ਔਰਤ ਦੀ ਹੋਂਦ ’ਤੇ ਪ੍ਰਸ਼ਨ ਚਿੰਨ੍ਹ ਕਿਉਂ? - ਹੇਮ ਰਾਜ ਸਟੈਨੋ
Posted on:- 04-02-2013
ਮਾਦਾ ਭਰੂਣ ਗਰਭਪਾਤ ਦਾ ਮਸਲਾ ਭਖਿਆ ਹੋਇਆ ਹੈ। ਇਸ ਨੂੰ ‘ਭਰੂਣ ਹੱਤਿਆ’ ਦਾ ਨਾਮ ਦੇ ਦਿੱਤਾ ਗਿਆ ਹੈ। ਸਰਕਾਰ ਨੇ ਗਰਭਪਾਤ ਕਰਨ ਅਤੇ ਕਰਵਾਉਣ ਨੂੰ ਕਾਨੂੰਨੀ ਤੌਰ ’ਤੇ ਜੁਰਮ ਕਰਾਰ ਦੇ ਦਿੱਤਾ ਹੈ। ਪਰ ਇਹ ਵਰਤਾਰਾ ਚਾਲੂ ਰਹਿ ਰਿਹਾ ਹੈ। ਅਸਲ ਵਿੱਚ ਇਸ ਵਰਤਾਰੇ ਨੂੰ ਸਤਹੀ ਅਤੇ ਜ਼ਜਬਾਤੀ ਤੌਰ ’ਤੇ ਲੈਂਦਿਆਂ ਇਸਦਾ ਠੋਸ ਵਿਸ਼ਲੇਸ਼ਣ ਕਰਕੇ ਇਸਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤਾ ਜਾ ਰਹੀ। ਇਹ ਲੇਖ ਇਸੇ ਪੱਖ ਨੂੰ ਸੰਬੋਧਿਤ ਹੈ।
ਕੀ ਔਰਤ ਦੇ ਪੇਟ ’ਚ ਪਲ ਰਹੇ ਭਰੂਣ ਦੇ ਗਰਭਪਾਤ ਨੂੰ ਹੱਤਿਆ ਮੰਨਿਆ ਜਾ ਸਕਦਾ ਹੈ? ਆਓ ਦੇਖੀਏ।
ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਔਰਤ ਦੇ ਪੇਟ ਵਿੱਚ ਪਲ ਰਿਹਾ ਭਰੂਣ ਭਾਵੇਂ ਕਿਸੇ ਵੀ ਸਥਿਤੀ ਵਿੱਚ ਹੋਵੇ, ਔਰਤ ਦੇ ਸਰੀਰ ਵਿੱਚੋਂ ਹੀ ਖੁਰਾਕ ਲੈ ਕੇ ਪਲ ਰਿਹਾ ਹੁੰਦਾ ਹੈ। ਮੰਨ ਲਵੋ ਗਰਭਵਤੀ ਔਰਤ ਦੀ ਦਮ ਘੁੱਟ ਕੇ ਮੌਤ ਹੋ ਜਾਵੇ ਤਾਂ ਉਸਦੇ ਪੇਟ ਅੰਦਰਲੇ ਭਰੂਣ ਦੀ ਵੀ ਮੌਤ ਹੋ ਜਾਵੇਗੀ। ਪਰ ਮਾਂ ਦੇ ਪੇਟ ਚੋਂ ਬਾਹਰ ਆਉਣ ’ਤੇ ਜਦੋਂ ਉਸ ਦਾ ਨਾੜੂਆ ਕੱਟਿਆ ਜਾਂਦਾ ਹੈ ਤਾਂ ਜੇਕਰ ਮਾਂ ਦੀ ਮੌਤ ਵੀ ਹੋ ਜਾਵੇ ਤਾਂ ਵੀ ਉਹ ਜ਼ਿੰਦਾ ਰਹਿ ਸਕਦਾ ਹੈ।
ਦੂਸਰੀ ਗੱਲ ਇਹ ਕਿ ਮਨੁੱਖ ਇਸ ਲਈ ਮਨੁੱਖ ਹੈ ਕਿ ਉਹ ਕੰਮ ਕਰਨ, ਸੋਚਣ ਅਤੇ ਬੋਲਣ, ਕਿਰਤ ਦੇ ਸੰਦ ਬਣਾਕੇ ਉਸ ਨਾਲ ਆਲੇ-ਦੁਆਲੇ ਦੀ ਕਾਇਆ-ਪਲਟ ਕਰਨ ਅਤੇ ਹੋਰ ਲੋਕਾਂ ਨਾਲ ਸਮਾਜੀ ਸਬੰਧ ਬਣਾਉਣ ਦੇ ਕਾਬਲ ਹੁੰਦਾ ਹੈ। ਪਰ ਭਰੂਣ ਵਿੱਚ ਇਹ ਕੁੱਝ ਮੌਜੂਦ ਨਹੀਂ ਹੁੰਦਾ। ਜਨਮ ਲੈਣ ਤੋਂ ਬਾਅਦ ਹੀ ਬੱਚਾ ਆਜ਼ਾਦ ਤੌਰ ’ਤੇ ਜ਼ਿੰਦਾ ਰਹਿਣ ਅਤੇ ਮਨੁੱਖੀ ਪ੍ਰਾਣੀ ਵਾਲਾ ਉਪਰੋਕਤ ਸਾਰਾ ਕੁੱਝ ਹਾਸਲ ਕਰਦਿਆਂ ਸਮਾਜ ਦਾ ਅੰਗ ਬਣਦਾ ਹੈ।
