ਇੱਥੋਂ ਉੱਡ ਜਾ ਭੋਲਿਆ ਪੰਛੀਆ - ਗੁਰਚਰਨ ਪੱਖੋਕਲਾਂ
Posted on:- 13-09-2013
ਆਪਣੇ ਭਾਰਤ ਦੇਸ ਬਾਰੇ ਕੋਈ ਕਹਿੰਦਾਂ ਹੈ ਕਿ ਆਪਣਾ ਦੇਸ ਨਹੀਂ ਭੰਡੀਦਾ ਕੋਈ ਕਹਿੰਦਾਂ ਹੈ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ,ਕੋਈ ਕਹਿੰਦਾਂ ਹੈ ਯਿਹ ਦੇਸ ਹੈ ਵੀਰ ਜਵਾਨੋਂ ਕਾ ਅਤੇ ਇਸ ਤਰਾਂ ਦੇ ਹਜਾਰਾਂ ਅਲੰਕਾਰ ਇਸ ਦੇਸ ਨੂੰ ਬਖਸ਼ੇ ਜਾਂਦੇ ਹਨ। ਜਦ ਦੇਸ ਦੀ ਜਨਤਾ ਅਤੇ ਖਾਸਕਰ ਨੌਜਵਾਨਾਂ ਨੂੰ ਦੇਖਦੇ ਹਾਂ ਤਾਂ ਜਿਸ ਦਾ ਵੀ ਬੱਸ ਚੱਲਦਾ ਹੈ ਲੱਖਾਂ ਖਰਚ ਕੇ ਵੀ ਇਸ ਹਜ਼ਾਰਾਂ ਅਲੰਕਾਰਾਂ ਵਾਲੇ ਦੇਸ ਵਿੱਚੋਂ ਭੱਜਣਾਂ ਭਾਲਦਾ ਹੈ ।
ਜੇ ਮੇਰਾ ਦੇਸ, ਦੇਸ ਦੇ ਗਾਇਕਾਂ ਅਤੇ ਕਵੀਆਂ ਅਨੁਸਾਰ ਬਹੁਤ ਜ਼ਿਆਦਾ ਵਧੀਆ ਹੈ ਤਾਂ ਇੱਥੋਂ ਹਰ ਕੋਈ ਭੱਜਣਾਂ ਕਿਉਂ ਲੋਚਦਾ ਹੈ ? ਸੋਨੇ ਦੀ ਚਿੜੀ ਆਖਿਆ ਜਾਣ ਵਾਲਾ ਭਾਰਤ ਹੁਣ ਕਿਧਰੋਂ ਭਾਲਿਆਂ ਨਹੀਂ ਥਿਆਵਦਾਂ। ਇਸ ਚਿੜੀ ਦੀਆਂ ਸਾਰੀਆਂ ਬੋਟੀਆਂ ਇੱਥੋਂ ਦੇ ਰਾਜਨੀਤਕ ਅਤੇ ਉਹਨਾਂ ਦੇ ਯਾਰ ਬੇਲੀ ਵਪਾਰੀ ਅਤੇ ਮੋਟੇ ਢਿੱਡਾਂ ਵਾਲੇ ਕਦੋਂ ਦੇ ਹਜ਼ਮ ਕਰ ਗਏ ਹਨ।
ਅਸਲ ਵਿੱਚ ਹੁਣ ਭਾਰਤ ਦੇਸ ਦੀ ਸਰਕਾਰ ਅਤੇ ਇਸ ਦੀਆਂ ਸੂਬਾ ਸਰਕਾਰਾਂ ਦੇਸ ਨੂੰ ਕਰਜ਼ਾਈ ਕਰਨ ਤੇ ਜ਼ੋਰ ਲਾਈ ਜਾ ਰਹੀਆਂ ਹਨ ਤਾਂ ਕਿ ਇਸ ਚਿੜੀ ਦੇ ਬਚੇ ਖੁਚੇ ਹੱਡ ਵੀ ਵਿਦੇਸਾਂ ਵਾਲਿਆਂ ਨੂੰ ਚੁਕਵਾਏ ਜਾਣ। ਇਸ ਦੇਸ ਦੀ ਸਭ ਤੋਂ ਵਧੀਆਂ ਅਤੇ ਮਿਹਨਤ ਕਰਨ ਵਾਲੇ ਲੋਕਾਂ ਦੀ ਸਟੇਟ ਪੰਜਾਬ 80000 ਕਰੋੜ ਦੀ ਕਰਜ਼ਾਈ ਹੋ ਚੁੱਕੀ ਹੈ ਜੋ ਕਿ ਪ੍ਰਤੱਖ ਹੈ ਪਰ ਇਸ ਤੋਂ ਬਿਨ ਇੱਥੋਂ ਦੀਆਂ ਬਿਜਲੀ ਕਾਰਪੋਰੇਸ਼ਨਾਂ ਜਾਂ ਕਈ ਹੋਰ ਤਰਾਂ ਦੀਆਂ ਵਪਾਰਕ ਯੁਨਿਟਾਂ ਵੀ ਲੱਖਾਂ ਕਰੋੜਾਂ ਵਿੱਚ ਕਰਜ਼ਾਈ ਹਨ।
