ਜੱਟ ਮਰ ਗਏ ਕਮਾਈਆਂ ਕਰਦੇ ਨੀ ਜੱਟੀਏ ਤੇਰੇ ਬੰਦ ਨਾ ਬਣੇ - ਕਰਨ ਬਰਾੜ ਹਰੀ ਕੇ ਕਲਾਂ
Posted on:- 02-11-2014
ਝੋਨੇ ਦਾ ਸੀਜ਼ਨ ਜ਼ੋਰਾਂ ’ਤੇ, ਉੱਤੋਂ ਸੀਰੀ ਨਾ ਆਉਣ। ਸੂਏ ਕੱਸੀਆਂ ਸਭ ਬੰਦ ਜੱਟਾਂ ਨੂੰ ਪਾਣੀ ਇਉਂ ਮਿਲੇ ਜਿਵੇਂ ਨਰਸਾਂ ਜਵਾਕਾਂ ਨੂੰ ਪੋਲੀਓ ਦੀਆਂ ਬੂੰਦਾਂ ਪਿਉਂਦੀਆਂ। ਪਹਿਲਾਂ ਸਾਰਾ ਦਿਨ ਮੈਂ ਤੇ ਚਾਚਾ ਝੋਨੇ ਦੀਆਂ ਵੱਟਾਂ ਪੋਚਦੇ ਰਹੇ ਤੇ ਬਾਪੂ ਝੋਨੇ ਲਈ ਵਾਹਨ ਕੱਦੂ ਕਰਦਾ ਰਿਹਾ। ਮਸਾਂ ਦੁਪਹਿਰ ਲੰਘੀ ਆਥਣ ਨੂੰ ਸਰੀਰ ਦੀ ਬੱਸ ਹੋ ਗਈ। ਸੋਚਾਂ ਕਿ ਘਰੇ ਜਾ ਕੇ ਬੇਬੇ ਨੂੰ ਕਹੂੰ ਕੇ ਦਾਲ 'ਚ ਘਿਉ ਵੱਧ ਪਾ ਦੇ ਤੇਰਾ ਪੁੱਤ ਸਾਰਾ ਦਿਨ ਕੰਮ ਕਰਕੇ ਆਇਆ, ਪਰ ਮੂੰਹ ਹਨੇਰੇ ਜਿਹੇ ਬਾਪੂ ਕਹਿੰਦਾ ਮੁੰਡਿਆ ਮੈਂ ਚੱਲਿਆ ਪਿੰਡ ਨੂੰ ਤੂੰ ਤੇ ਤੇਰਾ ਚਾਚਾ ਇੱਥੇ ਰਹੋ ਰਾਤ ਦੀ ਵਾਰੀ ਆ ਮੋਟਰਾਂ ਦੀ ਨਾਲੇ ਇੰਜਣ ਚਲਦੇ ਆ ਮੈਂ ਨਾਲ਼ੇ ਟਰੈਕਟਰ ਚ ਤੇਲ ਪਾਣੀ ਪਾ ਲਿਆਊ ਨਾਲ਼ੇ ਥੋਡੀਆਂ ਰੋਟੀਆਂ ਲੈ ਆਊ। ਹੋਰ ਕੁਝ ਚਾਹੀਦਾ ਹੈ ਤਾਂ ਦੱਸ ਦੇ।
ਮੈਂ ਸੋਚਿਆ ਬਾਪੂ ਛੁੱਟੀ ਚਾਹੀਦੀ ਆ ਜੇਲ੍ਹ ਚੋਂ ਉਹ ਤੂੰ ਦੇਣੀ ਨੀਂ। ਬਾਪੂ ਦੇ ਜਾਣ ਤੋਂ ਬਾਅਦ ਚਾਚਾ ਪਤਾ ਨੀ ਕਿੱਥੋਂ ਚਿੱਟੀਆਂ ਧਾਰੀਆਂ ਛੱਡਦੀ ਘਰ ਦੀ ਕੱਢੀ ਬੋਤਲ ਕੱਢ ਲਿਆਇਆ। ਕਹਿੰਦਾ ਜਾ ਭੱਜ ਕੇ ਗੰਢੇ ਪੱਟ ਲਿਆ ਤੇਰਾ ਥਕੇਵਾਂ ਲਾਈਏ। ਮੇਰੇ ਆਉਂਦੇ ਨੂੰ ਚਾਚਾ ਮੋਟਰ ਤੇ ਪਾਣੀ ਛਿੜਕ ਕੇ ਮੰਜਾ ਡਾਹ ਕੇ ਨਵਾਬ ਬਣਿਆ ਬੈਠਾ ਨਾਲ ਰੱਖੀ ਅੱਗ ਵਰਗੀ ਬੋਤਲ ਤੇ ਮੋਨੋ ਦੇ ਲੀਟਰ ਨੂੰ ਵੱਢ ਕੇ ਬਣਾਏ ਡੱਬੇ ਚ ਪਾਣੀ ਪਾਇਆ। ਖੱਦਰ ਦੇ ਗਲਾਸ ਪੌਣੇ ਕਰਕੇ ਕਹਿੰਦਾ "ਚੱਕ ਭਤੀਜ ਖੇਤਾਂ ਬੰਨਿਆ ਚ ਕੰਮ ਕਰਨ ਵਾਲੇ ਵੱਡੇ ਛੋਟੇ ਸਭ ਇਕੋ ਜਿਹੇ ਹੀ ਹੁੰਦੇ ਆ ਸੰਗ ਕਾਹਦੀ, ਨਾਲ਼ੇ ਥਕੇਵਾਂ ਲਹਿ ਜੂ ਨਾਲ਼ੇ ਰਾਤ ਨੂੰ ਵੀ ਮੋਟਰਾਂ ਛੱਡਣੀਆਂ ਕੀ ਪਤਾ ਬਿਜਲੀ ਵਾਲਿਆਂ ਨੇ ਕਦੋਂ ਸਾਕ ਕਰਨਾ"।
ਤੇਜ਼ਾਬ ਵਰਗੀ ਦਾਰੂ ਨੂਣ ਨਾਲ ਅੰਦਰ ਸੁੱਟੀ ਤਾਂ ਹਿੱਕ ਵਿਚ ਲੀਕ ਪਾਉਂਦੀ ਜਾਵੇ। ਦੂਰ ਕਿਸੇ ਦੀ ਮੋਟਰ ਤੇ ਸਦੀਕ ਚੱਲੇ ਨਜ਼ਾਰਾ ਐਸਾ ਬੱਝਿਆ ਜਿਵੇਂ ਪਟਿਆਲੇ ਵਾਲੇ ਬੈਠੇ ਹੋਣ ਆਵਦੇ ਦਰਬਾਰ ਚ। ਪਹਿਲੇ ਤੋੜ ਦੀ ਸਿਰ ਨੂੰ ਵਰੋਲੇ ਵਾਂਗ ਚੜ੍ਹ ਗਈ ਵਿੱਚੇ ਹੀ ਨਾਲ ਦੇ ਖੇਤ ਵਾਲੇ ਤਾਇਆ ਤੇ ਉਸਦਾ ਸੀਰੀ ਵੀ ਆ ਗਿਆ ਤਾਇਆ ਵੀ ਦਾਰੂ ਦਾ ਸ਼ੌਕੀਨ ਉੱਤੋਂ ਦਾਰੂ ਵੀ ਆਖੇ ਪਿੱਛੇ ਹਟ ਜੋ ਅੱਜ ਨੀ ਛੱਡਦੀ। ਐਸੀ ਮਹਿਫ਼ਲ ਜੁੜੀ ਬੇਲਿਹਾਜ਼ ਤੇ ਬੇਪਰਦੀਆਂ ਗੱਲਾਂ, ਜੱਟ ਸਿੱਧਾਂ ਦੀ ਗਿਆਨ ਗੋਸ਼ਟੀ, ਗੱਲ ਬਿਜਲੀ ਤੋਂ ਤੁਰਦੀ ਗ਼ਰੀਬਾਂ ਦੇ ਵਿਹੜੇ, ਨਾਲ ਦੇ ਪਿੰਡ ਚੋਂ ਉੱਧਲ਼ੀ ਤੀਵੀਂ ਤੋਂ ਹੁੰਦੀ ਪਿੰਡ ਸ਼ਹਿਰ ਇਲਾਕੇ, ਫ਼ਸਲਾਂ, ਮਾਰੂ ਕਿਸਾਨੀ, ਆੜ੍ਹਤੀਆਂ ਦੀਆਂ ਗੱਡੀਆਂ ਤੋਂ ਚੱਲਦੀ ਸਰਕਾਰਾਂ ਤੱਕ ਜਾ ਪਹੁੰਚੀ।
ਬਾਪੂ ਆਉਂਦੇ ਨੂੰ ਅਸੀਂ ਵਾਹਵਾ ਟੈਂਟ ਜਿਹੇ ਹੋ ਗਏ। ਬੇਬੇ ਨੇ ਘਿਉ ਪਾ ਕੇ ਪਰੌਂਠੇ ਭੇਜੇ ਕੇ ਮੇਰਾ ਪੁੱਤ ਕਮਾਈ ਕਰਦਾ ਰੋਟੀ ਐਨੀ ਸੁਆਦ ਲੱਗੀ ਜਿਵੇਂ ਕਈ ਦਿਨਾਂ ਦੇ ਭੁੱਖੇ ਹੋਈਏ। ਹਲੇ ਨਜ਼ਾਰੇ ਜਿਹੇ ਬੱਝੇ ਹੀ ਸੀ ਕਿ ਬਾਪੂ ਨੇ ਫ਼ਰਮਾਨ ਦਾਗ਼ ਤਾ ਕਿ ਅਸੀਂ ਦੋਵੇਂ ਚੱਲੇ ਹਾਂ ਟਿੱਬੇ ਵਾਲੀਆਂ ਮੋਟਰਾਂ ਤੇ ਤੂੰ ਇਥੇ ਰਹਿ ਕੇ ਦੇਖੀਂ ਮੋਟਰਾਂ ਜਦੋਂ ਬਿਜਲੀ ਚਲੀ ਗਈ ਤਾਂ ਇੰਜਨ ਛੱਡ ਦੇਈਂ, ਧਿਆਨ ਰੱਖੀਂ ਉਹੋ ਨਾ ਕਰੀਂ ਛੋਰਾਂ ਵਾਲੀ ਮੈਂ ਲਾਈਟ ਟਿੱਕੀ ਤੋਂ ਗੇੜਾ ਮਾਰੂ।
ਕਾਲੀ ਰਾਤ ਉੱਤੋਂ ਬੀਂਡੇ ਬੋਲਣ ਨਾਲ ਦੇ ਖੱਬਲ ਚੋਂ ਸਰੜ ਸਰੜ ਦੀ ਆਵਾਜ਼ ਆਵੇ ਜਿਵੇਂ ਸੱਪ ਮੇਲ੍ਹਦਾ ਹੋਵੇ। ਮੰਜਾ ਡਾਹਿਆ ਤਾਂ ਮਿੰਟਾਂ ਵਿਚ ਹੀ ਨੀਂਦ ਨੇ ਆ ਦਬੋਚਿਆ। ਨੀਂਦ ਚੋਂ ਇੱਕ ਦਮ ਉੱਬੜ ਵਾਹਾ ਉੱਠਿਆ ਤਾਂ ਇਉਂ ਲੱਗਾ ਜਿਵੇਂ ਬੱਦਲ ਫਟਿਆ ਹੋਵੇ ਸੁਰਤ ਹੋ ਕੇ ਦੇਖਿਆ ਕਿ ਸਟਾਟਰ ਤੇ ਰੱਸੀਆਂ ਬੰਨ੍ਹ ਕੇ ਲਮਕਦੇ ਆਟੋਮੈਟਕ ਨੇ ਬਿਜਲੀ ਆਈ ਤੋਂ ਮੋਟਰ ਚਲਾ ਦਿੱਤੀ। ਕਹੀ ਚੱਕੀ ਨੱਕੇ ਮੋੜੇ। ਬੈਟਰੀ ਨਾਲ ਕੱਚੇ ਖਾਲ ਚੋਂ ਪੈਂਦੀਆਂ ਮੋਰੀਆਂ ਨੂੰ ਪੈਰਾਂ ਦੀਆਂ ਅੱਡੀਆਂ ਨਾਲ ਬੰਦ ਕਰਦਾ ਤਾਂ ਪਾਣੀ ਚੋਂ ਛਪਲ ਛਪਲ ਦੀ ਆਵਾਜ਼ ਆਉਂਦੀ।
ਮਨ 'ਚ ਆਇਆ ਕਿ ਜੱਟ ਕਿਵੇਂ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦਾ ਪਰ ਫਿਰ ਵੀ ਇਸ ਬੇਰਾਮ ਕੌਮ ਨੂੰ ਕਿਤੇ ਸੁੱਖ ਨਹੀਂ ਸਾਰੀਆਂ ਜੋਕਾਂ ਇਸਦਾ ਹੀ ਖ਼ੂਨ ਚੂਸਦੀਆਂ। ਫਿਰ ਉਹੀ ਹੋਇਆ ਜਿਸਦਾ ਡਰ ਸੀ ਬਿਜਲੀ ਵਾਲੇ ਚਾਚੇ ਦੇ ਕਹਿਣ ਵਾਂਗੂੰ ਵਾਰ ਵਾਰ ਸਾਕ ਕਰਦੇ ਰਹੇ ਹਰ ਘੰਟੇ ਪੌਣੇ ਘੰਟੇ ਬਾਅਦ ਘੜੰਮ ਦੀ ਆਵਾਜ਼ ਨਾਲ ਮੋਟਰ ਬੰਦ ਹੋ ਜਾਂਦੀ ਤਾਂ ਇਉਂ ਲਗਦਾ ਜਿਵੇਂ ਮੋਟਰ ਵੀ ਜੱਟਾਂ ਦੇ ਨਾਲ ਸਾਹ ਖਿੱਚਦੀ ਬਿਜਲੀ ਵਾਲਿਆਂ ਅਤੇ ਸਰਕਾਰਾਂ ਤੇ ਲਾਹਨਤ ਪਾ ਰਹੀ ਹੋਵੇ। ਅੱਧਿਓਂ ਬਾਹਲ਼ੀ ਰਾਤ ਇਉਂ ਹੀ ਲੰਘ ਗਈ ਨਾ ਸੁੱਤੀ ਨਾ ਕੱਤਿਆ ਅਖੀਰ ਦੋ ਘੰਟੇ ਬਿਜਲੀ ਟਿੱਕ ਕੇ ਆਈ ਤਾਂ ਮੱਲੋ ਮੱਲੀ ਅੱਖ ਲੱਗ ਗਈ। ਬਾਪੂ ਦੀ ਆਵਾਜ਼ ਨੇ ਜਗਾਇਆ ਚੱਲ ਮੁੰਡਿਆ ਲੰਮੀਆਂ ਤਾਣ ਕੇ ਸੁੱਤਾ ਪਿਆ ਲਾਈਟ ਆ ਗਈ ਉੱਠ ਇੰਜਨ ਚਲਾਈਏ ਉੱਤਲੇ ਉੱਤਲੇ ਕਿੱਲਿਆਂ ਨੂੰ ਪਾਣੀ ਲੱਗ ਜੇ ਮਸਾਂ ਬੰਦੇ ਮਿਲੇ ਆ ਇੱਥੋਂ ਤਾਂ ਵਿਹਲੇ ਹੋਈਏ।
ਮਨ ਆਇਆ ਕਿ ਬਾਪੂ ਨੂੰ ਕਹਿ ਦੇਵਾਂ ਕਿ ਬੰਦਿਆਂ ਤੇਰੇ ਕੰਮ ਨੀ ਮੁੱਕਣੇ ਸਾਰੀ ਉਮਰ ਪਰ ਬਾਪੂ ਦੇ ਮੰਡੀ ਆਲੇ ਖੇਤੇ ਦੀ ਸਿਉਂਤੀ ਫੌੜ੍ਹੇ ਜਿੱਡੀ ਪਾਈ ਜੁੱਤੀ ਦੇਖ ਕੇ ਆਪਾਂ ਬੁੱਲ੍ਹ ਮੀਚ ਲਏ। ਬਾਬੇ ਬੋਲਣ ਦੀ ਆਵਾਜ਼ ਤੱਕ ਇੰਜਣ ਦੀ ਠੱਕ ਠੱਕ ਚਲਦੀ ਰਹੀ ਉਹੀ ਕੱਚੇ ਖਾਲ ਦੀਆਂ ਮੋਰੀਆਂ ਉਹੀ ਅੱਡੀਆਂ ਦੀ ਛਪਲ ਛਪਲ ਇਉਂ ਲੱਗੇ ਕਿ ਅੱਜ ਤਾਂ ਸਿਰ ਫਟੂ। ਪਰ ਵੇਖੀ ਜਾਊ ਹੋਊ ਪਰੇ ਕਹਿ ਕੇ ਅਖੀਰ ਮੰਜੇ ਤੇ ਡਿੱਗ ਪਏ ਜਾਗ ਖੁੱਲ੍ਹੀ ਤਾਂ ਚਿੱਟਾ ਦਿਨ ਚੜ੍ਹ ਆਇਆ। ਸਰਾਣੇ ਬੈਠੇ ਬਾਪੂ ਤੇ ਚਾਚਾ ਮਸ਼ਕਰੀਆਂ ਹੱਸਣ ਕਹਿੰਦੇ ਇਉਂ ਕਰ ਚਾਹ ਪਾਣੀ ਪੀ ਕੇ ਕੈਮ ਹੋ ਜਾ ਕੱਲ੍ਹ ਤੇ ਰਾਤ ਵਾਲੀ ਫ਼ਿਲਮ ਇਉਂ ਹੀ ਚੱਲੂ ਝੋਨਾ ਲਾਉਣ ਵਾਲੇ ਆਉਂਦੇ ਹੀ ਹੋਣੇ ਆ। ਮੈਂ ਹੱਥ ਬੰਨੇ ਬਾਪੂ ਮੈਂ ਘਰੇ ਜਾਣਾ। ਘਰੇ ਆਇਆ ਤਾਂ ਨਹਾ ਧੋ ਕੇ ਬੇਬੇ ਨੇ ਫੇਰ ਗਿਆਰਾਂ ਵਾਲੀ ਚਾਹ ਫੜਾ ਕੇ ਤੋਰ ਤਾ ਖੇਤ ਨੂੰ। ਸ਼ੁਕਰ ਮਨਾਇਆ ਜਦੋਂ ਦੇਖਿਆ ਕਿ ਸੀਰੀ ਆ ਗਏ।
ਸਾਰੀ ਦੁਪਹਿਰ ਮੋਟਰ ਤੇ ਜਾਮਣਾ ਦੀ ਠੰਡੀ ਛਾਂ ਹੇਠ ਘੂਕ ਸੁੱਤਾ ਰਿਹਾ ਮਸਾਂ ਕਿਤੇ ਜਾ ਕੇ ਸ਼ਾਮ ਨੂੰ ਸੁਰਤ ਆਈ। ਪਰ ਮੈਂ ਦੇਖਦਾ ਕਿ ਬਾਪੂ ਅਤੇ ਚਾਚਾ ਤਾਂ ਸਾਰੀ ਦਿਹਾੜੀ ਨੀ ਟਿਕੇ, ਰਾਤ ਨੂੰ ਫਿਰ ਉਹੀ ਚੱਲ ਸੋ ਚੱਲ। ਇਹ ਜੱਟ ਬੂਟ ਕਿਸ ਮਿੱਟੀ ਦੇ ਬਣੇ ਆ ਰੱਬਾ ਇਸ ਬੇਰਾਮ ਕੌਮ ਦੇ ਸੌਣ ਦਾ ਆਰਾਮ ਕਰਨ ਦਾ ਕੋਈ ਟਾਈਮ ਹੀ ਨਹੀਂ ਬਣਾਇਆ ਤੂੰ। ਕੰਮ ਦੀ ਰੁੱਤੇ ਜੇ ਇਹਨਾਂ ਭੂਤਾਂ ਨਾਲ ਕੋਈ ਮਹੀਨਾ ਖੰਡ ਲਾ ਲਵੇ ਤਾਂ ਉਹ ਨੀ ਸਾਰੀ ਉਮਰ ਦੁਨੀਆ 'ਚ ਕਿਤੇ ਵੀ ਡੋਲਦਾ। ਇਹ ਦਾਅਵੇ ਨਾਲ ਕਹਿੰਦਾ ਹਾਂ ਕਿ ਇਹਨਾਂ ਤੋਂ ਵੱਡੇ ਕਿਰਤੀ ਰੱਬ ਦਰਵੇਸ਼ ਸੰਤ ਅੰਨਦਾਤੇ ਹੈ ਨੀ ਇਸ ਦੁਨੀਆ ਤੇ ਕੋਈ। ਨਤਮਸਤਕ ਹੈ ਇਹ ਸਿਰ ਇਹਨਾਂ ਦਰਵੇਸ਼ ਰੂਹਾਂ ਅੱਗੇ।
ਸੰਪਰਕ: +61 430 850 045