‘ਭਾਈ’ ਰਾਜੋਆਣਾ ਦੀ ਸੋਚ `ਤੇ ਦਿਓ ਹੁਣ ਵੀ ਪਹਿਰਾ ਠੋਕ ਕੇ! --ਸ਼ੌਂਕੀ ਇੰਗਲੈਂਡੀਆ
Posted on:- 28-03-2013
ਜੇਕਰ ਸਿੱਖ ਆਗੂਆਂ ਦੇ ਇਕ ਦੂਜੇ ਦੇ ਖਿਲਾਫ਼ ਨਿੱਤ ਆ ਰਹੇ ਬੇਤੁਕੇ ਬਿਆਨਾਂ ਅਤੇ ਪੰਜਾਬੀ ਮੀਡੀਆ ਦੇ ਕੁਝ ਹਿੱਸੇ ਦੇ ਭੜਕਾਓ ਵਤੀਰੇ ਵੱਲ ਵੇਖੀਏ ਤਾਂ ਜਾਪਦਾ ਹੈ ਕਿ ਸਿੱਖ ਪੰਥ ਵਿੱਚ ਗਦਾਰਾਂ ਦੀ ਗਿਣਤੀ ਅਣਗਿਣਤ ਹੋ ਗਈ ਹੈ। ਜਾਪਦੈ “ਜਬ ਲਗੁ ਦੁਨੀਆਂ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।।” (ਪੰਨਾ 661) ਦੇ ਵਿਚਾਰ `ਤੇ ਸਿੱਖ ਪੰਥ ਵਿੱਚ ਅਣ-ਐਲਾਨੀ ਪਾਬੰਦੀ ਲੱਗ ਗਈ ਹੈ। ਹਾਲਤ ਇਹ ਬਣ ਗਈ ਹੈ ਕਿ ਸਿੱਖ ਪੰਥ ਅੰਦਰ ਵੱਖ ਵੱਖ ਵਿਚਾਰ ਰੱਖਣ ਵਾਲੇ ਆਗੂ ਇਕ ਦੂਜੇ ਨੂੰ ਛੋਟੇ ਛੋਟੇ ਵਖਰੇਵਿਆਂ ਕਾਰਨ ਗਦਾਰ ਗਰਦਾਨ ਰਹੇ ਹਨ। ਵਿਰੋਧੀਆਂ ਨੂੰ ਗਦਾਰੀ ਦੇ ਫਤਵੇ ਦੇਣ ਵਾਲੇ ਏਨੇ ਕਾਹਲੇ ਹਨ ਕਿ ਉਹ ਇਸ ਨੂੰ ਇਕ ਹਥਿਆਰ ਵਜੋਂ ਵਰਤ ਕੇ ਵਿਰੋਧੀਆਂ ਨੂੰ ਚਿੱਤ ਕਰਨਾ ਚਾਹੁੰਦੇ ਹਨ।
ਕੱਟੜਪੰਥੀਏ ਅਤੇ ਗਰਮ-ਤਬੀਤੀਏ ਤਾਂ ਵਿਰੋਧੀਆਂ ਨੂੰ ਗਦਾਰ ਆਖਣਾ ਆਪਣਾ ਜਮਾਂਦਰੂ ਹੱਕ ਸਮਝਦੇ ਹਨ। ਉਂਝ ਸਿੱਖਾਂ ਅੰਦਰ ਇਹਨਾਂ ਦੀ ਸਾਖ ਬਹੁਤ ਕਮਜ਼ੋਰ ਹੈ। ਪੰਜਾਬ ਅੰਦਰ ਤਾਂ ਇਹਨਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਹੈ ਅਤੇ ਇਹ ਵਿਦੇਸ਼ੀ ਵੱਖਵਾਦੀਆਂ ਬੱਲਬੂਤੇ ਹੀ ਰੌਲਾ ਰੱਪਾ ਪਾਈ ਜਾ ਰਹੇ ਹਨ। ਹੁਣੇ ਮੋਗਾ ਵਿੱਚ ਹੋਈ ਜਿ਼ਮਨੀ ਚੋਣ ਵਿੱਚ ਸਪਸ਼ਟ ਤੌਰ `ਤੇ ਖਾਲਿਸਤਾਨ ਮੰਗਣ ਵਾਲੇ ਮਾਨ ਦਲ ਦੇ ਉਮੀਦਵਾਰ ਨੂੰ 822 ਵੋਟਾਂ ਮਿਲੀਆ ਸਨ ਜਦ ਕਿ ਇਕ ਅਜ਼ਾਦ ਉਮੀਦਵਾਰ ਵੀ 700 ਵੋਟਾਂ ਲੈ ਗਿਆ ਸੀ। ਇੰਝ ਅਜ਼ਾਦ ਉਮੀਦਵਾਰ ਨਾਲੋਂ ਖਾਲਿਸਤਾਨੀ ਉਮੀਦਵਾਰ ਦਾ ਫਰਕ ਸਿਰਫ਼ 122 ਵੋਟਾਂ ਦਾ ਸੀ। ਸ਼ੌਂਕੀ ਇਹ ਆਖਣਾ ਚਾਹੇਗਾ ਕਿ ਇਹ 122 ਵੋਟਾਂ ਖਾਲਿਸਤਾਨੀ ਸੋਚ ਵਾਲਿਆਂ ਦੀਆਂ ਹੋ ਸਕਦੀਆਂ ਹਨ।
ਗਦਾਰੀ ਦੇ ਫਤਵੇ ਵੰਡਣ ਦੇ ਹੱਕ `ਤੇ ਸਿੱਖ ਕੱਟੜਪੰਥੀਆਂ ਨੇ ਪਿਛਲੇ 28-30 ਸਾਲਾਂ ਤੋਂ ਅਜ਼ਾਰੇਦਾਰੀ ਕਾਇਮ ਕੀਤੀ ਹੋਈ ਹੈ। ਸਿਰਫ਼ ਉਹਨਾਂ ਨੂੰ ਹੀ ਹੱਕ ਹੈ ਕਿ ਉਹ ਨਰਮ ਖਿਆਲੀਆਂ ਨੂੰ ਗਦਾਰ ਆਖਣ ਅਤੇ ਨਰਮ ਖਿਆਲੀਆਂ ਨੇ ਚੁੱਪ ਰਹਿ ਕੇ ਇਹ ਹੱਕ ਉਹਨਾਂ ਦਾ ਰਾਖਵਾਂ ਹੋਣਾ ਕਬੂਲ ਲਿਆ ਲਗਦੈ। ਇਸ ਦਾ ਨੁਕਸਾਨ ਹੁਣ ਕੱਟੜਪੰਥੀਆਂ ਨੂੰ ਹੀ ਹੋ ਰਿਹਾ ਹੈ, ਹੁਣ ਉਹ ਇਹ ਹਥਿਆਰ ਇਕ ਦੂਜੇ ਦੇ ਖਿਲਾਫ਼ ਵਰਤ ਰਹੇ ਹਨ। ਕਥਿਤ “ਭਾਈ’ ਰਾਜੋਆਣਾ ਦੇ ਮਾਮਲੇ ਵਿੱਚ ਜੋ ਤੂੰ ਤੂੰ ਮੈਂ ਮੈਂ ਸਿੱਖ ਕੱਟੜਪੰਥੀਆਂ ਦੀ ਆਪਸ ਵਿੱਚ ਹੋ ਰਹੀ ਹੈ ਉਸ ਦਾ ਉਹ ਕੋਈ ਹੱਲ ਨਹੀਂ ਕਰ ਸਕੇ।
ਠਈਆ ਠੱਪਾ ਕਰ ਕੇ ਉਹ ਇਸ ਮਾਮਲੇ ਨੂੰ ਪਿਛਲੇ ਸਾਲ ਤੋਂ ਹੀ ਦੱਬਣ ਦੀ ਕੋਸਿ਼ਸ਼ ਕਰਦੇ ਰਹੇ ਹਨ ਪਰ ਇਹ ਫਿਰ ਭਖ ਪੈਂਦਾ ਹੈ ਕਿਉਂਕਿ ਇਕਸੁਰਤਾ ਵਾਸਤੇ ਸਾਰਥਿਕ ਅਧਾਰ ਹੈ ਹੀ ਨਹੀਂ ਹੈ। ਮਾਨ ਦਲ ਅਤੇ ਬਿਟੂ ਦਲ ਦੀ ਆਪਸ ਵਿੱਚ “ਕੱਚੀ” ਪਾਈ ਹੋਈ ਹੈ ਅਤੇ ਸ: ਸਿਮਰਨਜੀਤ ਸਿੰਘ ਮਾਨ ਤਾਂ ਦਲਜੀਤ ਸਿੰਘ ਬਿੱਟੂ ਨੂੰ ਪੁਲਿਸ ਕੈਟ ਦਾ ਫਤਵਾ ਵੀ ਸੁਣਾ ਚੁੱਕੇ ਹਨ। ਜਿਸ ਦਾ ਸਪਸ਼ਟ ਭਾਵ ਹੈ ਕਿ ਸ: ਮਾਨ ਉਸ ਨੂੰ ਦੁਸ਼ਮਣ ਦਾ ਏਜੰਟ ਭਾਵ ਗਦਾਰ ਸਮਝ ਰਹੇ ਹਨ।
