ਕੀ ਦੋਸ਼ੀ ਆਪਣੇ ਅੰਜਾਮ ਨੂੰ ਪਹੁੰਚਣਗੇ? - ਮੁਹੰਮਦ ਸ਼ੋਇਬ ਆਦਿਲ
Posted on:- 23-10-2013
9 ਸਤੰਬਰ ਨੂੰ ਸਰਕਾਰ ਵੱਲੋਂ ਆਲ ਪਾਰਟੀਜ਼ ਕਾਨਫ਼ਰੰਸ ਵਿਚ ਤਾਲਿਬਾਨ ਨੂੰ ਪੈਗ਼ਾਮ ਦਿੱਤਾ ਗਿਆ ਕਿ ਸਰਕਾਰ ਉਨ੍ਹਾਂ ਖ਼ਿਲਾਫ਼ ਕੋਈ ਆਪ੍ਰੇਸ਼ਨ ਕਰਨ ਦੀ ਥਾਂ ਉਨ੍ਹਾਂ ਨਾਲ਼ ਗੱਲਬਾਤ ਕਰੇਗੀ।ਅਗਲੇ ਦਿਹਾੜੇ ਵਜ਼ੀਰ-ਏ-ਦਾਖ਼ਲਾ ਚੋਹਦੀ ਨਿਸਾਰ ਨੇ ਪ੍ਰੈੱਸ ਕਾਨਫ਼ਰੰਸ ਵਿਚ ਬੜੀ ਖ਼ੁਸ਼ੀ ਨਾਲ਼ ਐਲਾਨ ਕਰਦਿਆਂ ਕਿਹਾ ਕਿ ਥੋੜੇ ਘੰਟਿਆਂ ਮਗਰੋਂ ਹੀ ਤਾਲਿਬਾਨ ਦਾ ਜਵਾਬ ਆ ਗਿਆ ਤੇ ਉਨ੍ਹਾਂ ਨੇ ਮੁਜ਼ਾਕਰਾਤ (ਗੱਲਬਾਤ) ਨੂੰ ਜੀ ਆਇਆਂ ਆਖਿਆ ਹੈ।
ਹੋਣਾ ਤੇ ਇਹ ਚਾਹੀਦ ਸੀ ਕਿ ਅੱਤਵਾਦ ਆਪਣੀਆਂ ਕਾਰਵਾਈਆਂ ਉਸ ਵੇਲੇ ਤੀਕ ਰੋਕ ਲੈਂਦੇ ਜਦ ਤੱਕ ਸਰਕਾਰੀ ਨੁਮਾਇੰਦਿਆਂ ਨਾਲ਼ ਕੋਈ ਗੱਲਬਾਤ ਨਾ ਹੋ ਜਾਂਦੀ। ਮਗਰ ਥੋੜੇ ਦਿਨਾਂ ਮਗਰੋਂ 15 ਸਤੰਬਰ ਨੂੰ ਉੱਪਰ ਦੇਰ ਵਿਚ ਇੱਕ ਫ਼ੌਜੀ ਕਾਫ਼ਲੇ ਤੇ ਹਮਲਾ ਕਰ ਕੇ ਇੱਕ ਮੇਜਰ ਜਨਰਲ, ਇੱਕ ਕਰਨਲ, ਤੇ ਲਾਂਸ ਨਾਈਕ ਨੂੰ ਮਾਰ ਦਿੱਤਾ ਗਿਆ ਤੇ ਤਹਿਰੀਕ ਤਾਲਿਬਾਨ ਪਾਕਿਸਤਾਨ ਨੇ ਏਸ ਦੀ ਜ਼ਿੰਮੇਵਾਰੀ ਵੀ ਕਬੂਲ ਕਰ ਲਈ। ਫ਼ਿਰ 22 ਸਤੰਬਰ ਨੂੰ ਅੱਤ ਵਾਦਾਨ ਨੇ ਪਿਸ਼ਾਵਰ ਦੇ ਚਰਚ ਨੂੰ ਨਿਸ਼ਾਨਾ ਬਣਾਇਆ ਜਿਸ ਵਿਚ 83 ਵਿਅਕਤੀ ਮਰ ਗਏ ਤੇ 130 ਜ਼ਖ਼ਮੀ ਹੋ ਗਏ। ਪਿਸ਼ਾਵਰ ਵਿਚ ਚਰਚ ਤੇ ਹਮਲਾ ਦਹਿਸ਼ਤਗਰਦੀ ਦੀ ਬੁਰੀ ਤਰੀਂ ਵਾਰਦਾਤ ਹੈ। ਇਬਾਦਤ ਲਈ ਆਏ ਢਾਈ ਸੌ ਤੋਂ ਵੱਧ ਬੇ ਹੱਥਿਆਰੇ ਜਿਨ੍ਹਾਂ ਵਿਚ ਜ਼ਨਾਨੀਆਂ ਤੇ ਬਾਲ ਵੀ ਇੱਕ ਵੱਡੀ ਸੰਖਿਆ ਵਿਚ ਸੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਟੀ ਵੀ ਚੈਨਲ ਦੁਨੀਆ ਨਿਊਜ਼ ਮੂਜਬ ਕਾਲਾਦਮ ਜਿੰਦਾ ਲੱਲ ਨੇ ਏਸ ਹਮਲੇ ਦੀ ਜ਼ਿੰਮੇਵਾਰੀ ਕਬੂਲ ਕੀਤੀ ਜੋ ਕਿ ਤਹਿਰੀਕ ਤਾਲਿਬਾਨ ਦਾ ਇੱਕ ਗਰੁੱਪ ਹੈ। ਫ਼ਿਰ ਤਹਿਰੀਕ ਤਾਲਿਬਾਨ ਨੇ ਆਖਿਆ ਕਿ ਇਹ ਅਸਾਂ ਨਹੀਂ ਕੀਤਾ। ਜੇ ਉਹ ਜ਼ਿੰਮੇਵਾਰੀ ਕਬੂਲ ਕਰ ਵੀ ਲੈਂਦੇ ਤਾਂ ਉਨ੍ਹਾਂ ਦਾ ਤੇ ਕੁਛ ਨਹੀਂ ਵਿਗੜਣਾ ਸਗੋਂ ਸਾਡੀ ਜਹਾਦੀ ਦਾਨਿਸ਼ਵਰਾਂ ਨੂੰ ਵਜ਼ਾਹਤਾਂ ਦੇਣੀਆਂ ਪੈਣੀਆਂ ਸਨ। ਜਿਵੇਂ ਫ਼ੌਜੀ ਅਫ਼ਸਰਾਂ ਦੇ ਮਰਨ ਤੇ ਦੇਣੀਆਂ ਪਈਆਂ। ਲਸ਼ਕਰ ਝੰਗਵੀ ਜਿਹੜੀ ਹਜ਼ਾਰਾ ਸ਼ੀਆ ਦੇ ਕਤਲ ਦੀ ਜ਼ਿੰਮੇਵਾਰੀ ਕਬੂਲ ਕਰਦੀ ਹੈ ਤਾਂ ਸਰਕਾਰ ਨੇ ਇਸ ਦਾ ਕੀ ਵਿਗਾੜ ਲਿਆ। ਉਲਟਾ ਅੱਤਵਾਦ ਖੁੱਲੇਆਮ ਤੁਰਦੇ ਫਿਰਦੇ ਨੇਂ ਤੇ ਕਹਿੰਦੇ ਨੇ ਕਿ ਜੇ ਕੋਈ ਸਬੂਤ ਹੈ ਤੇ ਸਾਮ੍ਹਣੇ ਲਿਆਵੇ।
