ਸਾਮਰਾਜੀ ਤਾਕਤਾਂ ਵਿਚਕਾਰ ਘਿਰਿਆ ਯੂਕਰੇਨ - ਮਨਦੀਪ
      
      Posted on:-  02-03-2022
      
      
      								
				  
                                    
      
ਰੂਸ ਵੱਲੋਂ ਯੂਕਰੇਨ ਦੇ ਦੋ ਵੱਖਵਾਦੀ ਇਲਾਕਿਆਂ (ਡੋਨੇਤਸਕ ਅਤੇ ਲੁਹਾਂਸਕ) ਨੂੰ ਵੱਖਰੇ ਦੇਸ਼ ਵਜ਼ੋਂ ਮਾਨਤਾ ਦੇਣ ਨਾਲ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਯੂਕਰੇਨ ਸੰਕਟ ਹੋਰ ਵੱਧਗਹਿਰਾ ਹੋ ਗਿਆ ਹੈ। ਰੂਸ ਨੇ ਕੂਟਨੀਤਿਕ ਤੌਰ ਤੇ ਦੋ ਦੇਸ਼ਾਂਨੂੰ ਮਾਨਤਾ ਦੇ ਕੇ ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਆਪਣੇ ਫੌਜੀ ਦਖਲ ਨੂੰ 'ਅਮਨ ਬਹਾਲੀ' ਦੇ ਨਾਂ ਹੇਠ ਜਾਇਜ ਠਹਿਰਾਅ ਕੇ ਅਤੇ ਨਾਟੋ ਪ੍ਰਭਾਵ ਦੇ ਖਤਰੇ ਤੋਂ ਪੂਰਬੀ ਯੂਕਰੇਨ ਦਾ ਸਭ ਤੋਂ ਮਹੱਤਵਪੂਰਨ ਖੇਤਰ ਨੂੰ ਸੁਰੱਖਿਅਤ ਕਰ ਲਿਆ ਹੈ। ਦੂਜੇ ਪਾਸੇ ਅਮਰੀਕਾ ਨੇ ਇਸਨੂੰ ਹਮਲਾ ਕਰਾਰ ਦਿੱਤਾ ਹੈ। ਸੰਸਾਰ ਭਰ ਦੇ ਲੋਕਾਂ ਦੀਆਂ ਨਜ਼ਰਾਂ ਰੂਸ-ਯੂਕਰੇਨ ਜੰਗ ਦੀਆਂ ਤੀਬਰ ਸੰਭਾਵਨਾਵਾਂ ਉੱਤੇ ਲੱਗੀਆਂ ਹੋਈਆਂ ਹਨ। ਅਮਰੀਕਾ ਯੂਕਰੇਨ ਨੂੰ ਨਾਟੋ ਮੈਂਬਰ ਬਣਾਉਣਾ ਚਾਹੁੰਦਾ ਹੈ ਅਤੇ ਰੂਸ ਇਸਦੇ ਸਖਤ ਖਿਲਾਫ ਹੈ। ਰੂਸ ਦੀ ਵੱਡੀ ਫੌਜੀ ਨਫਰੀ (1.5 ਲੱਖ ਤੋਂ ਉਪਰ) ਰੂਸ-ਯੂਕਰੇਨ ਸਰਹੱਦ ਉੱਤੇ ਫੌਜੀ ਅਭਿਆਸ ਕਰ ਰਹੀ ਹੈ। ਅਮਰੀਕਾ ਨਾਟੋ ਪ੍ਰਭਾਵ ਵਾਲੇ ਯੂਰੋਪੀਅਨ ਦੇਸ਼ਾਂ ਨਾਲ ਮਿਲਕੇ ਯੂਕਰੇਨ ਦੇ ਨੇੜੇ-ਤੇੜੇ ਫੌਜੀਂ ਮਸ਼ਕਾਂ ਲਗਾ ਰਿਹਾ ਹੈ। ਪੱਛਮੀ ਮੀਡੀਆ ਤੀਜੀ ਸੰਸਾਰ ਜੰਗਦੀ ਸਨਸਨੀ ਫੈਲਾ ਰਿਹਾ ਹੈ ਅਤੇ ਰੂਸ ਯੂਕਰੇਨ ਉੱਤੇ ਹਮਲੇ ਦੇ ਇਰਾਦੇ ਨੂੰ ਲਗਾਤਾਰ ਨਕਾਰ ਰਿਹਾ ਹੈ। ਪਰ ਨਾਲ ਹੀ ਬੀਤੇ ਸ਼ਨੀਵਾਰ ਰੂਸ ਨੇ ਬੇਲਾਰੂਸ ਵਿੱਚ ਪ੍ਰਮਾਣੂ ਮਸ਼ਕਾਂ ਅਤੇ ਕਾਲੇ ਸਾਗਰ ਵਿੱਚ ਫੌਜੀ ਮਸ਼ਕਾਂ ਵਿੱਚ ਤੇਜ਼ੀ ਦਿਖਾਈ ਹੈ।
ਪਿਛਲੇ ਦੋ ਦਹਾਕਿਆਂ ਤੋਂ ਰੂਸ ਅਤੇ ਚੀਨ ਸੰਸਾਰ ਦੀਆਂ ਨਵੀਆਂ ਆਰਥਿਕ ਸ਼ਕਤੀਆਂ ਬਣਕੇ ਉਭਰੇ ਹਨ। ਵਿਸ਼ਵ ਬਜ਼ਾਰ ਵਿੱਚ ਤੇਜੀ ਨਾਲ ਪਸਾਰ ਕਰਨ ਵਾਲੀਆਂ ਇਹਨਾਂ ਤਾਕਤਾਂ ਨੇ ਸਿਆਸੀ ਅਤੇ ਫੌਜੀ ਤਾਕਤ ਦੇ ਨਵੀਨੀਕਰਨ ਨਾਲ ਅੰਤਰ ਸਾਮਰਾਜੀ ਮੁਕਾਬਲੇ ਨੂੰ ਹੋਰ ਵੱਧ ਤਿੱਖਾ ਕਰ ਦਿੱਤਾ ਹੈ। ਇਹ ਮੁਕਾਬਲਾ ਇਤਿਹਾਸ ਦੇ ਇੱਕ ਖਾਸ ਸਮੇਂ ਤੇ ਉਭਰ ਰਿਹਾ ਹੈ। ਇਸ ਸਮੇਂ ਵਿਸ਼ਵ ਤਾਕਤਾਂ ਦੇ ਆਰਥਿਕ-ਸਿਆਸੀ ਸਮਤੋਲ ਬਦਲ ਰਹੇ ਹਨ ਅਤੇ ਸਾਮਰਾਜੀ ਖੇਤਰਵਾਦ ਨੂੰ ਮਜ਼ਬੂਤ ਕਰਦਿਆਂ ਸੰਸਾਰ ਮੰਡੀਆਂ ਉੱਤੇ ਕਬਜੇ ਅਤੇ ਪਸਾਰੇ ਦੀ ਦੌੜ ਹੋਰ ਤਿੱਖੀ ਹੋ ਰਹੀ ਹੈਅਤੇ ਇਹਨਾਂ ਤਾਕਤਾਂ ਵੱਲੋਂ ਵਿਸ਼ਵ ਦੇ ਪੱਛੜੇ ਮੁਲਕਾਂ ਉੱਤੇ ਆਪਣੇ ਵਿੱਤੀ ਸੰਕਟ ਦਾ ਬੋਝ ਲੱਦਿਆ ਜਾ ਰਿਹਾ ਹੈ। 
                             
ਅਜਿਹੇ ਸਮੇਂ ਯੂਕਰੇਨ, ਮੱਧ ਏਸ਼ੀਆ ਅਤੇ ਪੂਰਬੀ ਯੂਰੋਪੀ ਦੇਸ਼ਾਂ ਵਿੱਚ ਰੂਸ-ਚੀਨ ਸਾਮਰਾਜੀ ਗੱਠਜੋੜ ਅਤੇ ਯੂਰੋਐਂਟਲਾਂਟਿਕ ਸ਼ਕਤੀਆਂ (ਅਮਰੀਕਾ, ਨਾਟੋ, ਈਯੂ) ਆਹਮੋ-ਸਾਹਮਣੇ ਹਨ। ਮੌਜੂਦਾ ਸਮੇਂ ਦਾ ਚੀਨ ਅਤੇ ਰੂਸ ਸਮਾਜਵਾਦੀ ਵਿਚਾਰਧਾਰਾ ਵਾਲੇ ਮੁਲਕ ਨਹੀਂ ਹਨ ਜਿਹਨਾਂ ਦਾ ਇਕ ਖਾਸ ਇਤਿਹਾਸਕ ਸਮੇਂ ਫਾਸ਼ੀਵਾਦੀ ਅਤੇ ਸਾਮਰਾਜੀ ਵਿਰੋਧੀ ਕਿਰਦਾਰ ਰਿਹਾ ਸੀ ਬਲਕਿ ਇਹ ਹੁਣ ਸਾਮਰਾਜੀ ਮੁਲਕ ਬਣ ਚੁੱਕੇ ਹਨ ਜਿੰਨ੍ਹਾਂ ਦਾ ਮਕਸਦ ਅਮਰੀਕਾ ਵਾਂਗ ਜੰਗਾਂ ਰਾਹੀਂ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਹੈ। ਅਜੋਕੇ ਸਮੇਂ ਯੂਕਰੇਨ ਇਸੇ ਸਾਮਰਾਜੀ ਪਸਾਰਵਾਦੀ ਨੀਤੀ ਦਾ ਨਿਸ਼ਾਨਾਬਣਿਆ ਹੋਇਆ ਹੈ।
ਯੂਕਰੇਨ 1991 ਵਿੱਚ ਸੋਵੀਅਤ ਯੂਨੀਅਨ ਤੋਂ ਅਜਾਦ ਹੋਇਆ ਪੂਰਬੀ ਯੂਰੋਪ ਦਾ ਇਕ ਮਹੱਤਵਪੂਰਨ ਭੂ-ਸਿਆਸੀ ਖੇਤਰ ਹੈ। ਸੋਵੀਅਤ ਯੂਨੀਅਨ ਤੋਂ ਵੱਖ ਹੋਏ ਬਾਕੀ ਦੇ ਦੇਸ਼ਾਂ ਵਾਂਗ ਯੂਕਰੇਨ ਦੀ ਆਰਥਿਕਤਾ ਲਗਾਤਾਰ ਨਿੱਘਰਦੀ ਗਈ ਅਤੇ ਇਹ ਆਪਣੇ ਵਿਦੇਸ਼ੀ ਕਰਜ਼ ਲਈ ਲਗਾਤਾਰ ਸਾਮਰਾਜੀ ਤਾਕਤਾਂ ਦੇ ਇੱਕ ਜਾਂ ਦੂਜੇ ਕੈਂਪ ਉੱਤੇ ਨਿਰਭਰ ਚੱਲਦਾ ਆ ਰਿਹਾ ਹੈ। 2004 ਤੱਕ ਯੂਕਰੇਨੀ ਹੁਕਮਰਾਨ ਰੂਸ ਨਾਲ ਮਿਲਕੇ ਚੱਲ ਰਹੇ ਸਨ ਪਰੰਤੂ 2004ਦੀ 'ਗੁਲਾਬੀ ਕ੍ਰਾਂਤੀ' ਤੋਂ ਬਾਅਦ ਯੂਕਰੇਨ ਦੇ ਹਾਕਮਾਂ ਦੇ ਸਿਆਸੀ ਹਿੱਤ ਅਮਰੀਕਾ ਨਾਲ ਵਧੇਰੇ ਜੁੜ ਗਏ। ਇਸਤੋਂ ਬਾਅਦ ਯੂਕਰੇਨੀ ਸ਼ਾਸ਼ਕਾਂ ਨਾਲ ਮਿਲਕੇ ਅਮਰੀਕਾ ਨੇ ਰੂਸ ਦੇ ਗਵਾਂਢ ਵਿੱਚ ਨਾਟੋ ਪ੍ਰਭਾਵ ਨੂੰ ਹੋਰ ਵੱਧ ਮਜ਼ਬੂਤ ਕਰਨ ਅਤੇ ਯੂਕਰੇਨ ਦੇ ਭਾਸ਼ਾ ਤੇ ਸੱਭਿਆਚਾਰ ਨੂੰ ਖਤਮ ਕਰਨਦੇ ਯਤਨ ਆਰੰਭ ਦਿੱਤੇ ਜਿਸਤੋਂ ਸੁਰੱਖਿਆ ਲਈ ਰੂਸ ਨੇ ਯੂਕਰੇਨ ਸਮੇਤ ਆਪਣੇ ਗਵਾਂਢੀ ਮੁਲਕਾਂ ਵਿੱਚ ਸਿਆਸੀ ਅਤੇ ਫੌਜੀ ਚੌਕਸੀ ਵਧਾ ਦਿੱਤੀ। 2014 ਵਿੱਚ ਰੂਸ ਨੇ ਯੂਕਰੇਨ ਦੇ ਮਹੱਤਵਪੂਰਨ ਖੇਤਰ ਕਰੀਮੀਆ ਉੱਤੇ ਕਬਜਾ ਕਰ ਲਿਆ ਅਤੇ ਦੋਨਬਾਸ ਵਿੱਚ ਬਾਗੀ ਗਰੁੱਪਾਂ ਨਾਲ ਮਿਲਕੇ ਆਪਣਾ ਪ੍ਰਭਾਵ ਹੋਰ ਵਧਾ ਲਿਆ ਸੀ। ਕਰੀਮੀਆ ਕਬਜੇ ਨਾਲ ਰੂਸ ਦਾ ਵਪਾਰਕ ਪੱਖੋਂ ਅਹਿਮ ਸਮੁੰਦਰੀ ਲਾਂਘੇ ਕਾਲੇ ਸਾਗਰ ਅਤੇ ਮੱਧ ਸਾਗਰ ਵਿੱਚ ਪ੍ਰਭਾਵ ਵੱਧ ਗਿਆ। ਮੌਜੂਦਾ ਸਮੇਂ ਯੂਕਰੇਨ 'ਚ ਨਾਟੋ ਦਾ ਪ੍ਰਭਾਵ ਵੱਧਣ ਨਾਲ ਰੂਸ ਕਾਲੇ ਸਾਗਰ ਅਤੇ ਮੱਧ ਸਾਗਰ ਵਿੱਚ ਆਪਣੇ ਪ੍ਰਭਾਵ ਦੇ ਖੁੱਸਣ ਤੋਂ ਵੀ ਚਿੰਤਤ ਹੈ। ਦੂਜੀ ਸੰਸਾਰ ਜੰਗ ਦੇ ਖਾਤਮੇ ਤੋਂ ਬਾਅਦ ਅਮਰੀਕਾ ਨੇ ਸੋਵੀਅਤ ਯੂਨੀਅਨ ਨੂੰ ਘੇਰਨ ਲਈ ਅਤੇ ਸਮਾਜਵਾਦੀ ਪ੍ਰਭਾਵ ਨੂੰ ਫੌਜੀ ਤਾਕਤ ਜਰੀਏ ਫੈਲਣ ਤੋਂ ਰੋਕਣ ਲਈ ਨਾਟੋ ਦੇ ਪ੍ਰਭਾਵ ਨੂੰ ਵਧਾਉਣ ਲਈ ਲਗਾਤਾਰ ਯਤਨ ਕੀਤੇ। ਸੋਵੀਅਤ ਯੂਨੀਅਨ ਦੇ ਟੁੱਟਣ ਬਾਅਦ ਅਮਰੀਕਾ ਨੇ ਪੂਰਬੀ ਯੂਰੋਪ ਦੇ ਅਨੇਕਾਂ ਮੁਲਕਾਂ ਸਮੇਤ ਵਾਰਸਾ ਪੈਕਟ 'ਚ ਸ਼ਾਮਲ ਮੁਲਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬੀ ਹਾਸਲ ਕੀਤੀ। ਅਮਰੀਕਾ ਨੇ ਸੋਵੀਅਤ ਯੂਨੀਅਨ ਅਤੇ ਯੂਰੋਪੀਅਨ ਯੂਨੀਅਨ ਦੇ ਗੈਰ ਰੂਸੀਮੁਲਕਾਂ ਵਿੱਚ ਆਪਣਾ ਪਸਾਰ ਕੀਤਾ। ਪਰੰਤੂ ਵਿਸ਼ਵ ਸਾਮਰਾਜੀ ਸ਼ਕਤੀਆਂ ਵਿੱਚ ਆਏ ਬਦਲਾਅ ਕਾਰਨ ਅਜੋਕੇ ਹਾਲਾਤ ਕਾਫੀ ਬਦਲ ਚੁੱਕੇ ਹਨ। ਫਰਾਂਸ, ਬਰਤਾਨੀਆਂ, ਜਰਮਨੀ ਆਦਿ ਪੁਰਾਣੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਪਹਿਲਾਂ ਵਾਲੀ ਚੜ੍ਹਤ ਨਹੀਂ ਰਹੀ। 
ਪਿਛਲੇ ਦੋ ਦਹਾਕੇ ਤੋਂ ਜਿੱਥੇ ਰੂਸ ਅਤੇ ਚੀਨ ਵੱਡੀ ਸੰਸਾਰ ਆਰਥਿਕ ਤਾਕਤ ਬਣਕੇ ਉੱਭਰੇ ਹਨ ਉੱਥੇ ਅਮਰੀਕਾ ਇੱਕ ਦਹਾਕੇ ਤੋਂ ਆਰਥਿਕ-ਸਿਆਸੀ ਸੰਕਟ ਵਿੱਚ ਘਿਰ ਚੁੱਕਾ ਹੈ। ਬਹੁ-ਧਰੁੱਵੀ ਸੰਸਾਰ ਸਾਮਰਾਜੀ ਤਾਕਤਾਂ ਦੇ ਨਵੇਂ ਉਭਾਰ ਨਾਲ ਸੰਸਾਰ ਦਾ ਆਰਥਿਕ-ਸਿਆਸੀ ਦ੍ਰਿਸ਼ ਬਦਲ ਚੁੱਕਾ ਹੈ। ਸੰਸਾਰ ਤਾਕਤਾਂ ਦੇ ਇਸ ਬਦਲਾਅ ਦਾ ਪ੍ਰਭਾਵ ਯੂਕਰੇਨ ਮਸਲੇ ਉੱਤੇ ਸਪੱਸ਼ਟ ਦਿਖਾਈ ਦਿੰਦਾ ਹੈ। ਇਸ ਸਮੇਂ ਅਮਰੀਕਾ ਜਿੱਥੇ ਰੂਸ ਨੂੰ ਨਾਟੋ ਪ੍ਰਭਾਵ ਨਾਲ ਘੇਰਨਾ ਚਾਹੁੰਦਾ ਹੈ ਉੱਥੇ ਉਸਦਾ ਨਿਸ਼ਾਨਾਵਪਾਰਕ ਜੰਗ ਦੇ ਚੱਲਦਿਆਂ ਹਿੰਦ ਪ੍ਰਸ਼ਾਂਤ ਮਹਾਂਸਾਗਰ ਰਾਹੀਂ ਚੀਨ ਨੂੰ ਘੇਰਨ ਦਾ ਵੀ ਹੈ। ਹਿੰਦ ਪ੍ਰਸ਼ਾਂਤ ਮਹਾਂਸਾਗਰ ਆਲਮੀ ਅਰਥਵਿਵਸਥਾ ਅਤੇ ਸਮੁੰਦਰੀ ਵਿਸਤਾਰਵਾਦ ਲਈ ਬੇਹੱਦ ਮਹੱਤਵਪੂਰਨ ਹੈ।ਇਸ ਅਹਿਮ ਮੌਕੇ ਤੇ ਭਾਰਤ ਯੂਰੋਪੀਅਨ ਯੂਨੀਅਨ ਅਤੇ ਕੁਆਡ ਮੁਲਕਾਂ (ਭਾਰਤ, ਅਮਰੀਕਾ, ਆਸਟ੍ਰੇਲੀਆ, ਜਪਾਨ) ਨਾਲ ਮਿਲਕੇ ਹਿੰਦ ਪ੍ਰਸ਼ਾਂਤ ਮਹਾਂਸਾਗਰ ਨੂੰ ਆਪਣੇ ਭਾਈਵਾਲਾਂ ਲਈ ਖੋਲ੍ਹਣ ਦਾ ਹਮਾਇਤੀ ਹੈ ਪਰ ਚੀਨ ਨਾਲ ਇਸ ਮਹਾਂਸਾਗਰ ਵਿੱਚ ਸੁਰੱਖਿਆ ਸਬੰਧੀ ਉਸਦੇ ਸ਼ੰਕੇ ਅਤੇ ਇਤਰਾਜ ਹਨ।ਦੂਜੇ ਪਾਸੇ ਚੀਨ ਅਮਰੀਕਾ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਰੂਸ ਦੇ ਵੱਧ ਨੇੜੇ ਹੈ। ਅਮਰੀਕੀ ਪ੍ਰਭਾਵ ਵਾਲੇ ਯੂਰੋਪੀਅਨ ਮੁਲਕ ਵੀ ਆਪਣੇ ਸਮੀਕਰਨ ਬਦਲ ਰਹੇ ਹਨ। ਮਸਲਨ, ਮੌਜੂਦਾ ਯੂਕਰੇਨ ਮਸਲੇ ਤੇ ਜਰਮਨੀ ਨਾਟੋ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਜੰਗ ਨਹੀਂ ਚਾਹੁੰਦਾ। ਉਸਦਾ ਇਕ ਕਾਰਨ ਇਹ ਹੈ ਕਿ ਉਸਦੇ ਹਿਟਲਰ ਸਮੇਂ ਜਰਮਨੀ ਦੀ ਤਬਾਹੀ ਦੇ ਜਖਮ ਹਾਲੇ ਅੱਲ੍ਹੇ ਹਨ ਅਤੇ ਦੂਸਰਾ ਉਹ ਰੂਸ ਨਾਲ 'ਨਾਰਡ ਸਟਰੀਮ ਪਾਇਪਲਾਇਨ' ਨੂੰ ਲੈ ਕੇ ਰੂਸ ਨਾਲ ਆਪਣੇ ਸਬੰਧ ਖਰਾਬ ਨਹੀਂ ਕਰਨਾ ਚਾਹੁੰਦਾ। ਇਸੇ ਤਰ੍ਹਾਂ ਨਾਟੋ ਪ੍ਰਭਾਵ ਵਾਲੇ ਯੂਰੋਪੀ ਮੁਲਕ ਰੂਸ ਉਪਰ ਕੁਦਰਤੀ ਗੈਸ (40%) ਅਤੇ ਤੇਲ ਦੀ ਨਿਰਭਰਤਾ ਕਾਰਨ ਜੰਗ ਨਹੀਂ ਚਾਹੁੰਦੇ।
