ਗ਼ੁਰਬਤ ਦੀ ਜ਼ਿੰਦਗੀ ਜਿਉਂਦਾ ਬਰਕਤ ਸਿੱਧੂ - ਕਰਨ ਬਰਾੜ ਹਰੀ ਕੇ ਕਲਾਂ
Posted on:- 18-08-2014
ਦੁਨੀਆ 'ਚ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਜਦੋਂ ਕਿਸੇ ਕਲਾਕਾਰ ਜਾਂ ਫ਼ਨਕਾਰ ਦੀ ਗੁੱਡੀ ਚੜ੍ਹਦੀ ਹੈ ਤਾਂ ਲੋਕ ਉਸ ਉੱਤੋਂ ਮੀਂਹ ਵਾਂਗੂੰ ਪੈਸਾ ਵਰ੍ਹਾ ਦਿੰਦੇ ਆ। ਜਿਵੇਂ ਅੱਜਕੱਲ੍ਹ ਕਈ ਪੰਜਾਬੀ ਲੱਚਰ ਗਾਇਕਾਂ ਦਾ ਦਾਅ ਲੱਗਿਆ ਗੁੱਲੀ ਦਣ ਪਈ ਆ। ਪਰ ਜਦੋਂ ਕੋਈ ਫ਼ਨਕਾਰ ਆਪਣਾ ਵਕਤ ਵਹਾ ਜਾਂਦਾ ਤਾਂ ਲੋਕ ਪਾਟੀ ਲੀਰ ਵਾਂਗੂੰ ਪਰੇ ਵਗਾਹ ਕੇ ਮਾਰਦੇ ਆ। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਚੰਗੇ ਅਤੇ ਵਧੀਆ ਗਾਉਣ ਵਾਲਿਆਂ ਦਾ ਅੰਤਿਮ ਵੇਲਾ ਗ਼ੁਰਬਤ ਭਰਿਆ ਹੁੰਦਾ ਕਦੇ ਚਾਂਦੀ ਰਾਮ ਵਰਗਾ ਗਵੱਈਆ ਸਮੇਂ ਦੀ ਧੂੜ ਵਿਚ ਬੁਰੀ ਤਰ੍ਹਾਂ ਰੁਲ ਕੇ ਮਰਦਾ ਕਦੇ ਨੰਦ ਲਾਲ ਨੂਰਪੁਰੀ ਖੂਹ 'ਚ ਛਾਲ ਮਾਰਦਾ।
ਤੁਸੀ ਨੂਰਜਹਾਂ ਦਾ ਹਾਲ ਵੇਖ ਲਉ ਹੋਰ ਕਈ ਅਣਗਿਣਤ ਉਦਾਹਰਨਾਂ ਸਾਡੇ ਸਾਹਮਣੇ ਹਨ ਤੇ ਹੁਣ ਬਰਕਤ ਸਿੱਧੂ ਹੱਡੀਆਂ ਦੀ ਮੁੱਠ ਬਣਿਆ ਅੱਡੀਆਂ ਰਗੜ ਰਗੜ ਕੇ ਮਰ ਰਿਹਾ। ਹੋਇਆ ਕੀ ਬਰਕਤ ਸਿੱਧੂ ਨੇ ਤਿਲ ਤਿਲ ਕਰਕੇ ਕੀਤੀ ਕਮਾਈ ਵਿਚੋਂ ਇੱਕ ਘਰ ਬਣਾਇਆ ਉਸ ਵਿਚ ਵੀ ਧੋਖਾ ਹੋ ਗਿਆ ਜੋ ਸਦਮਾ ਬਣਕੇ ਉਸਦੇ ਦਿਲ ਤੇ ਲੱਗਿਆ ਜੋ ਉਸਨੂੰ ਲੈ ਬੈਠਾ। ਤੇ ਹੁਣ ਕੋਈ ਬਾਤ ਵੀ ਨਹੀਂ ਪੁੱਛ ਰਿਹਾ। ਕੋਈ ਸੰਸਥਾ ਕੋਈ ਸੂਝਵਾਨ ਸੱਜਣ ਕੋਈ ਗਾਇਕ ਕੋਈ ਲੇਖਕ ਮੂਹਰੇ ਨਹੀਂ ਆ ਰਿਹਾ। ਕੋਈ ਮਦਦ ਕੋਈ ਪੁੱਛ ਗਿੱਛ ਤਾਂ ਇੱਕ ਪਾਸੇ ਕੋਈ ਹਾਅ ਦਾ ਨਾਹਰਾ ਵੀ ਨੀ ਮਾਰ ਰਿਹਾ।
ਕੱਲ੍ਹ ਨੂੰ ਮਰਿਆਂ ਤੋਂ ਬਾਅਦ ਸ਼ਾਇਦ ਮੇਲੇ ਵੀ ਲੱਗ ਜਾਣ ਜਿੱਥੇ ਲੱਚਰ ਗਾਇਕ ਆ ਕੇ ਸਾਡੀਆਂ ਧੀਆਂ ਭੈਣਾਂ ਦੇ ਲੱਕ ਮਿਣ ਜਾਣ ਤਾਂ ਕੋਈ ਵੱਡੀ ਗੱਲ ਨਹੀਂ। ਹੋ ਸਕਦਾ ਬਰਕਤ ਸਿੱਧੂ ਦੇ ਨਾਮ ਤੇ ਕੋਈ ਅਵਾਰਡ ਵੀ ਸ਼ੁਰੂ ਹੋ ਜਾਵੇ ਫਿਰ ਅਖ਼ਬਾਰਾਂ ਵਿਚ ਲੇਖ ਲਿਖੇ ਜਾਣਗੇ ਅਤੇ ਯੂਨੀਵਰਸਿਟੀਆਂ ਵਿਚ ਯਾਦਗਾਰੀ ਪੇਪਰ ਪੜ੍ਹੇ ਜਾਣਗੇ। ਪਰ ਉਸਦਾ ਕੀ ਫ਼ਾਇਦਾ ???
