ਭਾਰਤੀ ਨੇਤਾਵਾਂ ਦੇ ਦੇਵਯਾਨੀ ਮਾਮਲੇ ਵਿੱਚ ਤਰਕਹੀਣ ਅਤੇ ਭਾਵੁਕ ਬਿਆਨ - ਬਲਜਿੰਦਰ ਸੰਘਾ
Posted on:- 24-12-2013
ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗੜੇ ਦੇ ਮਾਮਲੇ ਵਿਚ ਭਾਰਤ ਨੇ ਜੋ ਤਿੱਖੇ ਤੇਵਰ ਦਿਖਾਏ ਹਨ, ਕੁਝ ਹਾਲਤਾਂ ਵਿਚ ਜਵਾਕਾਂ ਦੀ ਜ਼ਿੱਦ ਤੇ ਰਿਆੜ ਵਾਂਗ ਲੱਗ ਰਹੇ ਹਨ। ਭਾਰਤ ਕਹਿ ਰਿਹਾ ਹੈ ਕਿ ਇਹ ਗ੍ਰਿਫਤਾਰੀ ਕੂਟਨੀਤਕ ਵਿਆਨਾ ਸੰਧੀ ਦੇ ਉਲਟ ਹੈ ਪਰ ਅਮਰੀਕਾ ਨੇ ਸਪੱਸ਼ਟ਼ ਕੀਤਾ ਕਿ ਜੋ ਵੀ ਕਾਰਵਾਈ ਹੋਈ ਹੈ ਉਹ ਕਾਨੂੰਨ ਦੇ ਘੇਰੇ ਵਿਚ ਰਹਿਕੇ ਕੀਤੀ ਗਈ ਅਤੇ ਇਹ ਮਾਮਲਾ ਉਪਰੋਤਕ ਸੰਧੀ ਦੇ ਅਧੀਨ ਨਹੀਂ ਆਉਂਦਾ, ਕਿਉਂਕਿ ਉਸਤੇ ਜੋ ਦੋਸ਼ ਹਨ ਉਹ ਉਸਦੀ ਜੌਬ ਦੇ ਦਾਇਰੇ ਤੋਂ ਬਾਹਰ ਹਨ ਤੇ ਗੰਭੀਰ ਹਨ। ਦੇਵਯਾਨੀ ’ਤੇ ਘਰੇਲੂ ਨੌਕਰਾਣੀ ਸੰਗੀਤਾ ਰਿਚਰਡਜ਼ ਨੂੰ ਘੱਟ ਤਨਖ਼ਾਹ ਤੇ ਵੱਧ ਕੰਮ ਦਾ ਦੋਸ਼ ਹੈ ਤੇ ਦੂਸਰਾ ਇਹ ਵੀਜ਼ਾ ਸ਼ਰਤਾਂ ਵਿਚ ਧੋਖਾਧੜੀ ਦਾ ਮਾਮਲਾ ਹੈ।
ਭਾਰਤ ਦੇ ਕਈ ਨੇਤਾਵਾਂ ਦੇ ਇਸ ਮੁੱਦੇ ਸਬੰਧੀ ਤਰਕਹੀਣ ਅਤੇ ਭਾਵੁਕ ਬਿਆਨ ਬਿਲਕੁਲ ਇੱਕੋ ਜਿਹੇ ਹਨ। ਉਹ ਇਹ ਕਹਿ ਰਹੇ ਹਨ ਕਿ ਸਰਕਾਰ ਨੇ ਉਸਨੂੰ ਹੱਥਕੜੀ ਲਗਾਈ, ਉਸਨੂੰ ਹੋਰ ਅਪਰਾਧੀਆਂ ਨਾਲ ਰੱਖਿਆ ਤੇ ਕੱਪੜੇ ਉਤਾਰ ਕੇ ਤਲਾਸ਼ੀ ਲਈ ਜੋ ਗਲਤ ਹੈ ਤੇ ਦੂਸਰੇ ਪਾਸੇ ਅਮਰੀਕੀ ਮਾਰਸ਼ਲਾਂ ਅਤੇ ਵਿਦੇਸ਼ ਵਿਭਾਗ ਦੀ ਬੁਲਾਰਨ ਮੈਰੀ ਹਰਫ ਨੇ ਕਿਹਾ ਹੈ ਕਿ ਇਹ ਸਾਰਾ ਕੁਝ ਮਿਆਰੀ ਜ਼ਾਬਤੇ ਅਧੀਨ ਕੀਤਾ ਗਿਆ ਹੈ ਤੇ ਭਾਰਤ ਲਈ ਇਹ ਸੰਵੇਦਨਸ਼ੀਲ ਮੁੱਦਾ ਬਣਨਾ ਬਹੁਤਾ ਜਾਇਜ਼ ਨਹੀਂ। ਭਾਰਤੀ ਜਿ਼ੰਮੇਵਾਰ ਨੇਤਾਵਾਂ ਦੇ ਇਹ ਮੁੱਦੇ ਤੇ ਬਿਆਨ ਤੱਥਾਂ ਦੀ ਥਾਂ ਭਾਵੁਕ ਸਨ, ਜਿਵੇ ਵਿਦੇਸ਼ ਮੰਤਰੀ ਸਲਮਾਨ ਖ਼ੁਰਸ਼ੀਦ ਨੇ ਸਿੱਧਾ ਹੀ ਆਪਣਾ ਜੱਜਮਈ ਬਿਆਨ ਰਾਜ ਸਭਾ ਵਿਚ ਦਿੱਤਾ ਕਿ ਦੇਵਯਾਨੀ ਬੇਕਸੂਰ ਹੈ ਤੇ ਇਹ ਮਾਮਲਾ ਵਿਅਕਤੀਗਤ ਨਹੀਂ ਤੇ ਜੇਕਰ ਉਹ ਦੇਵਯਾਨੀ ਨੂੰ ਸਹੀ ਤਰ੍ਹਾਂ ਉੱਥੋਂ ਕੱਢ ਕੇ ਨਾ ਲਿਆ ਸਕੇ ਤਾਂ ਮੁੜਕੇ ਸੰਸਦ ਵਿਚ ਨਹੀਂ ਆਉਣਗੇ। ਜਦੋਂ ਕਿ ਮਸਲਾ ਵਿਆਕਤੀਗਤ ਲੱਗ ਰਿਹਾ ਹੈ।
ਪਰ ਉਹਨਾਂ ਸਿੱਧਾ ਹੀ ਇਸਨੂੰ ਭਾਰਤ ਦੀ ਪ੍ਰਭੂਸੱਤਾ ਨਾਲ ਜੋੜ ਦਿੱਤਾ ਤੇ ਕਿਹਾ ਕਿ ਜੂਨ-ਜੁਲਾਈ ਵਿਚ ਨੌਕਰਾਣੀ ਵੱਲੋਂ ਘੱਟ ਤਨਖਾਹ ਦੇ ਲਾਏ ਦੋਸ਼ਾਂ ਵਿਚ ਉਸਨੂੰ ਐਨੇ ਸਮੇਂ ਬਾਅਦ ਕਿਉਂ ਗ੍ਰਿਫਤਾਰ ਕੀਤਾ ਗਿਆ। ਜਦੋਂ ਕਿ ਘੱਟੋ-ਘੱਟ ਉਸਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਮਾਂ ਕੋਈ ਬਹੁਤਾ ਜਿ਼ਆਦਾ ਨਹੀਂ ਤੇ ਅਮਰੀਕਾਂ ਵਰਗੇ ਦੇਸ਼ ਵਿਚ ਸਾਰੇ ਮਾਮਲੇ ਦੀ ਪੂਰੀ ਛਾਣਬੀਣ ਜ਼ਰੂਰ ਕੀਤੀ ਗਈ ਹੋਵੇਗੀ ਤੇ ਫਿਰ ਹੀ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੋਵੇਗਾ ਇਹ ਭਾਰਤ ਨਹੀਂ ਕਿ ਜੇਕਰ ਕੋਈ ਗਰੀਬ ਅਮੀਰ ਤੇ ਦੋਸ਼ ਲਾਉਂਦਾ ਹੈ ਤਾਂ ਐਫ.