ਓਬਾਮਾ ਜਦ ਗਾਂਧੀ ਦਾ ਨਾਮ ਲੈਂਦੈ ਤਾਂ ਕੁਝ ਲੋਕ ਤੜਪ ਉਠਦੇ ਨੇ ! -ਸ਼ੌਂਕੀ ਇੰਗਲੈਂਡੀਆ
Posted on:- 09-01-2014
ਸਾਊਥ ਅਫ਼ਰੀਕਾ ਦੇ ਮਹਿਬੂਬ ਨੇਤਾ ਨੈਲਸਨ ਮੰਡੇਲਾ ਦੀ ਮੌਤ `ਤੇ ਸੰਸਾਰ ਭਰ ਦੇ ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਹੈ। ਅਮਰੀਕਾ ਦੇ ਪ੍ਰਧਾਨ ਓਬਾਮਾ ਸਮੇਤ ਸੰਸਾਰ ਭਰ ਦੇ ਆਗੂ ਮੰਡੇਲਾ ਨੂੰ ਸ਼ਰਧਾਂਜਲੀ ਦੇਣ ਜੋਹਾਨਸਬਰਗ ਗਏ ਹਨ। ਨੈਲਸਨ ਮੰਡੇਲਾ ਮਹਾਤਮਾ ਗਾਂਧੀ ਦਾ ਕਦਰਦਾਨ ਸੀ ਜਿਸ ਕਾਰਨ ਇਸ ਮੌਕੇ ਮਹਾਤਮਾ ਗਾਂਧੀ ਦਾ ਵੀ ਜਿ਼ਕਰ ਹੋਇਆ ਹੈ। ਅਜੇਹਾ ਕਰਨ ਵਾਲਿਆਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਵੀ ਸ਼ਾਮਲ ਹਨ ਜੋ ਮਹਾਤਮਾ ਗਾਂਧੀ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਹਨ।
ਪ੍ਰਧਾਨ ਓਬਾਮਾ ਜਦ ਮਹਾਤਮਾ ਗਾਂਧੀ ਦਾ ਨਾਮ ਲੈਂਦਾ ਹੈ ਤਾਂ ਕੁਝ ਲੋਕ ਤੜਪ ਉਠਦੇ ਹਨ। ਅਖੇ ਪ੍ਰਧਾਨ ਓਬਾਮਾ ਨੂੰ ਗਾਂਧੀ ਦੀ ਅਸਲੀਅਤ ਦਾ ਪਤਾ ਨਹੀਂ ਹੈ। ਕਦੇ ਮਹਾਤਮਾ ਗਾਂਧੀ ਨੂੰ ਹਿੰਦੂ ਕੌਮਪ੍ਰਸਤ ਦੱਸਿਆ ਜਾਂਦਾ ਹੈ, ਕਦੇ ਸਿੱਖਾਂ ਤੇ ਹੋਰ ਫਿਰਕਿਆਂ ਦਾ ਦੁਸ਼ਮਣ ਦੱਸਿਆ ਜਾਂਦਾ ਹੈ, ਕਦੇ ਸਮਲਿੰਗੀ ਦੱਸਿਆ ਜਾਂਦਾ ਹੈ ਅਤੇ ਹੁਣ ਕਾਲਿਆਂ ਦਾ ਦੁਸ਼ਮਣ ਤੇ ਨਸਲਵਾਦੀ ਵੀ ਦੱਸਿਆ ਜਾਣ ਲੱਗ ਪਿਆ ਹੈ। ਕੁਝ ਐਸੇ ਲੋਕ ਵੀ ਹਨ ਜੋ ਸਮਲਿੰਗੀਆਂ ਦੇ ਬਰਾਬਰ ਦੇ ਹੱਕਾਂ ਦੀ ਵਕਾਲਤ ਕਰਦੇ ਹਨ ਪਰ ਗਾਂਧੀ ਨੂੰ ਸਮਲਿੰਗੀ ਆਖ ਕੇ ਭੰਡਦੇ ਹਨ। ਗਾਂਧੀ ਦੇ ਸਮਲਿੰਗੀ ਹੋਣ ਦਾ ਕੋਈ ਸਬੂਤ ਨਹੀਂ ਹੈ ਅਤੇ ਇਸ ਦਾ ਮਹੱਤਵ ਵੀ ਕੋਈ ਨਹੀਂ ਹੈ। ਗਾਂਧੀ ਦੀ ਮਹਾਨਤਾ ਉਸ ਦੇ “ਅਹਿੰਸਾ” ਦੇ ਫਲਸਫ਼ੇ ਅਤੇ ਤਿਆਗ ਕਾਰਨ ਹੈ, ਜਿਸ ਦਾ ਪੱਲਾ ਉਸ ਨੇ ਸਾਰੀ ਜਿ਼ੰਗਦੀ ਨਹੀਂ ਛੱਡਿਆ।
ਵੈਦ ਜੀ ਇਕ ਦਿਨ ਰੇਡੀਓ `ਤੇ ਗਾਂਧੀ ਨੂੰ ਭੰਡ ਰਹੇ ਸਨ ਅਤੇ ਉਹਨਾਂ ਨੂੰ ਬਹੁਤ ਤਕਲੀਫ਼ ਹੋ ਰਹੀ ਸੀ ਕਿ ਪ੍ਰਧਾਨ ਓਬਾਮਾ ਨੇ ਨੈਲਸਨ ਮੰਡੇਲਾ ਨੂੰ ਸ਼ਰਧਾਂਜਲੀ ਭੇਂਟ ਕਰਨ ਵੇਲੇ ਗਾਂਧੀ ਜੀ ਦਾ ਨਾਮ ਕਿਉਂ ਲਿਆ। ਵੈਦ ਜੀ ਆਖ ਰਹੇ ਸਨ ਕਿ ਗਾਂਧੀ ਦਾ ਨਾਮ ਬਹੁਤ ਉਭਾਰਿਆ ਜਾ ਰਿਹਾ ਹੈ ਅਤੇ ਕਿਸੇ ਦਿਨ ਗਾਂਧੀ ਭਗਤ ਉਸ ਨੂੰ ਜੀਸਸ ਕਰਾਈਸਟ ਬਣਾ ਦੇਣਗੇ।
ਵੈਦ ਜੀ ਵਰਗਿਆਂ ਦੀ ਜਾਣਕਾਰੀ ਵਾਸਤੇ ਇਹ ਦੱਸਣਾ ਬਣਦਾ ਹੈ ਕਿ ਸੰਸਾਰ ਦੇ ਪ੍ਰਸਿਧ ਸਵਰਗੀ ਸਾਇੰਸਦਾਨ ਫਰੈਂਕ ਆਈਨ ਸਟਾਈਨ ਨੇ ਬਹੁਤ ਪਹਿਲਾਂ ਆਖ ਦਿੱਤਾ ਸੀ ਕਿ ਕਿਸੇ ਦਿਨ ਸੰਸਾਰ ਦੇ ਲੋਕ ਮਹਾਤਮਾ ਗਾਂਧੀ ਦਾ ਨਾਮ ਜੀਸਸ ਕਰਾਈਸਟ ਅਤੇ ਮਹਾਤਮਾ ਬੁੱਧ ਵਾਂਗ ਲਿਆ ਕਰਨਗੇ। ਐਟਮ ਬੰਬ ਅਤੇ ਕਈ ਹੋਰ ਖੋਜਾਂ ਕਰਨ ਵਾਲਾ ਇਹ ਪ੍ਰਸਿਧ ਸਾਇੰਸਦਾਨ ਮਹਾਤਾਮਾ ਗਾਂਧੀ ਦਾ ਭਗਤ ਸੀ ਅਤੇ ਸੰਸਾਰ ਦੇ ਭਵਿੱਖ ਵਾਸਤੇ “ਆਹਿੰਸਾ” ਦੇ ਸਿਧਾਂਤ ਨੂੰ ਅਹਿਮ ਮੰਨਦਾ ਸੀ।
