Thu, 21 November 2024
Your Visitor Number :-   7253756
SuhisaverSuhisaver Suhisaver

ਭਾਰਤੀ ਫ਼ਿਲਮਾਂ ਤੇ ਨਾਇਕ ਜਾਂ ਖ਼ਲਨਾਇਕ ਕਿਰਦਾਰ - ਡਾ. ਸਵਰਾਜ ਸਿੰਘ

Posted on:- 10-08-2013

ਬਾਲੀਵੁੱਡ ਦੀਆਂ ਫ਼ਿਲਮਾਂ ਅਤੇ ਕਲਰਜ਼ ਤੇ ਸੋਨੀ ਵਰਗੇ ਟੀ.ਵੀ. ਸ਼ੋਅ ਨਾ ਸਿਰਫ਼ ਮਨਪ੍ਰਚਾਵੇ ਦੇ ਖ਼ੇਤਰ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ, ਸਗੋਂ ਭਾਰਤੀਆਂ ਦੀ ਮਾਨਸਿਕਤਾ ਨੂੰ ਵੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰ ਰਹੇ ਹਨ। ਫ਼ਿਲਮਾਂ ਨੌਜਵਾਨ ਵਰਗ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਪਰ ਟੀ.ਵੀ. ਸ਼ੋਅ ਤਾਂ ਬੱਚੇ, ਬੁੱਢੇ ਤੇ ਨੌਜਵਾਨ ਸਾਰੇ ਵਰਗਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਭਾਰਤੀ ਫ਼ਿਲਮਾਂ ਅਤੇ ਟੀ.ਵੀ. ਸ਼ੋਅ ਦੀ ਇੱਕ ਖ਼ਾਸੀਅਤ ਰਹੀ ਹੈ ਕਿ ਇੱਥੇ ਕਿਰਦਾਰਾਂ ਦੀ ਭੂਮਿਕਾ ਦਾ ਧਰੁਵੀਕਰਨ ਕਰਨ ਦਾ ਰੁਝਾਨ ਭਾਰੂ ਹੈ। ਇਹ ਕਿਰਦਾਰ ਸਾਧਾਰਨ ਲੋਕਾਂ ਦੀ ਘੱਟ ਹੀ ਪ੍ਰਤੀਨਿਧਤਾ ਕਰਦੇ ਹਨ। ਇਹ ਉਨ੍ਹਾਂ ਨੂੰ ਨਾਇਕ ਜਾਂ ਖ਼ਲਨਾਇਕ ਦੇ ਰੂਪ ’ਤਚ ਪੇਸ਼ ਕਰਦੇ ਹਨ, ਜਦੋਂ ਕਿ ਅਸਲੀ ਜੀਵਨ ਵਿੱਚ ਅਜਿਹੀ ਧਰੁਵੀਕਰਨ ਦੇਖਣ ਨੂੰ ਘੱਟ ਹੀ ਮਿਲ਼ਦਾ ਹੈ।

