ਪਾਕਿਸਤਾਨ 'ਚ ਕੱਟੜਪੰਥੀ ਦਹਿਸ਼ਤਵਾਦ ਅਤੇ ਘੱਟ ਗਿਣਤੀਆਂ ਦੀ ਦਰਦਨਾਕ ਹਾਲਤ -ਤਨਵੀਰ ਜਾਫ਼ਰੀ
Posted on:- 28-03-2013
ਪਾਕਿਸਤਾਨ ਦੇ ਸੰਸਥਾਪਕ ਅਤੇ ਪਾਕਿ 'ਚ ਕਾਇਦੇ ਆਜ਼ਮ ਦੇ ਨਾਂ ਨਾਲ ਮਸ਼ਹੂਰ ਮੁਹੰਮਦ ਅਲੀ ਜਿੱਨਾ ਨੇ ਇੱਕ ਅਜਿਹੇ ਪਾਕਿਸਤਾਨ ਦੀ ਕਲਪਨਾ ਕੀਤੀ ਸੀ, ਜੋ ਇਸਲਾਮੀ ਹੋਣ ਦੇ ਨਾਲ-ਨਾਲ ਇੱਕ ਧਰਮ-ਨਿਰਪੱਖ ਰਾਸ਼ਟਰ ਵੀ ਹੋਵੇ। ਜੇਕਰ ਪਾਕਿਸਤਾਨ ਦੀ ਸਥਾਪਨਾ ਦੇ ਬੁਨਿਆਦੀ ਸਿਧਾਂਤਾ ਨੂੰ ਦੇਖਿਆ ਜਾਵੇ ਤਾਂ ਇਸ 'ਚ ਉੱਥੇ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕਾਂ ਨੂੰ ਪੂਰੀ ਸੁਰੱਖਿਆ, ਰਾਖਵਾਂਕਰਨ ਅਤੇ ਸਹਿਯੋਗ ਦੇਣ ਦੀ ਗੱਲ ਕਹੀ ਗਈ ਸੀ। ਪਰ ਧਾਰਮਿਕ ਕੱਟੜਤਾ ਨੇ ਪਾਕਿਸਤਾਨ ਨੂੰ ਅੱਜ ਇਸ ਮੋੜ 'ਤੇ ਲਿਆ ਖੜਾ ਕੀਤਾ ਹੈ ਕਿ ਉਹ ਦੁਨੀਆਂ ਦੇ ਅਜਿਹੇ ਦੇਸ਼ਾਂ ਦੀ ਸੂਚੀ 'ਚ ਸਭ ਤੋਂ ਉੱਪਰ ਗਿਣਿਆ ਜਾਣ ਲੱਗਾ ਹੈ, ਜਿੱਥੇ ਘੱਟ-ਗਿਣਤੀ ਭਾਈਚਾਰੇ ਦੇ ਲੋਕ ਖ਼ੁਦ ਨੂੰ ਪੂਰੀ ਤਰ੍ਹਾਂ ਅਸੁਰੱਖਿਅਤ ਮਹਿਸੂਸ ਕਰਦੇ ਰਹੇ ਹਨ।
ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਉੱਥੇ ਘੱਟ ਗਿਣਤੀ ਭਾਈਚਾਰੇ ਦੇ ਵਿਰੁੱਧ ਹੋਣ ਵਾਲੀਆਂ ਹਿੰਸਕ ਘਟਨਾਵਾਂ ਨੂੰ ਰੋਕਣ 'ਚ ਪਾਕਿਸਤਾਨ ਦੀ ਪੁਲਿਸ, ਫੌਜ ਤੇ ਸਰਕਾਰ ਸਾਰੇ ਬੇਸਹਾਰਾ ਨਜ਼ਰ ਆ ਰਹੇ ਨ। ਇਨ੍ਹਾਂ ਦੀ ਇਹ ਲਾਚਾਰੀ ਹੁਣ ਕੇਵਲ ਮਜਬੂਰੀ ਜਾਂ ਲਾਚਾਰੀ ਮਾਤਰ ਨਹੀਂ ਰਹਿ ਗਈ ਹੈ, ਬਲਕਿ ਇਹ ਸਥਿਤੀ ਹੁਣ ਦੁਨੀਆਂ ਦੀਆਂ ਨਜ਼ਰਾਂ 'ਚ ਸ਼ੱਕ ਪੈਦਾ ਕਰਨ ਲੱਗੀ ਹੈ। ਇਹ ਸ਼ੱਕ ਇਸ ਗੱਲ ਦਾ ਹੈ ਕਿ ਕੀ ਘੱਟ-ਗਿਣਤੀ ਭਾਈਚਾਰੇ ਵਿਰੁੱਧ ਨਿੱਤ ਦਿਨ ਹੋਣ ਵਾਲੇ ਹਮਲਿਆਂ ਨੂੰ ਰੋਕਣ 'ਚ ਪਾਕਿਸਤਾਨ ਦੀ ਪੁਲਿਸ, ਫੌਜ ਅਤੇ ਸਰਕਾਰ ਰੋਕਣ 'ਚ ਸਮਰਥ ਨਹੀਂ ਹਨ? ਜਾਂ ਇਨ੍ਹਾਂ ਘਟਨਾਵਾਂ ਨੂੰ ਰੋਕਣਾ ਨਹੀਂ ਚਾਹੁੰਦੀਆਂ? ਜਾਂ ਫਿਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦਹਿਸ਼ਤਵਾਦੀ ਸੰਗਠਨਾਂ ਨੂੰ ਇਨ੍ਹਾਂ ਦੀ ਸਰਪ੍ਰਸਤੀ ਹਾਸਲ ਹੈ?
ਪਾਕਿਸਤਾਨ 'ਚ ਇਸ ਸਮੇਂ ਜਿਨ੍ਹਾਂ ਘੱਟ-ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਨ੍ਹਾਂ 'ਚ ਮੁੱਖ ਤੌਰ 'ਤੇ ਉੱਥੇ ਰਹਿਣ ਵਾਲੇ ਸ਼ਿਆ, ਅਹਿਮਦੀਆ, ਸਿੱਖ, ਹਿੰਦੂ ਤੇ ਇਸਾਈ ਭਾਈਚਾਰੇ ਦੇ ਲੋਕ ਸ਼ਾਮਲ ਹਨ। ਕਈ ਅਜਿਹੀਆਂ ਖ਼ਬਰਾਂ ਵੀ ਸੁਣਨ 'ਚ ਆਈਆਂ ਹਨ, ਜਿੰਨਾਂ ਤੋਂ ਇਹ ਪਤਾ ਚੱਲਦਾ ਹੈ ਕਿ ਹਿੰਦੂ ਭਾਈਚਾਰੇ ਦੇ ਕਈ ਲੋਕਾਂ ਤੋਂ ਜਬਰਨ ਧਰਮ ਤਬਦੀਲ ਕਰਵਾਇਆ ਗਿਆ। ਇਸੇ ਤਰ੍ਹਾਂ ਸਿੱਖ ਵਪਾਰੀਆਂ ਤੋਂ ਜਜ਼ੀਆ ਕਰ ਜ਼ਬਰਦਸਤੀ ਵਸੂਲਣ ਦੀਆਂ ਖ਼ਬਰਾਂ ਵੀ ਆ ਚੁੱਕੀਆਂ ਹਨ। ਘੱਟ-ਗਿਣਤੀ ਦੇ ਧਾਰਮਿਕ ਸਥਾਨਾਂ ਨੂੰ ਵੀ ਨੁਕਸਾਨ ਪਹੁੰਚਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।
ਅਜਿਹੇ ਹੀ ਅੱਤਿਆਚਾਰ ਦੀਆਂ ਘਟਨਾਵਾਂ ਇਸਾਈ ਭਾਈਚਾਰੇ ਦੇ ਲੋਕਾਂ ਨਾਲ ਵੀ ਹੋ ਚੁੱਕੀਆਂ ਹਨ। ਉਨ੍ਹਾਂ ਦੇ ਗਿਰਜਾਘਰਾਂ 'ਚ ਭੰਨ-ਤੋੜ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ। ਪਿਛਲੇ ਦਿਨੀਂ ਇੱਕ ਇਸਾਈ ਕੁੜੀ ਨੂੰ ਈਸ਼ਨਿੰਦਾ ਜਿਹੇ ਕਾਨੂੰਨ 'ਚ ਜਾਣਬੁਝ ਕੇ ਇੱਕ ਢੋਂਗੀ ਮੌਲਵੀ ਦੁਆਰਾ ਫਸਾਉਣ ਦਾ ਮਾਮਲਾ ਸਾਹਮਣੇ ਆਇਆ। ਬਾਅਦ 'ਚ ਪਤਾ ਲੱਗਾ ਕਿ ਉਸ ਪਖੰਡੀ ਮੌਲਵੀ ਨੇ ਖ਼ੁਦ ਕੁਰਾਨ ਸ਼ਰੀਫ਼ ਦੇ ਜਲੇ ਹੋਏ ਟੁਕੜੇ ਉਸ ਇਸਾਈ ਲੜਕੀ ਨੂੰ ਕੂੜੇ ਞਚ ਸੁੱਟ ਕੇ ਆਉਣ ਲਈ ਕਿਹਾ ਸੀ ਅਤੇ ਖ਼ੁਦ ਉਸੇ ਮੌਲਵੀ ਨੇ ਉਸ ਮਾਸੂਮ ਇਸਾਈ ਬੱਚੀ ਨੂੰ ਕੁਰਾਨ ਸ਼ਰੀਫ਼ ਜਲਾਉਣ ਤੇ ਉਸ ਦੀ ਤੌਹੀਨ ਕਰਨ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਸ ਨੂੰ ਈਸ਼ਨਿੰਦਾ ਦਾ ਦੋਸ਼ੀ ਦੱਸਣ ਦਾ ਯਤਨ ਕੀਤਾ। ਇੱਕ ਨੌਜਵਾਨ ਮੁਸਲਿਮ ਗਵਾਹ ਨੇ ਉਸ ਢੋਂਗੀ ਮੌਲਵੀ ਦੀਆਂ ਹਰਕਤਾਂ ਦਾ ਪਰਦਾਫਾਸ਼ ਕੀਤਾ। ਜੇਕਰ ਉਹ ਨੌਜਵਾਨ ਮੌਲਵੀ ਦੇ ਵਿਰੁੱਧ ਗਵਾਹੀ ਦੇ ਕੇ ਉਸ ਨੂੰ ਬੇਨਕਾਬ ਨਾ ਕਰਦਾ ਤਾਂ ਸ਼ਾਇਦ ਉਹ ਬੇਗੁਨਾਹ ਇਸਾਈ ਬੱਚੀ ਈਸ਼ਨਿੰਦਾ ਕਾਨੂੰਨ ਦੀ ਭੇਟ ਚੜ੍ਹ ਜਾਂਦੀ।
ਪਾਕਿਸਤਾਨ 'ਚ ਅਹਿਮਦੀਆ ਤੇ ਸ਼ਿਆ ਭਾਈਚਾਰੇ ਵੀ ਇਸ ਸਮੇਂ ਵੱਡੇ ਪੈਮਾਨੇ 'ਤੇ ਸਾਜਿਸ਼ ਤੇ ਫ਼ਿਰਕੂ ਹਿੰਸਾ ਦੇ ਸ਼ਿਕਾਰ ਹੋ ਰਹੇ ਹਨ। ਆਹਿਮਦੀਆ ਅਤੇ ਸ਼ਿਆ ਦੋਵੇਂ ਹੀ ਭਾਈਚਾਰਿਆਂ ਦੇ ਲੋਕ ਹਾਲਾਂਕਿ ਖ਼ੁਦ ਨੂੰ ਮੁਸਲਮਾਨ ਕਹਿੰਦੇ ਹਨ, ਦੋਵੇਂ ਹੀ ਅੱਲਾਹ, ਕੁਰਾਨ ਸ਼ਰੀਫ਼ ਤੇ ਹਜ਼ਰਤ ਮੁਹੰਮਦ ਨੂੰ ਹੋਰ ਮੁਸਲਮਾਨਾਂ ਦੀ ਤਰ੍ਹਾਂ ਹੀ ਪੂਰਾ ਸਨਮਾਨ ਦਿੰਦੇ ਹਨ। ਪਰ ਵਹਾਬੀ ਭਾਈਚਾਰਾ ਇਨ੍ਹਾਂ ਨੂੰ ਮੁਸਲਮਾਨ ਮੰਨਣ ਤੋਂ ਇਨਕਾਰ ਕਰਦਾ ਹੈ। ਫ਼ਿਰਕੂ ਮਤਭੇਦ ਹੁਣ ਇਸ ਹੱਦ ਤੱਕ ਆ ਪਹੁੰਚੇ ਹਨ ਕਿ ਇਨ੍ਹਾਂ ਵਹਾਬੀ ਵਿਚਾਰਧਾਰਾ ਦੇ ਲੋਕਾਂ ਦੀ ਸੁਰੱਖਿਆ 'ਚ ਚਲਾਏ ਜਾਣ ਵਾਲੇ ਦਹਿਸ਼ਤਵਾਦੀ ਸੰਗਠਨ, ਜਿਨ੍ਹਾਂ 'ਚ ਸਿਪਾਹੇ ਸਹਾਬਾ ਤੇ ਲਸ਼ਕਰੇ ਝਾਂਗਵੀ ਦੇ ਨਾਂ ਪ੍ਰਮੁੱਖ ਹਨ, ਇਨ੍ਹਾਂ ਭਾਈਚਾਰਿਆਂ ਦੇ ਲੋਕਾਂ ਦੇ ਸ਼ਰੇਆਮ ਕਤਲ ਕਰਦੇ ਫਿਰਦੇ ਰਹੇ ਹਨ। ਇਨ੍ਹਾਂ ਦੇ ਧਾਰਮਿਕ ਸਥਾਨਾਂ ਮਸਜਿਦਾਂ, ਇਮਾਮ ਬਾਰਗਾਹਾਂ, ਦਰਗਾਹਾਂ ਆਦਿ ਨੂੰ ਨਿਸ਼ਾਨਾ ਬਣਾ ਰਹੇ ਹਨ। ਹੱਦ ਤਾਂ ਇਹ ਹੈ ਕਿ ਘੱਟ-ਗਿਣਤੀ ਤੋਂ ਇਲਾਵਾ ਖ਼ੁਦ ਬਹੁ-ਗਿਣਤੀ ਸਮਾਜ ਦਾ ਇੱਕ ਵੱਡਾ ਵਰਗ, ਜਿਸ ਨੂੰ ਬਰੇਲਵੀ ਵਿਚਾਰਧਾਰਾ ਦਾ ਮੁਸਲਮਾਨ ਕਿਹਾ ਜਾਂਦਾ ਹੈ ਜਾਂ ਸੂਉਂੀਵਾਦ ਦਾ ਪੈਰੋਕਾਰ ਮੰਨਿਆ ਜਾਂਦਾ ਹੈ, ਉਸ ਵਰਗ ਦੇ ਲੋਕ ਵੀ ਪਾਕਿਸਤਾਨ 'ਚ ਸੁਰੱਖਿਅਤ ਨਹੀਂ ਹਨ। ਇਨ੍ਹਾਂ ਮੁਸਲਮਾਨਾਂ ਦੀਆਂ ਵੀ ਕਈ ਬਹੁਤ ਪ੍ਰਾਚੀਨ, ਪ੍ਰਸਿੱਧ ਤੇ ਪਵਿੱਤਰ ਦਰਗਾਹਾਂ ਦਹਿਸ਼ਤਵਾਦੀਆਂ ਦੁਆਰਾ ਨਿਸ਼ਾਨਾ ਬਣਾਈਆਂ ਜਾ ਚੁੱਕੀਆਂ ਹਨ। ਸ਼ਿਆ ਭਾਈਚਾਰੇ ਦੇ ਲੋਕ ਤਾਂ ਖਾਸ ਤੌਰ 'ਤੇ ਇਸ ਸਮੇਂ ਇਨ੍ਹਾਂ ਕੱਟੜਪੰਥੀ ਦਹਿਸ਼ਤਵਾਦਾਂ ਦੇ ਨਿਸ਼ਾਨੇ 'ਤੇ ਹਨ। ਸ਼ੀਆ ਭਾਈਚਾਰੇ ਦੇ ਇਮਾਮਬਾੜੇ, ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੀ ਯਾਦ 'ਚ ਆਯੋਜਿਤ ਕੀਤੀਆਂ ਜਾਣ ਵਾਲੀਆਂ ਮਜਲਿਸਾਂ ਅਤੇ ਮੋਹਰਿਮ ਤੇ ਚੇਹਲੁੰਮ ਦੇ ਜਲੂਸ ਆਦਿ ਕੋਈ ਵੀ ਧਾਰਮਿਕ ਆਯੋਜਨ 'ਤੇ ਪਾਕਿਸਤਾਨ 'ਚ ਕਿਤੇ ਵੀ ਸੁਰੱਖਿਅਤ ਨਹੀਂ ਹਨ।
ਪਿਛਲੇ ਦਿਨੀਂ ਤਾਂ ਪਾਕਿਸਤਾਨ ਦੇ ਦੱਖਣੀ ਪੱਛਮੀ ਇਲਾਕੇ ਕੋਇਟਾ 'ਚ ਹਜ਼ਾਰਾਂ ਸ਼ਿਆ ਭਾਈਚਾਰੇ ਦੇ ਲੋਕਾਂ ਨਾਲ ਜਿਸ ਪ੍ਰਕਾਰ ਦੀਆਂ ਹਿੰਸਕ ਵਾਰਦਾਤਾਂ ਸਾਹਮਣੇ ਆਈਆਂ ਉਨ੍ਹਾਂ ਨੂੰ ਦੇਖ ਕੇ ਤਾਂ ਅਜਿਹਾ ਲੱਗਣ ਲੱਗਾ ਹੈ ਕਿ ਪਾਕਿਸਤਾਨ 'ਚ ਘੱਟ ਗਿਣਤੀਆਂ ਦਾ ਰਹਿ ਸਕਣਾ ਹੁਣ ਸੰਭਵ ਹੀ ਨਹੀਂ ਹੈ। ਬਲੂਚਿਸਤਾਨ, ਸਵਾਤ ਘਾਟੀ ਜਿਹੇ ਖੇਤਰਾਂ 'ਚ ਦਹਿਸ਼ਤਵਾਦੀ ਹਜ਼ਾਰਾਂ ਸ਼ਿਆ ਭਾਈਚਾਰੇ ਦੇ ਲੋਕਾਂ ਨੂੰ ਹੁਣ ਤੱਕ ਨਿਸ਼ਾਨਾ ਬਣਾ ਚੁੱਕੇ ਹਨ। ਇਨ੍ਹਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਦਹਿਸ਼ਤਵਾਦੀ ਸੰਗਠਨਾਂ 'ਤੇ ਇਹ ਕੇਵਲ ਦੋਸ਼ ਮਾਤਰ ਨਹੀਂ ਹੈ, ਬਲਕਿ ਇਹ ਸੰਗਠਨ ਖ਼ੁਦ ਵੀ ਇਹਨਾਂ ਘਟਨਾਵਾਂ ਦੀ ਜ਼ਿੰਮੇਵਾਰੀ ਸਵੀਕਾਰ ਕਰਦੇ ਹਨ। ਉਦਾਹਰਣ ਦੇ ਤੌਰ 'ਤੇ ਇਸੇ ਸਾਲ 10 ਜਨਵਰੀ ਨੂੰ ਬਲੂਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਇੱਕ ਬਿਲਿਯਰਡ ਹਾਲ 'ਚ ਜੋ ਧਮਾਕਾ ਹੋਇਆ, ਉਸ 'ਚ 120 ਲੋਕ ਮਾਰੇ ਗਏ। ਇਸ ਤੋਂ ਬਾਅਦ 16 ਜਨਵਰੀ ਨੂੰ ਕੋਇਟਾ ਦੇ ਹੀ ਇੱਕ ਮੁੱਖ ਬਾਜ਼ਾਰ 'ਚ ਹੋਏ ਹਮਲੇ 'ਚ 192 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ ਦੋ ਸੌ ਲੋਕ ਜ਼ਖ਼ਮੀ ਹੋਏ। ਇਨ੍ਹਾਂ ਹਮਲਿਆਂ ਦੀ ਜ਼ਿੰਮਦਾਰੀ ਲਸ਼ਕਰੇ ਝਾਂਗਵੀ ਦੁਆਰਾ ਸਵੀਕਾਰ ਕੀਤੀ ਗਈ। 18 ਫਰਵਰੀ ਨੂੰ ਲਾਹੌਰ 'ਚ ਇੱਕ ਪ੍ਰਸਿੱਧ ਸਮਾਜ ਸੇਵੀ ਅਤੇ ਅੱਖਾਂ ਦੇ ਮਾਹਿਰ ਡਾ. ਅਲੀ ਹੈਦਰ ਤੇ ਉਨ੍ਹਾਂ ਦੇ 11 ਸਾਲਾ ਪੁੱਤਰ ਮੁਰਤਜ਼ਾ ਅਲੀ ਹੈਦਰ ਨੂੰ ਇਨ੍ਹਾਂ ਸੰਗਠਨਾਂ ਨਾਲ ਜੁੜੇ ਦਹਿਸ਼ਤਵਾਦੀਆਂ ਨੇ ਉਨ੍ਹਾਂ ਦੀ ਕਾਰ 'ਚ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਇਕੱਲੇ ਕੋਇਟਾ ਸ਼ਹਿਰ 'ਚ ਪਿਛਲੇ ਕੁਝ ਦਿਨਾਂ 'ਚ ਲਗਭਗ 1200 ਸ਼ਿਆ ਭਾਈਚਾਰੇ ਦੇ ਲੋਕਾਂ ਦੇ ਕਤਲ ਕੀਤੇ ਜਾ ਚੁੱਕੇ ਹਨ। ਇੱਥੇ ਸ਼ਿਆ ਭਾਈਚਾਰੇ ਦੀ ਆਬਾਦੀ ਲਗਭਗ 20 ਫੀਸਦ ਹੈ। ਹਾਲਾਂਕਿ ਇਸ ਖੇਤਰ 'ਚ ਸ਼ਿਆ-ਸੁੰਨੀ ਭਾਈਚਾਰੇ ਦੇ ਲੋਕ ਸਦੀਆਂ ਤੋਂ ਇਕੱਠੇ ਰਹਿੰਦੇ ਆ ਰਹੇ ਹਨ ਅਤੇ ਇੱਕ-ਦੂਜੇ ਦੀਆਂ ਧਾਰਮਿਕ ਭਾਵਨਾਵਾਂ ਦੀ ਪੂਰੀ ਇਜ਼ਤ ਕਰਦੇ ਹਨ। ਪ੍ਰੰਤੂ ਇਸਲਾਮ ਨੂੰ ਆਪਣੀ ਜਗੀਰ ਸਮਝਣ ਵਾਲੀ ਵਹਾਬੀ ਵਿਚਾਰਧਾਰਾ ਨਾਲ ਸਰਾਬੋਰ ਦਹਿਸ਼ਤਵਾਦੀ ਸੰਗਠਨ ਸ਼ਿਆ ਭਾਈਚਾਰੇ ਸਮੇਤ ਕਿਸੇ ਵੀ ਦੂਜੇ ਘੱਟ-ਗਿਣਤੀ ਭਾਈਚਾਰੇ ਨੂੰ ਪਾਕਿਸਤਾਨ 'ਚ ਰਹਿਣ ਨਹੀਂ ਦੇਣਾ ਚਾਹੁੰਦੇ।
ਪਿਛਲੇ ਦਿਨੀਂ ਪੂਰੀ ਦੁਨੀਆਂ ਦਾ ਧਿਆਨ ਪਾਕਿਸਤਾਨ ਦੇਕੋਇਟਾ ਸ਼ਹਿਰ 'ਚ ਰਹਿਣ ਵਾਲੇ ਹਜ਼ਾਰਾਂ ਸ਼ਿਆ ਭਾਈਚਾਰੇ ਦੇ ਲੋਕਾਂ ਵੱਲ ਖਾਸ ਤੌਰ 'ਤੇ ਉਸ ਸਮੇਂ ਆਕਰਸ਼ਿਤ ਹੋਇਆ, ਜਦੋਂ ਦਹਿਸ਼ਤਵਾਦੀ ਘਟਨਾਵਾਂ ਨਾਲ ਪ੍ਰਭਾਵਿਤ ਤੇ ਪੀੜਤ ਇਹ ਭਾਈਚਾਰਾ ਦੋ ਵਾਰ ਆਪਣੇ ਆਸ਼ਰਿਤਾਂ ਦੀਆਂ ਲਾਸ਼ਾਂ ਨੂੰ ਲੈ ਕੇ ਸੜਕਾਂ 'ਤੇ ਬੈਠ ਗਿਆ ਅਤੇ ਪੰਜ ਦਿਨਾਂ ਤੱਕ ਉਨ੍ਹਾਂ ਨੇ ਉਨ੍ਹਾਂ 120 ਬੇਗੁਨਾਹਾਂ ਦੀਆਂ ਲਾਸ਼ਾਂ ਨੂੰ ਦਫ਼ਨ ਨਹੀਂ ਕੀਤਾ। ਸਰਦੀ ਦੇ ਮੌਸਮ 'ਚ ਮੀਂਹ ਪੈਂਦੇ ਦੌਰਾਨ ਔਰਤਾਂ, ਬਜ਼ੁਰਗ ਤੇ ਬੱਚਿਆਂ ਨਾਲ ਹਜ਼ਾਰਾਂ ਲੋਕਾਂ ਦਾ ਗਮਜ਼ਦਾ ਹਾਲਤ 'ਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸੜਕਾਂ 'ਤੇ ਬੈਠੇ ਰਹਿਣਾ ਆਪਣੇ ਆਪ 'ਚ ਖ਼ੁਦ ਇਸ ਗੱਲ ਦਾ ਸਬੂਤ ਹੈ ਕਿ ਇਸ ਭਾਈਚਾਰੇ ਦੇ ਲੋਕ ਖ਼ੁਦ ਨੂੰ ਕਿੰਨਾਂ ਭੈਅ-ਭੀਤ, ਅਸੁਰੱਖਿਅਤ ਤੇ ਮਜ਼ਲੂਮ ਮਹਿਸੂਸ ਕਰ ਰਹੇ ਹਨ। ਗੌਰਤਬ ਹੈ ਕਿ 120 ਲਾਸ਼ਾਂ ਨਾਲ ਪੰਜ ਦਿਨ ਚੱਲੇ ਇਸ ਧਰਨੇ 'ਚ ਪਾਕਿਸਤਾਨ ਦੇ ਕਈ ਸੀਨੀਅਰ ਮੰਤਰੀ, ਨੇਤਾ ਤੇ ਫੌਜੀ ਅਧਿਕਾਰੀ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਆਏ। ਪਰ ਪ੍ਰਦਰਸ਼ਨਕਾਰੀ ਉਸ ਸਮੇਂ ਤੱਕ ਇਨ੍ਹਾਂ ਲਾਸ਼ਾਂ ਨੂੰ ਦਫ਼ਨਾਉਣ ਲਈ ਰਾਜ਼ੀ ਨਹੀਂ ਹੋਏ, ਜਦੋਂ ਤੱਕ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ਼ ਨੇ ਖ਼ੁਦ ਉੱਥੇ ਜਾ ਕੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਨਹੀਂ ਕੀਤੀ। ਪ੍ਰਧਾਨ ਮੰਤਰੀ ਪ੍ਰਵੇਜ਼ ਅਸ਼ਰਫ਼ ਨੇ ਹਜ਼ਾਰਾਂ ਸ਼ਿਆ ਭਾਇਚਾਰੇ ਦੇ ਲੋਕਾਂ ਨੂੰ ਦਹਿਸ਼ਤਵਾਦੀਆਂ ਵਿਰੁੱਧ ਜਲਦ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
ਦਰਅਸਲ ਸਿਪਾਹੇ ਸਿਹਾਬਾਂ ਤੇ ਲਸ਼ਕਰੇ ਝਾਂਗਵੀ ਜਿਹੇ ਸੰਗਠਨ ਤਾਲਿਬਾਨ, ਤਹਿਰੀਕ-ਏ-ਤਾਲਿਬਾਨ, ਜਮਾਤ-ਉਦ-ਦਾਵਾ ਤੇ ਅਲਕਾਇਦਾ ਜਿਹੇ ਸੰਗਠਨਾਂ ਦੀ ਹੀ ਵਿਚਾਰਧਾਰਾ ਵਾਲੇ ਸੰਗਠਨ ਹਨ। ਖ਼ੁਦ ਨੂੰ ਸੱਚਾ ਮੁਸਲਮਾਨ ਦੱਸਣ ਵਾਲੇ ਇਨ੍ਹਾਂ ਸੰਗਠਨਾਂ ਦੇ ਲੋਕ ਦਹਿਸ਼ਤਵਾਦ. ਹਿੰਸਾ ਤੇ ਕਰੂਰਤਾ ਦੇ ਜ਼ੋਤ 'ਤੇ ਠੀਕ ਉਸੇ ਤਰ੍ਹਾਂ ਆਪਣੀ ਗੱਲ ਪੂਰੀ ਦੁਨੀਆਂ ਤੋਂ ਮਨਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ, ਜਿਵੇਂ ਕਰਬਲਾ 'ਚ ਯਜ਼ੀਦ ਨੇ ਹਜ਼ਰਤ ਇਮਾਮ ਹੁਸੈਨ ਤੋਂ ਆਪਣੀ ਗੱਲ ਮਨਵਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ।
