ਕਵਿਤਾ ਜ਼ਿੰਦਗੀ ਦੀ ਧੜਕਣ ਹੈ ਪਰ “ਕਵਿਤਾ” ਹੋਵੇ ਤਾਂ ਸਹੀ - ਇਕਬਾਲ
Posted on:- 28-04-2012
ਪਿਛਲੇ ਦਿਨੀਂ ‘ਫ਼ਿਲਹਾਲ’ ਵਿੱਚ/ਤੁਰੰਤ ਬਾਅਦ ‘ਸੂਹੀ ਸਵੇਰ’ 'ਤੇ ਗੁਰਬਚਨ ਜੀ ਦਾ ਲੇਖ “ਕਵਿਤਾ ਦਾ ਆਤੰਕ” ਪੜ੍ਹਿਆ ਜਿਸਨੇ ਕਾਫੀ ਧਿਆਨ ਖਿੱਚਿਆ ਤੇ ਸੋਚਣ ਲਈ ਮਜਬੂਰ ਵੀ ਕੀਤਾ ਕਿ ਅਜਿਹਾ ਕਿਉਂ ਹੈ ? ਕੀ ਇਹ ਸਮੱਸਿਆ ਜਾਤੀ ਗਤ ਕਵੀਆਂ ਦੀ ਹੈ ਜਾਂ ਇਸ ਪਿਛੇ ਕੋਈ ਸਮਾਜਿਕ ਵਰਤਾਰਾ ਵੀ ਹੈ ਜਿਸ ਵੱਲ ਗੁਰਬਚਨ ਜੀ ਇਸ਼ਾਰਾ ਕਰਦੇ ਹਨ ਤੇ ਹੇਠਲੀਆਂ ਗੱਲਾਂ ਉਹਨਾਂ ਦੇ ਕਵਿਤਾ ’ਤੇ ਧਰੇ ਸਵਾਲੀਆ ਚਿੰਨ੍ਹ ਨੂੰ ਇਮਾਨਦਾਰ ਬਣਾਉਂਦੀਆਂ ਹਨ :
“ਇਹ ਸਮਕਾਲ ਨੂੰ ਸਹਿਣ ਯੋਗ ਬਨਾਣ ਦੀ ਜੁਗਤ ਹੈ। ਇਹ ਇਤਿਹਾਸ ਨੂੰ ਤਰਲ ਬਨਾਣ ਦੀ ਉਮੰਗ ਹੈ। ਅਜਿਹੀ ਸਿਆਸੀ/ਸੱਭਿਆਚਾਰਕ ਬੇਫ਼ਿਕਰੀ ਨੇ ਪੰਜਾਬ ਨੂੰ ਪਿੱਛਲ-ਪੈਰੀ ਧਕੇਲ ਦਿੱਤਾ ਹੈ। ਕਿਸੇ ਨੂੰ ਨਹੀਂ ਪਤਾ ਇਸ ਭੂਖੰਡ ਦਾ ਕੱਲ੍ਹ ਕਿਹੋ ਜਿਹਾ ਹੋਵੇਗਾ। ਸਾਹਿਤ ਦੀ 80 ਪ੍ਰਤਿਸ਼ਤ ਸਪੇਸ 'ਤੇ ਕਵੀਆਂ ਨੇ ਮੰਜੀਆਂ ਡਾਹ ਰੱਖੀਆਂ ਹਨ। ਬਾਕੀ ਦੀ ਸਪੇਸ 'ਤੇ ਅਕਾਦਮੀਆਂ ਤੇ ਸਰਕਾਰੀ ਵਿਭਾਗ ਅਲਖ ਜਗਾਂਦੇ ਹਨ। ਕਹਿਣ ਨੂੰ ਨਵਾਂ ਕਿਸੇ ਕੋਲ ਕੁਝ ਨਹੀਂ ਰਿਹਾ। ਜੇ ਕਹਿਣ ਨੂੰ ਹੋਵੇ ਤਾਂ ਗ਼ਜ਼ਲੀਅਤ ਮੰਚਾਂ 'ਤੇ ਤਰਾਨੇ ਗਾਉਂਦੀ ਨਾ ਦਿਖੇ। ਸੁਆਲ ਪੈਦਾ ਹੁੰਦਾ ਹੈ : ਅਸੀਂ ਕਿਸ ਯੁੱਗ 'ਚ ਰਹਿੰਦੇ ਹਾਂ? ਯੁੱਗ ਦੀ ਦਸ਼ਾ/ਦਿਸ਼ਾ ਕੁਝ ਵੀ ਹੋਵੇ, ਇਸ ਨੂੰ ਅਸੀਂ ਆਪਣੀ ਤਰ੍ਹਾਂ ਦਾ ਬਣਾ ਰੱਖਿਆ ਹੈ। ਸੁਆਲਾਂ/ਤਸੱਵਰਾਂ, ਸੰਵਾਦਾਂ, ਨਵੇਂ ਵਿਚਾਰਾਂ ਦੀ ਰੋਸ਼ਨੀ ਤੋਂ ਟੁੱਟਾ 'ਸਾਡਾ ਆਪਣਾ' ਇਹ ਯੁੱਗ ਅੰਤਰ ਰਾਸ਼ਟਰੀ ਮੱਧਵਰਗ ਦੇ ਆਰਥਿਕ ਵਿਆਕਰਣ ਨੇ ਸਾਂਭ ਲੈਣਾ ਹੈ। ਆਉਂਦੇ ਯੁੱਗਾਂ ਵਿੱਚ ਪੰਜਾਬ ਦੀ ਧਰਤੀ 'ਤੇ ਜਿਸ ਕਿਸੇ ਦਾ ਗਲਬਾ ਹੋਵੇ, ਪੰਜਾਬੀ ਜਾਂ ਗ਼ੈਰ-ਪੰਜਾਬੀ ਕਿਸੇ ਦਾ ਵੀ, ਉਹਦੇ ਲਈ ਭਾਸ਼ਾ/ਸੱਭਿਆਚਾਰ ਬੇਮਾਅਨੀ ਹੋ ਜਾਣੀ ਹੈ। ਅਸੀਂ ਅਜਿਹੇ ਭਵਿੱਖ ਲਈ ਭੋਏਂ ਤਿਆਰ ਕਰ ਰਹੇ ਹਾਂ।”
ਇਸੇ ਕਸ਼ਮਕਸ਼ ਦੇ ਵਿੱਚ ਸਾਂ ਕਿ ਇਸ ਲੇਖ ਦਾ ਪ੍ਰਤੀਕਰਮ ਸੁਰਜੀਤ ਵੀਰ ਦਾ ਲਿਖਿਆ ਵੀ ਪੜ੍ਹਨ ਨੂੰ ਮਿਲ ਗਿਆ ਅਤਿਅੰਤ ਖੁਸ਼ੀ ਹੋਈ ਕਿ ਪੰਜਾਬ “ਅਸਲੀ ਆਲੋਚਨਾ” ਵੱਲ ਵਧ ਰਿਹਾ ਹੈ “ਤੂੰ ਮੇਰੀ ਸੂੰਘ ਮੈਂ ਤੇਰੀ ਸੂੰਘੂੰ” ਜਾਂ “ਇੱਕ ਦੂਜੇ ਦੀ ਪਿਠ ਥਾਪੜਨ” ਦੇ ਵਰਤਾਰੇ ਤੋਂ ਗੱਲ ਕੁਛ ਅੱਗੇ ਤੁਰਦੀ ਨਜ਼ਰ ਆ ਰਹੀ ਹੈ | ਸੁਰਜੀਤ ਨੇ ਗੁਰਬਚਨ ਜੀ ਦੇ ਲੇਖ ਦੇ ਸ਼ੁਰੂ ਵਿੱਚ ਦਿੱਤੇ ਸਵਾਲਾਂ “ਇਸ ਯੁੱਗ ਨੂੰ ਕਵਿਤਾ ਦੀ ਕਿੰਨੀ ਕੁ ਲੋੜ ਹੈ? ਪੰਜਾਬੀ ਦੀ ਕਵਿਤਾ ਪੜ੍ਹਣ ਵਾਲੇ ਪਾਠਕ ਕਿੰਨੇ ਹਨ? ਪੰਜਾਬੀ 'ਚ ਕਿੰਨੇ ਕੁ ਚੰਗੇ ਕਵੀ ਹਨ? ਕੀ ਕਵਿਤਾ ਇਸ ਯੁੱਗ ਦੀਆਂ ਪੇਚੀਦਗੀਆਂ ਨੂੰ ਅੰਕਿਤ ਕਰਨ ਲਈ ਯੋਗ ਵਿਧਾ ਹੈ?”
