ਜਦ ਵਿਸ਼ਵ ਸ਼ਾਂਤੀ ਮੇਰੇ ਘਰ ਆਈ - ਮਨਦੀਪ ਸੁੱਜੋਂ
Posted on:- 22-05-2013
ਰਾਤ ਬਾਰ੍ਹਾਂ ਘੰਟੇ ਦੀ ਸ਼ਿਫਟ ਲਾ ਕੇ ਜਦ ਮੈਂ ਥੱਕਿਆ ਹੋਇਆ ਘਰੇ ਪਹੁੰਚਿਆ ਤਾਂ ਜਾ ਕੇ ਫਟਾ ਫਟ ਜੂਸ ਝੁਲਸ ਕੇ ਸੋਣ ਦੀ ਤਿਆਰੀ ਕਰਨ ਲੱਗਾ । ਅਜੇ ਇੱਧਰ ਉੱਧਰ ਵੱਖ ਜਿਹੇ ਲੈ ਰਿਹਾ ਸੀ ਕਿ ਇੰਨੇ ਨੂੰ ਮੇਰਾ ਪੁੱਤਰ ਗੁਰਸ਼ਬਦ ਵੀ ਉਠ ਗਿਆ ਅਤੇ ਉਸਨੇ ਉਠ ਕੇ ਖਰੂਦ ਪਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਉਹ ਮੇਰੇ ਘਰ ਪਹੁੰਚਣ ਦੀ ਖੁਸ਼ੀ ਵਿੱਚ ਅਕਸਰ ਹੀ ਕਰਿਆ ਕਰਦਾ ਹੈ । ਮੈਂ ਉਸ ਨਾਲ ਦਸ ਕੁ ਮਿੰਟ ਖੇਡ ਕੇ ਫਿਰ ਉਸ ਨੁੰ ਬਾਹਰ ਜਾ ਕੇ ਖਿਡੋਣਿਆਂ ਨਾਲ ਖੇਡਣ ਨੁੰ ਕਿਹਾ ਤਾਂ ਉਹ ਮੰਨ ਗਿਆ ਅਤੇ ਕਮਰੇ ਵਿਚੋਂ ਬਾਹਰ ਜਾ ਕੇ ਮੇਰੀ ਪਤਨੀਂ ਨਾਲ ਆਪਣੇਂ ਖਿਡੌਣੇਂ ਲੈ ਕੇ ਖੇਡਣ ਲੱਗ ਪਿਆ । ਮੈਂ ਵੀ ਮੋਕਾ ਦੇਖ ਕੇ ਦਰਵਾਜਾ ਬੰਦ ਕੀਤਾ ਅਤੇ ਪਤਾ ਹੀ ਨਹੀਂ ਲੱਗਿਆ ਕਿ ਕਦ ਬੈੱਡ 'ਤੇ ਡਿਗਦਿਆਂ ਹੀ ਨੀਂਦ ਆ ਗਈ ।
ਅਜੇ ਦਸ ਮਿੰਟ ਹੀ ਹੋਏ ਸਨ ਕਿ ਕਿਸੇ ਨੇ ਘਰ ਦੇ ਦਰਵਾਜ਼ੇ ਤੇ ਦਸਤਕ ਦਿੱਤੀ ਅਤੇ ਗੁਰਸ਼ਬਦ ਹੁਰੀਂ ਭੱਜੇ ਭੱਜੇ ਗਏ ਦਰਵਾਜਾ ਖੋਲਣ ਤਾਂ ਮੈਂ ਵੀ ਘੇਸਲਾ ਜਿਹਾ ਹੋ ਕੇ ਪੈ ਗਿਆ ਕੇ ਪਤਾ ਨਹੀਂ ਕੋਣ ਹੋਣਾਂ । ਇੰਨੇ ਨੂੰ ਕਿਸੇ ਦੁਆਰਾ ਗੁਰਸ਼ਬਦ ਦੇ ਹੱਥ 'ਚ ਫੜ੍ਹੇ ਮੋਟਰਸਾਇਕਲ ਖਿਡੋਣੇ ਦੀਆਂ ਅੰਗ੍ਰੇਜ਼ੀ ਵਿੱਚ ਕੀਤੀਆਂ ਸਿਫਤਾਂ ਮੇਰੇ ਕੰਨੀ ਵੀ ਪੈ ਗਈਆਂ । "ਵੇਰੀ ਨਾਈਸ ਬਾਈਕ...ਵੇਰੀ ਨਾਈਸ ਬਾਈਕ" ਕਰਦੀ ਇਹ ਅਵਾਜ ਯਕੀਨਨ ਕਿਸੇ ਗੋਰੇ ਦੀ ਹੀ ਸੀ । ਘਰ ਦੇ ਅੰਦਰ ਵੜਨ ਦੇ ਸਾਰ ਹੀ ਮੇਰੇ ਕਮਰੇ ਦਾ ਦਰਵਾਜਾ ਲੱਗਦਾ ਹੈ ਤਾਂ ਸਾਰਾ ਕੁੱਝ ਸਾਫ ਸੁਣਾਈ ਦੇ ਰਿਹਾ ਸੀ ਅਤੇ ਫਿਰ ਇਸ ਗੋਰੇ ਨੇ ਗੁਰਸ਼ਬਦ ਨੂੰ ਪੁੱਛਿਆ ਕਿ "ਵੀਅਰ ਆਰ ਯੂਅਰ ਪੇਰੈਂਟਸ" ਮਤਲਬ ਕਿ ਤੁਹਾਡੇ ਮਾਂ ਬਾਪ ਕਿੱਧਰ ਨੇ ? ਗੁਰਸ਼ਬਦ ਚਾਈਲਡ ਕੇਅਰ ਜਾਣ ਕਰਕੇ ਸਮਝ ਗਿਆ ਕਿ ਉਹ ਕੀ ਪੁੱਛ ਰਿਹਾ ਹੈ ਪਰ ਕਿਉਂ ਕਿ ਅਸੀਂ ਘਰ ਪੰਜਾਬੀ ਵਿੱਚ ਹੀ ਸਾਰੀ ਗੱਲਬਾਤ ਕਰਦੇ ਹਾਂ ਤਾਂ ਗੁਰਸ਼ਬਦ ਨੇ ਵੀ ਗੋਰੇ ਦੀ ਗੱਲ ਦਾ ਜਵਾਬ ਵੀ ਪੰਜਾਬੀ 'ਚ ਦੇਣਾਂ ਹੀ ਬਿਹਤਰ ਸਮਝਿਆ ਅਤੇ ਉਸ ਨੇ ਗੋਰੇ ਨੂੰ ਕਿਹਾ ਕਿ "ਅੰਦਰ ਸੋ ਰਹੇ ਆ ਪਾਪਾ" ਪਰ ਗੋਰੇ ਦੇ ਪੱਲੇ ਕੁੱਝ ਨਾ ਪਵੇ ਉਸਨੇ ਫਿਰ ਕਿਹਾ "ਵੀਅਰ ਆਰ ਯੂਅਰ ਪੇਰੈਂਟਸ ?" ਗੁਰਸ਼ਬਦ ਦਾ ਜਵਾਬ ਫੇਰ ਵੀ ਪੰਜਾਬੀ ਵਿੱਚ ਹੀ ਸੀ ਕਿ "ਅੰਦਰ ਸੋ ਰਹੇ ਆ ਪਾਪਾ" । ਬੇਸ਼ਕ ਗੋਰਾ ਸਵਾਲ ਕਰਨ ਵੇਲੇ ਸਹੀ ਸੀ ਤੇ ਗੁਰਸ਼ਬਦ ਜਵਾਬ ਦੇਣ ਲੱਗੇ ਸਹੀ ਸੀ ਪਰ ਭਾਸ਼ਾ ਦੇ ਅੰਤਰ ਕਾਰਨ ਗੱਲ ਅੱਗੇ ਨਹੀਂ ਸੀ ਤੁਰ ਰਹੀ ।
ਚਲੋ ਘਰ ਪੰਜਾਬੀ ਵਿੱਚ ਗੱਲ ਕਰਨ ਦਾ ਫਾਇਦਾ ਤਾਂ ਪਤਾ ਹੀ ਸੀ ਤੇ ਬੇਗਾਨੇ ਮੁਲਕ ਰਹਿੰਦਿਆ ਨੁਕਸਾਨ ਦਾ ਵੀ ਪਤਾ ਲੱਗ ਗਿਆ ।
