ਸਿੱਖ ਚਿੰਤਕ ਅਜਮੇਰ ਸਿੰਘ ਨੌਜਵਾਨਾਂ ਨੂੰ ਭੜਕਾ ਕੇ ਆਖਿਰ ਚਾਹੁੰਦਾ ਕੀ ਹੈ?
ਦੁਨੀਆਂ ਦਾ ਇਤਿਹਾਸ ਵੱਡੇ ਦੁਖਾਂਤਾਂ, ਜੰਗਾਂ, ਯੁੱਧਾਂ ਨਾਲ਼ ਭਰਿਆ ਪਿਆ ਹੈ।ਇਤਿਹਾਸ ਦੀਆਂ ਉਨ੍ਹਾਂ ਘਟਨਾਵਾਂ ਤੋਂ ਅਸੀਂ ਚੰਗੇ-ਮਾੜੇ ਸਬਕ ਤਾਂ ਸਿੱਖ ਸਕਦੇ ਹਾਂ, ਪਰ ਜੀਣਾ ਅਸੀਂ ਆਪਣੇ ਅੱਜ ਦੇ ਹਾਲਾਤਾਂ ਤੇ ਸਮਰੱਥਾ ਅਨੁਸਾਰ ਹੀ ਹੁੰਦਾ ਹੈ।ਲੋਕ ਆਪਣੇ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵੱਧਦੇ, ਤਰੱਕੀ ਕਰਦੇ ਹਨ ਤੇ ਅਜਿਹੇ ਯਤਨ ਕਰਦੇ ਹਨ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।ਜਿਸ ਤਰ੍ਹਾਂ ਪਿਛਲ਼ੀ ਸਦੀ ਵਿੱਚ ਹੋਈਆਂ ਦੋ ਸੰਸਾਰ ਜੰਗਾਂ ਤੋਂ ਬਾਅਦ ਬੇਸ਼ਕ ਕਈ ਦੇਸ਼ ਆਰਥਿਕ ਤਰੱਕੀ ਦੇ ਨਾਲ਼-ਨਾਲ਼ ਵਿਨਾਸ਼ਕਾਰੀ ਨੁਕਲੀਅਰ ਹਥਿਆਰਾਂ ਵਿੱਚ ਵੀ ਬਹੁਤ ਸ਼ਕਤੀਸ਼ਾਲੀ ਹੋਏ ਹਨ।ਪਰ ਇਸ ਸਭ ਦੇ ਬਾਵਜੂਦ ਸਾਰਿਆਂ ਨੇ ਪਿਛਲੇ ਸੰਸਾਰ ਯੁੱਧਾਂ ਤੋਂ ਬਾਅਦ ਸਿੱਖੇ ਸਬਕਾਂ ਤੋਂ ਬਾਅਦ ਪਿਛਲੇ 80 ਸਾਲਾਂ ਵਿੱਚ ਠੰਡੀ ਜੰਗ ਚੱਲਦੀ ਰਹਿਣ ਦੇ ਬਾਵਜੂਦ ਤੀਜੀ ਸੰਸਾਰ ਜੰਗ ਨਹੀਂ ਹੋਣ ਦਿੱਤੀ? ਪੱਛਮੀ ਦੇਸ਼ਾਂ ਨੇ ਆਪਣੇ ਦੇਸ਼ਾਂ ਦਾ ਸਾਂਝਾ ਭਾਈਚਾਰਾ ਉਸਾਰਨ ਦਾ ਵੀ ਪੂਰਾ ਯਤਨ ਕੀਤਾ।
ਪਿਛਲੇ ਮਹੀਨੇ ਸਿੱਖ ਭਾਈਚਾਰੇ ਵਲੋਂ 37 ਸਾਲ ਪਹਿਲਾਂ ਜੂਨ 84 ਦੀਆਂ ਮੰਦਭਾਗੀਆਂ ਘਟਨਾਵਾਂ ਦੀ ਵਰ੍ਹੇਗੰਢ ਮਨਾਈ ਗਈ ਤਾਂ ਜੋ ਕੁਝ ਦੇਖਣ-ਸੁਣਨ ਨੂੰ ਮਿਲਿਆ, ਉਸ ਤੋਂ ਇਹੀ ਸਮਝ ਬਣਦੀ ਹੈ ਕਿ ਅਸੀਂ 37 ਸਾਲ ਬਾਅਦ ਵੀ ਕੀ ਤੇ ਕਿਵੇਂ ਹੋਇਆ ਨੂੰ ਹੀ ਸੁਣੀ-ਸੁਣਾਈ ਜਾਂਦੇ ਹਾਂ, ਅਜੇ ਵੀ ਅਸੀਂ ਇਸ ਸਬੰਧੀ ਚਰਚਾ ਕਰਨ ਨੂੰ ਤਿਆਰ ਨਹੀਂ ਕਿ ਜੂਨ 84 ਕਿਉਂ ਹੋਇਆ? ਹਰ ਸਾਲ ਨਵੀਆਂ ਨਵੀਆਂ ਕਹਾਣੀਆਂ ਬੜੇ ਸਨਸਨੀਖੇਜ਼ ਢੰਗ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ।ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲ ਆਪਣੀ ਟੀ ਆਰ ਪੀ ਵਧਾਉਣ ਲਈ ਇਨ੍ਹਾਂ ਘਟਨਾਵਾਂ ਨੂੰ ਬੜੇ ਮਸਾਲੇ ਲਗਾ ਕੇ ਪੇਸ਼ ਕਰਦੇ ਹਨ।ਬੇਸ਼ਕ ਸਾਡੇ ਬਹੁਤੇ ਵਿਦਵਾਨਾਂ ਦਾ ਜ਼ੋਰ ਜੂਨ 84 ਰਾਹੀਂ ਸਿੱਖਾਂ ਨੂੰ ਪੀੜ੍ਹਤ ਧਿਰ ਬਣਾ ਕੇ ਦੁਨੀਆਂ ਸਾਹਮਣੇ ਪੇਸ਼ ਕਰਨਾ ਰਿਹਾ ਹੈ।ਪਰ ਇਥੇ ਵੀ ਉਹ ਮਾਰ ਖਾ ਜਾਂਦੇ ਹਨ, ਜਦੋਂ ਇੱਕ ਪਾਸੇ ਕਹਿੰਦੇ ਹਨ ਕਿ ਭਾਰਤ ਦੀ ਸ਼ਕਤੀਸ਼ਾਲੀ ਫੌਜ ਨੇ ਇੱਕ ਛੋਟੀ ਜਿਹੀ ਘੱਟ-ਗਿਣਤੀ ਦੇ ਧਾਰਮਿਕ ਅਸਥਾਨ ਤੇ ਟੈਂਕਾਂ ਤੋਪਾਂ ਨਾਲ਼ ਹਮਲਾ ਕਰਕੇ ਸਿੱਖਾਂ ਦਾ ਨਸਲਘਾਤ ਕੀਤਾ, ਫਿਰ ਨਾਲ਼ ਹੀ ਆਪਣੀ ਬਹਾਦਰੀ ਤੇ ਮੋਰਚਾਬੰਦੀ ਦੇ ਕਿੱਸੇ ਸ਼ੁਰੂ ਕਰ ਦਿੰਦੇ ਹਨ ਕਿ ਕਿਵੇਂ ਸਿੰਘਾਂ ਦੀ ਮੋਰਚਾਬੰਦੀ ਦੇਖ ਕੇ ਫੌਜ ਵੀ ਹੈਰਾਨ ਰਹਿ ਗਈ, ਕਿਵੇਂ ਹਜਾਰਾਂ ਫੌਜੀਆਂ ਦੇ ਸਿੰਘਾਂ ਨੇ ਸੱਥਰ ਵਿਛਾ ਦਿੱਤੇ, ਸਿੰਘਾਂ ਨੇ ਫੌਜੀ ਟੈਂਕ ਵੀ ਉਡਾ ਦਿੱਤੇ ਆਦਿ।ਸਾਡੇ ਵਿਦਵਾਨਾਂ ਦੇ ਇਹ ਦੋਨੋਂ ਆਪਾ ਵਿਰੋਧੀ ਕਿੱਸੇ ਸੁਣ ਕੇ ਕੌਣ ਮੰਨੇਗਾ ਕਿ ਨਿਹੱਥੇ ਸਿੱਖਾਂ ਨਾਲ਼ ਭਾਰਤੀ ਫੌਜ ਨੇ ਧੱਕਾ ਕੀਤਾ ਸੀ?