ਤੇ ਹੀ ਖੁਦ ਨੂੰ ਕੇਂਦ੍ਰਿਤ ਕਰ ਲਿਆ ਲਗਦਾ ਹੈ ਉਸ ਵੱਲੋਂ ਇਹਨਾਂ ਸਵਾਲਾਂ ਦੇ ਦਿੱਤੇ ਗਏ ਉੱਤਰ ਵੀ ਆਪਣੀ ਥਾਂ ਤੇ ਸਹੀ ਹਨ ਪਰ ਜੋ ਇਸ਼ਾਰਾ ਗੁਰਬਚਨ ਕਰ ਰਹੇ ਹਨ ਸ਼ਾਇਦ ਮੇਰੇ ਛੋਟੇ ਵੀਰ ਦੀ ਨਜ਼ਰ ਤੋਂ ਪਰ੍ਹੇ ਰਹਿ ਗਿਆ | ਅਜਿਹਾ ਅਕਸਰ ਹੋ ਜਾਂਦਾ ਹੈ ਖਾਸ ਕਰ ਤਦ ਜਦ ਕਿਸੇ ਅਜਿਹੀ ਚੀਜ਼ ’ਤੇ ਉਂਗਲ ਧਰੀ ਜਾਵੇ ਜਿਸ ਨਾਲ ਸਾਡਾ ਭਾਵਨਾਤਮਿਕ ਰਿਸ਼ਤਾ ਹੋਵੇ | ਮੇਰਾ ਵੀ ਕਵਿਤਾ ਨਾਲ ਅੰਤਾਂ ਦਾ ਮੋਹ ਹੈ ਮੈਂ ਇਸਨੂੰ ਜ਼ਿੰਦਗੀ ਦੀ ਧੜਕਣ ਦੀ ਤਰ੍ਹਾਂ ਮਹਿਸੂਸਦਾ ਹਾਂ ਪਰ ਕਵਿਤਾ ਦੇ ਨਾਮ ’ਤੇ ਜੋ ਕਚਰਾ ਪੜ੍ਹਨ ਨੂੰ ਮਿਲ ਰਿਹਾ ਹੈ ਉਹ ਗੁਰਬਚਨ ਜੀ ਦੇ “ਕਵਿਤਾ ਦਾ ਆਤੰਕ” ਲਫ਼ਜ਼ਾਂ ਨੂੰ ਸਹੀ ਕਰਾਰ ਦਿੰਦਾ ਹੈ |
ਇਹ ਵੀ ਕਿ ਜਿਸ ਦੌਰ ਵਿੱਚ ਅਸੀਂ ਜਿਉਂ ਰਹੇ ਹਾਂ ਜਿਸਨੂੰ ਖੜੋਤ ਦਾ ਨਾਮ ਦਿੱਤਾ ਜਾ ਸਕਦਾ ਹੈ ਉੱਥੇ ਕਵਿਤਾ ਮਰ ਜਾਣ ਦਾ ਖਤਰਾ ਹੁੰਦਾ ਹੈ ਜਾਂ ਸਿਧਾ ਸਿਧਾ ਲਿਖ ਦਿੱਤਾ ਜਾਵੇ ਕਿ ਸੰਵੇਦਨਾ ਮਰਨ ਕਿਨਾਰੇ ਹੀ ਹੈ ਤਾਂ ਕੋਈ ਅਤੀਕਥਨੀ ਨਹੀਂ ਹੋਵੇਗੀ |
ਮੇਰੇ ਵੀਰ ਸੁਰਜੀਤ ਨੇ ਕਿਹਾ ਕਿ ਕਵੀ ਦੋਸ਼ੀ ਹਨ ਇੱਕੋ ਹੀ ਗੱਲ ਹੈ ਕਿਉਂਕਿ ਕਵਿਤਾ ਵੀ ਤਾਂ ਕਵੀ ਦੀ ਸੋਚ ਦਾ ਹੀ ਪ੍ਰਤੀਬਿੰਬ ਹੁੰਦੀ ਹੈ ਹਰ ਚੀਜ ਦਾ ਮੰਡੀਕਰਨ ਹੋ ਰਿਹਾ ਇਸ ਤੋਂ ਕਵੀ ਜਾਂ ਕਵਿਤਾ ਵਰਗੀ ਸ਼ੈਅ ਵੀ ਨਹੀਂ ਬਚੀ |