ਇੱਥੋਂ ਦਾ ਮਿਹਨਤੀ ਕਿਸਾਨ ਵੀ 42000 ਕਰੋੜ ਦਾ ਕਰਜ਼ਾਈ ਹੈ ਜੋ ਕਿ ਸਰਕਾਰੀ ਰਿਕਾਰਡਾਂ ਵਿੱਚ ਦਰਜ ਹੈ ਪਰ ਇਸ ਤੋਂ ਬਿਨਾਂ ਵੀ ਅਮੀਰ ਵਪਾਰੀ ਲੋਕ ਪਤਾ ਨਹੀਂ ਕਿੰਨਾਂ ਕੁ ਕਰਜ਼ਾ ਗੁਪਤ ਤੌਰ ਤੇ ਇੱਥੋਂ ਦੀ ਕਿਸਾਨੀ ਸਿਰ ਚੜਈ ਬੈਠੇ ਹਨ । ਪੰਜਾਬ ਦੇ ਲੋਕ ਗੁਰੂਆਂ ਦੇ ਸਿੰਘਾਂ ਵਾਗੂੰ ਹੁਣ ਜੈਕਾਰੇ ਨਹੀਂ ਛੱਡਦੇ ਬਲਕਿ ਪੁਰਾਤਨ ਯੁੱਗ ਦੇ ਗੁਲਾਮਾਂ ਵਾਗੂੰ ਰਾਜਨੀਤਕਾਂ ਦੀਆਂ ਜੁੱਤੀਆਂ ਝਾੜਨ ਵਰਗੇ ਹਾਲਤਾਂ ਨਾਲ ਜੂਝਣ ਲਈ ਮਜਬੂਰ ਹੋਈ ਜਾ ਰਹੇ ਹਨ। ਇੱਥੋਂ ਦੇ ਲੋਕ ਤਾਂ ਆਪਣੇ ਹਾਲਤਾਂ ਨੂੰ ਮਜਬੂਰੀ ਵਿੱਚ ਇੱਥੋਂ ਤੱਕ ਮੰਨਣ ਲੱਗ ਪਏ ਹਨ ਕਿ ਕੋਈ ਰਾਜ ਕਰੇ ਕੋਈ ਲੁੱਟੀ ਜਾਵੇ ਸਾਨੂੰ ਕੀ ਕਹਿਣ ਤੱਕ ਜਾ ਰਹੇ ਹਨ , ਜਿਹੜਾ ਸਬਸਿਡੀ ਦੀ ਜਾਂ ਰਿਆਇਤ ਦੀ ਬੁਰਕੀ ਪਾਵੇ ਅਤੇ ਨਾਲ ਨਾਲ ਕੁਝ ਨਕਦ ਵੀ ਦੇ ਜਾਵੇ ਦੇ ਵੱਲ ਜਾਣ ਤੱਕ ਲਈ ਤਿਆਰ ਹੋਈ ਜਾ ਰਹੇ ਹਨ। ਜਿਸ ਕਿਸੇ ਵਿੱਚ ਕੁਝ ਦਮ ਬਚਿਆ ਹੈ ਉਹ ਸਭ ਲੋਕ ਆਪਣਾਂ ਕੀਮਤੀ ਸਰਮਾਇਆ ਖਰਚ ਕੇ ਜਾਂ ਜਾਇਦਾਦ ਵੇਚਕੇ ਵਿਦੇਸ ਭੇਜਣ ਵਾਲੇ ਏਜੰਟਾਂ ਨੂੰ ਚੜਾਈ ਜਾ ਰਹੇ ਹਨ। ਜੇ ਕਿੱਧਰੇ ਕੁੱਝ ਦਿਨਾਂ ਲਈ ਸਰਹੱਦਾਂ ਖੋਲ ਦਿੱਤੀਆਂ ਜਾਣ ਤਾਂ ਸਾਇਦ ਸਾਰਾ ਪੰਜਾਬ ਉੱਠਕੇ ਤੁਰ ਪਵੇ। ਜਦ ਦੇਸ ਦੀ ਸਭ ਤੋਂ ਵਧੀਆ ਅਤੇ ਉੱਨਤ ਸੂਬੇ ਦਾ ਇਹ ਹਾਲ ਹੈ ਤਾਂ ਦੂਜੀਆਂ ਸਟੇਟਾਂ ਦਾ ਹਾਲ ਤਾਂ ਹੋਰ ਵੀ ਖਤਰਨਾਕ ਹੱਦ ਤੱਕ ਖਰਾਬ ਹੈ।