ਤੀਸਰੀ ਗੱਲ, ਭਾਵੇਂ ਭਰੂਣ ਵਿੱਚ ਵਿਕਸਤ ਹੋਕੇ ਮਨੁੱਖੀ ਪ੍ਰਾਣੀ ਬਣ ਸਕਣ ਦੀ ਸੰਭਾਵਨਾ ਹੁੰਦੀ ਹੈ, ਪਰ ਸੰਭਾਵਨਾ ਅਤੇ ਹਕੀਕਤ ਦੋਵੇਂ ਇੱਕੋ ਗੱਲਾਂ ਨਹੀਂ ਹਨ। ਮੌਸਮ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੋਵੇ ਪਰ ਅਸੀਂ ਇਸਨੂੰ ਮੀਂਹ ਦਾ ਪੈਣਾ ਨਹੀਂ ਕਹਿ ਸਕਦੇ। ਸੋ ਭਰੂਣ ਦੇ ਬੱਚਾ ਬਣ ਜਾਣ ਦੀ ਸੰਭਾਵਨਾ ਨੂੰ ਬੱਚੇ ਵਜੋਂ ਬਣ ਚੁੱਕੀ ਹਕੀਕਤ ਵਜੋਂ ਸਮਝਣਾ ਗਲਤ ਵਿਚਾਰ ਹੋ ਨਿੱਬੜਦਾ ਹੈ।
ਸੋ ਸਿੱਟਾ ਇਹ ਕਿ ਮਾਦਾ ਗਰਭਪਾਤ ਨੂੰ ਭਰੂਣ ਹੱਤਿਆ ਕਹਿਣਾ ਹੀ ਗਲਤ ਹੈ। ਭਰੂਣ ਔਰਤ ਦੇ ਸਰੀਰ ਦਾ ਹੀ ਇੱਕ ਅੰਗ ਹੁੰਦਾ ਹੈ। ਇਹ ਕੋਈ ਵੱਖਰਾ ਸਮਾਜਕ ਜੀਵ ਨਹੀਂ ਹੁੰਦਾ ਜਿਸ ਦੀ ਹੱਤਿਆ ਕੀਤੀ ਜਾਂਦੀ ਹੋਵੇ।
ਅੱਗੇ। ਕੀ ਔਰਤ ਨੂੰ ਗਰਭਪਾਤ ਗਿਰਾਉਣ/ਕਰਾਉਣ ਦਾ ਕੋਈ ਅਧਿਕਾਰ ਹੋਣਾ ਚਾਹੀਦਾ ਹੈ ਜਾਂ ਨਹੀਂ?
ਗਰਭਪਾਤ ਵਿਰੁੱਧ ਦਿੱਤੀ ਜਾਂਦੀ ਪਹਿਲੀ ਦਲੀਲ ਨੂੰ ਪਹਿਲਾਂ ਲੈਂਦੇ ਹਾਂ। ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਜਨਮ ਦੇਣ ਦੀ ਕ੍ਰਿਆ ਔਰਤ ਨੇ ਹੀ ਨਿਭਾਉਣੀ ਹੈ। ਫਿਰ ਤਾਂ ਇਸਦਾ ਮਤਲਬ ਇਹ ਵੀ ਬਣ ਜਾਂਦਾ ਹੈ ਕਿ ਪਰਿਵਾਰ ਨਿਯੋਜਨ ਬਹੁਤ ਵੱਡੀ ਬੇਵਕੂਫੀ ਵਾਲਾ ਕਾਨੂੰਨ ਹੈ। ਜਿੰਨੀ ਮਰਜ਼ੀ ਬੱਚੇ ਪੈਦਾ ਹੋਈ ਜਾਣ ਹੁੰਦੇ ਰਹਿਣੇ ਚਾਹੀਦੇ ਹਨ।
ਇਹ ਠੀਕ ਹੈ ਮਰਦ ਅਤੇ ਔਰਤ ਦਰਮਿਆਨ ਬੱਚੇ ਨੂੰ ਜਨਮ ਦੇਣ ਵਾਲੀ ਜ਼ਿੰਮੇਵਾਰੀ ਕੁਦਰਤੀ ਤੌਰ ’ਤੇ ਔਰਤ ’ਤੇ ਹੈ। ਪਰ ਕੀ ਕੁਦਰਤੀ ਤੌਰ ’ਤੇ ਜੋ ਕ੍ਰਿਆ ਹੈ ਉਸ ਦੀ ਉਲੰਘਣਾ ਜਾਂ ਉਸਦੀ ਵਰਤੋਂ ਕਰਨਾ ਗਲਤ ਹੈ? ਕੁਦਰਤੀ ਤੌਰ ’ਤੇ ਰਾਤ ਨੂੰ ਹਨੇਰਾ ਹੁੰਦਾ ਹੈ ਅੱਜ ਦਾ ਹੀ ਨਹੀਂ ਬਲਕਿ ਕਿੰਨੇ ਸੈਂਕੜੇ ਸਾਲ ਪਹਿਲਾਂ ਮਨੁੱਖ ਰਾਤ ਦੇ ਹਨੇਰੇ ਨੂੰ ਰੌਸ਼ਨੀ ਨਾਲ ਦੂਰ ਕਰਕੇ ਜੀਵਨ ਬਿਤਾ ਰਿਹਾ ਹੈ। ਗੱਲ ਇਹ ਹੈ ਕਿ ਕੁਦਰਤ ਕੋਈ ਚੇਤੰਨ ਸ਼ਕਤੀ ਹੈ ਜੋ ਮਨੁੱਖ ਲਈ ਕੋਈ ਨਿਯਮ ਤੈਅ ਕਰੇ। ਕਿਹੜੇ ਕੁਦਰਤੀ ਅਸੂਲ ਦੀ ਕਿਵੇਂ ਅਤੇ ਕਦੋਂ ਪਾਲਣਾ ਕਰਨੀ ਹੈ, ਇਸ ਦਾ ਫੈਸਲਾ ਖੁਦ ਮਨੁੱਖ ਨੇ ਕਰਨਾ ਹੁੰਦਾ ਹੈ। ਇਹੀ ਗੱਲ ਬੱਚੇ ਦੇ ਜਨਮ ਵਾਲੇ ਕੁਦਰਤੀ ਨਿਯਮ ਨੂੰ ਆਪਣੇ ਅਨੁਸਾਰ ਢਾਲਕੇ ਜੀਵਨ ਬਤੀਤ ਕਰਨ ਲਈ ਔਰਤ ਦੇ ਗਰਭਪਾਤ ਕਰਵਾਉਣ ’ਤੇ ਢੁੱਕਦੀ ਹੈ ਅਤੇ ਇਹ ਔਰਤ ’ਤੇ ਨਿਰਭਰ ਹੋਣਾ ਚਾਹੀਦਾ ਹੈ।
ਕੋਈ ਕਹਿ ਸਕਦਾ ਹੈ ਕਿ ਗਰਭਪਾਤ ਕਰਾਉਣ ਨਾਲ ਲੜਕੀਆਂ ਦੀ ਗਿਣਤੀ ਘਟਣ ਨਾਲ ਸਮਾਜਕ ਸਮੱਸਿਆ ਖੜ੍ਹੀ ਹੋਣ ਦਾ ਡਰ ਹੈ। ਜੇਕਰ ਇਸ ਤਰ੍ਹਾਂ ਸਮਾਜਕ ਸਮੱਸਿਆ ਖੜੀ ਹੋਣ ਦਾ ਡਰ ਹੈ ਤਾਂ ਇਸ ਨੂੰ ਦੂਰ ਕਰਨ ਲਈ ਕੁਝ ਸਮੇਂ ਲਈ ਲੜਕੇ ਦੇ ਜਨਮ ਨੂੰ ਬੰਦ ਕਰਨ ਲਈ ਕਾਨੂੰਨੀ ਤੌਰ ’ਤੇ ਲਾਜ਼ਮੀ ਕਰਾਰ ਕਿਉਂ ਨਹੀਂ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਲੜਕੀਆਂ ਨਾਲੋਂ ਲੜਕਿਆਂ ਦੀ ਗਿਣਤੀ ਘਟ ਰਹੇ। ਪਰ ਇੱਥੇ ਤਾਂ ਸਿਰਫ ਮਾਦਾ ਭਰੂਣ ਦੇ ਗਰਭਪਾਤ ਨੂੰ ਰੋਕਣ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ। ਇਸ ਦਾ ਮਤਲਬ ਇਹ ਬਣ ਜਾਂਦਾ ਹੈ ਕਿ ਇਹ ਫੈਸਲਾ ਵੀ ਮਰਦ ਦੇ ਹੱਥ ਹੋਣਾ ਚਾਹੀਦਾ ਹੈ ਕਿ ਸਮਾਜ ਵਿੱਚ ਲੜਕੀਆਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ ਅਤੇ ਕਿੰਨੀ ਨਹੀਂ ਹੋਣੀ ਚਾਹੀਦੀ। ਜਨਮ ਦੇਣਾ ਔਰਤ ਨੇ, ਫੈਸਲਾ ਕਰਨਾ ਮਰਦ ਨੇ, ਇਹ ਕਿਵੇਂ ਵਾਜ਼ਬ ਹੈ?
ਸੋ ਔਰਤ ਨੂੰ ਗਰਭਪਾਤ ਕਰਾਉਣ ਦੇ ਅਧਿਕਾਰ ਵਿਰੁੱਧ ਦਿੱਤੀਆਂ ਜਾਂਦੀਆਂ ਦਲੀਲਾਂ ਵਿੱਚ ਕੋਈ ਦਮ ਨਹੀਂ। ਔਰਤ ਨੂੰ ਗਰਭਪਾਤ ਕਰਾਉਣ ਦਾ ਪੂਰਾ-ਪੂਰਾ ਅਧਿਕਾਰ ਹੋਣਾ ਚਾਹੀਦਾ ਹੈ।
ਹੁਣ ਇਹ ਦੇਖਣਾ ਜ਼ਰੂਰੀ ਹੈ ਕਿ ਕੀ ਇਹ ਵਰਤਾਰਾ ਅੱਜ-ਕੱਲ ਦਾ ਹੈ, ਕਿਉਂਕਿ ਮਾਦਾ ਗਰਭਪਾਤ ਕਰਾਉਣ ਨੂੰ ‘ਹੱਤਿਆ’ ਕਹਿਣ ਵਾਲੇ ਲੋਕ ਅਚੇਤ ਜਾਂ ਸੁਚੇਤ ਤੌਰ ’ਤੇ ਇਸ ਵਰਤਾਰੇ ਨੂੰ ਅੱਜ ਦੇ ਮਾਂ-ਬਾਪ ਦੇ ‘ਨਿਰਦਈ’ ‘ਅਧਰਮੀ’ ‘ਕਲਯੁਗੀ’ ਬਣ ਜਾਣਾ ਸਮਝਦੇ ਹਨ। ਸੋ ਇਸ ਸਬੰਧੀ ਦੇਸ਼ ਦੇ ਦੋ ਕੁ ਸੌ ਸਾਲਾਂ ਦੇ ਇਤਿਹਾਸ ਦੇ ਕੁੱਝ ਅੰਸ਼ ਪੇਸ਼ ਹਨ:-