ਤਤਕਾਲੀਨ ਸਿੱਟੇ ਭਾਵੇਂ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੇ ਰੂਪ 'ਚ ਸਾਹਮਣੇ ਆਏ ਹੋਣ ਜਾਂ ਦੂਜੇ ਹਮਲਾਵਰ ਸ਼ਾਸਕਾਂ ਨੇ ਆਪਣੀ ਸੱਤਾ ਦੇ ਵਿਸਥਾਰ ਦੇ ਲਾਲਚ 'ਚ ਹਜ਼ਾਰਾਂ ਬੇਗੁਨਾਹ ਲੋਕਾਂ ਦੇ ਕਤਲ ਕਰ ਦਿੱਤੇ ਹੋਣ, ਪਰ ਇਤਿਹਾਸ ਨੇ ਨਾ ਤਾਂ ਯਜ਼ੀਦ ਨੂੰ ਮਾਫ਼ ਕੀਤਾ ਤੇ ਨਾ ਹੀ ਉਸ ਜਿਹੇ ਦੂਜੇ ਕਰੂਰ ਤੇ ਹਮਲਾਵਰੀ ਲੁਟੇਰੇ ਸ਼ਾਸਕਾਂ ਨੂੰ। ਖ਼ੁਦ ਨੂੰ ਸੱਚਾ ਮੁਸਲਮਾਨ ਦੱਸਣ ਵਾਲੇ ਅਤੇ ਇਸਲਾਮ 'ਤੇ ਚੱਲਣ ਦਾ ਦਾਅਵਾ ਕਰਨ ਦੇ ਨਾਲ-ਨਾਲ ਗ਼ੈਰ-ਇਸਲਾਮੀ ਅਮਲ ਕਰਦੇ ਹੋਏ ਹਜ਼ਾਰਾਂ ਨਿਰਦੋਸ਼ਾਂ ਦੇ ਕਤਲ ਕਰਨ ਵਾਲਿਆਂ ਦੀਆਂ ਇਨ੍ਹਾਂ ਕਾਲੀਆਂ ਕਰਤੂਤਾਂ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ। ਇਸ ਸਮੇਂ ਜ਼ਰੂਰਤ ਇਸ ਗੱਲ ਦੀ ਹੈ ਕਿ ਪੂਰੀ ਦੁਨੀਆਂ ਇਨ੍ਹਾਂ ਬੇਲਗਾਮ ਹੁੰਦੇ ਜਾ ਰਹੇ ਦਹਿਸ਼ਤਵਾਦੀ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਤੇ ਸੰਗਠਨਾਂ 'ਤੇ ਡੂੰਘੀ ਨਜ਼ਰ ਰੱਖੇ ਅਤੇ ਇਹ ਵੀ ਦੇਖੇ ਕਿ ਇਨ੍ਹਾਂ ਨੂੰ ਆਰਥਿਕ ਸਹਾਇਤਾ ਕਿਸ ਮਕਸਦ ਲਈ ਅਤੇ ਕਿੱਥੋਂ ਦਿੱਤੀ ਜਾ ਰਹੀ ਹੈ। ਸਿਰਫ਼ ਦੁਨੀਆਂ ਦੇ ਸਾਰੇ ਮੁਸਲਮਾਨ ਹੀ ਨਹੀਂ, ਬਲਕਿ ਸਾਰੇ ਧਰਮਾਂ ਤੇ ਭਾਈਚਾਰਿਆਂ ਦੇ ਲੋਕ ਇਸ ਕੱਟੜਪੰਥੀ ਵਿਚਾਰਧਾਰਾ ਵਿਰੁੱਧ ਇੱਕਜੁੱਟ ਹੋਣ, ਨਹੀਂ ਤਾਂ ਇਹ ਵਿਚਾਰਧਾਰਾ ਇੱਕ ਦਿਨ ਮਨੁੱਖਤਾ ਦੀ ਸਭ ਤੋਂ ਵੱਡੀ ਦੁਸ਼ਮਣ ਸਾਬਤ ਹੋ ਸਕਦੀ ਹੈ।
ਸੰਪਰਕ: 098962 19228
j.singh,[email protected]
bhut hI kmal da leekh hai. bebak te schai de ang sang.