ਭਾਰਤ ਦੇਸ ਦਾ ਹਾਲ ਹੁਣ ਸੋਨੇ ਦੀ ਚਿੜੀ ਵਾਲਾ ਨਹੀਂ ਰਿਹਾ ਹੁਣ ਤਾਂ ਇਹ ਉਹ ਵਿਚਾਰੀ ਚਿੜੀ ਹੈ ਜਿਸਨੂੰ ਘਰ ਦੇ ਬਾਹਰ ਧਰਿਆਂ ਵਿਦੇਸੀ ਲੁਟੇਰੇ ਕਾਂ ਖਾਣ ਨੂੰ ਤਿਆਰ ਬੈਠੇ ਹਨ ਅਤੇ ਜੇ ਘਰ ਦੇ ਅੰਦਰ ਰੱਖਿਆਂ ਜਾਂਦਾਂ ਹੈ ਤਾਂ ਭਰਿਸ਼ਟ ਰਾਜਨੀਤਕ ਚੂਹੇ ਇਸ ਚਿੜੀ ਮਾਰਨ ਨੂੰ ਤਿਆਰ ਬੈਠੇ ਹਨ। ਦੇਸ ਦੀਆਂ ਸਰਕਾਰਾਂ ਦੀਆਂ ਨੀਤੀਆਂ ਦੇਖ ਲਉ ਆਮ ਵਿਅਕਤੀ ਨੂੰ ਕਿਸ ਤਰਾਂ ਲੁੱਟਦੀਆਂ ਹਨ ਜਦੋਂ ਕੁਦਰਤ ਵਿੱਚੋਂ ਮੁਫਤ ਮਿਲਣ ਵਾਲਾ ਪਾਣੀ ਅਤੇ ਤੇਲ ਵੀ ਮੁੱਲ ਵਿਕਣ ਲਾ ਦਿੱਤਾ ਜਾਂਦਾਂ ਹੈ ਦੂਸਰੇ ਪਾਸੇ ਬਹੁਤ ਹੀ ਮਿਹਨਤ ਨਾਲ ਪੈਦਾ ਕੀਤਾ ਦੁੱਧ ਅਤੇ ਅਨਾਜ ਸਬਜੀਆਂ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ ਜਾਂਦਾ ਹੈ।
ਰੇਲਵੇ ਅਤੇ ਆਮ ਬਜ਼ਾਰ ਵਿੱਚ ਬੋਤਲਾਂ ਵਿੱਚ ਬੰਦ ਪਾਣੀ 15 ਤੋਂ 20 ਰੁਪਏ ਤੱਕ ਵੇਚਿਆ ਜਾ ਰਿਹਾ ਹੈ ਇਸ ਦੇ ਮੁਕਾਬਲੇ ਦੁੱਧ ਨੂੰ ਵੀ 20 ਰੁਪਏ ਤੱਕ ਵਿਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦੋਂ ਕਿ ਦੁੱਧ ਅਤੇ ਪਾਣੀ ਦੇ ਪੈਦਾਂ ਕਰਨ ਲਈ ਜ਼ਮੀਨ ਅਸਮਾਨ ਜਿੰਨਾਂ ਫਰਕ ਹੈ। ਧਰਤੀ ਵਿੱਚੋਂ ਆਮ ਨਿਕਲਣ ਵਾਲਾ ਪੈਟਰੋਲ 80 ਰੁਪਏ ਲੀਟਰ ਵਿਕ ਰਿਹਾ ਹੈ ਜਦੋਂ ਕਿ ਫਸਲਾਂ ਦੇ ਬੀਜਾਂ ਤੋਂ ਬਣਨ ਵਾਲਾ ਘਿਉ 60 ਰੁਪਏ ਕਿੱਲੋ ਵਿਕ ਰਿਹਾ ਹੈ ਜੋ ਕਿ ਬਹੁਤ ਹੀ ਮਿਹਨਤ ਤੋਂ ਬਾਦ ਬਣਾਇਆ ਜਾ ਸਕਦਾ ਹੈ।