ਦੇਸ਼ ਵੀ ਵੰਡ ਸਮੇਂ ਜਦ ਸੰਪਰਦਾਇਕ ਹਿੰਸਾ ਲੋਕਾਂ ਦਾ ਘਾਣ ਕਰ ਰਹੀ ਸੀ ਤਾਂ ਭਾਰਤ ਦੇ ਪੂਰਬੀ ਸੂਬੇ ਬੰਗਾਲ ਵਿੱਚ ਮਹਾਤਮਾ ਗਾਂਧੀ ਲੋਕਾਂ ਨੂੰ ਅਹਿੰਸਾ ਦਾ ਸਬਕ ਦੇ ਰਹੇ ਸਨ। ਭਾਰਤ ਦੇ ਪੱਛਮੀ ਸੂਬੇ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਫੌਜ ਲਗਾਈ ਗਈ ਸੀ। ਇਹ ਦੋਵੇਂ ਸੂਬੇ ਵੰਡ ਦਾ ਸਿ਼ਕਾਰ ਹੋਏ ਸਨ ਅਤੇ ਹਿੰਸਾ ਦੀ ਜਕੜ ਵਿੱਚ ਸਨ। ਬੰਗਾਲ ਵਿੱਚ ਸ਼ਾਂਤੀ ਪੰਜਾਬ ਨਾਲੋਂ ਬਹੁਤ ਜਲਦ ਪਰਤ ਆਈ ਸੀ। ਇਹ ਵੇਖ ਕੇ ਭਾਰਤ ਦੇ ਅੰਗਰੇਜ਼ ਗਵਰਨਰ ਜਨਰਲ ਮਾਊਂਟਬੈਟਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਫੌਜ ਲਗਾਈ ਗਈ ਹੈ ਪਰ ਬੰਗਾਲ ਵਿੱਚ “ਵੰਨ ਮੈਨ ਆਰਮੀ” (ਗਾਂਧੀ) ਵੱਧ ਅਸਰਦਾਰ ਹੈ।
ਗਾਂਧੀ ਏਨਾ ਕੁ ਹਿੰਦੂਵਾਦੀ ਸੀ ਕਿ ਹਿੰਦੂ ਕੌਮਪ੍ਰਸਤ ਉਸ ਨੂੰ ਹਿੰਦੂਆਂ ਵਾਸਤੇ ਖਤਰਾ ਸਮਝਦੇ ਸਨ ਅਤੇ ਗਾਂਧੀ ਨੂੰ ਗੋਲੀ ਮਾਰਨ ਮਾਰਨ ਵਾਲਾ ਹਿੰਦੂ ਕੱਟੜਪੰਥੀ ਨੱਥੂ ਰਾਮ ਸੀ।
ਅੱਜ ਭਾਰਤ ਵਿੱਚ ਰਾਜਸੀ ਕੁਰੱਪਸ਼ਨ ਅਤੇ ਪਰਿਵਾਰਵਾਦ ਦਾ ਕੋਹੜ ਇਕ ਵੱਡਾ ਖਤਰਾ ਬਣਿਆਂ ਹੋਇਆ ਹੈ। ਗਾਂਧੀ ਏਨਾ ਤਿਆਗੀ ਸੀ ਕਿ ਉਸ ਨੇ ਨਾ ਕੋਈ ਸਿਆਸੀ ਕੁਰਸੀ ਲਈ ਅਤੇ ਨਾ ਪੈਸਾ ਇਕੱਠਾ ਕੀਤਾ। 1947 ਵਿੱਚ ਗਾਂਧੀ ਭਾਰਤ ਦਾ ਸੱਭ ਤੋਂ ਸਤਿਕਾਰਿਆ ਜਾਣ ਵਾਲਾ ਆਗੂ ਸੀ, ਪਰ ਉਸ ਨੇ ਸਿਆਸੀ ਤਾਕਤ ਤੋਂ ਦੂਰ ਰਹਿ ਕੇ ਆਪਣੀ ਅਕਲ ਮੁਤਾਬਿਕ ਲੋਕਾਂ ਦੀ ਰਹਿਨੁਮਾਈ ਕੀਤੀ। ਇਹ ਵੀ ਤਿਆਗ ਦੀ ਭਾਵਨਾ ਹੀ ਸੀ ਕਿ ਗਾਂਧੀ ਨੇ ਆਪਣੀ ਔਲਾਦ ਨੂੰ ਸਿਆਸਤ ਵਿੱਚ ਅੱਗੇ ਨਾ ਕੀਤਾ, ਚਹੁੰਦਾ ਤਾਂ ਬਹੁਤ ਆਸਾਨੀ ਨਾਲ ਕਰ ਸਕਦਾ ਸੀ। ਆਪਣੀ ਔਲਾਦ ਵਾਸਤੇ ਜ਼ਮੀਨਾਂ ਜਾਇਦਾਦਾਂ ਦੇ ਢੇਰ ਵੀ ਲਗਾ ਸਕਦਾ ਸੀ, ਪਰ ਉਸ ਨੇ ਅਜੇਹਾ ਵੀ ਨਹੀਂ ਸੀ ਕੀਤਾ।
ਮਹਾਤਮਾ ਗਾਂਧੀ ਦੀਆਂ ਕਈ ਨੀਤੀਆਂ ਵਿੱਚ ਨੁਕਸ ਕੱਢੇ ਜਾ ਸਕਦੇ ਹਨ ਪਰ ਵੇਖਣ ਵਾਲੀ ਗੱਲ ਇਹ ਕਿ ਉਹ ਦੇ ਕੇ ਕੀ ਗਿਆ ਅਤੇ ਲੋਕਾਂ ਦਾ ਚੁਰਾ ਕੇ ਕੀ ਲੈ ਗਿਆ? 20-22 ਸਾਲ ਦੀ ਉਮਰ ਵਿੱਚ ਜਦ ਗਾਂਧੀ ਸਾਊਥ ਅਫ਼ਰੀਕਾ ਨੂੰ ਵਕੀਲ ਬਣ ਕੇ ਗਿਆ ਤਾਂ ਉਸ ਨੂੰ ਰੰਗਭੇਦ ਦੇ ਵਿਤਕਰੇ ਦੀ ਓਸ ਵਕਤ ਠੇਸ ਲੱਗੀ ਜਦ ਉਹ ਖੁਦ ਆਪ ਇਸ ਦਾ ਸਿ਼ਕਾਰ ਹੋਇਆ। ਅੰਗਰੇਜ਼ਾਂ ਦੇ ਸਕੂਲਾਂ ਵਿੱਚ ਵਕਾਲਤ ਪੜ੍ਹਿਆ ਗਾਂਧੀ ਕਚੇਰੀ ਉਮਰ ਵਿੱਚ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਬਰਾਬਰ ਹੀ ਸਮਝਦਾ ਸੀ। 30 ਜਨਵਰੀ, 1948 ਨੂੰ ਨੱਥੂ ਰਾਮ ਗੌਡਸੇ ਦੀ ਗੋਲੀ ਨਾਲ ਮਰਨ ਵਾਲਾ ਗਾਂਧੀ, 20-22 ਸਾਲ ਦੀ ਉਮਰ ਦੇ ਗਾਂਧੀ ਨਾਲੋਂ ਵੱਖਰਾ ਸੀ, ਜਿਸ ਨੇ ਸਾਊਥ ਅਫ਼ਰੀਕਾ ਵਿੱਚ ਰੰਗਭੇਦ ਦੇ ਵਿਤਕਰੇ ਦਾ ਵਿਰੋਧ ਸ਼ੁਰੂ ਕੀਤਾ ਸੀ। 20-22 ਸਾਲ ਦਾ ਗਾਂਧੀ ਅਹਿੰਸਾਵਾਦੀ ਅਤੇ ਤਿਆਗੀ ਨਹੀਂ ਸੀ, ਉਹ ਆਮ ਆਦਮੀ ਵਰਗਾ ਭੋਗੀ ਹੋਵੇਗਾ ਜੋ ਸੰਸਾਰਿਕ ਸੁੱਖਾਂ ਪਿੱਛੇ ਭੱਜਦਾ ਫਿਰਦਾ ਹੋਵੇਗਾ। ਰੇਲ ਗੱਡੀ ਦੇ ਫਸਟ ਕਲਾਸ ਦੇ ਡੱਬੇ ਵਿੱਚ ਵੀ ਉਹ ਅੰਗਰੇਜ਼ਾਂ ਦੇ ਸਕੂਲ ਤੋਂ ਹਾਸਲ ਕੀਤਾ ਵਕਾਲਤ ਦਾ ਸਰਟੀਫੀਕੇਟ ਲੈ ਕੇ ਸੰਸਾਰਿਕ ਸੁੱਖ ਭੋਗਣ ਵਾਸਤੇ ਹੀ ਬੈਠਾ ਸੀ। ਰੰਗਭੇਦ ਕਰਨ ਵਾਲੇ ਰੇਲ ਗਾਰਡ ਵਲੋਂ ਸਮਾਨ ਸਮੇਤ ਬਾਹਰ ਸੁੱਟੇ ਜਾਣ `ਤੇ ਉਸ ਨੂੰ ਕਥਿਤ ਉਣਤਾਈ ਦਾ ਅਹਿਸਾਸ ਹੋਇਆ, ਜਿਸ ਨੇ ਉਸ ਨੂੰ ਅਗਲੇ 25-30 ਸਾਲਾਂ ਵਿੱਚ ਮੋਹਨ ਦਾਸ ਕਰਮਚੰਦ ਤੋਂ ਮਹਾਤਮਾ ਗਾਂਧੀ ਬਣਾ ਦਿੱਤਾ। ਹਰ ਇਨਸਾਨ ਵਿੱਚ ਗੁਣ ਅਤੇ ਔਗਣ ਸਮੇਂ ਸਮੇਂ ਭਾਰੂ ਹੁੰਦੇ ਰਹਿੰਦੇ ਹਨ। ਸੰਸਾਰ ਨੂੰ ਮਹਾਤਮਾ ਗਾਂਧੀ ਦੇ ਅੰਤਲੇ ਜੀਵਨ ਵਿੱਚ ਅਹਿੰਸਾ ਤੇ ਤਿਆਗ ਭਾਰੂ ਅਤੇ ਕੇਂਦਰੀ ਗੁਣ ਜਾਪਦੇ ਹਨ, ਜਿਸ ਕਾਰਨ ਗਾਂਧੀ ਦਾ ਨੈਲਸਨ ਮੰਡੇਲਾ, ਮਾਰਟਿਨ ਲੂਥਰ ਕਿੰਗ ਅਤੇ ਓਬਾਮਾ ਵਰਗੇ ਸਤਿਕਾਰ ਕਰਦੇ ਹਨ।
ਸ਼ੌਕੀ ਇੱਕ ਦਿਨ ਇਕ ਪੰਜਾਬੀ ਰੇਡੀਓ ਪ੍ਰੋਗਰਾਮ ਸੁਣ ਰਿਹਾ ਸੀ। ਇਕ ਖਾਲਿਸਤਾਨੀ ਸੱਜਣ ਆਖ ਰਿਹਾ ਸੀ ਕਿ ਪੰਜਾਬ ਸਰਕਾਰ ਨੇ ਭੁੱਖ ਹੜਤਾਲ `ਤੇ ਬੈਠੇ ਗੁਰਬਖ਼ਸ਼ ਸਿੰਘ ਨੂੰ ਉਸ ਦੀ ਮਰਜ਼ੀ ਦੇ ਖਿਲਾਫ਼ ਚੁੱਕ ਕੇ ਹਸਪਤਾਲ ਲੈ ਜਾ ਕੇ ਬਹੁਤ ਜ਼ੁਲਮ ਕੀਤਾ ਹੈ। ਭੁੱਖ ਹੜਤਾਲ ਤਾਂ ਗਾਂਧੀ ਵੀ ਕਰਦਾ ਸੀ ਅਤੇ ਗੁਰਬਖ਼ਸ਼ ਸਿੰਘ ਵੀ ਗਾਂਧੀ ਵਾਲਾ ਸ਼ਾਂਤੀਪੂਰਨ ਤਰੀਕਾ ਹੀ ਵਰਤ ਰਿਹਾ ਹੈ। ਇਸ ਗੱਲ ਨੂੰ ਮਸਾਂ 24 ਕੁ ਘੰਟੇ ਹੀ ਲੰਘੇ ਸਨ, ਜਦ ਅਖ਼ਬਾਰਾਂ ਵਿੱਚ ਇਹ ਖ਼ਬਰ ਆ ਗਈ ਕਿ ਗੁਰਬਖ਼ਸ਼ ਸਿੰਘ ਦੀ ਥਾਂ ਹੋਰ ਸੱਜਣ ਭੁੱਖ ਹੜਤਾਲ `ਤੇ ਬੈਠ ਗਏ ਹਨ ਅਤੇ ਉਹਨਾਂ ਦੀ ਰਾਖੀ ਵਾਸਤੇ 100-125 ਹਥਿਆਰਬੰਦ ਸਿੱਖ ਨੌਜਵਾਨ ਲਗਾਏ ਗਏ ਹਨ। ਤਲਵਾਰਾਂ ਅਤੇ ਗੰਡਾਸਿਆਂ ਵਰਗੇ ਹਥਿਆਰਾਂ ਨਾਲ ਲੈਸ ਇਹਨਾਂ ਨੌਜਵਾਨਾਂ ਦੀਆਂ ਕਈ ਤਸਵੀਰਾਂ ਵੀ ਇਨਟਰਨੈੱਟ `ਤੇ ਪ੍ਰਗਟ ਹੋ ਗਈਆਂ ਸਨ। ਗਾਂਧੀ ਦੀ ਭੁੱਖ ਹੜਤਾਲ ਅਤੇ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਵਿੱਚ ਇਹ ਨੌਜਵਾਨ ਫਰਕ ਦਾ ਅਹਿਸਾਸ ਕਰਵਾਉਣ ਲੱਗ ਪਏ ਸਨ। ਮਹਾਤਮਾ ਗਾਂਧੀ ਨੇ ਤਾਂ ਭਖਿਆ ਹੋਇਆ “ਭਾਰਤ ਛੱਡੋ” ਅੰਦੋਲਨ ਇਸ ਕਾਰਨ ਵਾਪਸ ਲੈ ਲਿਆ ਸੀ ,ਕਿਉਂਕਿ ਅੰਗਰੇਜ਼ਾਂ ਖਿਲਾਫ ਭੜਕੇ ਭਾਰਤੀਆਂ ਨੇ ਇਕ ਥਾਣੇ ਨੂੰ ਅੱਗ ਲਗਾ ਦਿੱਤੀ ਸੀ, ਜਿਸ ਵਿੱਚ ਚਾਰ ਪੁਲਿਸ ਵਾਲੇ ਮਾਰੇ ਗਏ ਸਨ। ਗਾਂਧੀ ਨੂੰ ਇਹ ਹਿੰਸਾ ਮਨਜ਼ੂਰ ਨਹੀਂ ਸੀ।
ਜੋ ਲੋਕ ਇਨਸਾਫ਼ ਵਾਸਤੇ ਅਮਰੀਕਾ ਵਿੱਚ ਆਏ ਭਾਰਤੀ ਆਗੂਆਂ ਖਿਲਾਫ਼ ਕੇਸ ਤੇ ਕੇਸ ਦਰਜ ਕਰਵਾ ਰਹੇ ਹਨ, ਉਹ ਭਾਰਤ ਵਿੱਚ ਕਥਿਤ ਤੌਰ `ਤੇ ਸਜ਼ਾ ਭੁਗਤ ਚੁੱਕੇ ਸਿੱਖ ਕੈਦੀਆਂ ਨੂੰ ਛੁਡਵਾਉਣ ਵਾਸਤੇ ਕਿਸੇ ਅਦਾਲਤ ਦਾ ਦਰਵਾਜ਼ਾ ਕਿਉਂ ਨਹੀਂ ਖੜਕਾਉਂਦੇ? ਕੀ ਭੁਖ ਹੜਾਤਲ ਹੀ ਇਸ ਦਾ ਇਕੋ ਇਕ ਰਸਤਾ ਹੈ ਜਾਂ ਭੁੱਖ ਹੜਤਾਲ ‘ਕੁਝ ਹੋਰ’ ਹਾਸਲ ਕਰਨ ਦੇ ਲਈ ਇਕ ਹਥਿਆਰ ਵਜੋਂ ਵਰਤੀ ਜਾ ਰਹੀ ਹੈ? ਇਹ ਸਵਾਲ ਵੀ ਉਠਦਾ ਹੈ ਕਿ ਜੇਕਰ ਭਾਰਤ ਦੀਆਂ ਜੇਲ੍ਹਾਂ ਵਿੱਚ ਕੈਦ ਭੁਗਤ ਚੁੱਕੇ ਕੈਦੀ ਹਨ ਤਾਂ ਉਹਨਾਂ ਸਾਰਿਆਂ ਦੀ ਰਿਹਾਈ ਦੀ ਮੰਗ ਕਿਉਂ ਨਹੀਂ ਕੀਤੀ ਜਾ ਰਹੀ? ਕੀ ਇਸ ਵਾਸਤੇ ਸੁਪਰੀਮ ਕੋਰਟ ਵਿੱਚ ਪਬਲਿਕ ਇੰਟਰੈਸਟ ਪਟੀਸ਼ਨ ਨਹੀਂ ਪਾਈ ਜਾ ਸਕਦੀ? ਜਾਂ ਜਿਸ ਕਿਸੇ ਕੈਦੀ ਨਾਲ ਇਹ ਵਧੀਕੀ ਹੋਰ ਰਹੀ ਹੈ, ਉਸ ਵਲੋਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਸਤੇ ਦਲੀਲ/ਵਕੀਲ ਮੁਹੱਈਆ ਨਹੀਂ ਕਰਵਾਇਆ ਜਾ ਸਕਦਾ?