ਮੈਂ ਸੋਚਿਆ ਕਿ ਕੋਈ ਗੁਆਂਢੀ ਨਾ ਹੋਵੇ ਜੋ ਕਿਸੇ ਮੱਦਦ ਦੀ ਆਸ ਵਿੱਚ ਆਇਆ ਹੋਵੇ ਤਾਂ ਮੈਂ ਫਟਾ ਫਟ ਉਠ ਕੇ ਕਮਰੇ ਵਿੱਚੋਂ ਬਾਹਰ ਆਇਆ ਤਾਂ ਦੇਖਿਆ ਕਿ ਇਕ ਪੈਹਂਟ ਕੁ ਸਾਲ ਦਾ ਬੁੱਢਾ ਜਿਸ ਦਾ ਨਾਮ ਜੋਹਨ ਅਤੇ ਪੱਚੀ ਕੁ ਸਾਲ ਦਾ ਮੁੰਡਾ ਜਿਸ ਦਾ ਨਾਮ ਰਿਚਰਡ ਸੀ ਦਰਵਾਜੇ ਦੇ ਬਾਹਰ ਕੁੱਝ ਪੈਂਫਲੈਟ ਫੜ੍ਹੀ ਖੜ੍ਹੇ ਸਨ । ਮੈਨੁੰ ਇਹਨਾਂ ਪੈਫਲੇਟ ਦਿਖਾਉਂਦਿਆਂ ਕਿਹਾ ਕਿ ਸੰਸਾਰ ਵਿੱਚ ਫੈਲੀ ਅਸ਼ਾਂਤੀ ਅਤੇ ਕਤਲੇਆਮ ਤੋਂ ਉਹ ਬਹੁਤ ਚਿੰਤਤ ਨੇ ਅਤੇ ਓੁਹਨਾਂ ਕੋਲ ਇਸ ਸੰਕਟ ਨੂੰ ਖਤਮ ਕਰਨ ਦਾ ਤਰੀਕਾ ਹੈ। ਇੰਨਾ ਸੁਣਦੇ ਹੀ ਮੈਂ ਸਾਰੀ ਕਹਾਣੀਂ ਸਮਝ ਤਾਂ ਗਿਆ ਕਿ ਇਹ ਕਿਸ ਮਕਸਦ ਲਈ ਆਏ ਨੇ ਪਰ ਮੈ ਵੀ ਭੋਲਾ ਜਿਹਾ ਬਣ ਕੇ ਓੁਹਨਾਂ ਨੂੰ ਕਿਹਾ ਕਿ ਮੈ ਵੀ ਬਹੁਤ ਚਿੰਤਤ ਹਾਂ ਸੰਸਾਰਿਕ ਅਸ਼ਾਂਤੀ ਅਤੇ ਹੋ ਰਹੀ ਕਤਲੇਆਮ ਕਾਰਨ ਅਤੇ ਉਹਨਾਂ ਨੂੰ ਘਰ ਅੰਦਰ ਆ ਕੇ ਚੰਗੀ ਤਰ੍ਹਾਂ ਤਸੱਲੀ ਨਾਲ ਉਹਨਾਂ ਦੇ ਇਸ ਸਮੱਸਿਆ ਨੂੰ ਸੁਲਝਾਉਣ ਦੇ ਤਰੀਕੇ ਬਾਰੇ ਪੁੱਛਣ ਲੱਗਾ । ਕਿਉਂ ਕਿ ਮੈਨੂੰ ਪਤਾ ਸੀ ਕਿ ਇਹ ਸੰਸਾਰਿਕ ਅਸ਼ਾਂਤੀ ਨੂੰ ਸੁਲਝਾਓੁਣ ਦੇ ਤਰੀਕੇ ਦੱਸਣ ਨਹੀਂ ਆਏ ਬਲਕਿ ਇਸਾਈ ਧਰਮ ਦੇ ਪ੍ਰਚਾਰ ਲਈ ਆਏ ਹਨ ਇਸ ਕਰਕੇ ਮੈ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ "ਕੋਣ ਹੱਲ ਕਰੇਗਾ ਇਹ ਸੰਸਾਰਿਕ ਅਸ਼ਾਂਤੀ ਵਾਲੇ ਮਸਲੇ ਨੂੰ ?" ਪੱਚੀ ਸਾਲਾਂ ਦੇ ਮੁੰਡੇ ਰਿਚਰਡ ਨੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਓੁਸ ਨੂੰ ਰੋਕਦਿਆਂ ਜੋਹਨ ਆਪਣੇ ਝੋਲੇ ਵਿੱਚੋਂ ਬਾਈਬਲ ਕੱਢਦਿਆ ਹੋਇਆ ਬੋਲਿਆ
"ਉਹ ਪ੍ਰਮਾਤਮਾ"
ਕਿਹੜਾ ਪ੍ਰਮਾਤਮਾ ?