ਦੇਸ ਵਿੱਚ ਹੁਣ ਤਾਂ ਮਿੱਟੀ ਵੀ ਕਿੱਲੋਂਆਂ ਵਿੱਚ ਵਿਕ ਰਹੀ ਹੈ ।ਰਾਜਸਥਾਨ ਦੀ ਜਿਪਸਮ ਅਤੇ ਮਾਰਬਲ , ਅਸਾਮ ਦਾ ਕੋਲਾ, ਝਾਰਖੰਡ ਦਾ ਲੋਹਾ ਜੋ ਕਿ ਸਿਰਫ ਧਰਤੀ ਦਾ ਹੀ ਰੂਪ ਹੈ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ ਜਦੋਂਕਿ ਇਸ ਦੇ ਮੁਕਾਬਲੇ ਫਸਲਾਂ ਜੋ ਕਿ ਉਪਜਾਉਣ ਲਈ ਬਹੁਤ ਹੀ ਮਿਹਨਤ ਅਤੇ ਖਰਚਾ ਕਰਨ ਤੋਂ ਬਾਦ ਪੈਦਾ ਹੁੰਦੀਆਂ ਹਨ ਨੂੰ ਕੀਮਤ ਹਾਸਲ ਕਰਨ ਲਈ ਮਿੰਨਤਾਂ ਤਰਲੇ ਕਰਨੇ ਪੈਂਦੇ ਹਨ। ਇਹ ਸਭ ਸਰਕਾਰਾਂ ਦੀਆਂ ਗਲਤ ਨੀਤੀਆਂ ਹਨ ਅਤੇ ਕੁਦਰਤੀ ਸੋਮਿਆਂ ਤੇ ਵਪਾਰੀ ਦੇ ਕਬਜੇ ਕਵਾਉਣ ਦੀਆਂ ਨੀਤੀਆਂ ਕਾਰਨ ਹੀ ਹੈ। ਹੁਣ ਤਾਂ ਦੇਸ ਦੀ ਹਵਾ ਵੀ ਵੇਚੀ ਜਾ ਰਹੀ ਹੈ ਜਿਸਨੂੰ ਕਦੇ ਟੂਜੀ ਕਦੇ ਥ੍ਰਰੀ ਜੀ ਦਾ ਨਾਂ ਦੇ ਦਿੱਤਾ ਜਾਂਦਾਂ ਹੈ। ਹਵਾ ਦੇ ਵੱਖੋ ਵੱਖ ਸਪੈਕਟਰਮ ਬਣਾਕਿ ਅਰਬਾਂ ਕਮਾਏ ਜਾ ਰਹੇ ਹਨ।
ਸਰਕਾਰਾਂ ਨੇ ਤਾਂ ਮਨੁੱਖ ਦੀ ਮੁੱਢਲੀ ਲੋੜ ਕੁੱਲੀ ਗੁੱਲੀ ਅਤੇ ਜੁੱਲੀ ਤੋਂ ਹੀ ਟੈਕਸਾਂ ਦਾ ਬੋਝ ਲੱਦ ਦਿੱਤਾ ਹੈ ਅਤੇ ਆਮ ਵਿਅਕਤੀ ਇਸ ਵਿੱਚ ਪਿਸ ਕੇ ਰਹ ਗਿਆ ਹੈ। ਇਨਾਂ ਸਭ ਕੁਝ ਦੇ ਬਾਵਜੂਦ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਹੈ ਰਾਜਨੀਤਕ ਸੱਤਾ ਤੇ ਕਾਰਖਾਨੇਦਾਰ ਵਪਾਰੀ ਲੋਕ ਰੱਜ ਕੇ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਅਖੌਤੀ ਧਾਰਮਿਕ ਲੋਕ ਸਰਕਾਰਾਂ ਨਾਲ ਰਲਕੇ ਲੋਕਾਂ ਨੂੰ ਰਾਜਨੀਤਕ ਪਾਰਟੀਆਂ ਕੋਲ ਵੇਚਕੇ ਧਾਰਮਿਕ ਮਹਿਲ ਖੜੇ ਕਰ ਰਹੇ ਹਨ । ਧਨ ਦੇ ਅੰਬਾਰ ਖੜੇ ਕਰਨ ਵਾਲੇ ਧਾਰਮਿਕ ਲਾਣੇ ਨੇ ਲੋਕਾਂ ਨੂੰ ਗਿਆਨ ਤੋਂ ਵਾਝੇਂ ਕਰਨ ਦੀ ਪੂਰੀ ਜੰਗ ਸ਼ੁਰੂ ਕੀਤੀ ਹੋਈ ਹੈ।