ਅਮਰੀਕਾ ਰੂਸ ਨੂੰ ਲਗਾਤਾਰ ਆਰਥਿਕ-ਵਪਾਰਕ ਨਾਕਾਬੰਦੀ ਅਤੇ ਫੌਜੀ ਹਮਲੇ ਦੀਆਂ ਧਮਕੀਆਂ ਦੇ ਰਿਹਾ ਹੈ। ਰੂਸ ਇਹਨਾਂ ਧਮਕੀਆਂ ਨੂੰ ਲੈਕੇ ਨਿਸ਼ਚਿੰਤ ਨਜ਼ਰ ਆ ਰਿਹਾ ਹੈ। ਇੱਕ ਤਾਂ ਰੂਸ ਵੱਡੀ ਫੌਜੀ ਤਾਕਤ ਹੈ ਅਤੇ ਉਸਦਾ ਯੂਕਰੇਨੀ ਲੋਕਾਂ, ਪੂਰਬੀ ਯੂਕਰੇਨੀ ਬਾਗੀਆਂ ਤੇ ਮੱਧ ਏਸ਼ੀਆ ਦੇ ਅਮਰੀਕਾ ਵਿਰੋਧੀ ਮੁਸਲਿਮ ਦੇਸ਼ਾਂ ਨਾਲ ਚੰਗਾ ਰਸੂਖ ਹੈ।ਦੂਸਰਾ, ਉਹ ਆਰਥਿਕ-ਵਪਾਰਿਕ ਰੋਕਾਂ ਦੌਰਾਨ ਚੀਨ ਨਾਲ ਆਰਥਿਕ-ਵਪਾਰਿਕ ਸਬੰਧਾਂ ਤੇ ਸਹਿਯੋਗ ਨੂੰ ਹੋਰ ਵੱਧ ਮਜ਼ਬੂਤ ਕਰਕੇ ਅਮਰੀਕਾ ਅਤੇ ਯੂਰੋਪੀਅਨ ਯੂਨੀਅਨ ਨੂੰ ਵੱਡੀ ਚੁਣੌਤੀ ਦੇ ਸਕਦਾ ਹੈ। ਇਸਤੋਂ ਬਿਨਾਂ ਵਪਾਰਿਕ ਖੇਤਰ ਵਿੱਚ ਉਹ ਪਹਿਲਾਂ ਹੀ ਅਮਰੀਕੀ ਡਾਲਰ ਉੱਤੇ ਆਪਣੀ ਨਿਰਭਰਤਾ ਨੂੰ ਵੀ ਘਟਾ ਚੁੱਕਾ ਹੈ।
ਰੂਸ ਦੇ ਗਵਾਂਢ ਕਜਾਕਿਸਤਾਨ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈਕੇ ਹੋਏ ਵਿਅਪਕ ਤੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਉੱਤੇ ਵੀ ਅਮਰੀਕਾ ਨੇ ਸਿਆਸਤ ਕਰਕੇ ਇਸਨੂੰ ਹੋਰ ਵੱਧ ਤੂਲ ਦੇਣ ਦੇ ਯਤਨ ਕੀਤੇ ਸਨ ਪਰ ਉਹ ਅਸਫਲ ਰਿਹਾ। ਕਜਾਕਿਸਤਾਨ ਦੀਹੁਕਮਰਾਨ ਜਮਾਤ ਨੇ ਰੂਸੀ ਸਾਮਰਾਜੀਆਂ ਨਾਲ ਮਿਲਕੇ ਲੋਕ ਵਿਰੋਧ ਨੂੰ ਗੋਲੀ ਅਤੇ ਐਮਰਜੈਂਸੀ ਨਾਲ ਦਬਾਅ ਦਿੱਤਾ। ਹੁਣ ਅਮਰੀਕਾ ਯੂਕਰੇਨ ਵਿੱਚ ਵੀ ਗੜਬੜ ਫੈਲਾਉਣ ਦੇ ਯਤਨ ਕਰ ਰਿਹਾ ਹੈ। ਪਰਤਿੱਖੇ ਬਿਆਨਾਂ ਦੇ ਬਾਵਜੂਦ ਜ਼ਮੀਨੀ ਪੱਧਰ ਉੱਤੇ ਅਮਰੀਕਾ ਅਤੇ ਨਾਟੋ ਪ੍ਰਭਾਵ ਵਾਲੇ ਮੁਲਕ ਰੂਸ ਖਿਲਾਫ ਫੌਜੀ ਕਾਰਵਾਈ ਕਰਨ ਤੋਂ ਗੁਰੇਜ਼ਕਰਦੇ ਨਜ਼ਰ ਆ ਰਹੇ ਹਨ। ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਟੋ ਫੌਜਾਂ ਉੱਤੇ ਹੋ ਰਹੇ ਖਰਚੇ ਤੋਂ ਚਿੰਤਤ ਸੀ। ਉਹ ਇਸਨੂੰ ਬਜਟ ਖਰਚਿਆਂ ਉੱਤੇ ਬੋਝ ਸਮਝਦਾ ਸੀ ਅਤੇ ਕੁਝ ਯੂਰੋਪੀ ਮੁਲਕ ਵੀ ਨਾਟੋ ਨੂੰ ਲੈ ਕੇ ਦੁਚਿੱਤੀ ਵਿੱਚ ਹਨ। ਦੂਜੇ ਪਾਸੇ ਜੇਕਰ ਅਮਰੀਕਾ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਉਣਾ ਹੈ ਤਾਂ ਰੂਸ ਕੋਲ ਉਸ ਉੱਤੇ ਹਮਲਾ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ। ਇਸਤੋਂ ਬਿਨਾਂ ਰੂਸ ਸੋਵੀਅਤ ਯੂਨੀਅਨ ਵੇਲੇ ਦੇ ਆਪਣੇ ਪੁਰਾਣੇ ਪ੍ਰਭਾਵ ਖੇਤਰਾਂਨੂੰ ਮੁੜ ਹਾਸਲ ਕਰਨ ਦਾ ਅਭਿਲਾਸ਼ੀ ਹੈ। ਰੂਸ ਲਾਤਵੀਆ, ਇਸਤੋਨੀਆ, ਲਿਥੁਆਨੀਆ ਆਦਿ ਮੁਲਕਾਂ ਉਤੇ ਵੀ ਨਾਟੋ ਤੋਂ ਬਾਹਰ ਰਹਿਣ ਲਈ ਦਬਾਅ ਪਾ ਰਿਹਾ ਹੈ।
ਗਵਾਂਢੀ ਮੁਲਕ ਅਫਗਾਨਿਸਤਾਨ ਦੇ ਮੁੱਦੇ ਵਾਂਗ ਭਾਰਤ ਦੀ ਯੂਕਰੇਨ ਮਸਲੇ ਉੱਤੇ ਵੀ ਪੋਜ਼ੀਸ਼ਨ ਬੜੀ ਅਸਪੱਸ਼ਟ ਅਤੇ ਕੰਮਜ਼ੋਰ ਹੈ। ਉਹ ਇਸ ਖੇਡ ਦਾ ਮੁੱਖ ਖਿਡਾਰੀ ਤਾਂ ਨਹੀਂ ਹੈ ਪਰੰਤੂ ਉਹ ਚੀਨ ਦੇ ਵਿਰੋਧ 'ਚੋਂ ਦੁਨੀਆਂ ਦੇ ਵੱਡੇ ਬੌਸਾਂ (ਅਮਰੀਕਾ, ਰੂਸ, ਚੀਨ, ਈਯੂ) ਵਿਚੋਂ ਅਮਰੀਕਾ ਦਾ ਅਨੁਯਾਈ ਬਣਕੇ ਚੱਲ ਰਿਹਾ ਹੈ। ਭਾਰਤ ਦੀ ਰੂਸ ਉੱਤੇ ਫੌਜੀ ਸਾਜੋ-ਸਮਾਜ ਲਈ 60 ਫੀਸਦੀ ਨਿਰਭਰਤਾ ਹੋਣ ਦੇ ਬਾਵਜੂਦ ਭਾਰਤ ਕੁਆਡ ਦੇਸ਼ਾਂ ਨਾਲ ਮਿਲਕੇ ਹਿੰਦ ਪ੍ਰਸ਼ਾਂਤ ਮਹਾਂਸਾਗਰ ਨੂੰ ਯੂਰੋਪੀਅਨ ਯੂਨੀਅਨ ਲਈ ਖੋਲ੍ਹਣ ਲਈ ਤਿਆਰ ਹੈ।  ਇਸ ਤਰ੍ਹਾਂ ਜੇਕਰ ਰੂਸ ਉੱਤੇ ਵਿਦੇਸ਼ੀ ਆਰਥਿਕ-ਵਪਾਰਿਕ ਪਾਬੰਧੀ ਲੱਗਦੀਆਂ ਹਨ ਜਾਂ ਜੰਗੀ ਝਪਟਾਂ ਹੁੰਦੀਆਂ ਹਨ ਤਾਂ ਭਾਰਤ ਸਮੇਤ ਕੌਮਾਂਤਰੀ ਪੱਧਰ ਤੇ ਮਹਿੰਗਾਈ, ਤੇਲ ਤੇ ਗੈਸ ਦੀਆਂ ਕੀਮਤਾਂ ਵਧਣ ਅਤੇ ਸ਼ੇਅਰ ਮਾਰਕਿਟ ਦੀਆਂ ਕੀਮਤਾਂ ਡਿੱਗਣਦੇ ਅਸਾਰ ਹਨ।