ਅਸਲੀ ਜੀਵਨ ਦੇ ਪਾਤਰ ਨਾਇਕ ਜਾਂ ਖਲਨਾਇਕ ਹੋਣ ਦੀ ਬਜਾਏ ਦੋਨਾਂ ਦੇ ਮਿਸ਼ਰਣ ਦੇ ਜ਼ਿਆਦਾ ਨੇੜੇ ਹਨ। ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਕਿ ਜੀਵਨ ਵਿੱਚ ਨਾ ਤਾਂ ਕੋਈ ਸ਼ੁੱਧ ਕਾਲ਼ਾ (ਬਲੈਕ) ਹੈ ਤੇ ਨਾ ਹੀ ਕੋਈ ਸ਼ੁੱਧ ਚਿੱਟਾ (ਵਾਈਟ) ਸਗੋਂ ਬਹੁਤ ਵਾਰੀ ਗਰੇ ਜ਼ੋਨ (ਸਲੇਟੀ) ਚਿੱਟੇ ਤੇ ਕਾਲੇ ਦਾ ਮਿਸ਼ਰਣ ਜ਼ਿਆਦਾ ਭਾਰੂ ਹੁੰਦਾ ਹੈ। ਪਰ ਸਾਡੀਆਂ ਫ਼ਿਲਮਾਂ ਅਤੇ ਟੀ.ਵੀ. ਸ਼ੋਅ ਵਿੱਚ ਗਰੇ ਜ਼ੋਨ ਵਾਲ਼ੇ ਲੋਕ ਘੱਟ ਹੀ ਦਿਖਾਏ ਜਾਂਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਵਿੱਚ ਦਿਖਾਏ ਜਾਂਦੇ ਨਾਇਕ ਜਾਂ ਖ਼ਲਨਾਇਕ ਵਿੱਚੋਂ ਕਿਹੜਾ ਕਿਰਦਾਰ ਯਥਾਰਥ ਦੇ ਜ਼ਿਆਦਾ ਨੇੜੇ ਹੈ? ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਖ਼ਲਨਾਇਕ ਦਾ ਕਿਰਦਾਰ ਯਥਾਰਥ ਦੇ ਜ਼ਿਆਾ ਨੇੜੇ ਹੈ, ਖ਼ਲਨਾਇਕ ਦੇ ਕਿਰਦਾਰ ਵਿੱਚ ਲੋਭ, ਸੁਆਰਥ, ਹੰਕਾਰ, ਈਰਖ਼ਾ ’ਤੇ ਬਦਲਾ-ਲੳੂ ਭਾਵਨਾਵਾਂ ਪ੍ਰਬਲ ਹੁੰਦੀਆਂ ਹਨ, ਉਹ ਕਾਮ ਅਤੇ ਕ੍ਰੋਧ ਵਿੱਚ ਗ੍ਰਸਤ ਹੁੰਦਾ ਹੈ। ਉਸ ਦੇ ਜੀਵਨ ਦੀ ਪਹਿਲ ਐਸ਼ ਕਰਨਾ ਹੁੰਦਾ ਹੈ।


ਖ਼ਲਨਾਇਕ ਦੇ ਕਿਰਦਾਰ ਦੇ ਇਹ ਸਾਰੇ ਪੱਖ ਅਕਸਰ ਰੋਜ਼ਾਨਾ ਜੀਵਨ ਵਿੱਚ ਦੇਖਣ ਨੂੰ ਮਿਲ਼ਦੇ ਹਨ। ਭਾਵੇਂ ਅਖ਼ਬਾਰਾਂ ਪੜ੍ਹ ਲਓ ਤੇ ਭਾਵੇਂ ਲੋਕਾਂ ਨਾਲ਼ ਗੱਲਾਂ ਕਰਕੇ ਦੇਖ ਲਓ। ਲੋਭ ਅਤੇ ਸਵਾਰਥ ਦਾ ਬੋਲਬਾਲਾ ਹੈ। ਦੂਸਰਿਆਂ ਦੀ ਜ਼ਮੀਨ ਤੇ ਜਾਇਦਾਦ ਤੇ ਪੈਸਾ ਹੜੱਪਣ ਦੇ ਯਤਨ ਹੋ ਰਹੇ ਹਨ। ਭੈਣਾਂ ਤੇ ਭਰਾਵਾਂ ਨੇ ਇੱਕ ਦੂਜੇ ਉੱਤੇ ਜਾਇਦਾਦ ਕਾਰਨ ਮੁਕੱਦਮੇ ਠੋਕੇ ਹੋਏ ਹਨ। ਜੇ ਹਾਲੇ ਮੁਕੱਦਮਾ ਸ਼ੁਰੂ ਨਹੀਂ ਹੋਇਆ ਤਾਂ ਪਰਿਵਾਰਕ ਪੱਧਰ ’ਤੇ ਇਨ੍ਹਾਂ ਝਗੜਿਆਂ ਨੂੰ ਨਿਪਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਤਾਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਹੜੱਪ ਕਰਨ ਦਾ ਯਤਨ ਉਨ੍ਹਾਂ ਦੇ ਪਿੱਛੇ ਰਹਿ ਗਏ ਰਿਸ਼ਤੇਦਾਰਾਂ ਅਤੇ ਹੋਰ ਨਿਕਟਵਰਤੀਆਂ ਦੇ ਜੀਵਨ ਮਨੋਰਥ ਦੀ ਵੱਡੀ ਪਹਿਲ ਬਣ ਚੁੱਕਾ ਹੈ। ਜਾਤੀ ਹੰਕਾਰ ਨੂੰ ਉਕਸਾਇਆ ਜਾ ਰਿਹਾ ਹੈ, ਇਸ ਦੇ ਨਤੀਜੇ ਸਾਨੂੰ ਕਈ ਵਾਰੀ ਅੰਰਜਾਤੀ ਵਿਆਹਾਂ ਨਾਲ਼ ਜੁੜੀਆਂ ਸਮੱਸਿਆਵਾਂ ਅਤੇ ਅਣਖ਼ ਦੀ ਖ਼ਾਤਰ ਕੀਤੇ ਗਏ ਕਤਲਾਂ ਦੇ ਰੂਪ ਵਿੱਚ ਦੇਖਣ ਨੂੰ ਮਿਲ਼ਦਾ ਹੈ।