ਆਰ. ਆਈ. ਦਰਜ ਕਰਨ ਦੀ ਥਾਂ ਉਸਨੂੰ ਥਾਣੇ ਵਿਚੋਂ ਦਬਕੇ ਮਾਰਕੇ ਭਜਾ ਦਿੱਤਾ ਜਾਂਦਾ ਹੈ ਤੇ ਜੇਕਰ ਕੋਈ ਅਮੀਰ ਗਰੀਬ ਨੌਕਰ ਤੇ ਪਾਣੀ ਦੀ ਇੱਕ ਬੋਤਲ ਚੋਰੀ ਕਰਨ ਇਲਜ਼ਾਮ ਵੀ ਲਾ ਦੇਵੇ ਤਾਂ ਝੱਟ ਪੁੱਠਾ ਟੰਗਕੇ ਚਾਰ ਪੰਜ ਹੋਰ ਕੇਸ ਪਾ ਦਿੱਤੇ ਜਾਂਦੇ ਹਨ।
ਰਾਹੁਲ ਗਾਂਧੀ, ਨਰਿੰਦਰ ਮੋਦੀ ਅਤੇ ਬਹੁਤ ਸਾਰੇ ਨੇਤਾਵਾਂ ਨੇ ਇੱਕੋ ਜਿਹੇ ਲਕੀਰੀ ਬਿਆਨ ਫਟਾ-ਫਟ ਦਾਗ ਦਿੱਤੇ ਤੇ ਦੇਵਯਾਨੀ ਨੂੰ ਹੱਥਕੜੀ ਲਗਾਉਣ ਦਾ ਵਿਰੋਧ ਕੀਤਾ, ਝੱਟ ਹੀ ਭਾਰਤ ਨੇ ਅਮਰੀਕਨ ਦੂਤਾਵਾਸ ਸਾਹਮਣੇ ਲੱਗੇ ਸੁਰੱਖਿਆ ਬੈਰੀਅਰ ਹਟਾ ਲਏ ਤੇ ਅਮਰੀਕੀ ਕਰਮਚਾਰੀਆਂ ਨੂੰ ਏਅਰਪੋਟ ਤੇ ਬਿਨਾਂ ਸੁਰੱਖਿਆ ਜਾਂਚ ਲੰਘਣ ਵਾਲੇ ਪਾਸ ਅਤੇ ਹੋਰ ਬਹੁਤ ਸਹੂਲਤਾਂ ਇੱਕਦਮ ਖ਼ਤਮ ਕਰਨ ਦਾ ਐਲਾਨ ਮੂੰਹੋਂ-ਮੂੰਹੀਂ ਕਰ ਦਿੱਤਾ। ਸ਼ਸੀ ਥਰੂਰ ਅਤੇ ਹੋਰ ਮੰਤਰੀਆਂ ਨੇ ਇਸਨੂੰ ਭਾਰਤੀ ਅਮਰੀਕਾ ਦੋਸਤੀ ਦਾ ਵਾਸਤਾ ਪਾਇਆ ਤੇ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਕਾਨੂੰਨੀ ਢੰਗ ਨਾਲ ਜਾਂਚ ਪੂਰੀ ਹੋਣੀ ਚਾਹੀਦੀ ਹੈ। ਹੱਥਕੜੀ ਵਾਲੀ ਗੱਲ ਤੋਂ ਅਮਰੀਕਾ ਵੀ ਇਨਕਾਰ ਕਰ ਰਿਹਾ ਪਰ ਭਾਰਤੀ ਨੇਤਾ ਅਜੇ ਵੀ ਉਹੋ ਰਟ ਲਾਈ ਬੈਠੇ ਹਨ।
ਗੱਲ ਇਥੋਂ ਇਹ ਵੀ ਨਿੱਕਲਦੀ ਹੈ ਕਿ ਜੇਕਰ ਅਮਰੀਕਾ ਨੇ ਬਿਲਕੁੱਲ ਹੀ ਗਲਤ ਕੀਤਾ ਜੋ ਭਾਰਤੀ ਨੇਤਾਵਾਂ ਨੇ ਮੀਡੀਆ ਵਿਚ ਬਾਰ-ਬਾਰ ਕਿਹਾ ਹੈ ਤਾਂ ਇਸਦੇ ਪਿੱਛੇ ਹੋਏ ਸਭ ਕੁਝ ਲਈ ਵੀ ਭਾਰਤੀ ਨੇਤਾਵਾਂ ਅਤੇ ਕਾਨੂੰਨਾਂ ਦੀ ਸ਼ਾਖ਼ ਕਿਤੇ ਨਾ ਕਿਤੇ ਜ਼ੁੰਮੇਵਾਰ ਹੈ। ਕਿਉਂਕਿ ਹੁਣ ਬਹੁਤੇ ਦੇਸ਼ਾਂ ਦੇ ਲੋਕ ਜਾਣਦੇ ਹਨ ਕਿ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਅਖਵਾਉਣ ਵਾਲੇ ਭਾਰਤ ਵਿਚ ਕਾਨੂੰਨੀ ਹਲਾਤ ਬਹੁਤੇ ਪੱਖਾਂ ਤੋਂ ਖੌਖਲੇ ਹਨ,ਬਹੁਤੇ ਨੇਤਾ ਭ੍ਰਿਸ਼ਟ ਹਨ ਤੇ ਇਲਜ਼ਾਮ ਲਾਉਣ ਵਾਲੇ ਗਰੀਬ ਦੇ ਪਰਿਵਾਰ ਤੱਕ ਨੂੰ ਪਹੁੰਚ ਵਾਲੇ ਗਾਇਬ ਕਰ ਦਿੰਦੇ ਹਨ। ਇਸੇ ਕਰਕੇ ਉਹਨਾਂ ਨੋਕਰਾਣੀ ਦੇ ਪਰਿਵਾਰ ਨੂੰ ਅਮਰੀਕਾ ਬੁਲਾ ਲਿਆ, ਸਾਡੇ ਦੇਸ਼ ਦੀ ਕਾਨੂੰਨੀ ਪ੍ਰਕਿਰਿਆ ਦਾ ਦਿਵਾਲਾ ਬਹੁਤ ਕੇਸਾਂ ਵਿਚ ਨਿਕਲ ਚੁੱਕਾ ਹੈ, ਜਿਵੇਂ ਅਫਜ਼ਲ ਗੁਰੂ ਨੂੰ ਫਾਂਸੀ ਤੇ ਲਟਕਾਉਣ ਤੋਂ ਪਹਿਲਾ ਕਾਨੂੰਨ ਦੀ ਥਾਂ ਇਹ ਗੱਲ ਬਹੁਤੀ ਪ੍ਰਚਾਰੀ ਗਈ ਕਿ ਬਹੁਤੇ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਕਹਿੰਦੀਆਂ ਹਨ ਕਿ ਇਸਨੂੰ ਫਾਂਸੀ ਦਿੱਤੀ ਜਾਵੇ, 1984 ਦੇ ਸਿੱਖ ਕਤਿਅਲਾਮ ਦੇ ਬਹੁਤ ਸਾਰੇ ਗਵਾਹ 36 ਸਾਲ ਤੋਂ ਚੀਖ-ਚੀਖ ਕਹਿੰਦੇ ਰਹੇ ਕਿ ਕੌਣ-ਕੌਣ ਦੋਸ਼ੀ ਹੈ ਤੇ ਅਸੀ ਇਹਨਾਂ ਨੂੰ ਭੀੜ ਨੂੰ ਭੜਕਾਉਂਦੇ ਅੱਖੀ ਦੇਖਿਆ ਹੈ, ਕਈ ਕਮਿਸ਼ਨ ਬਣੇ ਪਰ ਗੱਲ ਉੱਥੇ ਹੀ ਖੜੀ ਹੈ, ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਸਿਰਫ ਉਸਦਾ ਇਕਬਾਲੀਆਂ ਬਿਆਨ ਹੀ ਹੈ ਤੇ ਤਿੰਨ ਜੱਜਾਂ ਵਿਚੋਂ ਇਕ ਫਾਂਸੀ ਦੇ ਖਿਲਾਫ ਹੈ ਪਰ ਫਾਂਸੀ ਬਰਕਰਾਰ ਹੈ, ਕਰੋੜਾਂ ਦੇ ਘੁਟਾਲੇ ਕਰਨ ਵਾਲੇ ਸ਼ਰੇਆਮ ਕਾਨੂੰਨ ਨੂੰ ਜੇਭਾਂ ਵਿਚ ਪਾਈ ਫਿਰਦੇ ਹਨ।