ਜੋਹਨ - "ਜਿਸ ਨੇ ਇਹ ਸ਼੍ਰਿਸ਼ਟੀ ਸਾਜੀ, ਜੋ ਸਭ ਨੂੰ ਪਿਆਰ ਕਰਦਾ ਹੈ"
"ਜਿਸ ਨੇ ਇਹ ਸ਼੍ਰਿਸ਼ਟੀ ਸਾਜੀ ਉਸ ਨੂੰ ਕਿਸਨੇ ਸਾਜਿਆ ?"
ਜੋਹਨ ਫੇਰ ਬਾਈਬਲ ਫਰੋਲਣ ਲੱਗਾ ਅਤੇ ਮੈਨੂੰ ਪੁੱਛਣ ਲੱਗਾ "ਕੀ ਤੁਸੀਂ ਰੱਬ 'ਚ ਯਕੀਨ ਕਰਦੇ ਹੋ?"
"ਕਦੇ ਕਰਿਆ ਕਰਦਾ ਸੀ ਪਰ ਹੁਣ ਨਹੀਂ"
ਜੋਹਨ - "ਹੁਣ ਕਿਉਂ ਨਹੀਂ ਯਕੀਨ ਕਰਦੇ ?"
"ਮੇਰੀ ਮਰਜ਼ੀ ਹੈ, ਮੇਰਾ ਆਪਣਾਂ ਅਧਿਐਨ ਹੈ ਨਾਲੇ ਜਦ ਮੈ ਰੱਬ 'ਚ ਯਕੀਨ ਕਰਦਾ ਸੀ ਉਸ ਸਮੇਂ ਕਿਸੇ ਨਹੀਂ ਪੁੱਛਿਆ ਕਿ ਕਿਉਂ ਕਰਦਾ ਹੈ ਰੱਬ 'ਚ ਯਕੀਨ"
ਜੋਹਨ - "ਤੁਹਾਨੂੰ ਪਤਾ ਕਿ ਦੁਨੀਆਂ ਆਪਣੀਂ ਤਬਾਹੀ ਵੱਲ ਵਧ ਰਹੀ ਹੈ ਭਾਵ ਕਿ ਖਾਤਮੇਂ ਵੱਲ ?"
"ਨਹੀਂ ਮੈਨੂੰ ਨਹੀਂ ਪਤਾ ਜੇਕਰ ਤੁਹਾਨੂੰ ਪਤਾ ਹੈ ਤਾਂ ਕੋਈ ਸਬੂਤ ਪੇਸ਼ ਕਰੋ"
ਰਿਚਰਡ ਨੇ ਫਿਰ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬਾਈਬਲ ਫਰੋਲਦਿਆਂ ਇਕ ਸਫੇ ਤੇ ਭੁਚਾਲ ਦਾ ਜਿਕਰ ਦਿਖਾਉਂਦਿਆਂ ਹੋਇਆਂ ਜੋਹਨ ਬੋਲਿਆ -"ਧਰਤੀ ਤੇ ਪਿਛਲੇ ਥੋੜ੍ਹੇ ਸਮੇਂ ਵਿੱਚ ਭੂਚਾਲਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ । ਇਸ ਨੂੰ ਕੋਈ ਰੋਕ ਨਹੀਂ ਸਕਦਾ ਅਤੇ ਨਾਂ ਹੀ ਦੱਸ ਸਕਦਾ ਹੇ ਕਿ ਭੁਚਾਲ ਕਦ ਆਵੇਗਾ"