ਪਾਕਿਸਤਾਨ ਵਿਚ ਮਨਾਰਟੀ ਦੀ ਸੂਰਤੇਹਾਲ ਹਾਲ ਬੜੇ ਚਿਰਾਂ ਤੋਂ ਖ਼ਰਾਬ ਚੱਲ ਰਹੀ ਹੈ। ਹਜ਼ਾਰਾ ਸ਼ੀਆ ਦੀ ਨਸਲ ਕਸ਼ੀ ਹੁੰਦੀ ਪਈ ਹੈ। ਕਰਿਸਚਨ ਬਰਾਦਰੀ ਨੂੰ ਏਸ ਤੋਂ ਪਹਿਲਾਂ ਵੀ ਕਈ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਤੌਹੀਨ ਰਿਸਾਲਤ (ਰਸੂਲ ਦੀ ਹੱਤਕ) ਕਰਨ ਦੇ ਨਾਂ ਤੇ ਸਾਡੇ ਮੁਸਲਮਾਨ ਭਰਾ ਉਨ੍ਹਾਂ ਦੀ ਬਸਤੀਆਂ ਤੀਕ ਸਾੜ ਛੱਡ ਦੇ ਨੇਂ। ਸ਼ਾਂਤੀ ਨਗਰ ਹੋਵੇ ਜਾਂ ਭਾਵੇਂ ਗੋਜਰਾ ਲਾਹੌਰ ਦਾ ਬਾਦਾਮੀ ਬਾਗ਼ ਪਰ ਕਤਲ ਗ਼ਾਰਤ ਥੋੜੇ ਦਿਨ ਹੰਗਾਮਾ ਰਹਿੰਦਾ ਹੈ ਫ਼ਿਰ ਚੁੱਪ ਛਾ ਜਾਂਦੀ ਹੈ।
ਥੋੜੇ ਸਾਲ ਪਹਿਲਾਂ ਲਾਹੌਰ ਵਿਚ ਅਹਿਮਦੀਆਂ ਦੀ ਇਬਾਦਤ ਗਾਹ ਤੇ ਵੀ ਹਮਲਾ ਕੀਤਾ ਗਿਆ। ਮੁਲਜ਼ਮ ਫੜੇ ਵੀ ਗਏ ਮਗਰ ਸਭ ਛਾਈਂ ਮਾਈਂ। ਸਾਡੇ ਇੱਥੇ ਮਨਾਰਟੀ ਤੇ ਲਾਹਨਤ ਮਨਾਣ ਦੇ ਬਾਕਾਇਦਾ ਦਿਹਾੜੇ ਮਨਾਏ ਜਾਂਦੇ ਨੇਂ। ਉਰਦੂ ਮੀਡੀਆ ਨਫ਼ਰਤ ਤੇ ਉਸਰੇ ਬਿਆਨਾਂ ਨੂੰ ਚਮਕਦੇ ਹਰਫ਼ਾਂ ਨਾਲ਼ ਛਾਪਦਾ ਹੈ ਜਦ ਕਿ ਸਰਕਾਰ ਤਮਾਸ਼ਾ ਵੇਖਦੀ ਏ।
ਸਰਕਾਰ ਨੇ ਅੱਤਵਾਦ ਦੀ ਸਾਫ਼ ਮਜ਼ੱਮਤ ਕਰਨੋਂ ਕਿੰਨੀ ਕਤਰਾਈ ਹੋਈ ਹੈ। ਖ਼ੈਬਰ ਪਖ਼ਤੋਨਖ਼ਵਾਹ (ਪ੍ਰਾਂਤ) ਸਰਕਾਰ ਦੇ ਦਿਲ ਵਿਚ ਕੋਰੇ ਚੋਰ ਹੈ ਜਿਸ ਕਾਰਨ ਕੋਈ ਵੀ ਹਕੂਮਤ ਅਹੁਦੇਦਾਰ ਤੁਰਤ ਹਾਦਸੇ ਵਾਲੀ ਥਾਂ ਗਿਆ ਤੇ ਨਾ ਈ ਜ਼ਖ਼ਮੀਆਂ ਨੂੰ ਵੇਖਣ ਹਸਪਤਾਲ। ਸਰਕਾਰੀ ਨੁਮਾਇੰਦਿਆਂ ਵੱਲੋਂ ਪਹਿਲੇ ਛੇ ਸੱਤ ਘੰਟੇ ਚੁੱਪ ਰਹੀ ਫ਼ਿਰ ਜਦ ਸ਼ਾਮ ਨੂੰ ਜਨਤਾ ਵਿਚ ਗ਼ੁੱਸਾ ਵਧਿਆ ਤਾਂ ਪੂਰੇ ਦੇਸ ਵਿਚ ਹੰਗਾਮੇ ਸ਼ੁਰੂ ਹੋ ਗਏ ਤੇ ਵਫ਼ਾਕੀ ਤੇ ਸੂਬਾਈ ਸਰਕਾਰੀ ਵੱਲੋਂ ਦੱਬੇ ਲਫ਼ਜ਼ਾਂ ਵਿਚ ਮਜ਼ੱਮਤ ਦੇ ਬਿਆਨ ਜਾਰੀ ਕੀਤੇ ਗਏ। ਇਮਰਾਨ ਖ਼ਾਨ ਨੇ ਕਿਹਾ ਕਿ ਹਮਲਾ ਕਰਨ ਵਾਲੇ ਇਨਸਾਨ ਨਹੀਂ ਨੇਂ ਤੇ ਏਸ ਹਮਲੇ ਨੂੰ ਸਿਆਸੀ ਰੰਗ ਦੇਣਾ ਸ਼ਰਮ ਵਾਲੀ ਗੱਲ ਹੈ। ਇੱਕ ਤਜ਼ਜ਼ੀਆ ਨਿਗਾਰ ਦੇ ਕਹਿਣ ਮੂਜਬ ਇਨਸਾਨ ਨਹੀਂ ਤਾਂ ਕੀ ਉਹ ਜਾਨਵਰ ਨੇਂ? ਕੀ ਜਾਨਵਰਾਂ ਨਾਲ਼ ਗੱਲਬਾਤ ਕੀਤੀ ਜਾ ਸਕਦੀ ਹੈ? ਇੰਜ ਸ਼ਰਮਨਾਕ ਲਫ਼ਜ਼ ਤੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਤੇ ਇੰਜ ਤਾਲਿਬਾਨ ਵੀ ਏਸ ਗੱਲ ਦਾ ਬੁਰਾ ਮਨਾਓ ਨੂੰ ਰਹੇ। ਕਪਤਾਨ ਸਾਹਿਬ ਅਜੇ ਤੀਕ ਤਾਂ ਸਿਆਸੀ ਮੁਆਮਲਾਤ ਵਿਚ ਪੈਦਲ ਈ ਨਜ਼ਰ ਆ ਰਹੇ ਨੇਂ। ਅਪੋਜ਼ੀਸ਼ਨ ਵਿਚ ਰਹਿ ਕੇ ਬੜ੍ਹਕਾਂ ਮਾਰਨੀਆਂ ਤੇ ਹਕੂਮਤ ਕਰਨਾ ਤੇ ਜਨਤਾ ਦੇ ਜ਼ਖ਼ਮਾਂ ਤੇ ਮਰਹਮ ਰੱਖਣਾ ਦੋ ਵੱਖ ਵੱਖ ਮੁਆਮਲਾਤ ਨੇਂ। ਨਵਾਜ਼ ਸ਼ਰੀਫ਼ ਨੇ ਕਿਹਾ ਕਿ ਅੱਤ ਵਾਦਾਂ ਦਾ ਕੋਈ ਧਰਮ ਨਹੀਂ ਮਗਰ ਮਾਰਨ ਵਾਲੇ ਉਬਲ ਉਬਲ ਆਂਹਦੇ ਨੇਂ ਕਿ ਅਸੀਂ ਤੇ ਸੱਚੇ ਮੁਸਲਮਾਨ ਆਂ।