ਚਾਰਾ ਘੁਟਾਲੇ ਦਾ 37.7 ਕਰੋੜੀ ਕੇਸ 20 ਸਾਲ ਦੇ ਲੱਗਭੱਗ ਚੱਲਿਆ ਤੇ ਇਸਦੇ ਬਰਾਬਰ ਹੋਰ ਇੰਨਾ ਕੁ ਖਰਚ ਕੇਸ ਤੇ ਹੋਇਆ ਪਰ ਸਾਡੇ ਲਾਲੂ ਜੀ ਨੂੰ ਸਿਰਫ ਪੰਜ ਸਾਲ ਦੀ ਸਜ਼ਾ ਤੇ ਨਾ-ਮਾਤਰ ਜ਼ੁਮਾਰਨਾ ਹੋਇਆ ਪਰ ਢਾਈ ਮਹੀਨੇ ਜੇਲ ਵਿਚ ਰੱਖਣ ਤੋਂ ਬਾਅਦ ਇਹ ਕਹਿਕੇ ਜਮਾਨਤ ਤੇ ਰਿਹਾ ਕਰ ਦਿੱਤਾ ਕਿ ਇਹੋ ਜਿਹੇ ਕੇਸਾਂ ਵਾਲੇ ਹੋਰ ਵੀ ਰਿਹਾ ਹੋ ਚੁੱਕੇ ਹਨ। ਬਹੁ-ਕਰੋੜੀ ਕੋਲਾ ਘੁਟਾਲੇ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਇਸਦੀਆਂ ਸਾਰੀਆਂ ਫਾਈਲਾ ਗੁੰਮ ਹਨ ਪਰ ਜਲਦੀ ਲੱਭ ਲਈਆਂ ਜਾਣਗੀਆਂ, ਹੋਰ ਬਹੁਤ ਮੁੱਦੇ ਹਨ ਜੋ ਮੀਡੀਆ ਵਿਚ ਚਰਚਾ ਦਾ ਵਿਸ਼ਾ ਹਨ, ਬਹੁਤਾ ਮੀਡੀਆ ਸੱਤਾਧਾਰੀ ਸਰਕਾਰਾਂ ਦਾ ਪੱਖ-ਪੂਰਦਾ ਤੇ ਕੰਧ ਤੇ ਲਿਖੇ ਸੱਚ ਨੂੰ ਸੱਚ ਨਹੀਂ ਕਹਿੰਦਾ। ਨਿੱਕੀ ਜਿਹੀ ਉਦਹਾਰਨ ਆਮ ਆਦਮੀ ਪਾਰਟੀ ਦੇ ਇਸ ਦਾਅਵੇ ਦੀ ਹੀ ਲੈ ਲਵੋ ਉਹ ਤੱਥਾਂ ਦੇ ਅਧਾਰਿਤ ਇਹ ਕਹਿੰਦੇ ਰਹੇ ਕਿ ਦਿੱਲੀ ਵਿਚ ਪਿਛਲੇ 15 ਸਾਲਾਂ ਵਿਚ ਓਨਾ ਵਿਕਾਸ ਨਹੀਂ ਹੋਇਆ ਜਿੰਨਾਂ ਢੰਡੋਰਾ ਪਿੱਟਿਆ ਜਾ ਰਿਹਾ ਹੈ ਅਤੇ ਆਮ ਲੋਕ ਪੰਦਰਾਸਾਲੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਐਤਕੀ ਵੋਟਾਂ ਵਿਚ ਕਰਾਰੀ ਹਾਰ ਦੇਣਗੇ ਪਰ ਬਹੁਤਾ ਮੀਡੀਆ ਇਹੀ ਦਿਖਾਉਦਾ ਰਿਹਾ ਜਦੋ ਸ਼ੀਲਾਂ ਦੀਕਸ਼ਤ ਬੜੇ ਕਟਾਖ਼ਸ਼ ਨਾਲ ਕਹਿੰਦੀ ਹੈ ਕਿ ‘ਯੇ ਆਮ ਆਦਮੀ ਨਾਮ ਕੀ ਕੋਈ ਪਾਰਟੀ ਹੈ ਭੀ, ਮੈ ਤੋਂ ਜਾਣਤੀ ਨਹੀਂ’ ਪਰ ਜਦੋਂ ਵੋਟਾਂ ਦੇ ਰਿਜ਼ਲਟ ਆਏ ਇਸ ਮੁੱਖ ਮੰਤਰੀ ਬੀਬੀ ਸਣੇ ਦੂਸਰੀ ਮੁੱਖ ਪਾਰਟੀ ਦੇ ਕੈਡੀਡੇਟ ਦੀਆਂ ਵੋਟਾਂ ਰਲਾਕੇ ਵੀ ਅਰਵਿੰਦ ਕੇਜਰੀਵਾਲ ਤੋਂ ਘੱਟ ਗਈਆਂ।
ਪੰਜਾਬ ਵਿਚ ਇੱਕ ਗੁਰਬਖਸ਼ ਸਿੰਘ ਨਾਂ ਦੇ ਵਿਆਕਤੀ ਦੀ ਭੁੱਖ ਹੜਤਾਲ ਹੁਣ ਤੱਕ 37ਵੇਂ ਦਿਨ ਵਿਚ ਦਾਖਲ ਹੋ ਚੁੱਕੀ ਹੋ ਪਰ ਦੇਸ਼ ਦਾ ਮੁੱਖ ਮੀਡੀਆ ਇਸਦੀ ਗੱਲ ਕਰਨ ਨੂੰ ਤਿਆਰ ਨਹੀਂ ਕਿ ਕਨੂੰਨ ਅਤੇ ਦੇਸ਼ ਤੋਂ ਗਲਤੀ ਕਿੱਥੇ ਹੋਈ ਹੈ, ਕੁਝ ਕਾਤਲ ਸ਼ਰੇਆਮ ਘੁੰਮ ਰਹੇ ਹਨ ਤੇ ਕੁਝ ਲੋਕ ਸਜ਼ਾ ਪੂਰੀ ਹੋਣ ਤੇ ਵੀ ਜੇਲ੍ਹਾਂ ਦੀ ਹਵਾ ਖਾ ਰਹੇ ਹਨ। ਇਸ ਵਿਸ਼ੇ ਬਾਰੇ ਸਹੀ ਸਮਝਣ ਲਈ ਉਪਰੋਤਕ ਗੱਲਾਂ ਦਾ ਕਰਨਾ ਜ਼ਰੂਰੀ ਸੀ।
ਕਿਸੇ ਦੇਸ਼ ਦੀ ਅੰਦਰੂਨੀ ਸਥਿਤੀ ਉਸ ਦੇਸ਼ ਦੇ ਬਾਹਰਲੇ ਦੇਸਾਂ ਵਿਚ ਵੱਸਦੇ ਲੋਕਾਂ ਨੂੰ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਕਰਦੀ ਹੈ ਤੇ ਇਹ ਗੱਲ ਮੈਂ ਇੱਕ ਟੀ.ਵੀ ਦੇ ਪ੍ਰੋਗਾਰਮ ਵਿਚ ਵੀ ਆਖੀ ਸੀ ਕਿ ਕੈਨੇਡਾ ਅਮਰੀਕਾ ਵਿਚ ਗਦਰੀ ਲਹਿਰ ਉੱਠਣ ਦੇ ਕਾਰਨਾਂ ਵਿਚ ਇਹ ਵੀ ਅਹਿਮ ਸੀ ਕਿ ਉਹਨਾਂ ਨਾਲ ਹੋਰ ਦੇਸ਼ਾਂ ਦੇ ਜਿਵੇਂ ਕਿ ਚੀਨ ਦੇ ਕਾਮਿਆਂ ਦੀ ਬਜਾਇ ਜਿ਼ਆਦਾ ਗਲਤ ਵਿਹਾਰ ਕੀਤਾ ਜਾਂਦਾ ਸੀ, ਕਿਉਂਕਿ ਉੱਥੋ ਦੇ ਲੋਕਾਂ ਅਤੇ ਸਰਕਾਰ ਨੂੰ ਪਤਾ ਸੀ ਕਿ ਇਹ ਇੱਕ ਗੁਲਾਮ ਦੇਸ਼ ਦੇ ਵਾਸੀ ਹਨ ਤੇ ਇਹਨਾਂ ਦੀ ਪੁੱਛ-ਪੜਤਾਲ ਕਰਨ ਵਾਲਾ ਕੋਈ ਨਹੀਂ। ਬੇਸ਼ਕ ਭਾਰਤ 1947 ਵਿਚ ਅਜਾ਼ਦ ਹੋ ਗਿਆ ਪਰ ਸ਼ੋਸ਼ਲ ਸਾਈਟਾਂ ਅਤੇ ਦੁਨੀਆਂ ਦੇ ਲੋਕਾਂ ਵਿਚ ਉੱਪਰ ਦਿੱਤੇ ਵੇਰਵਿਆਂ ਅਨੁਸਾਰ ਆਮ ਭਾਰਤੀ ਇਨਸਾਨ ਦੀ ਹਾਲਤ ਤੇ ਹਲਾਤ ਅਜ਼ਾਦੀ ਦੇ ਅਨੁਸਾਰ ਨਹੀਂ, ਇਹ ਹਲਾਤ ਅਤੇ ਹਾਲਤ ਕਿਤੇ ਨਾ ਕਿਤੇ ਅਮਰੀਕਾ ਤਾਂ ਕਿ ਹੋਰ ਦੇਸ਼ਾਂ ਵਿਚ ਵੱਸੇ ਜਾਂ ਆਉਣ-ਜਾਣ ਵਾਲੇ ਭਾਰਤੀਆਂ ਦੇ ਮਾਨ-ਸਨਮਾਣ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ ਸਾਲ 2002 ਵਿਚ ਉਸ ਸਮੇਂ ਦੇ ਭਾਰਤੀ ਰੱਖਿਆਮੰਤਰੀ ਜਾਰਜ਼ ਫਰਨਾਡੇਜ਼ ਦੀ ਕੱਪੜੇ ਉਤਾਰ ਕੇ ਡਲਾਸ ਹਵਾਈ ਅੱਡੇ ਤੇ ਤਲਾਸ਼ੀ ਲਈ ਗਈ, ਸਾਲ 2011 ਵਿਚ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦੀ ਨਿਊਯਾਰਕ ਵਿਚ ਹਵਾਈ ਅੱਡੇ ਤੇ ਬੂਟ ਉਤਰਵਾਕੇ ਤਲਾਸ਼ੀ ਲਈ ਗਈ, ਯੂਪੀ ਦੇ ਕੈਬਨਿਟ ਮੰਤਰੀ ਆਜ਼ਮ ਖਾਨ ਨੂੰ ਬੋਸਟਨ ਹਵਾਈ ਅੱਡੇ ਤੇ ਸੁਰੱਖਿਆ ਏਜੰਸੀਆਂ ਨੇ ਹਿਰਾਸਤ ਵਿਚ ਲੈਕੇ ਪੁੱਛ-ਪੜਤਾਲ ਕੀਤੀ, ਗੱਲ ਕਿ ਹੋਰ ਵੀ ਉੱਘੀਆਂ ਸ਼ਖਸ਼ੀਅਤਾ ਜਿਵੇ ਫਿਲਮੀ ਸਿਤਾਰੇ ਸ਼ਾਹਰੁਖ ਖਾਨ, ਆਮਿਰ ਖਾਨ ਆਦਿ ਨੂੰ ਹਵਾਈ ਅੱਡਿਆਂ ਤੇ ਘੰਟਿਆਂ ਬੱਧੀ ਰੋਕਿਆ ਗਿਆ ਹੈ।