ਸੰਨ 1789 ਵਿੱਚ ਬਨਾਰਸ ਵਿੱਚ ਰਹਿੰਦੇ ਅੰਗਰੇਜ਼ ਜੌਨਾਥਨ ਡਨਕਨ ਨੇ ਖੋਜ ਕੀਤੀ ਤਾਂ ਦੇਖਿਆ ਕਿ ਬਾਲੜੀ-ਹੱਤਿਆ ਦੀ ਇਹ ਰਵਾਇਤ ਉਸ ਵੇਲੇ ਪੰਜਾਬ, ਰਾਜਸਥਾਨ, ਉਤਰ ਪ੍ਰਦੇਸ਼, ਮਾਲਵਾ, ਸੌਰਾਸ਼ਟਰ ਦੇ ਸਭ ਰਾਜਪੂਤਾਂ ਵਿੱਚ ਪ੍ਰਚੱਲਿਤ ਸੀ। ...ਗੁਜਰਾਤ ਵਿੱਚ ਰਾਜਪੂਤਾਂ ਦੀ ਵੰਸ਼ ਵਾਲੇ ਜਡੇਜਿਆਂ ਦੇ ਸੰਨ 1817 ਵਿੱਚ ਕੋਈ ਬਾਲੜੀ ਨਹੀਂ ਸੀ।
1856 ਵਿੱਚ ਬਨਾਰਸ ਡਵੀਜ਼ਨ ਵਿੱਚ ਬਾਲੜੀ-ਹੱਤਿਆ ਬਾਰੇ ਕਰਵਾਈ ਪੜਤਾਲ ਤੋਂ ਪਤਾ ਲੱਗਿਆ ਕਿ 418 ਪਿੰਡਾਂ ਵਿੱਚੋਂ 308 ਪਿੰਡਾਂ ਵਿੱਚ ਬਾਲੜੀਆਂ ਦੀ ਗਿਣਤੀ ਲਗਭਗ ਨਾਂਹ ਦੇ ਬਰਾਬਰ ਸੀ ਅਤੇ ਇਨ੍ਹਾਂ ਹੀ 308 ਪਿੰਡਾਂ ਵਿਚੋਂ 62 ਪਿੰਡ ਤਾਂ ਅਜਿਹੇ ਸਨ ਜਿੰਨਾਂ ਵਿਚ ਰਾਜਪੂਤਾਂ ਦੇ 6 ਸਾਲ ਤੋਂ ਛੋਟੀ ਉਮਰ ਦੀ ਕੋਈ ਬੱਚੀ ਨਹੀਂ ਸੀ। ਭਾਵ ਇਹੀ ਕਿ ਛੇ ਸਾਲਾਂ ਵਿੱਚ ਜਿੰਨੀਆਂ ਵੀ ਬੱਚੀਆਂ ਪੈਦਾ ਹੋਈਆਂ ਉਹ ਬਾਲੜੀ-ਹੱਤਿਆ ਵਾਲੀ ‘ਰਵਾਇਤ’ ਦੀ ਭੇਂਟ ਚੜ੍ਹ ਗਈਆਂ।
ਬੜੌਦਾ ਦੇ ਰਹਿਣ ਵਾਲੇ ਐਲਗਜੈਂਡਰ ਵਾਕਰ ਨੇ ਇੱਕ ਰਿਪੋਰਟ ਵਿੱਚ ਦਰਸਾਇਆ ਕਿ ਜੇਠਵਾ ਬਰਾਦਰੀ ਦੇ ਮੁਖੀ ਪੋਰਬੰਦਰ ਦੇ ਰਾਣਾ ਪਰਿਵਾਰ ’ਚ ਇੱਕ ਸੌ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਇੱਕ ਵੀ ਲੜਕੀ ਸਲਾਮਤ ਨਹੀਂ ਰੱਖੀ ਗਈ।
ਪੰਜਾਬ, ਸੰਯੁਕਤ ਪ੍ਰਾਂਤ ਤੇ ਰਾਜਪੂਤਾਨੇ ਦੀਆਂ 1901, 1911, 1921 ਦੀਆਂ ਮਰਦਮ-ਸ਼ੁਮਾਰੀਆਂ ਤੋਂ ਪਤਾ ਚੱਲਦਾ ਹੈ ਕਿ ਬਾਲੜੀ-ਹੱਤਿਆ ਦੀ ਰਵਾਇਤ ਜੱਟ(ਹਿੰਦੂ),ਖੱਤਰੀ, ਰਾਜਪੂਤ(ਹਿੰਦੂ), ਗੁੱਜਰਾਂ ਵਿੱਚ ਪ੍ਰਚੱਲਿਤ ਸੀ।
ਬਾਲੜੀ-ਹੱਤਿਆ ਨੂੰ ਰੋਕਣ ਲਈ ਅੰਗਰੇਜ਼ੀ ਰਾਜ ਨੇ 1870 ’ਚ ਇੱਕ ਕਾਨੂੰਨ ਬਣਾਇਆ ਸੀ। ਇਹ ਕਾਨੂੰਨ ਬਣਾਉਣਾ ਵੀ ਸਿੱਧ ਕਰਦਾ ਹੈ ਕਿ ਇਹ ਰਵਾਇਤ ਵਿਅਪਕ ਪੱਧਰ ’ਤੇ ਚਾਲੂ ਸੀ।
