ਤਾਂ ਪਤਾ ਹੈ ਪਰ ਇਹ ਅੱਜ ਪਤਾ ਲੱਗਾ ਕਿ ਉਥੇ ਜੈਨੀ ਵੀ ਜਾ ਸਕਦੇ ਹਨ । ਇਹ ਸਾਡੇ ਧਾਰਮਿਕ ਪ੍ਰਚਾਰਾਂ ਦੀ ਅਨਹੋਂਦ ਦਾ ਨਤੀਜਾ ਨਹੀਂ ਤਾਂ ਹੋਰ ਕ਼ੀ ਹੈ.?ਇਕ ਵਾਰ ਇਕ ਗੁਰੂਘਰ ਵਿਚ ਜੀਨ ਪਾ ਕੇ ਆਈ ਇਥੋਂ ਦੀ ਜਨਮੀ ਲੜਕੀ ਨੇ ਜਦ ਆਪ ਹੀ ਮੇਜ ਤੇ ਰੱਖੀ ਚਾਹ ਵਾਲੀ ਕੇਤਲੀ ਚੋਂ ਪਾਣੀ ਪੀਣ ਮਗਰੋਂ ਖਾਲੀ ਹੋਏ ਗਲਾਸ 'ਚ ਚਾਹ ਪਾ ਲਈ ਤਾਂ ਸੇਵਾਦਾਰਾਂ ਉਸ ਨੂੰ ਚੰਗੀ ਤਰਾਂ ਡਾਂਟਦਿਆਂ ਗਲਤੀ ਦਾ ਅਹਿਸਾਸ ਕਰਵਾਇਆ ਤੇ ਉਹ ਵਿਚਾਰੀ ਹੱਕੀ ਬੱਕੀ ਹੋ ਸੁਣਦੀ ਰਹੀ ਤੇ ਮੁਆਫੀ ਮੰਗ ਕੇ ਤੁਰਦੀ ਬਣੀ । ਮੈਂ ਬਾਅਦ 'ਚ ਇਕ ਸੇਵਾਦਾਰ ਨੂੰ ਕਿਹਾ ਕਿ ਆਹ ਤਾਂ ਬਹੁਤ ਈ ਸਧਾਰਨ ਤਰੀਕੇ ਤੇ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਸੀ, ਹੁਣ ਮੈਨੂੰ ਨੀ ਲਗਦਾ ਵਿਚਾਰੀ ਮੁੜ ਪੈਰ ਪਵੇਗੀ ਗੁਰੂਘਰ ਕਦੇ । ਗੁਰੂ ਪਿਆਰਿਓ ਕਦੇ ਗੁਰੂ ਸਾਹਿਬਾਨ ਵਲੋਂ ਦਿੱਤੇ ਸ਼ਾਂਤੀ, ਸਹਿਨਸ਼ੀਲਤਾ ਉਪਦੇਸ਼ ਦੀ ਵੀ ਕਦਰ ਕਰਨੀ ਸਿੱਖੋ । ਜਦੋਂ ਕਦੇ, ਕਈ ਮੁੱਦਿਆਂ ਤੇ ਰੋਸ ਤੇ ਗੁੱਸਾ ਦਿਖਾਉਣ ਦੀ ਤੇ ਅਮਲ ਚ ਗੱਲ ਲਿਆਉਣ ਦੀ ਗੱਲ ਆਉਂਦੀ ਹੈ ਤਾਂ ਕੌਮ ਦੇ ਬਹੁਗਿਣਤ ਲੋਕ ਅਖਾਂ ਮੀਚ ਬੈਠ ਰਹਿੰਦੇ ਨੇ । ਪਿਛਲੇ ਸਮੇਂ ਦੋਰਾਨ ਕਈ ਥਾਵਾਂ ਤੇ ਸਿਖ ਪਰਿਵਾਰਾਂ ਵੱਲੋਂ ਆਪਣਾ ਧਰਮ ਪਰਿਵਰਤਨ ਕਰ ਕਰ ਦੂਜੇ ਧਰਮ ਨੂੰ ਅਪਣਾਇਆ ਗਿਆ ਹੈ । ਮੈਂ ਉਸ ਵੇਲੇ ਸਾਡੇ ਅਖੌਤੀ ਚਿੰਤਕਾਂ ਦਾ ਅਜਿਹਾ ਪ੍ਰਤੀਕ੍ਰਮ ਸੋਸ਼ਲ ਸਾਇਟਾਂ ਤੇ ਨਹੀਂ ਵੇਖਿਆ ਸੀ ।ਪੰਜਾਬ 'ਚ ਸਿਖ ਦਲਿਤ ਭਾਈਚਾਰੇ ਦਾ ਡੇਰਿਆਂ ਵੱਲ ਝੁਕਾ ਕਿਓਂ ਹੋਇਆ, ਇਹ ਵੀ ਸਾਥੋਂ ਗੁਝਾ ਨਹੀਂ । ਅਸੀਂ ' ਸਭੇ ਸਾਂਝੀ ਵਾਲ ਸਦਾਇਣ ' ਦੇ ਉਪਦੇਸ਼ ਤੋਂ ਕਿੰਨਾ ਦੂਰ ਚਲੇ ਗਏ ਹਾਂ ਸਾਨੂੰ ਇਸਦਾ ਅੰਦਾਜ਼ਾ ਵੀ ਲਾਉਣਾ ਚਾਹੀਦਾ ਹੈ, ਕੀ ਇਹ ਗੱਲ ਕੀ ਗੁਰੂ ਦਾ ਨਿਰਾਦਰ ਨਹੀਂ..? ਉਸ ਕੁੜੀ ਦੇ ਮਹਾਰਾਜ ਦੇ ਸਰੂਪ ਵੱਲ ਪਿਠ ਕਰਕੇ ਬੈਠਣਾ ਸਾਨੂੰ ਬਹੁਤ ਚੁਭਿਆ ਪਰ ਅਸੀਂ ਗੁਰੂ ਦੇ ਹਰ ਦੱਸੇ ਫਲਸਫੇ ਵੱਲ ਪਿਠ ਕਰੀ ਬੈਠੇ ਹਾਂ । ਕੀ ਸਿਰਫ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਸਿਰ ਝੁਕਾ ਦੇਣਾ ਹੀ ਸਿਖੀ ਹੈ..? ਅੰਦਰ ਅੰਕਿਤ ਪਵਿਤਰ ਸ਼ਬਦਾਂ ਨੂੰ ਮੰਨਣ ਦੀ ਜਾਚ ਸਾਨੂੰ ਕਦ ਆਵੇਗੀ.? ਮੇਹਿੰਗੇ ਰੁਮਾਲਾ ਸਾਹਿਬ ਵਿਚ ਰਖ ਸਤਿਕਾਰ ਤੇ ਸ਼ਰਧਾ ਤਾਂ ਪ੍ਰਗਟਾਈ ਜਾ ਸਕਦੀ ਹੈ, ਪਰ ਪਵਿਤਰ ਗੁਰੂ ਸਾਹਿਬ ਨੂੰ ਪੜ ਕੇ ਅਮਲ ਵਿਚ ਲਿਆਉਣਾ ਹੀ ਅਸਲ ਸਿਖੀ ਕਮਾਉਣ ਹੈ । ਸਾਨੂੰ ਸਾਡੇ ਆਪਣੇ ਬੀਜੇ ਕੰਡਿਆਂ ਵੱਲ ਵੀ ਧਿਆਨ ਮਾਰਨਾ ਚਾਹੀਦਾ ਹੈ । ਅਸੀਂ ਵਿਦੇਸ਼ਾਂ 'ਚ ਆਪ ਤੇ ਆਪਣੇ ਬਚਿਆਂ ਨੂੰ ਸੈਟ ਕਰਨ ਲਈ ਕਿਵੇ ਸ਼੍ਰੀ ਗੁਰੂ ਗਰੰਥ ਸਾਹਿਬ ਅੱਗੇ ਜਾਅਲੀ ਵਿਆਹ ਕੀਤੇ । ਮੁਆਫ ਕਰਨਾ ਕਈ ਗੁਰਸਿਖਾਂ ਨੇ ਵੀ ਆਪਣੇ ਮਾਮੇ ਭੂਆ ਦੇ ਬੇਟੇ ਬੇਟੀਆਂ ਨਾਲ ਮਹਾਰਾਜ ਨੂੰ ਸਿਰਫ ਕਿਤਾਬ ਸਮਝਦੇ ਹੋਏ ਅਮਬੇਸੀਆਂ ਦੇ ਅਖੀਂ ਘੱਟਾ ਪਾ ਨਕਲੀ ਵਿਆਹ ਕੀਤੇ । ਉਦੋਂ ਤਾਂ ਅਸੀਂ ਸਿਖਾਂ ਦੇ ਘਰ ਜੰਮੇ ਹੋਣ ਕਰਕੇ ਸਭ ਮਰਿਆਦਾਵਾਂ, ਅਸੂਲਾਂ ਤੋਂ ਜਾਣੂੰ ਸੀ । ਪਿਠ ਕਰਕੇ ਬੈਠਣਾ ਗਲਤ ਹੈ, ਇਸ ਦੀ ਘੋਰ ਨਿੰਦਿਆ ਕਰ ਦਿਓ । ਪਰ ਜਦ ਗੁਰੂ ਵੱਲ ਮੂੰਹ ਹੁੰਦਾ ਤੇ ਧੀ ਦੇ ਹਥ 'ਚ ਮਾਸੀ ਦੇ ਮੁੰਡੇ ਦਾ ਪੱਲਾ ਫੜਾਉਂਦੇ ਹਾਂ ਤੇ ਕੀਰਤਨੀਆ ਸਿੰਘ ਉਚਾਰਦਾ ਹੈ, ' ਪੱਲੇ ਤੈਂਡੇ ਲਾਗੀ '...ਉਦੋਂ ਉੱਡ ਪੁੱਡ ਜਾਂਦੇ ਨੇ ਸਭ ਧਾਰਮਿਕ ਬੱਦਲ, ਤੇ ਸਿਰਫ ਵੀਜਾ ਤੇ ਜਹਾਜ਼ ਦਿਸਦਾ ਸਾਨੂੰ..। ਵਾਹ ਓਏ ਸਾਡੇ ਧਾਰਮਿਕ ਜਨੂੰਨ ਦੇ...ਅਖੀਰ ਵਿਚ ਇਕ ਵਾਰ ਫਿਰ ਇਸ ਘਟਨਾ ਦੀ ਨਿੰਦਾ ਕਰਦੇ ਹੋਏ, ਸਾਰੀਆਂ ਜ਼ਿੰਮੇਵਾਰ ਧਿਰਾਂ ਨੂੰ ਮੁਆਫੀ ਮੰਗ ਲੈਣ ਦੀ ਅਰਜੋਈ ਜਰੂਰ ਕਰਦੇ ਹਾਂ । ਸੰਗਤ ਬਖਸ਼ਣ ਯੋਗ ਹੈ । ਪਰ ਇਸਦੇ ਨਾਲ ਨਾਲ ਸਾਡੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਸਨਿਮਰ ਬੇਨਤੀ ਹੈ ਕਿ ਉਹ ਕਿਸੇ ਵੀ ਤਰਾਂ ਤੇ ਸਮਾਗਮ ਤੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰਲੀ ਮਰਿਆਦਾ ਬਾਰੇ ਜਰੂਰ ਦੱਸ ਦਿਆ ਕਰਨ । ਭਾਵੇਂ ਲੋਕ ਪਹਿਲਾਂ ਉਸ ਤੋਂ ਜਾਣੂ ਈ ਹੋਣ, ਖਾਸ ਤੋਰ ਤੇ ਜਦ ਗੈਰ ਸਿਖ ਸ਼ਮੂਲੀਅਤ ਕਰਨ । ਗੁਰੂ ਕੇ ਲੰਗਰ 'ਚ ਤਿੰਨ ਦੀ ਥਾਵੇਂ ਦੋ ਸਬਜੀਆਂ ਨਾਲ ਵੀ ਸਰ ਸਕਦਾ ਹੈ, ਪਰ ਆਪਣੇ ਧਰਮ ਦੇ ਪਰਚਾਰ ਤੇ ਕੀਤੇ ਖਰਚ ਬਿਨ ਨਹੀਓਂ ਸਰਨਾ । ਹਫਤਾਵਰੀ ਤੇ ਮਹੀਨਾਵਰੀ ਸਮਾਗਮਾਂ ਦੋਰਾਨ ਦੁਵਰਕੇ ਜਾਂ ਇਸਾਈ ਮਿਸ਼ਨਰੀਆਂ ਵਾਂਗੂੰ ਛੋਟੀਆਂ ਕਿਤਾਬਾਂ ਵਖ ਵਖ ਭਾਸ਼ਾਵਾਂ ਵਿਚ ਛਾਪ ਕੇ ਵੰਡੀਆਂ ਜਾ ਸਕਦੀਆਂ ਨੇ, ਜਿਨਾਂ ਉੱਤੇ ਸਿਖ ਧਰਮ ਦੇ ਮਹਾਨ ਫਲਸਫੇ ਦਾ ਸਧਾਰਨ ਲੇਹਿਜੇ ਵਿਚ ਵਰਣਨ ਕੀਤਾ ਗਿਆ ਹੋਵੇ । ਸੇਵਾਦਾਰਾਂ ਨੂੰ ਵੀ ਸੇਵਾ ਭਾਵਨਾ ਤੇ ਨਿਮਰਤਾ ਦਾ ਪੱਲਾ ਫੜ ਰਖਣਾ ਚਾਹੀਦਾ ਹੈ, ਗਲਤੀ ਹੋਣ ਦੀ ਸੂਰਤ 'ਚ ਫਤਵੇ ਲਾਉਣ ਦੀ ਥਾਵੇਂ ਪਿਆਰ ਨਾਲ ਖਾਨੇ ਪਾਉਣ ਦੀ ਸੋਚਣੀ ਚਾਹੀਦੀ ਹੈ । ਸੇਵਾਦਾਰਾਂ ਦੀ ਪੰਜਾਬੀ ਦੇ ਨਾਲ ਨਾਲ ਧਰਮ ਅਤੇ ਅੰਗ੍ਰੇਜੀ ਤੇ ਵੀ ਭਰਪੂਰ ਪਕੜ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਸੰਵਾਦ ਵਿਚ ਆਪਣੀ ਗੱਲ ਪੂਰੇ ਤਰੀਕੇ ਨਾਲ ਰਖੀ ਜਾ ਸਕੇ । ਲੋਕਾਂ ਨੂੰ ਵੀ ਧਾਰਮਿਕ ਜਗਾਹ ਤੇ ਜਾ ਆਪਣੇ ਇਸ਼ਟ ਦੀ ਅਰਾਧਨਾ ਕਰਨ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਨਾ ਕਿ ਆਪਣੇ ਆਪ ਨੂੰ ਮੇਲੇ, ਮੈਰਿਜ ਪੈਲਸ ਜਾਂ ਆਰਟ ਗੈਲਰੀ 'ਚ ਵਿਚਰਦੇ ਮੇਹਿਸੂਸਨਾ ਚਾਹੀਦਾ ਹੈ । ਅਜੋਕੇ ਯੁੱਗ ਦੀਆਂ ਸਭ ਤੋਂ ਤੇਜ਼ ਅਤੇ ਸੰਭਲ ਕੇ ਚਲਾਉਣ ਵਾਲੀਆਂ ਚੀਜ਼ਾਂ ਫੇਸਬੁਕ ਅਤੇ ਵ੍ਟਸਐਪ ਤੇ ਆਪੂੰ ਬਣੇ ਧਾਰਮਿਕ ਨੁਮਾਇੰਦੇ ਵੀ ਆਪਣੀ ਜਿਮੇਵਾਰੀ ਸਮਝਣ । ਕਿਸੇ ਵਾਪਰੀ ਹੋਈ ਚੰਗੀ ਜਾਂ ਮੰਦੀ ਘਟਨਾ ਬਾਰੇ ਤੀਹ - ਚਾਲੀ ਬੰਦਿਆਂ ਨੂੰ ਹੀ ਪਤਾ ਹੁੰਦਾ, ਪਰ ਕਿਸੇ ਇੱਕ ਦੁਆਰਾ ਇੰਟਰਨੈਟ ਤੇ ਪ੍ਰਸਾਰਿਤ ਕੀਤੀ ਵੀਡੀਓ ਜਾਂ ਫੋਟੋ ਲੱਖਾਂ ਲੋਕਾਂ ਤੱਕ ਕੁਝ ਮਿੰਟਾਂ ਤਕ ਅੱਪੜ ਜਾਂਦੀ ਹੈ । ਕਈ ਵਾਰ ਅਸੀਂ ਭਾਵੇਂ ਕੁਝ ਚੰਗਾ ਕਰਨ ਨੂੰ ਹੀ ਪੋਸਟ ਕਰਦੇ ਹਾਂ । ਪਰ ਅੱਗਿਓਂ ਅੱਗੇ ਜਾਂਦੀ ਪੋਸਟ ਜਾਂ ਫੋਟੋ ਤੇ ਹਰੇਕ ਆਪਣੀ ਮਨਮਰਜ਼ੀ ਦੇ ਸਿਰਲੇਖ ਲਿਖ ਲਿਖ ਕੇ ਸੋਨੇ ਤੋਂ ਮਿੱਟੀ, ਸਲੋਕ ਤੋਂ ਗਾਲ, ਰੇਸ਼ਮ ਤੋਂ ਖੱਦਰ ਤੇ ਸਾਧ ਤੋਂ ਚੋਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਦਾ । ਕਈ ਮਸਲਿਆਂ ਤੇ ਨੈਟ ਦੀ ਆਯੋਗ ਵਰਤੋਂ, ਸਭ ਤੋਂ ਖਤਰਨਾਕ ਸਾਬਿਤ ਹੋ ਜਾਂਦੀ ਹੈ, ਭਾਵੇਂ ਕਿ ਅਜੋਕਾ ਮਨੁਖੀ ਜੀਵਨ ਇਸ ਤੋਂ ਬਿਨਾਂ ਅਧੂਰਾ ਹੈ । ਆਖਿਰੀ ਬੇਨਤੀ ਕਰਦੇ ਹੋਏ ਇਕ ਵਾਰ ਫਿਰ ਇਸ ਘਟਨਾਕ੍ਰਮ ਪਿਛੋਂ ਹੋਏ ਸੋਸ਼ਲ ਸਾਇਟਾਂ ਤੇ ਗਾਲੀ ਗਲੋਚ ਤੇ ਉਤਰੇ ਬਹੁਤੇ ਸਿਆਣਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਾਜ਼ੁਕ ਮੁਦਿਆਂ ਤੇ ਬਹੁਤ ਹਲੀਮੀ ਤੇ ਉਚੀ ਮਤ ਤੋਂ ਕੰਮ ਲੈਂਦੇ ਹੋਏ ਈ ਪੋਸਟ ਕਰਿਆ ਕਰੋ । ਜਵਾਨ ਪੀੜੀ (ਖਾਸ ਕਰਕੇ ਵਿਦੇਸ਼ੀਂ ਜੰਮੇ ਜਾਂ ਵਸਦਿਆਂ ) ਨੂੰ ਮਾਰੇ ਦਬਕੇ ਜਾਂ ਗਾਲਾਂ ਕਢਿਆਂ ਗੱਲ ਨਹੀ ਬਣਨੀ । ਦਲੀਲ ਪਿਆਰ ਤੇ ਸਹਿਨਸ਼ੀਲਤਾ ਨਾਲ ਸਮਝਾਇਆਂ ਹੀ ਇਹਨਾ ਆਪਣੇ ਧਰਮ ਤੇ ਸੰਸਕਾਰਾਂ ਵੱਲ ਮੁੜਨਾ ਹੈ । ਵੇਖਿਓ ਕਿਤੇ... ਆਉਣ ਵਾਲੇ ਸਮੇਂ ਵਿਚ ਤੁਹਾਡੀ ਘੂਰ, ਵਿਦੇਸ਼ਾਂ ਵਿਚਲੇ ਵਿਆਹ ਮੌਕੇ ਡੋਲੀ ਵਾਲੀ ਕਾਰ ਚਰਚ, ਕਿਸੇ ਡੇਰੇ, ਜਾਂ ਸਿਰਫ ਕੋਰਟ ਦੀ ਪਾਰਕਿੰਗ ਵੱਲ ਹੀ ਨਾ ਮੁੜਾ ਦੇਵੇ.. ਗੁਰਦੁਆਰਾ ਸਾਹਿਬ ਦੀ ਥਾਵੇਂ ..! ਵਾਹਿਗੁਰੂ ਭਲੀ ਕਰੇ ..!
Balraj Cheema
ਭੁਲਰ ਸਾਹਿਬ ਜ਼ੇ ਵੀ ਆਸ ਰੱਖਦੇ ਓ ਕਿ ਵਾਹਗੁਰੂ ਭਲੀ ਕਰੇਗਾ; ਵਾਹਿਗੁਰੂ ਇੱਕੱਲੇ ਦੁਕੱਲੇ ਦੇ ਆਖੇ ਲੱਗ ਕੇ ਕੰਮ ਨਹੀਂ ਕਰਦਾ; ਤੁਹਾਡਾ ਲੇਖ ਵਾਜਬ ਹੈ ਪਰ ਆਪਣੇ ਭਰਾਵਾਂ ਤੋਂ ਬਹੁਤੀ ਆਸ ਨਾ ਰੱਖੋ। ਫ਼ਿਰ ਵਿ ਯਤਨ ਕਰਨਾ ਨਹੀਂ ਛੱਡਣਾ ਚਾਹੀਦ, ਤੁਹਾਡੀ ਘਾਲ ਨੂੰ ਫ਼ਲ਼ ਲੱਗੇ!