ਸਾਡੇ ਬਾਰੇ ਸੱਚ ਹੀ ਕਿਹਾ ਜਾਂਦਾ ਕਿ ਅਸੀਂ ਇਤਿਹਾਸ ਸਿਰਜਦੇ ਜ਼ਰੂਰ ਹਾਂ ਪਰ ਸੰਭਾਲਦੇ ਨਹੀਂ। ਚਲੋ ਜੋ ਪਹਿਲਾਂ ਹੋਇਆ ਸੋ ਹੋਇਆ ਅਸੀਂ ਬਦਲ ਨਹੀਂ ਸਕਦੇ ਸ਼ਾਇਦ ਅੱਗੇ ਵੀ ਹੁੰਦਾ ਰਹੇ ਪਰ ਆਉ ਇੱਕ ਛੋਟੀ ਜਿਹੀ ਕੋਸ਼ਿਸ਼ ਕਰੀਏ ਇਸ ਗ਼ਰੀਬ ਫ਼ਨਕਾਰ ਲਈ ਜੋ ਮੌਤ ਨਾਲ ਲੜਦਾ ਲੜਦਾ ਜਿੰਦਗੀ ਦੀ ਆਖ਼ਰੀ ਸਟੇਜ ਤੇ ਹੈ। ਭਾਵੇਂ ਕਿ ਅਸੀਂ ਦੇਸਾਂ ਵਿਦੇਸ਼ਾਂ ਵਿਚ ਹੱਡ ਭੰਨਵੀਂ ਮਿਹਨਤ ਕਰਕੇ ਪਰਿਵਾਰ ਪਾਲਦੇ ਹਾਂ ਪਰ ਅਸੀਂ ਆਪਣੇ ਮਨੋਰੰਜਨ ਜਾਂ ਜੀਭ ਦੇ ਸੁਆਦ ਲਈ ਮਨਾ ਮੂੰਹੀਂ ਪੈਸੇ ਲਾਉਂਦੇ ਰਹਿੰਦੇ ਹਾਂ। ਕਦੇ ਗੁਰਦੁਆਰਾ ਸਾਹਿਬ ਜਾਂ ਸਕੂਲ ਵਿਚ ਸੇਵਾ ਕਰਦੇ ਹਾਂ ਅਤੇ ਕਈ ਲੋਕ ਭਲਾਈ ਦੇ ਕੰਮਾਂ ਵਿਚ ਹਿੱਸਾ ਲੈਂਦੇ ਹਾਂ। ਚੰਗੀ ਗੱਲ ਹੈ ਪਰ ਇਹ ਸਭ ਚੰਗੇ ਕੰਮ ਕਰਦਿਆਂ ਸਭ ਨੂੰ ਅਪੀਲ ਹੈ ਕਿ ਆਪਣੇ ਫ਼ਰਜ਼ ਪਹਿਚਾਣਦੇ ਹੋਏ ਇਸ ਦਰਵੇਸ਼ ਕਲਾਕਾਰ ਪ੍ਰਤੀ ਸਤਿਕਾਰ ਜਾਂ ਪੰਜਾਬੀ ਸਭਿਆਚਾਰ ਵਿਚ ਪਾਏ ਯੋਗਦਾਨ ਬਦਲੇ ਆਰਥਿਕ ਮਦਦ ਜ਼ਰੂਰ ਕੀਤੀ ਜਾਵੇ। ਜੋ ਮਨੁੱਖਤਾ ਅਤੇ ਚੰਗੇ ਗੀਤ ਸੰਗੀਤ ਗਾਉਣ ਵਾਲਿਆਂ ਪ੍ਰਤੀ ਸਾਡਾ ਮਾਣ ਸਤਿਕਾਰ ਹੋਵੇਗਾ। ਇਸ ਚੰਗੇ ਕੰਮ ਵਿਚ ਕੋਈ ਸੰਸਥਾ ਜਾਂ ਸੂਝਵਾਨ ਇਨਸਾਨ ਜ਼ਰੂਰ ਮੂਹਰੇ ਆਉਣ ਜੋ ਇਸ ਗਵੱਈਏ ਦੀ ਮਾਲੀ ਮਦਦ ਹੋ ਸਕੇ। ਬੇਨਤੀ ਹੈ ਕਿ ਜ਼ਰੂਰ ਦਸਵੰਧ ਕੱਢੋ ਇਸ ਦਰਵੇਸ਼ ਵਾਸਤੇ। ਮਰਿਆਂ ਤੇ ਮੇਲੇ ਲਾਉਣ ਵਾਲ਼ਿਓਂ ਪੰਜਾਬੀਓ ਆਉ ਜਿਊਂਦੇ ਜਾਗਦੇ ਫ਼ਨਕਾਰ ਨੂੰ ਮਾਣ ਸਤਿਕਾਰ ਦੇਈਏ ਪਰਿਵਾਰ ਨੂੰ ਥੋੜ੍ਹਾ ਬਹੁਤ ਪੈਰਾਂ ਸਿਰ ਕਰੀਏ। ਉਮੀਦ ਹੈ ਸਭ ਦਾ ਸਾਥ ਮਿਲੇਗਾ।
ਹਾਂ ਜੇ ਖਾ ਪੀ ਕੇ ਲੱਚਰ ਗਾਉਣ, ਲੱਕ ਮਿਣਨੇ ਬੰਦੂਕਾਂ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਿਆਂ ਉੱਤੋਂ ਮਣਾ ਮੂੰਹੀਂ ਪੈਸਾ ਸੁੱਟਣਾ ਤਾਂ ਵੱਖਰੀ ਗੱਲ ਹੈ। ਪਰ ਵਿਦੇਸ਼ਾਂ ਵਾਲੇ ਸੁਹਿਰਦ ਸੱਜਣਾਂ ਤੋਂ ਉਮੀਦ ਹੈ ਕਿ ਇਸ ਕੰਮ ਵਿਚ ਜ਼ਰੂਰ ਅੱਗੇ ਆ ਕੇ ਗ਼ਰੀਬ ਪਰਿਵਾਰ ਦਾ ਸਾਥ ਦੇਣਗੇ।
ਸੰਪਰਕ: +61 430 850 045
Ajaib Jalana
1991 -92 ਵਿਚ ਪ੍ਰੋ ਸੁਖਦੇਵ ਸਿੰਘ ਦੀਆਂ ਕੋਸ਼ਿਸ਼ਾਂ ਸਦਕੇ ਬਰਕਤ ਸਿਧੂ ਸਿਰਸਾ ਆਏ ਸਨ ,,,ਮੈ ਉਹਨਾਂ ਨੂੰ ਓਦੋਂ ਗੰਭੀਰਤਾ ਨਾਲ ਸੁਣਿਆ ਸੀ ,,ਤੇ ਮੈ ਬਹੁਤ ਜਿਆਦਾ ਪ੍ਰਭਾਵਿਤ ਹੋਇਆ ਸਾਂ,,, ਇੱਕ ਸਰੋਤੇ ਨੇ ਓਹਨਾਂ ਦੇ ਗੀਤ ਤੋਂ ਪ੍ਰਭਾਵਿਤ ਹੋਕੇ 100 ,100 ਦੇ ਨੋਟ ਓਹਨਾਂ ਦੇ ਲਗੀਆਂ ਐਨਕਾਂ ਚ ਲਮਕਾਤੇ ,,,,ਬਰਕਤ ਜੀ ਕਹਿਣ ਲੱਗੇ ''ਤੁਸੀਂ ਮੇਰੀ ਅਦਾਕਾਰੀ ਨੂੰ ਇਹਨਾਂ ਤੁਛ ਨੋਟਾਂ ਨਾਲ ਅੰਨੀ ਨਾ ਕਰੋ ਯਾਰ ''ਬਰਕਤ ਸਿਧੂ ਸਾਡੇ ਵਿਚ ਨਹੀ ਰਹੇ