ਸੋ ਇਹ ਵਰਤਾਰਾ ਅੱਜ-ਕੱਲ ਸ਼ੁਰੂ ਨਹੀਂ ਹੋਇਆ ਬਲਕਿ ਸਦੀਆਂ ਤੋਂ ਪ੍ਰਚੱਲਿਤ ਤੁਰਿਆ ਆ ਰਿਹਾ ਹੈ। ਇਸ ਨੂੰ ਅੱਜ-ਕੱਲ ਦੇ ਮਾਂ-ਬਾਪ ਦੇ ‘ਨਿਰਦਈ’ ‘ਕਲਯੁਗੀ’ ‘ਅਧਰਮੀ’ ਆਦਿ ਵਿਚਾਰਾਂ ਦੀ ਪੈਦਾਇਸ਼ ਨਹੀਂ ਸਮਝਣਾ ਚਾਹੀਦਾ। ਅਸਲ ਵਿੱਚ ਇਸ ਵਰਤਾਰੇ ਨੂੰ ਪੈਦਾ ਕਰਨ ਵਾਲੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਨੂੰ ਦੂਰ ਕਰਕੇ ਹੀ ਇਸ ਵਰਤਾਰੇ ਨੂੰ ਖਤਮ ਕੀਤਾ ਜਾ ਸਕਦਾ ਹੈ। ਸੋ ਹੁਦ ਆਪਾਂ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਦੇ ਹਾਂ।
ਆਰਥਕ ਕਾਰਨ: ਇਸ ਵਰਤਾਰੇ ਦੇ ਪ੍ਰਚੱਲਣ ਬਾਰੇ ਅੰਗਰੇਜ਼ ਸਰਕਾਰ ਨੇ ਪੜਤਾਲ ਦੌਰਾਨ ਪਾਇਆ ਸੀ ਕਿ ਇਹ ਬਾਲੜੀ-ਹੱਤਿਆ ਵੱਡੀਆਂ ਜਾਇਦਾਦਾਂ ਦੀਆਂ ਮਾਲਕ ਉੱਚ-ਸ਼੍ਰੇਣੀਆਂ ਵਿੱਚ ਪ੍ਰਚੱਲਿਤ ਸੀ ਜਿਵੇਂ ਕਿ ਰਾਜਪੂਤ, ਪੱਟੀਦਾਰ, ਜੱਟ ਅਤੇ ਅਹੀਰ ਆਦਿ। ਉਨ੍ਹਾਂ ਦੇਖਿਆ ਕਿ ਰਾਜਪੂਤ ਆਪਣੀਆਂ ਲੜਕੀਆਂ ਲਈ ਉੱਚ-ਘਰਾਣੇ ਦੇ ਵਰ ਹੀ ਚਾਹੁੰਦੇ ਸਨ। ਪਰ ਉੱਚ-ਘਰਾਣਿਆਂ ਦੀ ਮੰਗ ਅਨੁਸਾਰ ਆਪਣੀਆਂ ਲੜਕੀਆਂ ਨੂੰ ਦਿੱਤੇ ਜਾਣ ਵਾਲੇ ਦਾਜ ਦਾ ਖਰਚਾ ਝੱਲਣ ਨੂੰ ਤਿਆਰ ਨਹੀਂ ਸਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਜਾਇਦਾਦ ਦਾ ਵੱਡਾ ਹਿੱਸਾ ਵੇਚਣਾ ਪੈਂਦਾ। ਸੋ ਲੜਕੀ ਦੇ ਦਾਜ-ਦਹੇਜ ਤੋਂ ਬਚਣ ਲਈ ਉਹ ਬਾਲੜੀ-ਹੱਤਿਆ ਵੱਲ ਝੁਕ ਗਏ।
ਅੱਜ ਵੀ ਦਾਜ-ਦਹੇਜ ਦੀ ਸਮੱਸਿਆ ਉਵੇਂ-ਜਿਵੇਂ ਕਾਇਮ ਹੈ। ਇਹ ਭਾਵੇਂ ਕਾਨੂੰਨੀ ਤੌਰ ’ਤੇ ਜੁਰਮ ਹੈ ਪਰ ਸਮਾਜਕ ਤੌਰ ’ਤੇ ਇਸਨੂੰ ਪ੍ਰਵਾਨਗੀ ਮਿਲੀ ਹੋਈ ਹੈ। ਅੱਜ ਵੀ ਉੱਪਰਲੇ ਮੱਧ-ਵਰਗ ਤਬਕੇ ਤੋਂ ਲੈ ਕੇ ਹੇਠਲੇ ਮੱਧ-ਵਰਗ ਤਬਕੇ ਤੱਕ ਦੇ ਸਾਰੇ ਲੋਕ ਦਾਜ-ਦਹੇਜ ਦੀ ਸਮੱਸਿਆ ਤੋਂ ਔਖੇ ਹਨ ਅਤੇ ਉਨ੍ਹਾਂ ਵਿੱਚ ਹੀ ਇਹ ਵਰਤਾਰਾ ਜ਼ਿਆਦਾ ਪ੍ਰਚੱਲਤ ਹੈ।
ਆਲ ਇੰਡੀਆ ਡੈਮੋਕਰੈਟਿਕ ਵੂਮੈਨਜ਼ ਐਸੋਸੀਏਸ਼ਨ (ਏਡਵਾ)ਵੱਲੋਂ ਦਿੱਲੀ ਤੋਂ ਇਲਾਵਾ 16 ਸੂਬਿਆਂ ਦਾ ਇੱਕ ਸਰਵੇ ਕਰਾਇਆ ਗਿਆ। ਇਸ ਵਿੱਚ ਮੁੱਖ ਤੌਰ ’ਤੇ ਦਰਮਿਆਨੇ ਅਤੇ ਹੇਠਲੇ-ਦਰਮਿਆਨੇ ਤਬਕੇ ਦੇ 9000 ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ। ਸਰਵੇ ਰਿਪੋਰਟ ਦੇ ਮੁੱਖ ਅੰਸ਼ ਇਹ ਹਨ:-
ਪਰਿਵਾਰਾਂ ਦੀ ਬਹੁਸੰਮਤੀ ਨੇ ਆਪਣੀ ਲੜਕੀ ਨੂੰ ਆਪਣੀ ਜਾਇਦਾਦ ਵਿੱਚੋਂ ਹਿੱਸਾ ਦੇਣ ਤੋਂ ਇਨਕਾਰ ਕੀਤਾ। ਦਾਜ-ਦਹੇਜ ਨੂੰ ਇਸ ਹਿੱਸੇ ਦਾ ਬਦਲ ਕਿਹਾ।
ਦਾਜ-ਦਹੇਜ ਵਿਆਹ ਦੇ ਰਸਮੋ-ਰਿਵਾਜਾਂ ਤੋਂ ਅੱਗੇ ਨਿਕਲ ਜਾਂਦਾ ਹੈ। ਗਰਭ-ਧਾਰਨ, ਬੱਚੇ ਦੇ ਜਨਮ ਲੈਣ ਅਤੇ ਹਰ ਕਿਸਮ ਦੇ ਧਾਰਮਿਕ ਤੇ ਪਰਿਵਾਰਕ ਸਮਾਗਮ, ਇਹ ਸਭ ਅਜਿਹੇ ਮੌਕੇ ਹੁੰਦੇ ਹਨ ਜਦੋਂ ਲੜਕੇ ਵਾਲਿਆਂ ਵੱਲੋਂ ਕੁੱਝ ਦੇਣ ਦੀ ਮੰਗ/ਝਾਕ ਕੀਤੀ ਜਾਂਦੀ ਹੈ।
ਏਡਵਾ ਦੇ ਉਪਰੋਕਤ ਕਥਨ ਦਾ ਮੈਨੂੰ ਵੱਖਰੀ ਤਰ੍ਹਾਂ ਨਾਲ ਹੀ ਨਿੱਜੀ ਅਨੁਭਵ ਹੈ। ਉਹ ਇਸ ਤਰ੍ਹਾਂ ਕਿ ਮੈਂ ਆਪਣੇ ਇੱਕ ਮਿੱਤਰ ਦੀ ਲੜਕੀ ਦੇ ਵਿਆਹ ਵਿੱਚ ਸ਼ਾਮਲ ਹੋਇਆ। ਜਦੋਂ ਲੜਕੀ ਦੀ ਡੋਲੀ ਤੁਰ ਗਈ ਤਾਂ ਮੈਂ ਆਪਣੇ ਮਿੱਤਰ ਨੂੰ ਸੁਭਾਵਕ ਲਹਿਜ਼ੇ ਵਿੱਚ ਕਿਹਾ ਕਿ ‘ਚੱਲ ਯਾਰ, ਤੇਰੇ ਤੋਂ ਭਾਰ ਲਹਿ ਗਿਆ, ਕੁੜੀ ਘਰੋਂ ਵਿਦਾ ਹੋਈ।’ ਉਸਨੇ ਮੋੜਵੇਂ ਜਵਾਬ ਵਿੱਚ ਕਿਹਾ ਕਿ,‘ਤੂੰ ਕਹਿਨੈਂ ਵਿਦਾ ਹੋਗੀ, ਇਹ ਤਾਂ ਬਾਰ ਮੂਹਰੇ ਲਿਟ ਗਈ।’ ਆਪਣੀ ਗੱਲ ਜਾਰੀ ਰੱਖਦਿਆਂ ਉਸਨੇ ਕਿਹਾ ਕਿ,‘ਕੁੜੀ ਵਾਲਿਆਂ ਨੂੰ ਉਸਦੇ ਜਿਉਂਦਿਆਂ ਤਾਂ ਕੁਛ ਨਾ ਕੁਛ ਦੇਣਾ ਹੀ ਪੈਂਦਾ ਹੈ, ਬਲਕਿ ਕੁੜੀ ਦੇ ਮਰਨ ’ਤੇ ਕੱਫਨ ਦਾ ਕੱਪੜਾ ਵੀ ਪੇਕੇ ਵਾਲਿਆਂ ਨੂੰ ਹੀ ਪਾਉਣਾ ਪੈਂਦਾ ਹੈ; ਭਰਾਵਾ! ਕੁੜੀ ਤਾਂ ਮਰਕੇ ਹੀ ਵਿਦਾ ਹੁੰਦੀ ਹੈ।’
ਇੱਥੇ ਇਹ ਨੋਟ ਕਰਨਾ ਠੀਕ ਰਹੇਗਾ ਕਿ ਅੱਜ ਦੇ ਖਪਤ ਸਭਿਆਚਾਰ ਵਿੱਚ ਦਾਜ-ਦਹੇਜ ਦੀ ਮੰਗ ਹੋਰ ਉੱਚੀ ਹੋ ਗਈ ਹੈ। ਅੱਜ ਦਰਮਿਆਨੇ ਤਬਕੇ ਦਾ ਹਰ ਲੜਕਾ ਸਹੁਰਾ ਪਰਿਵਾਰ ਕੋਲੋਂ ਹੋਰ ਵੱਧ ਦਾਜ ਦੀ ਮੰਗ/ਝਾਕ ਰੱਖਦਾ ਹੈ।
ਅੱਜ-ਕੱਲ ਦੇ ਦਰਮਿਆਨੇ ਤਬਕੇ ਆਰਥਕ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੇ ਹਨ। ਰਾਜਪੂਤਾਂ ਦੀ ਤਰ੍ਹਾਂ ਉਹ ਆਪਣੀ ਲੜਕੀ ਦੇ ਦਾਜ-ਦਹੇਜ ਨਾਲ ਲੜਖੜਾਈ ਆਪਣੀ ਆਰਥਕ ਹਾਲਤ ਨੂੰ ਹੋਰ ਦੀਵਾਲੀਏ ਵੱਲ ਧੱਕਣਾ ਨਹੀਂ ਚਾਹੁੰਦੇ।
ਅੱਗੇ ਹੋਰ। ਲੜਕੀ ਦਾ ਘਰ ਵਿੱਚ ਆਰਥਕ ਤੌਰ ’ਤੇ ਕੋਈ ਸਿੱਧਾ ਯੋਗਦਾਨ ਨਹੀਂ ਹੁੰਦਾ। ਜੇਕਰ ਲੜਕੀ ਕੋਈ ਕਾਰੋਬਾਰ ਕਰਦੀ ਵੀ ਹੈ ਤਾਂ ਵੀ ਆਪਣੀ ਇਹ ਕਮਾਈ ਜਾਂ ਤਾਂ ਉਹ ਆਪ ਹੀ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੰਦੀ ਜਾਂ ਫਿਰ ਪਰਿਵਾਰ ਵਾਲੇ ‘ਲੜਕੀ ਦਾ ਖਾਣਾ ਪਾਪ ਹੈ’ ਵਰਗੇ ਪੁਰਾਣੇ ਸੰਸਕਾਰਾਂ ਦੇ ਮਾਲਕ ਹੋਣ ਕਰਕੇ ਉਸ ਤੋਂ ਉਸਦੀ ਕਮਾਈ ਨਹੀਂ ਲੈਂਦੇ। ਇਸ ਦੇ ਉਲਟ ਲੜਕੇ ਦਾ ਘਰ ਦੀ ਆਰਥਕਤਾ ਵਿੱਚ ਸਿੱਧੇ ਤੌਰ ’ਤੇ ਯੋਗਦਾਨ ਹੁੰਦਾ ਹੈ। ਲੜਕੀ ਨੇ ਜਵਾਨ ਹੋ ਕੇ ਆਪਣੇ ਸਹੁਰਾ ਘਰ ਚਲੇ ਜਾਣਾ ਹੁੰਦਾ ਹੈ ਜਦੋਂ ਕਿ ਲੜਕੇ ਨੇ ਵਿਰਾਸਤ ਸੰਭਾਲਦਿਆਂ ਆਪਣੇ ਮਾਂ-ਬਾਪ ਦੇ ਘਰ ਹੀ ਰਹਿਣਾ ਹੁੰਦਾ ਹੈ।
ਇਸ ਤੋਂ ਇਲਾਵਾ ਲੜਕੀ ਦੇ ਦਾਜ-ਦਹੇਜ ਦਾ ਮਾਂ-ਬਾਪ ਦੇ ਮਨ ਵਿੱਚ ਝੋਰਾ ਹੁੰਦਾ ਹੈ ਜਦੋਂ ਕਿ ਲੜਕੇ ਨੇ ਦਾਜ-ਦਹੇਜ ਲੈ ਕੇ ਆਉਣਾ ਹੁੰਦਾ ਹੈ। ਇਸ ਲਈ ਝੋਰੇ ਦੀ ਥਾਂ ਸਗੋਂ ਮਾਂ-ਬਾਪ ਨੂੰ ਮਨੋਂ-ਮਨੀ ਖੁਸ਼ੀ ਭਰਿਆ ਅਹਿਸਾਸ ਹੁੰਦਾ ਹੈ।
ਸਮਾਜਕ ਕਾਰਨ: ਜਿਹੜੇ ਜ਼ਿਮੀਂਦਾਰ ਲੋਕ ਹਨ ਉਹ ਆਪਣੀ ਜ਼ਮੀਨ ਵੇਚਕੇ ਲੜਕੀ ਦੇ ਦਾਜ-ਦਹੇਜ ਲਾਉਣ ਨਾਲ ਆਪਣਾ ਸਮਾਜਕ-ਰੁਤਬਾ ਡਿੱਗਿਆ ਸਮਝਦੇ ਹਨ। ਇਸ ਲਈ ਉਹ ਦਾਜ-ਦਹੇਜ ਤੋਂ ਬਚਣ ਲਈ ਲੜਕੀ ਦੇ ਜਨਮ ਤੋਂ ਬਚਣਾ ਚਾਹੁੰਦੇ ਹਨ (ਸਮਾਜਕ ਰੁਤਬੇ ਦਾ ਸਵਾਲ ਜਾਇਦਾਦ ਅਤੇ ਧਨ-ਦੌਲਤ ਦੇ ਵੱਧ ਜਾਂ ਘੱਟ ਹੋਣ ਨਾਲ ਹੀ ਜੁੜਿਆ ਹੋਇਆ ਹੁੰਦਾ ਹੈ।)