"ਜੋਹਨ ਪਿਛਲੇ ਮਹੀਨੇ ਵਿਗਿਆਨਕਾਂ ਨੇ ਇਹ ਪਤਾ ਲਗਾ ਲਿਆ ਹੈ ਕਿ ਭੁਚਾਲ ਆਉਣ ਬਾਰੇ ਡੱਡੂਆਂ ਨੂੰ ਦੋ ਦਿਨ ਪਹਿਲਾਂ ਪਤਾ ਲੱਗ ਜਾਂਦਾ ਹੈ ਅਤੇ ਇਸ ਅਧਾਰ ਤੇ ਵਿਗਿਆਨੀ ਜਲਦ ਹੀ ਭੂਚਾਲ ਦੀ ਭਵਿੱਖਬਾਣੀ ਵੀ ਕਰਨ ਦੇ ਕਾਮਯਾਬ ਹੋ ਜਾਣਗੇ । ਬੇਸ਼ਕ ਇਸ ਤੋਂ ਬਚਿਆ ਨਹੀਂ ਜਾ ਸਕਦਾ ਪਰ ਜਦ ਇਸ ਦੀ ਭਵਿੱਖਬਾਣੀ ਹੋਣ ਲੱਗ ਗਈ ਤਾਂ ਅਹਿਤਿਆਤ ਵਰਤ ਕੇ ਖਾਲੀ ਇਲਾਕੇ ਵਿੱਚ ਜਾ ਕੇ ਬਚਿਆ ਵੀ ਜਾ ਸਕਦਾ ਹੇ ।"
ਹੁਣ ਪ੍ਰਸ਼ਨ ਦੀ ਬਾਰੀ ਸੀ
"ਜੋਹਨ ਜੇਕਰ ਤੇਰਾ ਪ੍ਰਮਾਤਮਾ ਜੋ ਇਸ ਸ਼੍ਰਿਸ਼ਟੀ ਦਾ ਰਚਨਹਾਰ ਹੈ, ਜੋ ਤੇਰੀ ਬਾਈਬਲ ਅਤੇ ਤੇਰੇ ਮੁਤਾਬਿਕ ਸਭ ਨੂੰ ਪਿਆਰ ਕਰਦਾ ਹੈ ਤਾਂ ਉਹ ਭੁਚਾਲ ਲਿਆ ਕੇ ਆਪਣੇਂ ਪਿਆਰਿਆਂ ਨੂੰ ਕਿਉਂ ਬੇ-ਰਹਿਮੀਂ ਨਾਲ ਕਤਲ ਕਰਨਾ ਚਾਹੁੰਦਾ ਹੈ ? ਕੀ ਤੇਰਾ ਇਹ ਦਾਅਵਾ ਕਿ ਉਹ ਸਭ ਨੂੰ ਪਿਆਰ ਕਰਦਾ ਹੈ ਭੂਚਾਲ ਦੇ ਦਾਅਵੇ ਅੱਗੇ ਖੋਖਲਾ ਨਹੀਂ ਹੋ ਜਾਂਦਾ ? ਇਹ ਵਿਰੋਧਾਭਾਸ ਕਿਉਂ ? ਇਹ ਦੋਹਰੇ ਮਾਪਦੰਢ ਕਿਉਂ ?
ਫੇਰ ਬਾਈਬਲ ਦੀ ਫਰੋਲਾ ਫਰਾਲੀ
ਜੋਹਨ - "ਪਰ ਵਿਸ਼ਵ ਸ਼ਾਂਤੀ ਦਾ ਹੱਲ ਸਿਰਫ ਪ੍ਰਮਾਤਮਾਂ ਹੈ, ਉਹ ਸਰਵ ਸ਼ਕਤੀਮਾਨ ਹੈ"
"ਜੇਕਰ ਅਜਿਹਾ ਹੈ ਤਾਂ ਸਭ ਨੁੰ ਪਿਆਰ ਕਰਨ ਵਾਲਾ ਪ੍ਰਮਾਤਮਾਂ ਲੋਕਾਂ ਨੂੰ ਭੁੱਖੇ ਕਿਉਂ ਮਾਰਦਾ ਹੈ ? ਇਹ ਯੁੱਧ ਅਤੇ ਧਰਮ ਦੇ ਨਾਮ ਤੇ ਹੋ ਰਹੀ ਕਤਲੋਗਾਰਤ ਨੂੰ ਰੋਕਦਾ ਕਿਉਂ ਨਹੀਂ ?"
ਜੋਹਨ - "ਇਹ ਸਭ ਸ਼ੈਤਾਨ ਪ੍ਰਮਾਤਮਾ ਕਰ ਰਿਹਾ ਹੈ"
"ਫਿਰ ਤੇਰਾ ਪ੍ਰਮਾਤਮਾਂ ਸ਼ੈਤਾਨ ਪ੍ਰਮਾਤਮਾਂ ਨੂੰ ਰੋਕਦਾ ਕਿਉਂ ਨਹੀਂ ? ਉਹ
ਸਰਵਸ਼ਕਤੀਮਾਨ ਹੋ ਕੇ ਵੀ ਕਿਉਂ ਨਹੀਂ ਰੋਕਦਾ? ਜੇਕਰ ਉਹ ਨਹੀਂ ਰੋਕ ਸਕਦਾ ਤਾਂ ਓੁਸ ਸਰਵਸ਼ਕਤੀਮਾਨ ਕਿਵੇਂ ਹੋ ਗਿਆ ?"
ਜੋਹਨ - "ਪ੍ਰਮਾਤਮਾਂ ਨੇ ਸ਼ੈਤਾਨ ਨੁੰ ਆਪਣੀਂ ਮਨ ਮਰਜੀ ਕਰਨ ਦੀ ਖੁੱਲ ਦਿੱਤੀ ਹੋਈ ਹੈ ਕਿ ਤਾਂ ਕਿ ਸ਼ੈਤਾਨ ਇਹ ਬਹਾਨਾ ਨਾ ਲਾਵੇ ਕਿ ਪ੍ਰਮਾਤਮਾਂ ਨੇ ਸ਼ੈਤਾਨ ਨੂੰ ਆਪਣੇਂ ਸਰਵ ਸ਼ਕਤੀਮਾਨ ਹੋਣ ਦਾ ਮੋਕਾ ਨਹੀਂ ਦਿੱਤਾ ।"
"ਫਿਰ ਤੇਰਾ ਪ੍ਰਮਾਤਮਾਂ ਤਾਂ ਬਹੁਤ ਸਵਾਰਥੀ ਹੈ ਜੋ ਆਪਣੀਂ ਟੋਹਰ ਬਨਾਓੁਣ ਲਈ ਆਪਣੇਂ ਹੀ ਪਿਆਰਿਆਂ ਦਾ ਸ਼ੈਤਾਨ ਹੱਥੋਂ ਕਤਲ ਕਰਵਾ ਰਿਹਾ ਹੈ ।"
ਰਿਚਰਡ ਨੂੰ ਇਸ ਬਾਰ ਫੇਰ ਜੋਹਨ ਨੇ ਬੋਲਣ ਤੋਂ ਰੋਕ ਦਿੱਤਾ ਪਰ ਹੁਣ ਮੈਂ ਸਮਝ ਗਿਆ ਸੀ ਕਿ ਜੋਹਨ ਉਮਰ ਦੇ ਹਿਸਾਬ ਨਾਲ ਆਪਣੇਂ ਆਪ ਨੂੰ ਜ਼ਿਆਦਾ ਗਿਆਨੀ ਸਮਝ ਰਿਹਾ ਹੈ ।
ਹੁਣ ਮੈਂ ਜੋਹਨ ਨੂੰ ਸਵਾਲ ਕੀਤਾ:-
"ਇਹ ਜੋ ਬਾਈਬਲ ਅਤੇ ਹੋਰ ਧਰਾਮਿਕ ਗ੍ਰੰਥ ਹਜਾਰਾਂ, ਕਰੋੜਾਂ ਸਾਲ ਪਹਿਲਾਂ ਲਿਖੇ ਗਏ ਕੀ ਇਹ ਗੱਲਾਂ ਅੱਜ ਦੀਆਂ ਸਮਾਜਿਕ, ਰਾਜਨੀਤਿਕ. ਅਤੇ ਆਰਥਿਕ ਪ੍ਰਸਥਿਤੀਆਂ ਵਿੱਚ ਲਾਗੂ ਕੀਤੀਆਂ ਜਾ ਸਕਦੀਆਂ ਹਨ ?
ਜੋਹਨ - "ਪ੍ਰਮਾਤਮਾਂ ਦੇ ਬੋਲ ਜੋ ਕਹਿ ਦਿੱਤੇ ਇਕ ਬਾਰ ਪੱਕੇ ਹਨ. ਉਹਨਾਂ ਨੁੰ ਬਦਲਿਆ ਨਹੀਂ ਜਾ ਸਕਦਾ।"
ਇਸ ਤੋਂ ਪਹਿਲਾਂ ਕਿ ਜੋਹਨ ਹੋਰ ਕੁੱਝ ਬੋਲਦਾ ਮੈ ਉਸ ਨੂੱ ਟੋਕ ਕੇ ਰਿਚਰਡ ਨੂੰ ਇਸ ਸਵਾਲ ਦੇ ਜਵਾਬ ਦੇਣ ਬਾਰੇ ਕਿਹਾ ਕਿਉਂ ਕਿ ਬੁੱਢਾ ਜੋਹਨ ਉਸ ਨੂੰ ਹਰ ਬਾਰ ਬੋਲਣ ਤੋਂ ਰੋਕ ਰਿਹਾ ਸੀ ।
ਰਿਚਰਡ -"ਮੇਰਾ ਸਮਝਣਾਂ ਹੇ ਕਿ ਮੋਜੂਦਾ ਪ੍ਰਸਥਿਤੀਆਂ ਇਹਨਾਂ ਧਰਾਮਿਕ ਗ੍ਰੰਥਾਂ ਦੀਆਂ ਹਾਲਤਾਂ ਤੋਂ ਵੱਖਰੀਆਂ ਸਨ ਅਤੇ ਧਰਮ ਨੂੰ ਉਹਨਾਂ ਅਨੁਸਾਰ ਬਦਲਣਾਂ ਚਾਹਿਦਾ ਹੈ , ਜਿਵੇਂ ਕਿ....."
ਜੋਹਨ ਨੇ ਵਿਚ ਹੀ ਟੋਕਦਿਆ ਹੋਇਆਂ ਗਰਮ ਲਹਿਜੇ ਨਾਲ ਰਿਚਰਡ ਵੱਲ ਵੇਖ ਕੇ ਬੋਲਿਆ "ਪ੍ਰਮਾਤਮਾਂ ਦੇ ਬੋਲ ਸੱਚ ਹਨ ਓਹ ਬਦਲੇ ਨਹੀਂ ਜਾ ਸਕਦੇ"
ਮੈਂ ਹੁਣ ਇਸ ਬਾਰ ਜੋਹਨ ਨੂੰ ਟੋਕ ਦਿੱਤਾ "ਰਿਚਰਡ ਤੁਸੀਂ ਕੁਝ ਕਹਿਣਾਂ ਚਾਹੁੰਦੇ ਸੀ"
ਰਿਚਰਡ - "ਜਿਵੇ ਕਿ ਪੋਪ ਨੇ ਗੇਅ ਮੇਰਿਜ ਦੀ ਆਗਿਆ ਦੇ ਦਿੱਤੀ ਹੈ ਜਾਂ ਹਮਾਇਤ ਕੀਤੀ ਹੈ ਜੋ ਮੇਰੀ ਨਜਰ 'ਚ ਮਨੁੱਖੀ ਅਜਾਦੀ ਲਈ ਜਰੂਰੀ ਹੈ ਪਰ ਬਾਈਬਲ ਇਸ ਨੂੰ ਅੱਜ ਵੀ ਗਲਤ ਦੱਸਦੀ ਹੈ "
ਹੁਣ ਜੋਹਨ ਅਤੇ ਰਿਚਰਡ ਇਕ ਦੂਜੇ ਨਾਲ ਬਹਿੰਸ ਕਰਨ ਲੱਗੇ ਅਤੇ ਜੋਹਨ ਤਾਂ ਜਿਆਦਾ ਹੀ ਗਰਮ ਹੋ ਗਿਆ । ਜਦ ਜੋਹਨ ਨੇ ਦੇਖਿਆ ਕਿ ਮੇਰੇ ਸਾਹਮਣੇਂ ਇਹਨਾਂ ਦੀ ਇਕ ਨਹੀਂ ਚੱਲੀ ਤਾਂ ਉਹ ਕਹਿਣ ਲੱਗਾ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਅਤੇ ਅਸੀਂ ਫਿਰ ਆਵਾਂਗੇ । ਮੈਂ ਕਿਹਾ ਕਿ ਜਰੂਰ ਆਓ ਤੇ ਖੁੱਲਾ ਸਮਾਂ ਲੇ ਕੇ ਆਓ । ਮੈਂ ਉਹਨਾਂ ਨੂੰ ਆਪਣਾਂ ਮੋਬਾਈਲ ਨੰਬਰ ਵੀ ਦੇ ਦਿੱਤਾ ਅਤੇ ਰਿਚਰਡ ਨੇ ਮੈਨੂੰ ਬਾਈਬਲ ਦੇਣ ਦਾ ਵਾਅਦਾ ਕੀਤਾ ਅਤੇ ਮੈਂ ਕਿਹਾ ਜਰੂਰ ਦੇਵੋ ਅਤੇ ਸੋਚਿਆ ਕਿ ਤੁਸੀ ਬਾਇਬਲ ਦਿਓ ਤਾਂ ਸਹੀ ਤਾਂ ਕਿ ਮੈਂ ਇਸਾਈ ਧਰਮ ਦੇ ਹੋਰ ਝੂਠਾਂ ਨੂੰ ਮੈਂ ਜਾਣ ਸਕਾਂ ਅਤੇ ਫਿਰ ਇਸ ਦੇ ਹੀ ਹਵਾਲਿਆਂ ਨਾਲ ਤੁਹਾਨੂੰ ਅਤੇ ਧਰਮ ਨੂੰ ਤਰਕ ਦੀ ਕਸੋਟੀ ਤੇ ਝੂਠਾ ਸਾਬਿਤ ਕਰ ਸਕਾਂ ।
ਹੁਣ ਜੋਹਨ ਅਤੇ ਰਿਚਰਡ ਅਗਲੀ ਬਾਰ ਮਿਲਣ ਦਾ ਵਾਅਦਾ ਕਰਕੇ ਬਾਹਰ ਚਲੇ ਗਏ ਤੇ ਮੈਂ ਵੀ ਦਰਵਾਜਾਂ ਲਾ ਦਿੱਤਾ, ਨੀਂਦ ਤਾਂ ਹੁਣ ਉੱਡ ਗਈ ਸੀ ਪਰ ਥੋੜੀ ਦੇਰ ਬਾਅਦ ਮੈਂਨੂੰ ਸੜਕ ਤੇ ਬਾਹਲੀ ਕਾਂਵਾ ਰੋਲੀ ਜਿਹੀ ਸੁਣਾਈ ਦਿੱਤੀ ਤਾਂ ਮੈਂ ਖਿੜਕੀ ਰਾਹੀਂ ਦੇਖਿਆ ਕਿ ਜੋਹਨ ਅਤੇ ਰਿਚਰਡ ਇਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਸਨ । ਬੱਸ ਮੈ ਸਮਝ ਗਿਆ ਕਿ ਸੰਸਾਰਿਕ ਸ਼ਾਂਤੀ ਦਾ ਸੰਦੇਸ਼ ਅਤੇ ਹੱਲ ਨਾਲ ਲੈ ਕੇ ਫਿਰਨ ਵਾਲੇ ਧਰਮੀਂ ਖੁਦ ਕਿੰਨੇ ਕੁ ਸ਼ਾਂਤ ਨੇ ।
ਜੋਹਨ ਅਤੇ ਰਿਚਰਡ ਦੀ ਉਡੀਕ ਵਿੱਚ
[email protected]
ਵਧੀਆ ਵਾਰਤਲਾਪ ਹੈ ਇਹੋ ਜਿਹਾ ਕੁੱਸ਼ ਮੇਰੇ ਨਾਲ ਵਿ ਵਪਰਿਆ ਹੈ ਇਥੈ ਹੌਲੈਂਡ ਰਹਿੰਦਿਆ. ਇਨ੍ਹਾ ਨੰੁ ਕਾਲੇ ਰੰਗ ਦੇ ਵਿਦੇਸ਼ੀ ਤੇ ਸੌਫਟ ਟਾਰਗੇਟ ਲਗਦੇ ਹਨ.ਮਸੂਮ ਲੋਖਾ ਨੰੁ ਇਹ ਧੋਖੇ ਨਾਲ ਬਰੇਨਵਾਸ਼ ਕਰਕੇ ਇਸਾਈ ਬਣਾਉਣ ਵਿੱਚ ਕਾਮਯਾਬ ਵੀ ਹੋ ਜਾਦੇ ਹਨ. ਤੇਜਦੋਂ ਸੇਰ ਨੰੁ ਸਵਾ ਸੇਰ ਟੱਕਰ ਜਾਵੇ ਫਿਰ ਇਂਨ੍ਹਾ ਦਾ ਇਹੋ ਹੀ ਹਾਲ ਹੁੰਦਾ ਹੈ.