ਇੱਕ ਸਮਾਂ ਸੀ ਕਿ ਇੱਕ ਕਵੀ ਸ਼ਮਾਦਾਨ ਤੋਂ ਸ਼ਰਮਿੰਦਾ ਹੁੰਦਾ ਹੈ ਥੋੜੇ ਜਿਹੇ ਸਮੇਂ ਬਾਅਦ ਹੀ ਉਸਨੂੰ ਲੱਗਣ ਲਗਦਾ ਹੈ ਕਿ ਹਨੇਰਾ ਤਾਂ ਮੇਰੇ ਘਰ ਵੀ ਹੈ, ਸੋ ਇਸ ਸ਼ਮਾਦਾਨ ਦੀ ਮੇਰੇ ਘਰ ਨੂੰ ਪਹਿਲਾਂ ਜ਼ਰੂਰਤ ਹੈ | ਕਵੀ ਦੇ ਨਾਲ ਨਾਲ ਹੀ ਕਵਿਤਾ ਦਾ ਸਾਰ ਤੱਤ ਵੀ ਬਦਲ ਗਿਆ ਉਹ ਨਿੱਜ ਤੱਕ ਸਿਮਟ ਗਈ | ਉਸ ਤੋਂ ਬਾਅਦ ਉਸਦੀ ਕਵਿਤਾ ਮਰ ਗਈ ਹਾਲਾਂਕਿ ਉਸਦੀਆਂ ਕਵਿਤਾ ਦੀਆਂ ਕਿਤਾਬਾਂ ਪਹਿਲੀ ਕਿਤਾਬ ਤੋਂ ਵੱਡੀਆਂ ਹੋ ਗਈਆਂ | ਤੇ ਉਸਨੂੰ ਸਨਮਾਨਾਂ ਤੇ ਰੁਤਬੇ ਨੇ ਸਮੇਤ ਕਵਿਤਾਵਾਂ ਦੇ ਫਾਹੇ ਲਾ ਦਿੱਤਾ ਗਿਆ | ਹੁਣ ਵੀ ਉਸਦੀਆਂ ਰਚਨਾਵਾਂ ਵਿੱਚ ਝਰਨੇ ਦੀ ਕਲ ਕਲ, ਪਹਾੜ ਚੰਨ, ਰੇਤਾ ਹੈ ਪਰ ਆਦਮੀਂ ਗਾਇਬ ਹੋ ਗਿਆ | ਇਹ ਸਿਰਫ ਉਦਾਹਰਨ ਮਾਤਰ ਹੈ ਅਜਿਹਾ ਹਰ ਕਵੀ ਦੀ ਹੋਣੀ ਹੈ “ਤਕਰੀਬਨ ਤਕਰੀਬਨ” | ਅਜਿਹਾ ਇਸ ਲਈ ਵਾਪਰਦਾ ਹੈ ਕਿ ਕਵਿਤਾ ਨੂੰ "ਕੰਮ" ਨਹੀਂ ਮੰਨਿਆ ਗਿਆ ਪੰਜਾਬ ਵਿੱਚ, ਹਾਲੇ ਤੱਕ ਅਸਾਡੇ ਕਵੀ ਇਹ ਗੈਰਜਿਮੇਦਾਰਾਨਾ ਹਰਕਤ ਸ਼ੌਕ ਨਾਲ ਕਰ ਰਹੇ ਹਨ |
ਗੁਰਬਚਨ ਜੀ ਦਾ ਫਿਕਰ ਹੋਰ ਵੀ ਇਮਾਨਦਾਰ ਇਸ ਲਈ ਹੋ ਜਾਂਦਾ ਹੈ ਕਿ ਜਦ ‘ਖਾਣ ਦੇ ਲਾਲੇ ਪਾਏ ਹੋਣ’ ਤਾਂ ਕਵਿਤਾ ਕਦ ਸੁਝਦੀ ਹੈ ? ਫਿਰ ਕਵਿਤਾਵਾਂ ਛਪਵਾ ਕੌਣ ਰਿਹਾ ਹੈ ? ਬਿਨਾਂ ਸ਼ੱਕ ਉਹ ਜਿਸਦੇ ਘਰੇ ਦਾਣੇ ਹਨ ਤੇ ਫੁਰਸਤ ਹੈ ਚੰਗੀ ਨੌਕਰੀ ਜਾਂ ਕੋਈ "ਹੋਰ ਜੁਗਾੜ" | ਫਿਰ ਕਵਿਤਾ ਦੀ ਕਿਤਾਬ ਬਾਬਤ ਰੋਸ ਜਾਹਰ ਹੁੰਦਾ ਹੈ ਕਿ ਪੜ੍ਹਨ ਵਾਲੇ ਖਤਮ ਹੁੰਦੇ ਜਾ ਰਹੇ ਹਨ, ਪੁੱਛਣਾ ਚਾਹੀਦਾ ਹੈ ਕਿ ਲੋਕ ਪੜ੍ਹਨ ਹੀ ਕਿਉਂ ? ਜਦ ਉਹਨਾਂ ਕਵਿਤਾਵਾਂ ਦਾ ਆਮ ਲੋਕਾਂ ਨਾਲ ਕੋਈ ਸਰੋਕਾਰ ਹੀ ਨਹੀਂ ਤੇ ਨਾ ਹੀ ਉਹਨਾਂ ਕਵੀਆਂ ਦਾ ਆਪਣੀ ਬੈਠਕ ਤੋਂ ਬਿਨਾ ਬਾਹਰ ਦੇ ਜਗਤ ਨਾਲ ਰਿਸ਼ਤਾ ਹੈ |
ਇਹਨਾਂ ਕਵੀਆਂ ਬਾਬਤ ਇੱਕ ਹਿੰਦੀ ਕਵੀ ਨੇ ਕਿਹਾ ਹੈ :
ਬੱਚੋ ਪਹਾੜੋਂ ਮੇਂ ਛਿਪ ਜਾਓ
ਹਿੰਦੀ ਕੇ ਕਵੀ ਆ ਰਹੇ ਹੈਂ...
(ਸ਼ਬਦੀ ਭੁੱਲ ਚੁੱਕ ਦੀ ਗੁੰਜਾਇਸ਼ ਹੈ)
ਪਾਸ਼, ਸੰਤ ਰਾਮ ਉਦਾਸੀ ਦਾ ਜ਼ਿਕਰ ਕੀਤਾ ਹੈ ਮੇਰੇ ਵੀਰ ਸੁਰਜੀਤ ਨੇ ਪਰ ਇਹ ਨਹੀਂ ਵਾਚਿਆ ਕਿ ਉਹ ਕਵਿਤਾ ਕਿਸ ਸਮੇਂ ਦੀ ਪੈਦਾਇਸ਼ ਹੈ ਤੇ ਇਹ ਕਵੀ ਲੋਕ ਕਿੱਥੇ ਇਹ ਕਵਿਤਾਵਾਂ ਰਚ ਰਹੇ ਸਨ ਏ.ਸੀ. ਕਮਰਿਆਂ ਵਿੱਚ ਜਾਂ ਰਣ-ਤੱਤੇ ਵਿੱਚ, ਪਾਸ਼ ਦੀ ਕਵਿਤਾ "ਕਾਮਰੇਡ ਨਾਲ ਗੱਲਾਂ" ਦੱਸ ਪਾ ਦਿੰਦੀ ਹੈ ਕਿ ਕਵਿਤਾ ਕੋਈ ਅਗੱਮੀ ਵਸਤ ਨਹੀਂ ਇਹ ਕਿਸੇ ਲਹਿਰ ਦੇ ਢਲ ਜਾਣ ਨਾਲ ਹੀ ਢਲ ਵੀ ਜਾਂਦੀ ਹੈ | ਲੋਕ ਸੰਗਰਾਮਾਂ ਵਿੱਚੋਂ ਸਦਾ ਹੀ ਅਦੁੱਤੀ ਕਵਿਤਾ/ਸਾਹਿਤ ਪੈਦਾ ਹੋਇਆ ਹੈ/ਹੋ ਵੀ ਰਹੀ ਹੈ ਜੋ ਲੋਕ ਲੋਕ-ਸੰਘਰਸ਼ਾਂ ਨੂੰ ਸਮਰਪਿਤ ਹਨ ਉਹ ਅੱਜ ਵੀ ਉਚ ਪਾਏ ਦੀ ਕਵਿਤਾ ਲਿਖ ਰਹੇ ਹਨ ਪਰ ਉਹਨਾਂ ਦੀ ਗਿਣਤੀ ਉਸ 80% ਸਪੇਸ ਵਿੱਚ ਨਹੀਂ ਆਉਂਦੀ ਜਿਸਦਾ ਜ਼ਿਕਰ ਗੁਰਬਚਨ ਜੀ ਨੇ ਕੀਤਾ ਹੈ | ਸੁਰਜੀਤ ਦਾ ਇਹ ਇਸ਼ਾਰਾ ਵੀ ਸਹੀ ਹੈ ਕਿ ਇਹ ਗੱਲ ਪੂਰੇ ਸਾਹਿਤ ‘ਤੇ ਲਾਗੂ ਹੁੰਦੀ ਹੈ | ਪਰ ਗੁਰਬਚਨ ਜੀ ਦਾ “ਕਵਿਤਾ ਦਾ ਆਤੰਕ” ਲਿਖਣਾ ਇਸ ਲਈ ਜਾਇਜ਼ ਹੋ ਜਾਂਦਾ ਹੈ ਕਿ ਮਸਲਾ ਰੋਕੀ ਜਾ ਰਹੀ 80% ਸਪੇਸ ਦਾ ਹੈ ਜੋ ਛੋਟੀ ਗੱਲ ਨਹੀਂ ਤੇ ਹਰ ਸਾਹਿਤਿਕ ਸਮਾਗਮ ਦੇ ਕਵਿਤਾਵਾਂ ਵਿੱਚ ਡੁੱਬ ਜਾਣ ਦਾ ਗੰਭੀਰ ਮੁੱਦਾ ਹੈ |
ਹੋਰ ਵੀ ਕਿ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਵਾਲੇ “ਤਕਰੀਬਨ” ਸਾਰੇ ਹੀ ਕਵਿਤਾ ਆਖਣ ਵਾਲੇ ਹੁੰਦੇ ਹਨ | ਅੱਜ ਦੇ ਸਮੇ ਦੀ ਮੰਗ ਲੋਕਾਂ ਦੇ ਦਰਪੇਸ਼ ਸਮੱਸਿਆਵਾਂ ਦੇ ਬਾਰੇ ਸਿਰ ਜੋੜ ਕੇ ਉਹਨਾਂ ਦੇ ਕਾਰਨ/ ਹੱਲ ਦੀ ਨਿਸ਼ਾਨਦੇਹੀ ਕਰਨਾ ਹੈ ਤੇ ਕਵਿਤਾ ਨਾਲੋ ਜਿਆਦਾ ਜਰੂਰਤ ਉਸਾਰੂ ਗਲਪ ਦੀ ਹੈ | ਅਜਿਹਾ ਹਰਗਿਜ਼ ਨਾ ਸਮਝਿਆ ਜਾਵੇ ਕਿ ਕਵਿਤਾ ਨੂੰ ਮੰਚ ਤੋਂ ਬਿਲਕੁਲ ਪਾਸੇ ਕਰ ਦਿੱਤਾ ਜਾਵੇ ਪਰ ਇਹ ਵੀ ਸਮਝਿਆ ਜਾਣਾ ਜਰੂਰੀ ਹੈ ਕਿ ਕਵਿਤਾ ਦੀਆਂ ਆਪਣੀਆਂ ਸੀਮਤਾਈਆਂ ਹਨ | ਇੱਕ ਗੱਲ ਜੋ ਸੁਰਜੀਤ ਵੀਰ ਨੇ ਕਹੀ ਹੈ ਕਿ ਆਲੋਚਨਾ ਦੀ ਘਾਟ ਉਸ ਨਾਲ ਮੈਂ ਤਾਂ ਸਹਿਮਤ ਹਾਂ ਪਰ ਸੁਰਜੀਤ ਵੀਰ ਖੁਦ ਹੀ ਇਸ ਤੋਂ ਛਿਟਕ ਗਏ ਗੁਰਬਚਨ ਜੀ ਦਾ ਲੇਖ ਵੀ ਤਾਂ ਆਲੋਚਨਾ ਹੀ ਹੈ ਜਿਸ ਨੂੰ ਸਾਨੂੰ ਜੀ ਆਇਆਂ ਆਖਣਾ ਬਣਦਾ ਹੈ | ਅੰਤ ਇੱਕ ਕਵਿਤਾ ਦੇ ਬਾਰੇ ਕਵਿਤਾ ਦੇ ਨਾਲ :
ਵਿਸੰਗਤੀ
ਕੁਝ ਜ਼ਿੰਮੇਵਾਰੀਆਂ ਨੇ
ਕਵਿਤਾ ਜਿਹਨਾਂ ਨੂੰ ਪੂਰਾ ਨਹੀਂ ਕਰ ਪਾ ਰਹੀ |
ਕੁਝ ਵਿਚਾਰ ਹਨ