ਸਾਬਕਾ ਡੀਜੀਪੀ ਸ਼ਸ਼ੀਕਾਂਤ ਨੂੰ ਵੀ ਬਹੁਤ ਉਭਾਰ ਕੇ ਪੇਸ਼ ਕੀਤਾ ਜਾ ਰਿਹਾ ਹੈ। ਸ਼ਸ਼ੀਕਾਂਤ ਆਪਣੇ ਆਪ ਨੂੰ ਜ਼ਿੰਦਾ ਸ਼ਹੀਦ ਬਣਾ ਕੇ ਪੇਸ਼ ਕਰ ਰਿਹਾ ਹੈ ਅਤੇ ਇਹ ਵੀ ਦੱਸ ਰਿਹਾ ਹੈ ਕਿ ਉਹ ਭਾਰਤ ਦੀ ਇੰਟੈਲੀਜੰਸ ਬਿਊਰੋ ਵਾਸਤੇ ਕੰਮ ਕਰਦਾ ਰਿਹਾ ਹੈ। ਉਹ ਆਪਣੇ ਆਪ ਨੂੰ ਜਰਨੈਲ ਸਿੰਘ ਭਿੰਡਰਾਵਾਲੇ ਦਾ ਉਪਾਸ਼ਕ ਵੀ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਅਸਲੀ ਸੰਤ ਉਹ ਹੀ ਸਨ ਬਾਕੀ ਸਭ ਝੂਠੇ ਹਨ। ਇਹ ਬਹੁਤ ਵੱਡੀ ਤਬਦੀਲੀ ਹੈ, ਜੋ ਬਹੁਤ ਧਿਆਨ ਮੰਗਦੀ ਹੈ। ਜਾਂ ਤਾਂ ਸ਼ਸ਼ੀਕਾਂਤ ਇਕ ਦਿਮਾਗੀ ਕੇਸ ਹੈ ਅਤੇ ਜਾਂ ਉਸ ਨੂੰ ਕਿਸੇ ਖਾਸ ਸਕੀਮ ਹੇਠ ਵੱਖਵਾਦੀ ਖੇਮੇ ਵਿੱਚ ਵਾੜ੍ਹਿਆ ਗਿਆ ਹੈ।
ਬਰਤਾਨੀਆਂ ਵਿੱਚ ਜਨਰਲ ਕੁਲਦੀਪ ਸਿੰਘ `ਤੇ ਹਮਲਾ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਅਦਾਲਤ ਨੇ ਸਖ਼ਤ ਸਜ਼ਾ ਸੁਣਾਈ ਹੈ। ਦੋ ਨੂੰ ਕਰਮਵਾਰ 14-14 ਸਾਲ, ਇਕ ਨੂੰ 11 ਸਾਲ ਅਤੇ ਇਕ ਨੂੰ 10.5 ਸਾਲੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਸਖ਼ਤ ਸਜ਼ਾ ਨੂੰ “ਮਨੁੱਖੀ ਅਧਿਕਾਰਾਂ ਦੀ ਉਲੰਘਣਾ” ਦੱਸਿਆ ਹੈ। ਕਮਾਲ ਹੈ ਦੋਸ਼ੀਆਂ ਨੂੰ ਅਦਾਲਤ ਵਲੋਂ ਸਬੂਤਾਂ ਦੇ ਅਧਾਰ `ਤੇ ਦਿੱਤੀ ਗਈ ਸਜ਼ਾ “ਮਨੁੱਖੀ ਅਧਿਕਾਰਾਂ ਦੀ ਉਲੰਘਣਾ” ਕਿਵੇਂ ਹੋ ਗਈ? ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਸੰਸਾਰ ਵਿੱਚ ਕਿਤੇ ਵੀ ਇਨਸਾਫ਼ ਨਹੀਂ ਮਿਲ ਰਿਹਾ। ਜੇਕਰ ਕਿਸੇ ਨੂੰ ਮਾਰਨ ਦੀ ਖੁੱਲੀ ਛੋਟ ਦੇਣਾ ਹੀ ‘ਇਨਸਾਫ਼’ ਹੈ ਤਾਂ ਸੰਸਾਰ ਨੇ ਅਜੇਹਾ ‘ਇਨਸਾਫ਼’ ਕਦੇ ਨਹੀਂ ਦੇਣਾ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਇਸ ਸਜ਼ਾ ਨੂੰ ਗ਼ਲਤ ਦੱਸਿਆ ਹੈ। ਅਖੇ ਸ਼੍ਰੋਮਣੀ ਕਮੇਟੀ ਇਸ ਸਜ਼ਾ ਨੂੰ ਤੁੜਵਾਏ ਕਿਉਂਕਿ ਜਨਰਲ ਬਰਾੜ ਨੂੰ ਸੱਟ ਮਾਮੂਲੀ ਹੀ ਲੱਗੀ ਸੀ। ਅਕਸਰ ਕਿਹਾ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ਰੁਤਬਾ ਈਸਾਈਆਂ ਦੇ ਪੋਪ ਵਰਗਾ ਹੈ। ਕੀ ਪੋਪ ਕਦੇ ਕਿਸੇ ਇਸ ਕਿਸਮ ਦੇ ਅਦਾਲਤੀ ਕੇਸ `ਤੇ ਆਪਣਾ ਪ੍ਰਤੀਕਰਮ ਦਿੰਦਾ ਹੈ? ਜਦ ਸਵਰਗੀ ਪੋਪ ਜਾਹਨ ਪਾਲ `ਤੇ ਇਕ ਸਿਰ ਫਿਰੇ ਨੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ ਤਾਂ ਪੋਪ ਪਾਲ ਨੇ ਉਸ ਨੂੰ ਮੁਆਫ ਕਰ ਦਿੱਤਾ ਸੀ। ਜੇਲ਼਼ ਵਿੱਚ ਜਾ ਕੇ ਵੀ ਉਸ ਹਮਲਾਵਰ ਨੂੰ ਸ਼ਾਂਤ ਰਹਿਣ ਦਾ ਅਸ਼ੀਰਵਾਦ ਦਿੱਤਾ ਸੀ। ਸਾਡੇ ਜਥੇਦਾਰ ਕਦੇ ਕਿਸੇ ਦੇ ਕਦੇ ਕਿਸੇ ਦੇ ਬਾਈਕਾਟ ਦੇ ਨਿਰਦੇਸ਼ ਦਿੰਦੇ ਹਨ। ਕਾਤਲਾਂ ਨੂੰ ਸ਼ਹੀਦ ਦਸਦੇ ਹਨ ਅਤੇ ਉਹਨਾਂ ਦੀ ਪਿੱਠ ਥਾਪੜਦੇ ਹਨ। ਪੋਪ ਸਾਰੇ ਸੰਸਾਰ ਦੀ ਸੁੱਖ ਸ਼ਾਂਤੀ ਮੰਗਦਾ ਹੈ ਅਤੇ ਸੰਸਾਰ ਵਿੱਚ ਪੋਪ ਵਰਗਾ ਰੁਤਬਾ ਤੇ ਸਤਿਕਾਰ ਪ੍ਰਾਪਤ ਕਰਨ ਵਾਸਤੇ ਪੋਪ ਵਰਗੇ ਕੰਮ ਵੀ ਕਰਨੇ ਪੈਣਗੇ!
Gurwinder singh
ਗਾਂਧੀ ਦੀ ਅਸਲੀਅਤ ਸਾਰੇ ਜਾਣ ਦੇ ਹਨ ੳੁਸ ਜੋ ਮਰਜ਼ੀ ਕਰਿ ਲੋਕੁ ਦੇ ਦਿਲਾਂ ਵਿਚ ਜਗਾ ਨਹੀ ਬਣਾ ਸਕਦਾ ਗਾਂਧੀ ਕਿੳੁਕਿ ੳੁਸਦੀ ਸੋਚ ਪਿਛਾਂਹ ਖਿੱਚੂ ਹੈ