ਬਦਲਾ ਲੈਣ ਦੀ ਭਾਵਨਾ ਪ੍ਰਬਲ ਹੋ ਰਹੀ ਜਾਪਦੀ ਹੈ। ਵਧ ਰਹੇ ਕਾਮੁਕ ਹਮਲੇ ਤੇ ਬਲਾਤਕਾਰ ਵੀ ਇਸ ਦਿਸ਼ਾ ਵਿੱਚ ਸੰਕੇਤ ਦੇ ਰਹੇ ਹਨ ਕਿ ਖ਼ਲਨਾਇਕ ਵਾਂਗੂੰ ਰੋਜ਼ਮਰ੍ਹਾ ਜੀਵਨ ਵਿੱਚ ਵੀ ਕਾਮ ਭਾਰੂ ਹੋ ਰਿਹਾ ਹੈ। ਭਾਵੇਂ ਕਿ ਬਲਾਤਕਾਰ ਦੇ ਕੇਸ ਜ਼ਿਆਦਾ ਮੀਡੀਏ ਦੇ ਲੋਕਾਂ ਦਾ ਧਿਆਨ ਖਿੱਚਦੇ ਹਨ, ਪਰ ਸੱਚਾਈ ਤਾਂ ਇਹ ਹੈ ਕਿ ਇੱਕ ਬਲਾਤਕਾਰ ਪਿੱਛੇ ਸੈਂਕੜੇ ਤੇ ਹਜ਼ਾਰਾਂ ਕਾਮੁਕ ਹਮਲਿਆਂ ਦੇ ਕੇਸ ਹੋ ਰਹੇ ਹਨ, ਜੋ ਕਿ ਅਣਗੌਲ਼ੇ ਕਰ ਦਿੱਤੇ ਜਾਂਦੇ ਹਨ। ਕਾਮੁਕ ਹਮਲਾ ਤਿੰਨ ਪੱਧਰ ਦਾ ਹੈ। ਪਹਿਲਾ, ਬੋਲੀ ਜਾਂ ਬਾਣੀ ਰਾਹੀਂ, ਦੂਜਾ ਸਪਰਸ਼ ਰਾਹੀਂ ਤੇ ਤੀਜਾ ਹਿੰਸਕ ਹਮਲਾ, ਪਹਿਲੇ ਪੱਧਰ ਦੇ ਤਾਂ ਅਸੀਂ ਹਰ ਵੇਲ਼ੇ ਦੇਖਦੇ ਹਾਂ ਤੇ ਇਹ ਘੱਟ ਹੀ ਸਾਡਾ ਧਿਆਨ ਖਿੱਚਦੇ ਹਨ। ਔਰਤਾਂ ਲਈ ਗੰਦੇ ਬੋਲ ਸੁਣਨਾ ਜਾਂ ਕਿਸੇ ਭੀੜ-ਭੜੱਕੇ ਵਾਲ਼ੀ ਥਾਂ ’ਤੇ ਜਾਂ ਸਥਿਤੀ ਵਿੱਚ ਅਣਚਾਹੇ ਸਪਰਸ਼ ਦਾ ਸਾਹਮਣਾ ਕਰਨਾ ਤਾਂ ਸੁਭਾਵਿਕ ਗੱਲ ਬਣ ਚੁੱਕੀ ਹੈ। ਜਦੋਂ ਕਾਮੁਕ ਹਮਲਾ ਹਿੰਸਕ ਰੂਪ ਧਾਰਨ ਕਰਦਾ ਹੈ ਤਾਂ ਹੀ ਉਹ ਸਮਾਜ ਦਾ ਧਿਆਨ ਖਿੱਚਦਾ ਹੈ।