ਕਵਿਤਾ ਜਿਹਨਾਂ ਨੂੰ ਬੰਨ ਨਹੀਂ ਪਾ ਰਹੀ |
ਕੁਝ ਗੰਢਾਂ ਨੇ
ਕਵਿਤਾ ਜਿਹਨਾਂ ਨੂੰ ਖੋਲ੍ਹ ਨਹੀਂ ਪਾ ਰਹੀ |
ਕੁਝ ਸੁਪਨੇ ਨੇ
ਕਵਿਤਾ ਜਿਨ੍ਹਾਂ ਦੀ ਪਰਿਭਾਸ਼ਾ ਨਹੀਂ ਦੱਸ ਪਾ ਰਹੀ |
ਕੁਝ ਯਾਦਾਂ ਨੇ
ਕਵਿਤਾ ਜਿਨ੍ਹਾਂ ਨੂੰ ਛੱਡ ਨਹੀਂ ਪਾ ਰਹੀ |
ਕੁਝ ਆਇਆ ਹੈ
ਕਵਿਤਾ ਜਿਸਨੂੰ ਦੇਖ ਨਹੀਂ ਪਾ ਰਹੀ |
ਕੁਝ ਅਨੁਭਵ ਨੇ
ਕਵਿਤਾ ਜਿਨ੍ਹਾਂ ਨੂੰ ਸੰਗ੍ਰਹਿਤ ਨਹੀਂ ਕਰ ਪਾ ਰਹੀ |
ਇਹ ਸਭ ਕਾਰਨ ਨੇ
ਕਿ ਸਾਰੀਆਂ ਪਰੇਸ਼ਾਨੀਆਂ ਦੇ ਬਾਵਜੂਦ
ਕਵਿਤਾ ਫਿਰ ਵੀ ਹੈ
ਐਨਾ ਕੁਝ ਕਰ ਪਾਉਣ ਦੀਆਂ
ਕੋਸ਼ਿਸ਼ਾਂ ਦੇ ਨਾਲ
ਆਪਣੇ ਅਧੂਰੇ ਪਣ ਦੇ ਅਹਿਸਾਸ ਦੇ ਨਾਲ
ਅਕੁਸ਼ਲਤਾ ਦੇ ਬੋਧ ਦੇ ਨਾਲ
ਸਾਡੇ ਐਨਾ ਨੇੜੇ|
ਕਵਿਤਾ ਨੂੰ ਪਤਾ ਹੈ
ਆਪਣੇ ਹੋਣ ਦੀ ਜਰੂਰਤ
ਅਤੇ ਇਹ ਵੀ ਕਿ ਆਉਣ ਵਾਲੀ ਦੁਨੀਆਂ ਨੂੰ
ਉਸਦੀ ਹੋਰ ਵੀ ਵਧ ਜ਼ਰੂਰਤ ਹੈ |
(ਹਿੰਦੀ ਤੋਂ ਅਨੁਵਾਦ)
ਕਵਿਤਾ : ਸ਼ਸ਼ੀ ਪ੍ਰਕਾਸ਼
(ਚਲੋ ਹਰ ਸਮੱਸਿਆ ਦੇ ਉੱਤੇ ਸਿਰ ਜੋੜਕੇ ਵਿਚਾਰਾਂ ਕਰੀਏ ਤਾਂ ਜੋ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ ਜਿੱਥੇ ਹਰ ਦਿਨ ਸੂਰਜ ਨਵੀਂ ਕਵਿਤਾ ਲੈਕੇ ਆਵੇ)
ਇਕਬਾਲ
(ਚਲੋ ਹਰ ਸਮੱਸਿਆ ਦੇ ਉੱਤੇ ਸਿਰ ਜੋੜਕੇ ਵਿਚਾਰਾਂ ਕਰੀਏ ਤਾਂ ਜੋ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ ਜਿੱਥੇ ਹਰ ਦਿਨ ਸੂਰਜ ਨਵੀਂ ਕਵਿਤਾ ਲੈਕੇ ਆਵੇ) ਪੜ੍ਹਿਆ ਜਾਵੇ ਜੀ