ਇਸ ਸਮੇਂ ਪੱਛਮੀ ਤੇ ਰੂਸੀ ਸਾਮਰਾਜੀ ਸ਼ਕਤੀਆਂ ਯੂਕਰੇਨ ਦੇ ਲੋਕਾਂ ਅੰਦਰ ਰਾਸ਼ਟਰਵਾਦੀ ਭਾਵਨਾਵਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਲੜਨ-ਮਰਨ ਲਈ ਪ੍ਰੇਰਿਤ ਕਰ ਰਹੇ ਹਨ। ਯੂਕਰੇਨੀ ਲੋਕਾਂ ਨੂੰ ਇਸ ਅੰਤਰ ਸਾਮਰਾਜੀ ਟਕਰਾਅ ਅਤੇ ਸਾਮਰਾਜੀ ਹਿੱਤਾਂ ਦੀ ਪੂਰਤੀ ਲਈ ਕੀਤੇ ਜਾ ਰਹੇ ਰਾਸ਼ਟਰਵਾਦੀ ਹਿੱਤਾਂ ਦੇ ਦੁਰਪ੍ਰਚਾਰ ਤੋਂ ਚੇਤੰਨ ਹੋਣਾ ਚਾਹੀਦਾ ਹੈ।ਸਮਾਰਾਜੀ ਤਾਕਤਾਂ ਵਿਚਾਲੇ ਚੱਲ ਰਹੇ ਆਪਸੀ ਖਹਿਭੇੜ ਵਿੱਚ ਸਭ ਤੋਂ ਵੱਧ ਨੁਕਸਾਨ ਆਖਰਕਾਰ ਯੂਕਰੇਨ ਦੇ ਅਵਾਮ ਦਾ ਹੋਵੇਗਾ। ਯੂਕਰੇਨ ਦੇ ਲੋਕਾਂ ਨੂੰ ਜੰਗ ਵਿੱਚ ਕਿਸੇ ਵੀ ਸਾਮਰਾਜੀ ਧੜੇ ਦਾ ਸਮਰੱਥਨ ਕਰਕੇ ਆਪਣਾ ਖੂਨ ਨਹੀਂ ਵਹਾਉਣਾ ਚਾਹੀਦਾ। ਉਹਨਾਂ ਨੂੰ ਜੰਗ ਅਤੇ ਤਬਾਹੀਪਸੰਦ ਸਾਮਰਾਜੀ ਅਤੇ ਯੂਕਰੇਨੀਪੂੰਜੀਵਾਦੀ ਤਾਕਤਾਂ ਖਿਲਾਫ ਅਵਾਜ਼ ਉੱਠਾਕੇ ਦੇਸ਼ ਦਾ ਭਵਿੱਖ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ। ਯੂਕਰੇਨ ਸਮੇਤ ਵਿਸ਼ਵ ਭਰ ਦੇ ਲੋਕਾਂ ਨੂੰ ਸੰਸਾਰ ਸਾਮਰਾਜੀ ਤਾਕਤਾਂ ਨੂੰ ਯੂਕਰੇਨ ਦੇ ਨਿਰਦੋਸ਼ ਲੋਕਾਂ ਦਾ ਖੂਨ ਡੋਲ੍ਹਣ ਅਤੇ ਯੂਕਰੇਨੀ ਲੋਕਾਂ ਉੱਤੇ ਨਿਹੱਕੀ ਸਾਮਰਾਜੀ ਜੰਗ ਮੜ੍ਹਨ ਦਾ ਵਿਰੋਧ ਕਰਦਿਆਂ ਯੂਕਰੇਨ ਦੀ ਖੁਦਮੁਖਤਿਆਰੀ ਅਤੇ ਅਮਨ-ਸ਼ਾਤੀ ਦੀ ਬਹਾਲੀ ਲਈ ਅਵਾਜ਼ ਉਠਾਉਣੀ ਚਾਹੀਦੀ ਹੈ।
ਵਟ੍ਹਸਐਪ :+5493813389246