ਸ਼ੌਂਕੀ ਨੂੰ ਹੈਰਾਨੀ ਨਹੀਂ ਹੋਈ ਜਦ ਅਮਰੀਕਾ ਵਾਲੇ ਵੈਦ ਜੀ ਇਸ ਮਾਮਲੇ ਬਾਰੇ ਕੋਈ ਸਪਸ਼ਟ ਜਵਾਬ ਨਾ ਦੇ ਸਕੇ। ਅਕਸਰ ਲੰਬੀਆਂ ਲੰਬੀਆਂ ਲੱਛੇਦਾਰ ਗੱਲਾਂ ਕਰਨ ਵਾਲੇ ਵੈਦ ਜੀ ਇਸ ਮਾਮਲੇ ਵਿੱਚ ਲਾ-ਜੁਵਾਬ ਹੋ ਗਏ। ਵੈਦ ਜੀ ਦੇ ਚੇਲੇ ਚਾਟੜੇ ਵੀ ਇਸ ਮਾਮਲੇ ਵਿੱਚ ਬਹੁਤ ਫਿਕਰਮੰਦ ਜਾਪਦੇ ਹਨ। ਉਹਨਾਂ ਨਾਲ “ਆਪੂੰ ਫਾਥੜੀਏ ਤੈਨੂੰ ਕੌਣ ਛੁਡਾਏ” ਵਾਲੀ ਹੋ ਰਹੀ ਹੈ। ਉਹ ਆਪਣੇ ਬ੍ਰਹਮ-ਅਸਤਰ, “ਗਦਾਰੀ” ਦੇ ਫਤਵੇ ਵਲੋਂ ਕੀਤੀ ਜਾ ਰਹੀ ਤਬਾਹੀ ਸਾਹਮਣੇ ਬੇਵੱਸ ਮਹਿਸੂਸ ਕਰਦੇ ਹਨ। ਵੈਦ ਜੀ ਕਦੇ ਆਪਣੇ ਖਿਲਾਫ ਲਾਏ ਜਾਂਦੇ ਦੋਸ਼ਾਂ ਦਾ ਜੁਵਾਬ ਨਹੀਂ ਦਿੰਦੇ। ਉਹਨਾਂ `ਤੇ ਦੋਸ਼ ਲਗਾਉਣ ਵਾਲੇ ਵੀ ਉਹਨਾਂ ਦੇ ਆਪਣੇ ਖਾਲਿਸਤਾਨੀ ਹੀ ਹਨ। ਕੌਂਸਲ ਆਫ਼ ਖਾਲਿਸਤਾਨ ਅਤੇ ਦਲ ਖਾਲਸਾ ਅਲਾਇੰਸ ਨਾਮ ਦੇ ਸੰਗਠਨ ਹੁਣ ਤੱਕ ਕੋਤਰ ਸੌ ਤੋਂ ਵੱਧ ਸਵਾਲ ਵੈਦ ਜੀ ਦੇ ਬਾਰੇ ਵਿੱਚ ਖੜੇ ਕਰ ਚੁੱਕੇ ਹਨ ਜਿਹਨਾਂ ਵਿਚੋਂ ਵੈਦ ਜੀ ਨੇ ਕਦੇ ਕਿਸੇ ਇਕ ਸਵਾਲ ਦਾ ਜੁਵਾਬ ਵੀ ਨਹੀਂ ਦਿੱਤਾ। ਖਾਲਿਸਤਾਨ ਦੇ ਏਡੇ ਵੱਡੇ ਫਲਸਫਾਕਾਰ ਦਾ ਆਪਣੇ ਪਿਛੋਕੜ ਬਾਰੇ ਕੀਤੇ ਜਾ ਰਹੇ ਸਵਾਲਾਂ ਬਾਰੇ ਖਾਮੋਸ਼ ਹੋ ਜਾਣਾ ਬਹੁਤ ਅਚੰਭੇ ਵਾਲੀ ਗੱਲ ਹੈ।
`84 ਤੋਂ ਬਾਅਦ ਖੂੰਖਾਰ ਦਹਿਸ਼ਤਗਰਦਾਂ ਨੂੰ ਸ਼ਹੀਦ ਦੱਸਣ ਅਤੇ ਠਰੰਮੇ ਨਾਲ ਗੱਲ ਕਰਨ ਵਾਲਿਆਂ ਨੂੰ ਗਦਾਰ ਦੱਸਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ, ਉਸ ਨਾਲ ਕਈ “ਖੁਸਲਹਾਲ” ਹੋ ਗਏ ਹਨ। ਕਈ ਜਿਹਨਾਂ ਨੂੰ ਮੁਸ਼ਕਲ ਨਾਲ ਦੋ ਵਕਤ ਦੀ ਰੋਟੀ ਮਿਲਦੀ ਸੀ ਉਹ ਮਾਲੋਮਾਲ ਹੋ ਗਏ ਹਨ। ਪਹਿਲਾਂ ਕਈ ਢਾਡੀਆਂ ਨੇ ਦਹਿਸ਼ਤਗਰਦਾਂ ਨੂੰ ਸ਼ਹੀਦ ਦੱਸਣ ਵਾਲੀਆਂ ਵਾਰਾਂ ਗਾ ਗਾ ਕੇ ਮਾਇਆ ਇਕੱਠੀ ਕੀਤੀ ਸੀ ਅਤੇ ਫਿਰ ਕਈ ਗੀਤ ਗਾਉਣ ਵਾਲਿਆਂ ਨੇ ਵੀ ਮਾਇਆ ਦੀ ਵਗਦੀ ਗੰਗਾ ਵਿੱਚ ਇਸਲਨਾਨ ਕਰ ਲਿਆ। ਫਿਰ ਵਾਰੀ ਵੀਡੀਓ ਬਨਾਉਣ ਵਾਲਿਆਂ ਦੀ ਆ ਗਈ ਅਤੇ ਹੁਣ ਦਹਿਸ਼ਤਗਰਦਾਂ ਨੂੰ ਸ਼ਹੀਦ ਸਾਬਤ ਕਰਨ ਲਈ “ਡਾਕੂਮਿੰਟਰੀ” ਦੱਸ ਕੇ ਫਿਲਮਾਂ ਬਨਾਉਣ ਵਾਲਿਆਂ ਦੀ ਵਾਰੀ ਆ ਗਈ ਹੈ। ਦਾਅਵੇ ਕਰਦੇ ਹਨ ਕਿ ਪੰਜਾਬ ਵਿਚ ਕਤਲੋਗਾਰਤ ਤਾਂ ਪੁਲਿਸ ਕੈਟਾਂ ਨੇ ਕੀਤੀ ਹੈ, ਅਖੇ ਅਸਾਲਟਾਂ ਲੈ ਕੇ ਆਦਮ ਬੋ ਆਦਮ ਬੋ ਕਰਨ ਵਾਲੇ ਤਾਂ “ਸ਼ਹੀਦ” ਸਨ। ਸ਼ੌਂਕੀ ਜਾਨਣਾ ਚਾਹੁੰਦੈ ਕਿ ਜਿਹਨਾਂ ਲੋਕਾਂ ਨੂੰ ਖਾਲਿਸਤਨੀ ਆਗੂ ਸ: ਸਿਮਰਨਜੀਤ ਸਿੰਘ ਮਾਨ ਕੈਟਾਂ ਆਖਦੇ ਹਨ, ਉਹ ਕਿਸ ਖਾਨੇ ਵਿੱਚ ਫਿੱਟ ਆਉਂਦੇ ਹਨ?
ਕਥਿਤ ਜ਼ਿੰਦਾ ਸ਼ਹੀਦ ਰਾਜੋਆਣਾ ਦਾ ਮਾਮਲਾ ਵੀ ਬਹੁਤ ਹੈਰਾਨੀ ਵਾਲਾ ਹੈ। ਜਦ ਕਸ਼ਮੀਰੀ ਦਹਿਸ਼ਤਗਰਦ ਅਫ਼ਜ਼ਲ ਗੁਰੂ ਨੂੰ ਫਾਹੇ ਲਗਾਇਆ ਗਿਆ ਤਾਂ “ਭਾਈ” ਰਾਜੋਆਣਾ ਨੇ ਇਕ ਲੰਬੀ ਚੌੜੀ ਚਿੱਠੀ ਜਾਰੀ ਕਰ ਦਿੱਤੀ। ਪੰਥ ਦੇ ਕਥਿਤ ਦਰਦੀ ਅਖਬਾਰਾਂ ਨੇ ਰਾਜੋਆਣਾ ਦੇ ਇਸ ਖ਼ਤ ਅਤੇ ਖ਼ਤ ਵਿਚਲੇ ਬਿਆਨ ਨੂੰ ਬਹੁਤ ਉਛਾਲਿਆ। ਰਾਜੋਆਣਾ ਦੇ ਹਵਾਲੇ ਨਾਲ ਇਹ ਬਿਆਨ ਛਪ ਗਏ ਕਿ ਮੈਂ ਫਾਂਸੀ ਤੋਂ ਨਹੀਂ ਡਰਦਾ, ਲਾਓ ਮੈਨੂੰ ਫਾਂਸੀ, ਮੈਂ ਕਿਸੇ ਨੂੰ ਰਹਿਮ ਦੀ ਅਪੀਲ ਕਰਨ ਨੂੰ ਨਹੀਂ ਆਖਿਆ। ਆਪੂੰ ਬਣੇ ਪੰਥਕ ਹਲਕਿਆਂ ਨੇ ਥਾਪੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਰਾਜੋਆਣਾ ਅਸਲ ਸਿੱਖੀ ਸਪਿਰਟ ਵਾਲੀ ਗੱਲ ਕਰ ਰਿਹਾ ਹੈ, ਵੇਖੋ ਹਾਕਮੋ! ਰਾਜੋਆਣਾ ਮੌਤ ਨੂੰ ਮਖੌਲ ਕਰ ਰਿਹਾ ਹੈ!
ਫਿਰ ਭਾਰਤੀ ਮੀਡੀਏ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਕਿ ਹੁਣ ਕਿਸ ਨੂੰ ਫਾਂਸੀ ਲਟਕਾਇਆ ਜਾਏਗਾ? ਇੰਝ ਰਾਜੋਆਣਾ, ਭੁੱਲਰ, ਰਾਜੀਵ ਦੇ ਕਾਤਲ, 20 ਦੇ ਕਰੀਬ ਪੁਲਸੀਆਂ ਨੂੰ ਮਾਰਨ ਵਾਲੇ ਕਰਨਾਟਕਾ ਦੇ ਡਾਕੂਆਂ ਅਤੇ ਸਮਝੌਤਾ ਐਕਸਪ੍ਰੈਸ `ਤੇ ਬੰਬ ਹਮਲਾ ਕਰਨ ਵਾਲੇ ਹਿੰਦੂ ਦਹਿਸ਼ਤਗਰਦਾਂ ਦੇ ਨਾਮ ਚਰਚਾ ਵਿੱਚ ਆ ਗਏ। ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਤਾਂ ਪੰਜਾਬ ਦੇ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਸਵਾਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਦੀ ਵਾਰੀ ਛੱਡ ਕੇ ਪਹਿਲਾਂ ਅਫ਼ਜ਼ਲ ਗੁਰੂ ਨੂੰ ਫਾਂਸੀ ਦੇਣ `ਤੇ ਸਖ਼ਤ ਇਤਰਾਜ਼ ਵੀ ਕੀਤਾ। ਕੁਝ ਦਿਨ ਤਾਂ ਰਾਜੋਆਣਾ ਸਮੇਤ ਕਈਆਂ ਦੀ ਫਾਂਸੀ ਆਈ ਕਿ ਆਈ ਵਾਲੀ ਗੱਲ ਜਾਪਦੀ ਸੀ ਅਤੇ ਇਕ ਦਿਨ ਇਕ ਕਥਿਤ ਪੰਥਕ ਅਖ਼ਬਾਰ ਨੇ ਰਾਜੋਆਣਾ ਨੂੰ ਦਿੱਲੀ ਲੈਜਾਣ ਦੀ ਖ਼ਬਰ ਵੀ ਲਗਾ ਦਿੱਤੀ ਸੀ।
ਇਸ ਦੌਰਾਨ ਰਾਜੋਆਣਾ ਦੀ ਮੂੰਹ ਬੋਲੀ ਭੈਣ ਨੂੰ ਵੀ ਖੇਡ ਖਤਮ ਹੁੰਦੀ ਜਾਪੀ ਅਤੇ ਉਸ ਨੂੰ ਆਪਣੇ ਸਮਰਥਕ ਅਕਾਲੀ ਆਗੂ ਵੀ ਕੰਨੀ ਕਤਰਾਉਂਦੇ ਹੀ ਜਾਪੇ। ਬੀਬੀ ਨੇ ਝੱਟ ਬਿਆਨ ਦਾਗ ਦਿੱਤਾ ਕਿ ਮੀਡੀਏ ਨੇ ਰਾਜੋਆਣਾ ਦਾ ਬਿਆਨ ਤਰੋੜ ਮਰੋੜ ਕੇ ਛਾਪਿਆ ਹੈ, ਉਸ ਨੇ ਕਦੇ ਨਹੀਂ ਕਿਹਾ ਕਿ ਮੈਨੂੰ ਫਾਹੇ ਲਗਾਓ। ਅਖੇ ਉਸ ਨੇ ਤਾਂ ਏਨਾਂ ਹੀ ਕਿਹਾ ਸੀ ਕਿ ਮੈਨੂੰ ਭਾਰਤੀ ਕਾਨੂੰਨ ਅਤੇ ਅਦਾਲਤਾਂ ਵਿੱਚ ਵਿਸ਼ਵਾਸ ਨਹੀਂ ਹੈ। ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਵੀ ਰਾਜੋਆਣਾ ਦਾ ਫਿਕਰ ਲੱਗ ਗਿਆ ਕਿਉਂਕਿ ਜਥੇਦਾਰ ਨੇ ਹੱਦ ਦਰਜੇ ਦੀ ਮੌਕਾਪ੍ਰਸਤੀ ਵਿਖਾਉਂਦਿਆਂ ਆਪਣੇ ਸਿਆਸੀ ਮਾਲਕਾਂ ਦੇ ਕਹੇ ਰਾਜੋਆਣਾ ਨੂੰ ਜਿ਼ੰਦਾ ਸ਼ਹੀਦ ਦਾ ਖਿਤਾਬ ਦਿੱਤਾ ਹੋਇਆ ਸੀ।
ਕੁਝ ਦਿਨ ਚੁੱਪ ਵਰਤ ਗਈ ਅਤੇ ਮਾਮਲਾ ਸ਼ਾਂਤ ਹੋ ਗਿਆ। ਖਾਲਿਸਤਾਨੀ ਲਾਬੀ ਨੂੰ ਇਹ ਮਨਜ਼ੂਰ ਨਹੀਂ ਸੀ ਅਤੇ ਉਹਨਾਂ ਰਾਜੋਆਣਾ ਤੇ ਭੁੱਲਰ ਨੂੰ ਬਚਾਉਣ ਵਾਸਤੇ ਇਕ ਕਰੋੜ ਦਸਤਖਤਾਂ ਵਾਲੀ ਪਟੀਸ਼ਨ ਦਾ ਐਲਾਨ ਕਰ ਦਿੱਤਾ। ਇਸ ਪਟੀਸ਼ਨ `ਤੇ ਦੇਸ਼ ਵਿਦੇਸ਼ ਵਿੱਚ ਵਿਸਾਖੀ ਤੇ ਹੌਲੇ ਮੁਹੱਲੇ ਵਰਗੇ ਤਿਉਹਾਰਾਂ ਮੌਕੇ ਗੁਰਦਵਾਰਿਆਂ ਵਿੱਚ ਵੱਡੀ ਪੱਧਰ `ਤੇ ਦਸਤਖ਼ਤ ਕਰਵਾਉਣ ਦੀ ਮੁਹਿੰਮ ਵਿੱਡਣ ਦਾ ਪ੍ਰੋਗਰਾਮ ਬਣਾ ਲਿਆ।
ਪਰ ਰਾਜੋਆਣਾ ਨੇ ਤਾਂ ਕਦੇ ਕਿਸੇ ਅੱਗੇ ਆਪਣੇ ਆਪ ਦੇ ਬਚਾਓ ਲਈ ਅਪੀਲ ਹੀ ਨਹੀਂ ਕੀਤੀ ਅਤੇ ਨਾ ਉਹ ਕਰਨੀ ਚਾਹੁੰਦਾ ਹੈ। ਰਾਜੋਆਣਾ ਜਾਣਦਾ ਹੈ ਕਿ ਉਸ ਦਾ ਨਾਮ ਵਰਤ ਕੇ ਕੁਝ ਲੋਕ ਆਪਣੇ ਮੁਫ਼ਾਦ ਪਾਲਣੇ ਚਾਹੁੰਦੇ ਹਨ। ਰਾਜੋਆਣਾ ਨੇ ਫਿਰ ‘ਸਿਧਾਂਤਕ’ ਸਟੈਂਡ ਲੈਦਿਆਂ ਮਿਜ਼ਾਈਲ ਵਰਗਾ ਇਕ ਖ਼ਤ ਦਾਗ ਦਿੱਤਾ। ਇਸ ਖ਼ਤ ਵਿੱਚ ਰਾਜੋਆਣਾ ਨੇ ਕਥਿਤ ਪੰਥਕ ਅਖ਼ਬਾਰ ਪਹਿਰੇਦਾਰ ਨੂੰ ਆਪਣਾ ਮੁੱਖ ਨਿਸ਼ਾਨਾ ਬਣਾਇਆ ਜਿਸ ਨੇ ਹੋਲੇ ਮੁਹੱਲੇ ਮੌਕੇ ਗੁਰਦਵਾਰੇ ਵਿੱਚ ਪਟੀਸ਼ਨ `ਤੇ ਦਸਤਖਤ ਕਰਵਾਉਣ ਵਾਸਤੇ 10 ਕਾਉਂਟਰ ਖੋਹਲਣ ਦਾ ਐਲਾਨ ਕੀਤਾ ਸੀ। ਪਟੀਸ਼ਨ `ਤੇ ਦਸਤਖ਼ਤ ਕਰਵਾਉਣ ਦਾ ਵਿਰੋਧ ਰਾਜੋਆਣਾ ਨੇ ਆਪਣੇ ਖ਼ਤ ਵਿੱਚ ਇੰਝ ਕੀਤਾ, “ਕਿਸੇ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਇਨ੍ਹਾਂ ਅਪੀਲ ਕਰਦੇ ਕਾਗਜ਼ਾਂ ਤੇ ਦਸਤਖ਼ਤ ਕਰਵਾਉਣ ਲਈ ਕਾਊਂਟਰ ਗੁਰੂ ਘਰਾਂ ਵਿਚ ਨਹੀਂ ਸਗੋਂ ਕਾਊਟਰ ਸਿਨੇਮੇ ਘਰਾਂ ਵਿਚ, ਸ਼ਾਪਿੰਗ ਮਾਲਾਂ ਵਿਚ, ਸ਼ਰਾਬ ਦੇ ਠੇਕਿਆਂ ਤੇ, ਸ਼ਰਾਬ ਪੀਣ ਵਾਲੇ ਹਾਤਿਆਂ ਵਿਚ ਲਗਾਏ ਜਾਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘੱਟੋ ਤੋਂ ਘੱਟ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਤਾਂ ਨਹੀਂ ਉਡੇਗਾ!”