ਰੇਤ ਮੂਜਬ ਸਰਕਾਰੀ ਵੱਲੋਂ ਕਿਹਾ ਗਿਆ ਕਿ ਇਹ ਗੱਲਬਾਤ ਵਿਗਾੜਨ ਦੀ ਇੱਕ ਕੋਸ਼ਿਸ਼ ਏ? ਹੋ ਸਕਦਾ ਏ ਇਹ ਗੱਲ ਠੀਕ ਹੋਵੇ ਮਗਰ ਏਸ ਦਾ ਮਤਲਬ ਇਹ ਤਾਂ ਨਹੀਂ ਕਿ ਅੱਤ ਵਾਦਾਂ ਨੂੰ ਫੜਿਆ ਹੀ ਨਾ ਜਾਵੇ। ਕੀ ਪੁਲਿਸ ਜਾਂ ਏਜੰਸੀਆਂ ਹਮਲਾ ਕਰਨ ਵਾਲਿਆਂ ਨੂੰ ਗੁਰਫ਼ਤਿਹ ਰਣ ਕਰਨ ਗਿਆਂ? ਕਿ ਮੁਲਜ਼ਮਾਂ ਦੀ ਨਸ਼ਾਨਦਹੀ ਕੀਤੀ ਜਾਵੇਗੀ? ਕੀ ਉਹ ਆਪਣੇ ਅੰਜਾਮ ਤੇ ਪਹੁੰਚਣਗੇ? ਯਾ ਗੱਲਬਾਤ ਦੇ ਨਾਨ ਤੇ ਉਨ੍ਹਾਂ ਨੂੰ ਮਾਫ਼ ਕੀਤਾ ਜਾਵੇਗਾ ਜਿਵੇਂ ਲਸ਼ਕਰ ਝੰਗਵੀ ਨੂੰ ਕਰ ਦਿੱਤਾ ਗਿਆ। ਆਰਮੀ ਚੀਫ਼ ਨੇ ਵੀ ਮੇਜਰ ਜਨਰਲ ਦੇ ਮਰਨ ਤੇ ਝੂਠੇ ਅੱਥਰੂ ਵਗਾਉਣ ਵਾਲਾ ਹੋਮਿਓਪੈਥਿਕ ਕਿਸਮ ਦਾ ਬਿਆਨ ਜਾਰੀ ਕੀਤਾ ਤੇ ਕਿਹਾ ਕਿ ਅੱਤਵਾਦ ਤਾਕਤ ਦੇ ਜ਼ੋਰ ਤੇ ਆਪਣੀਆਂ ਸ਼ਰਤਾਂ ਨਹੀਂ ਮਨਵਾ ਸਕਦੇ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਇਹ ਗਮਾਂ ਨਹੀਂ ਹੋਣਾ ਚਾਹੀਦਾ ਕਿ ਦਹਿਸ਼ਤਗਰਦਾਂ ਦੀਆਂ ਸ਼ਰਤਾਂ ਨੂੰ ਮੰਨ ਲਵਾਂਗੇ ਤੇ ਜਨਾਬ ਵਾਲਾ ਪਿਛਲੇ ਦਸਾਂ ਸਾਲਾਂ ਤੋਂ ਤੁਸੀਂ ਆਪਣੇ ਬੰਦੇ ਕਿਉਂ ਮਰਵਾ ਰਹੋ ਹੋ? ਤੁਸੀਂ ਕੀ ਅਗਲੇ ਦੱਸ ਸਾਲ ਹੋਰ ਉਡੀਕਣਾ ਹੈ? ਜੇ ਤੁਸੀਂ ਇੰਜ ਕਾਬਲ ਤੇ ਅਹਿਲ ਹੋ ਤਾਂ ਉਨ੍ਹਾਂ ਦਾ ਕੁੰਡਾ ਹੀ ਕਿਉਂ ਨਹੀਂ ਕੱਢ ਦਿੰਦੇ? ਜੇ ਫ਼ੌਜ ਵਿਚ ਏਨੀ ਹੀ ਅਹਿਲੀਅਤ ਹੈ ਤਾਂ ਅੱਜ ਤੱਕ ਡਰੋਨ ਹਮਲੇ ਨਾ ਹੋ ਰਹੇ ਹੁੰਦੇ। ਇੱਕ ਬੰਨੇ ਡਿਫ਼ੈਂਸ ਦੇ ਨਾਂ ਤੇ ਸਾਰੇ ਵਸੀਲੇ ਲੁੱਟੇ ਜਾ ਰਹੇ ਨੇਂ ਤੇ ਦੂਜੇ ਬੰਨੇ ਤਾਲਿਬਾਨ ਤੋਂ ਮਾਰ ਖਾ ਰਹੇ ਨੇਂ ਤੇ ਕੌਮ ਨੂੰ ਸ਼ਹੀਦ ਦਾ ਖ਼ਿਤਾਬ ਦੇ ਕੇ ਬੇਵਕੂਫ਼ ਬਣਾ ਰਹੇ ਨੇ।
ਪਾਕਿਸਤਾਨ ਦੁਨੀਆ ਦਾ ਇਕ ਦੇਸ਼ ਹੈ, ਜਿਹੜਾ ਬਣਾਇਆ ਈ ਸ਼ਹੀਦਾਂ ਲਈ ਗਿਆ ਹੈ। ਕਤਲ ਤੇ ਗ਼ਾਰਤ ਗਿਰੀ ਏਸ ਦੇ ਖ਼ਮੀਰ ਵਿਚ ਸ਼ਾਮਿਲ ਹੈ। ਵੰਡ ਵੇਲੇ ਲੱਖਾਂ ਵਿਅਕਤੀ ਕਤਲ ਹੋਏ। ਫ਼ਿਰ ਫ਼ਿਰਕੇ ਬਾਜ਼ੀ ਦੀਆਂ ਲੜਾਈਆਂ ਹੋਈਆਂ ਤੇ ਮਰਨ ਵਾਲਿਆਂ ਨੂੰ ਸ਼ਹੀਦ ਆਖਿਆ ਗਿਆ। ਬੰਗਲਾਦੇਸ਼ ਵਿਚ ਲੱਖਾਂ ਕਾਫ਼ਰਾਂ ਨੂੰ ਕਤਲ ਕੀਤਾ ਗਿਆ ਫ਼ਿਰ ਅਫ਼ਗ਼ਾਨਿਸਤਾਨ ਵਿਚ ਕਾਫ਼ਰ ਰੂਸ ਦੀ ਠੁਕਾਈ ਕੀਤੀ ਓਥੋਂ ਵੇਲ੍ਹੇ ਹੋਏ ਤੇ ਕਸ਼ਮੀਰ ਤੇ ਭਾਰਤ ਨਾਲ਼ ਜਹਾਦ ਅਰੰਭ ਦਿੱਤਾ। ਜਦੋਂ ਹਰ ਥਾਂ ਤੋਂ ਮਾਰ ਪਈ ਤਾਂ ਇਹੋ ਲੋਕਾਂ ਨੇ ਉਹੀ ਬੰਦੂਕਾਂ ਆਪਣੀਆਂ ਵਲੇ ਤਾਣ ਲਈਆਂ।ਮਾਰਨ ਵਾਲੇ ਵੀ ਸ਼ਹੀਦ ਤੇ ਮਰਨ ਵਾਲੇ ਵੀ ਸ਼ਹੀਦ। ਪੂਰੇ ਦੇਸ਼ ਅੰਦਰ ਹਰ ਕੋਈ ਆਪਣੇ ਆਪਣੇ ਸ਼ਹੀਦ ਦੀ ਯਾਦਗਾਰ ਬਣਾ ਰਿਹਾ ਹੈ।