ਆਪਣੀ ਜਾਤ, ਜ਼ਮੀਨਾਂ ਵੱਡੇ ਘਰ ਤੇ ਮਹਿੰਗੀਆਂ ਕਾਰਾਂ ਬਾਰੇ ਹੰਕਾਰ ਦਾ ਪ੍ਰਗਟਾਵਾ ਨਾ ਸਿਰਫ਼ ਸੁਭਾਵਿਕ ਸਮਝਿਆ ਜਾਣ ਲੱਗ ਪਿਆ ਹੈ, ਸਗੋਂ ਇੱਕ ਤਰ੍ਹਾਂ ਨਾਲ਼ ਜੀਵਨ ਦੇ ਮਨੋਰਥ ਵਜੋਂ ਸਵੀਕ੍ਰਿਤ ਹੋ ਚੁੱਕਾ ਹੈ। ਦੁਨਿਆਵੀ ਚੂਹਾ ਦੌੜ ਵਿੱਚ ਇਹ ਸਾਰੇ ਤੁਹਾਨੂੰ ਜ਼ਿਆਦਾ ਅੰਕ ਦਿਵਾਉਂਦੇ ਹਨ। ਜ਼ਾਹਿਰ ਹੈ ਕਿ ਇਹ ਸਭ ਖ਼ਾਸੀਅਤਾਂ ਖ਼ਲਨਾਇਕ ਦੀਆਂ ਹੀ ਹੁੰਦੀਆਂ ਹਨ। ਨਾਇਕ ਵਿੱਚ ਸਮਰਪਣ, ਨਿਸ਼ਕਾਮਨਾ, ਪ੍ਰੇਮ, ਦਇਆ, ਖ਼ਿਮਾ ਤੇ ਕੁਰਬਾਨੀ ਵਰਗੇ ਦਿਖਾਏ ਗਏ ਗੁਣ ਅਸਲੀ ਜੀਵਨ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲ਼ਦੇ ਹਨ। ਆਖ਼ਰ ਕੀ ਕਾਰਨ ਹੈ ਕਿ ਅਜੋਕੇ ਜੀਵਨ ਵਿੱਚ ਖ਼ਲਨਾਇਕ ਜ਼ਿਆਦਾ ਤੇ ਨਾਇਕ ਘਟ ਗਏ ਹਨ? ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰਮਾਏਦਾਰੀ ਵਿਵਸਥਾ ਖ਼ਲਨਾਇਕਾਂ ਦੀ ਵਿਵਸਥਾ ਹੈ।