ਹੁਣ ਤਾਂ ਇਸ ਗੱਲ ਦੀ ਪ੍ਰੋੜਤਾ ਦੇਵਯਾਨੀ ਮਾਮਲੇ ਬਾਰੇ ਬੋਲਦਿਆ ਲੀਡਰ ਯਸਵੰਤ ਸਿਨਹਾ ਨੇ ਵੀ ਕਰ ਦਿੱਤੀ ਕਿ ਅਮਰੀਕਾ ਭਾਰਤ ਨਾਲ ਬੁਰਾ ਵਿਵਹਾਰ ਕਰਦਾ ਹੈ ਤੇ ਜੇਕਰ ਉਸਨੇ ਦੇਵਯਾਨੀ ਵਰਗਾ ਵਿਵਹਾਰ ਚੀਨ ਨਾਲ ਕੀਤਾ ਹੁੰਦਾ ਤਾਂ ਚੀਨ ਨੇ ਇਸਦਾ ਜਵਾਬ ਦੇ ਦੇਣਾ ਸੀ ਪਰ ਚੀਨ ਨੇ ਕਿਹੋ ਜਿਹਾ ਜਵਾਬ ਦੇਣਾ ਸੀ ਇਹ ਉਹਨੇ ਵੀ ਨਹੀਂ ਦੱਸਿਆ, ਪਰ ਉਸਦੀ ਮਾਨਸਿਕਤਾ ਜ਼ਰੂਰ ਸਾਹਮਣੇ ਆ ਗਈ ਕਿ ਸਾਡੇ ਨੇਤਾ ਵੀ ਹੋਰ ਦੇਸ਼ਾਂ ਦੇ ਸਿਸਟਮ ਨੂੰ ਵਧੀਆ ਸਮਝਦੇ ਹਨ ਤੇ ਇਹ ਗੱਲ ਉਹਨਾਂ ਦੇ ਧੁਰ ਅੰਦਰ ਬੈਠੀ ਹੈ ਕਿ ਅਸੀਂ ਕਿਸੇ ਅਨਿਆਂ ਦੇ ਮਾਮਲੇ ਵਿਚ ਸਹੀਂ ਜਵਾਬ ਨਹੀਂ ਦੇ ਸਕਦੇ। ਪਰ ਜਵਾਬ ਕਿਉਂ ਨਹੀਂ ਦੇ ਸਦਕੇ ਇਹ ਇਕ ਵੱਡਾ ਸਵਾਲ ਸਭ ਦੇ ਸਾਹਮਣੇ ਹੈ। ਪਰ ਦੇਵਯਾਨੀ ਦੇ ਮਾਮਲੇ ਵਿਚ ਨੇਤਾਵਾਂ ਨੇ ਸਾਹਿਜ ਤੇ ਤਰਕ ਦੀ ਥਾਂ ਭਾਵੁਕ ਬਿਆਨ ਦੇਕੇ ਗੋਲਮੋਲ ਭਾਰਤੀ ਰਾਜਪ੍ਰਬੰਧ ਨੂੰ ਗੋਲਮੋਲ ਹੀ ਰਹਿਣ ਦਿੱਤਾ ਅਤੇ ਕੂਟਨੀਤਕ ਤੇ ਦੋਸ਼ ਲਾਉਣ ਵਾਲੀ ਨੌਕਰਾਣੀ ਚੀਖ਼-ਚੀਖ਼ ਕਹਿ ਰਹੀ ਹੈ ਕਿ ਉਸਦੀ ਗੱਲ ਅਤੇ ਇਨਸਾਫ ਭਾਰਤੀ ਨੇਤਾਵਾਂ ਦੇ ਇਹਨਾਂ ਬਿਆਨਾ ਵਿਚ ਰੁਲ ਗਿਆ ਹੈ।
ਦੂਸਰੇ ਪਾਸੇ ਸਾਡੀਆਂ ਸੁਰੱਖਿਆ ਏਜੰਸੀਆਂ ਵੀ ਬਹੁਤੀ ਵਾਰ ਸੱਪ ਲੰਘਣ ਪਿੱਛੋਂ ਲੀਕ ਹੀ ਪਿੱਟਦੀਆਂ ਹਨ ਅਤੇ ਦੂਤਵਾਸ ਅੱਗੋਂ ਸੁਰੱਖਿਆ ਹਟਾਉਣ ਨਾਲ ਜੇਕਰ ਕੋਈ ਅਣਕਿਆਸੀ ਘਟਨਾ ਵਾਪਰ ਗਈ ਤਾਂ ਜਿ਼ੰਮੇਵਾਰੀ ਫੇਰ ਭਾਰਤ ਦੀ ਹੀ ਹੋਵੇਗੀ ਤੇ ਫੇਰ ਗੋਲਮੋਲ ਬਿਆਨ ਸ਼ੁਰੂ ਹੋ ਜਾਣਗੇ।
ਸੰਪਰਕ: +1 403-680-3212