ਹੁਣ ਇਕ ਹੋਰ ਖ਼ਤ ਵਿੱਚ ਰਾਜੋਆਣਾ ਨੇ ਸ: ਸਿਮਰਨਜੀਤ ਸਿੰਘ ਮਾਨ ਅਤੇ ਸਪੋਕਸਮੈਨ ਅਖ਼ਬਾਰ ਨੂੰ ਇੰਝ ਧਰ ਲਿਆ ਹੈ, “ਖਾਲਸਾ ਜੀ, 7 ਮਾਰਚ ਦੇ ਸਪੋਕਸਮੈਨ ਅਖ਼ਬਾਰ ਵਿੱਚ ਜੋ ਮੈਨੂੰ ਦਿੱਲੀ ਭੇਜ ਕੇ ਫਾਂਸੀ ਦੇਣ ਸਬੰਧੀ ਬਿਨਾਂ ਕਿਸੇ ਸਬੰਧਿਤ ਅਧਿਕਾਰੀਆਂ ਤੋਂ ਪੁਸਟੀ ਕੀਤੇ ਬਿਲਕੁਲ ਹੀ ਝੂਠੀਆਂ ਖ਼ਬਰਾਂ ਛਾਪ ਕੇ ਖਾਲਸਾ ਪੰਥ ਨੂੰ ਗੁਮਰਾਹ ਕਰਕੇ ਖਾਲਸਾਈ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ ਕੀਤੀ ਹੈ ਅਤੇ ਇਹਨਾਂ ਝੂਠੀਆਂ ਖ਼ਬਰਾਂ ਬਾਰੇ ਜਾਣਦੇ ਹੋਏ ਵੀ ਮੋਗਾ ਵਿਧਾਨ ਸਭਾ ਵਿੱਚ 822 ਵੋਟਾਂ ਪ੍ਰਾਪਤ ਕਰਕੇ ਇਤਿਹਾਸ ਸਿਰਜਣ ਵਾਲੇ ਦਿੱਲੀ ਦਰਬਾਰੀ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ ਆਪਣੀ ਗੰਭੀਰ ਬਿਮਾਰੀ ਤੋਂ ਅਚਾਨਕ ਹੀ ਉਂਠ ਖੜ੍ਹੇ ਹੋਏ ਅਤੇ ਮੇਰੇ ਨਾਲ ਹਮਦਰਦੀ ਪ੍ਰਗਟ ਕਰਨ ਦਾ ਢੋਂਂਗ ਕਰਦਾ ਹੈ। ਜਦੋਂ ਕਿ ਕਈ ਵਾਰੀ ਮੈਂ ਇਹ ਸਪੱਸਟ ਕਰ ਚੁੱਕਾ ਹਾਂ ਕਿ ਮੈਨੂੰ ਮਾਨ ਵਰਗੇ ਜਾਂ ਹੋਰ ਪੰਥਕ ਮਾਖੌਟੇ ਵਿਚ ਵਿਚਰਦੇ ਕਾਂਗਰਸੀ ਏਜੰਟਾਂ ਦੀ ਕਿਸੇ ਤਰ੍ਹਾਂ ਦੀ ਹਮਦਰਦੀ ਦੀ ਕੋਈ ਜ਼ਰੂਰਤ ਨਹੀਂ ਹੈ।”
ਇਹ ਵਿਚਾਰ “ਭਾਈ” ਰਾਜੋਆਣਾ ਦੇ ਹਨ, ਸ਼ੌਂਕੀ ਨੇ ਇਹਨਾਂ ਵਿੱਚ ਮਾਸਾ ਭਰ ਵੀ ਛੇੜਛਾੜ ਨਹੀਂ ਕੀਤੀ। “ਭਾਈ” ਰਾਜੋਆਣਾ ਦੇ ਖ਼ਤਾਂ ਵਿੱਚ ਕਥਿਤ ਪੰਥਕ ਅਖ਼ਬਾਰਾਂ ਅਤੇ ਆਗੂਆਂ ਬਾਰੇ ਬਹੁਤ ਕੁਝ ਹੋਰ ਵੀ ਲਿਖਿਆ ਗਿਆ ਹੈ। ਸੁਖ ਨਾਲ ਹੁਣ ਤਾਂ ਰਾਜੋਆਣਾ ਦੇ ਖ਼ਤ ਵੀ ਕਈ ਆ ਗਏ ਹਨ ਜੋ ਉਸ ਦੀ ਵੈੱਬਸਾਈਟ `ਤੇ ਪਏ ਹਨ। ਕਥਿਤ ਪੰਥਕ ਧਿਰਾਂ ਵਾਸਤੇ “ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ” ਵਾਲੀ ਹਾਲਤ ਬਣ ਗਈ ਹੈ। ਜੋ ਕੱਲ ਤੱਕ “ਰਾਜੋਆਣਾ ਤੇਰੀ ਸੋਚ `ਤੇ ਪਹਿਰਾ ਦਿਆਂਗੇ ਠੋਕ ਕੇ” ਚੀਖਦੇ ਸਨ ਅੱਜ ਬਹੁਤ ਕਸੂਤੇ ਫਸ ਗਏ ਹਨ। ਸ਼ੌਂਕੀ ਨੂੰ ਜਾਪਦੈ ਕਿ ਹੁਣ ਸਰਕਾਰ ਭਾਵੇਂ ਆਖੇ ਕਿ ਰਾਜੋਆਣਾ ਨੂੰ ਅਜੇ ਫਾਹੇ ਨਹੀ ਲਗਾਉਣਾ ਪਰ ਕਈ ਕਥਿਤ ਪੰਥ “ਦਰਦੀ” “ਚੁੱਪ-ਅਰਦਾਸਾਂ” ਕਰ ਰਹੇ ਹੋਣਗੇ ਕਿ ਰਾਜੋਆਣਾ ਨੂੰ ਜਲਦ ਫਾਂਸੀ ਲਟਕਾ ਦਿੱਤਾ ਜਾਵੇ। ਹੁਣ “ਭਾਈ ਰਾਜੋਆਣਾ ਤੇਰੀ ਸੋਚ `ਤੇ ਪਹਿਰਾ ਦਿਆਂਗੇ ਠੋਕ ਕੇ” ਆਖਣ ਦਾ ਇਹ ਅਰਥ ਹੋਵੇਗਾ ਕਿ ਕਈ ਮਹਾਨ ਖਾਲਿਸਤਾਨੀ ਆਗੂ ਅਤੇ ਪੰਥਕ ਅਦਾਰੇ “ਗਦਾਰ” ਹਨ। “ਭਾਈ ਰਾਜੋਆਣਾ ਦੀ ਸੋਚ `ਤੇ ਦਿਓ ਹੁਣ ਪਹਿਰਾ ਠੋਕ ਕੇ!”
Mp Singh
ਪੰਥਕ ਧਿਰਾਂ ਵਾਸਤੇ “ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ” ਵਾਲੀ ਹਾਲਤ ਬਣ ਗਈ ਹੈ। ਜੋ ਕੱਲ ਤੱਕ “ਰਾਜੋਆਣਾ ਤੇਰੀ ਸੋਚ `ਤੇ ਪਹਿਰਾ ਦਿਆਂਗੇ ਠੋਕ ਕੇ” ਚੀਖਦੇ ਸਨ ਅੱਜ ਬਹੁਤ ਕਸੂਤੇ ਫਸ ਗਏ ਹਨ। ਜਾਪਦੈ ਕਿ ਹੁਣ ਸਰਕਾਰ ਭਾਵੇਂ ਆਖੇ ਕਿ ਰਾਜੋਆਣਾ ਨੂੰ ਅਜੇ ਫਾਹੇ ਨਹੀ ਲਗਾਉਣਾ ਪਰ ਕਈ ਕਥਿਤ ਪੰਥ “ਦਰਦੀ” “ਚੁੱਪ-ਅਰਦਾਸਾਂ” ਕਰ ਰਹੇ ਹੋਣਗੇ ਕਿ ਰਾਜੋਆਣਾ ਨੂੰ ਜਲਦ ਫਾਂਸੀ ਲਟਕਾ ਦਿੱਤਾ ਜਾਵੇ। ਹੁਣ “ ਰਾਜੋਆਣਾ ਤੇਰੀ ਸੋਚ `ਤੇ ਪਹਿਰਾ ਦਿਆਂਗੇ ਠੋਕ ਕੇ” ਆਖਣ ਦਾ ਇਹ ਅਰਥ ਹੋਵੇਗਾ ਕਿ ਕਈ ਮਹਾਨ ਖਾਲਿਸਤਾਨੀ ਆਗੂ ਅਤੇ ਪੰਥਕ ਅਦਾਰੇ “ਗਦਾਰ” ਹਨ। “