ਇਹ ਇੱਕ ਕੌੜੀ ਸੱਚਾਈ ਹੈ ਕਿ ਭਾਵੇਂ ਮਨੁੱਖ ਵਿੱਚ ਥੱਲੜੇ ਕੇਂਦਰ ਜਾਂ ਮੂਵ ਪ੍ਰਵਿਰਤੀਆਂ ਅਤੇ ਉਪਰਲੇ ਕੇਂਦਰ ਜਾਂ ਚੇਤਨਾ ਦੋਨੋਂ ਹਨ ਪਰ ਸਰਮਾਏਦਾਰੀ ਵਿਵਸਥਾ ਸਿਰਫ਼ ਥੱਲੜੇ ਕੇਂਦਰਾਂ ’ਤੇ ਹੀ ਆਧਾਰਤ ਹੈ। ਸਰਮਾਏਦਾਰੀ ਦਾ ਮੁੱਖ ਮੰਤਵ ਹੀ ਮੁਨਾਫ਼ਾ ਕਮਾਉਣਾ, ਅਰਥਾਤ ਲੋਭ ਅਤੇ ਸਵਾਰਥ ਹੈ। ਸਰਮਾਏਦਾਰੀ ਵਿਵਸਥਾ ਥੱਲੜੇ ਪੱਧਰ ਤੱਕ ਹੀ ਸੀਮਤ ਹੈ, ਇਸ ਵਿੱਚ ਚੇਤਨਾ ਲਈ ਕੋਈ ਥਾਂ ਨਹੀਂ। ਚੇਤਨਾ ਦਾ ਸਬੰਧ ਸਹੀ ਅਤੇ ਗ਼ਲਤ ਨਾਲ਼ ਹੈ, ਜਦੋਂ ਕਿ ਸਰਮਾਏਦਾਰੀ ਵਿਵਸਥਾ ਵਿੱਚ ਹੋਂਦ ਨੂੰ ਕਾਇਮ ਰੱਖਣਾ ਮੁਨਾਫ਼ਾ ਬਣਾਉਣ ਨਾਲ਼ ਜੁੜਿਆ ਹੋਇਆ ਹੈ। ਜੇ ਤੁਸੀਂ ਆਪਣੀ ਹੋਂਦ ਕਾਇਮ ਰੱਖਣੀ ਹੈ ਤਾਂ ਮੁਨਾਫ਼ਾ ਬਣਾਉਣਾ ਹੀ ਪਵੇਗਾ। ਕੀ ਇਹ ਸਹੀ ਢੰਗ ਨਾਲ਼ ਬਣਾਇਆ ਜਾ ਰਿਹਾ ਹੈ ਜਾਂ ਗ਼ਲਤ ਢੰਗ ਨਾਲ਼, ਕੀ ਤੁਹਾਡੇ ਮੁਨਾਫ਼ੇ ਨਾਲ਼ ਦੂਜੇ ਲੋਕਾਂ ਨੂੰ ਫ਼ਾਇਦਾ ਹੋ ਰਿਹਾ ਹੈ ਜਾਂ ਨੁਕਸਾਨ ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ। ਸਰਮਾਏਦਾਰੀ ਦੀਆਂ ਹੋਰ ਤਰਜੀਹਾਂ ਨਹੀਂ ਹਨ, ਸਰਮਾਏਦਾਰੀ ਲਈ ਆਰਥਿਕਤਾ ਨੈਤਿਕਤਾ ਤੋਂ ਉੱਪਰ ਹੈ। ਜ਼ਾਹਿਰ ਹੈ ਕਿ ਅਜਿਹੀ ਵਿਵਸਥਾ ਜ਼ਿਆਦਾਤਰ ਖ਼ਲਨਾਇਕ ਹੀ ਪੈਦਾ ਕਰੇਗੀ।


ਸੰਪਰਕ : +91 98153 08460

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