ਸੱਚ ਧਰਮ ਅਤੇ ਗਿਆਨ ਦੀ ਜੋਤ ਕਾਲੇ ਹਨੇਰਿਆਂ ਵਿੱਚ ਛੁਪਾ ਦਿੱਤੀ ਗਈ ਹੈ । ਕਾਨੂੰਨ ਗਰੀਬ ਅਤੇ ਭੁੱਖ ਨਾਲ ਮਰਨ ਵਾਲੇ ਨੂੰ ਚੋਰ ਬਣਾ ਰਿਹਾ ਹੈ ਅਸਲੀ ਲੁਟੇਰਿਆਂ ਦੀ ਪੁਸਤ ਪਨਾਹੀ ਕਰ ਰਿਹਾ ਹੈ। ਕਿਰਤ ਕਰਨ ਵਾਲੇ ਤੇ ਕਾਨੂੰਨ ਦਾ ਡੰਡਾਂ ਰਿਸਵਤ ਮੰਗਦਾ ਹੈ ਲੁੱਟ ਕੇ ਖਾਣ ਵਾਲਿਆਂ ਦੀ ਕਾਨੂੰਨ ਰੱਖਿਆ ਕਰ ਰਿਹਾ ਹੈ । ਕਿਰਤੀ ਅਤੇ ਆਮ ਮਨੁੱਖ ਤੇ ਟੈਕਸਾਂ ਦਾ ਬੋਝ ਪਾਇਆ ਜਾ ਰਿਹਾ ਹੈ ਅਤੇ ਅਮੀਰ ਕਾਰਖਾਨੇਦਾਰ ,ਵੱਡੇ ਜਿੰਮੀਦਾਰਾਂ ਨੂੰ ਸਬਸਿਡੀਆਂ ਦੇ ਰਿਹਾ ਹੈ। ਸਹੀ ਤੌਰ ਤੇ ਸਰਕਾਰ ਦੇ ਟੈਕਸ ਅਤੇ ਕਰਜੇ ਮੋੜਨ ਵਾਲਿਆਂ ਤੇ ਸਰਚਾਰਜ ਲਾ ਰਿਹਾ ਹੈ ਡਿਫਾਲਟਰਾਂ ਅਤੇ ਟੈਕਸ ਚੋਰਾਂ ਨੂੰ ਆਮ ਮੁਆਫੀਆਂ ਤੇ ਛੋਟਾਂ ਦੇ ਰਿਹਾ ਹੈ ਸਾਡਾ ਰਾਜ ਤੰਤਰ ਅਤੇ ਕਾਨੂੰਨ।
ਕੀ ਇਸ ਤਰਾਂ ਦੇ ਮੁਲਕ ਨੂੰ ਛੱਡਕੇ ਜਾਣ ਵਾਲਿਆਂ ਨੂੰ ਦੋਸ਼ ਦਿੱਤਾ ਜਾ ਸਕਦਾ ਹੈ ? ਸਰਕਾਰਾਂ ਅਤੇ ਰਾਜਨੀਤਕਾਂ ਦੀਆਂ ਜਮੀਰ ਮਰ ਚੁਕੀਆਂ ਲਾਸਾਂ ਤੇ ਵੈਣ ਹੀ ਪਾਏ ਜਾ ਸਕਦੇ ਹਨ । ਅੱਜ ਫਿਰ ਸਮੇਂ ਨੂੰ ਗੁਰੂ ਨਾਨਕ ਦੇ ਗਿਆਨ ਦੀ ਲੋੜ ਹੈ। ਅੱਜ ਫਿਰ ਵਕਤ ਗੁਰੂ ਗੋਬਿੰਦ ਸਿੰਘ ਦੇ ਹਥਿਆਂਰਾਂ ਨੂੰ ਅਵਾਜ ਦੇ ਰਿਹਾ ਹੈ । ਅੱਜ ਫਿਰ ਮੁਹੰਮਦ ਸਾਹਿਬ ਵਾਂਗ ਕਰਬਲਾ ਦੀ ਜੰਗ ਲੋੜੀਦੀ ਹੈ। ਅੱਜ ਵਕਤ ਕਿਸੇ ਈਸਾ ਮਸੀਹ ਨੂੰ ਸੂਲੀ ਤੇ ਭਾਲਦਾ ਹੈ । ਅੱਜ ਫਿਰ ਵਕਤ ਮਰਿਯਾਦਾ ਪੂਰਨ ਰਾਮਰਾਜ ਦੀ ਮੰਗ ਕਰਦਾ ਹੈ।
ਸੰਪਰਕ: +91 94177 27245