ਦੂਸਰਾ, ਲੜਕੀ ਵਾਲੇ ਨੂੰ ਹੀ ਆਪਣੀ ਲੜਕੀ ਲਈ ਵਰ ਦੀ ਤਲਾਸ਼ ਕਰਨੀ ਪੈਂਦੀ ਹੈ। ਇਸ ਲਈ ਉਸਨੂੰ ਨੀਵਾਂ ਹੋਣਾ ਪੈਂਦਾ ਹੈ। ਉਸਨੂੰ ਲੜਕੀ ਨੂੰ ਪਾਲ-ਪੋਸਕੇ ਵੱਡਾ ਕਰਨ, ਸਿੱਖਿਆ ਦੇਣ ਅਤੇ ਹੁਨਰਮੰਦ ਬਣਾਉਣ ਤੋਂ ਇਲਾਵਾ ਦਾਜ-ਦਹੇਜ ਵਿੱਚ ਵੀ ਸਭ ਕੁੱਝ ਦੇ ਕੇ ਵੀ ਲੜਕੇ ਵਾਲਿਆਂ ਨੂੰ ਹੱਥ ਜੋੜ ਕੇ ਕਹਿਣਾ ਪੈਂਦਾ ਹੈ,‘‘ਜੀ ਅਸੀਂ ਤਾਂ ਬਸ ਇੰਨੇ ਜੋਗਰੇ ਹੀ ਹਾਂ।’ ਇਸੇ ਲਈ ਹੀ ਸਾਡੇ ਪ੍ਰਚੱਲਿਤ ਲੋਕ ਮੁਹਾਵਰਾ ਰਿਹਾ ਹੈ ਕਿ,‘‘ਲੜਕੀਆਂ ਵਾਲੇ ਤਾਂ ਸਦਾ ਹੀ ਨੀਵੇਂ ਹੁੰਦੇ ਹਨ।’ ਸੋ ਸਮਾਜਕ ਤੌਰ ’ਤੇ ਲੜਕੀ ਵਾਲਿਆਂ ਨੂੰ ਮਨ ਹੀ ਮਨ ਵਿੱਚ ਹੀਣੇ ਜਿਹੇ ਮਹਿਸੂਸ ਹੁੰਦਾ ਰਹਿੰਦਾ ਹੈ।
ਅਸੁਰੱਖਿਤ ਮਾਹੌਲ: ਅੱਜ-ਕੱਲ ਅਖਬਾਰ ਵਿੱਚ ਬਲਾਤਕਾਰ, ਅਗਵਾ ਤੋਂ ਇਲਾਵਾ ਬੱਸਾਂ-ਗੱਡੀਆਂ, ਦਫਤਰਾਂ, ਕਾਰੋਬਾਰੀ-ਅਦਾਰਿਆਂ ਆਦਿ ਅੰਦਰ ਲੜਕੀਆਂ ਨਾਲ ਹੁੰਦੇ ਦੁਰ-ਵਿਵਹਾਰ ਦੀਆਂ ਖਬਰਾਂ ਛਾਈਆਂ ਹੁੰਦੀਆਂ ਹਨ। ਇਹ ਮਾਹੌਲ ਹਰ ਕਿਸੇ ਨੂੰ ਲੜਕੀ ਦੀ ਸੁਰੱਖਿਆ ਦਾ ਬੋਝ-ਮੁਕਤ ਹੋਣ ਦਾ ਵਿਚਾਰ ਪੈਦਾ ਕਰਦਾ ਹੈ।
ਸੋ ਸਾਰ-ਤੱਤ ਇਹ ਹੈ ਕਿ ਦਾਜ-ਦਹੇਜ, ਦਾਜ-ਦਹੇਜ ਕਰਕੇ ਆਰਥਕਤਾ ਦੇ ਲੜਖੜਾ ਜਾਣ ਦਾ ਡਰ, ਜਨਮ ਲੈਣ ਵਾਲੇ ਪਰਿਵਾਰ ਵਿੱਚ ਲੜਕੀ ਦਾ ਆਰਥਕਤਾ ਵਿੱਚ ਸਿੱਧੇ ਤੌਰ ’ਤੇ ਕੋਈ ਮਹੱਤਵਪੂਰਨ ਰੋਲ ਨਾ ਹੋਣਾ, ਜਾਇਦਾਦ ਵਾਲੇ ਲੋਕਾਂ ਦਾ ਆਪਣੀ ਜਾਇਦਾਦ ਵੇਚਕੇ ਲੜਕੀ ਦੇ ਦਾਜ-ਦਹੇਜ ਲਾਉਣ ਨਾਲ ਆਪਣੇ ਸਮਾਜਕ-ਰੁਤਬੇ ਦੇ ਡਿੱਗ ਪੈਣ ਦਾ ਡਰ, ਸਮਾਜਕ ਤੌਰ ’ਤੇ ਲੜਕੀ ਵਾਲਿਆਂ ਦੇ ਮਨ ’ਚ ਹੀਣ ਭਾਵਨਾ ਹੋਣਾ, ਅਸੁਰੱਖਿਅਤ ਸਮਾਜਕ ਮਾਹੌਲ, ਆਦਿ ਦੀਆਂ ਹਾਲਤਾਂ ਸਾਡੇ ਸਮਾਜ ਵਿੱਚ ਮੌਜੂਦ ਹਨ। ਇੱਕ ਸ਼ਬਦ ’ਚ ਕਹਿਣਾ ਹੋਵੇ ਤਾਂ ਲੜਕੀ ਅਤੇ ਲੜਕੇ ਵਿਚਕਾਰ ਮੌਜੂਦ ਆਰਥਕ ਨਾ-ਬਰਾਬਰੀ, ਸਮਾਜਕ ਅਤੇ ਸਭਿਆਚਾਰਕ ਨਾ-ਬਰਾਬਰੀਆਂ ਨੂੰ ਜਨਮ ਦਿੰਦੀ ਹੈ। ਇਹੀ ਨਾ-ਬਰਾਬਰੀ ਵਾਲੀਆਂ ਹਾਲਤਾਂ ਲੜਕੀ ਦੇ ਜਨਮ ਨੂੰ ਸੋਗਮਈ ਅਤੇ ਲੜਕੇ ਦੇ ਜਨਮ ਨੂੰ ਖੁਸ਼ੀ ਵਾਲਾ ਬਣਾਉਣ ਦਾ ਕਾਰਨ ਬਣਦੀਆਂ ਹਨ। ਇੱਥੋਂ ਹੀ ਮਾਂ-ਬਾਪ ਦੇ ਮਨ ’ਚ ਮਾਦਾ ਭਰੂਣ-ਗਰਭਪਾਤ ਦਾ ਵਿਚਾਰ ਉਤਪੰਨ ਹੁੰਦਾ ਹੈ ਅਤੇ ਇਹ ਵਰਤਾਰਾ ਵਾਪਰਦਾ ਹੈ।
ਵਕਤੀ ਹੱਲ: ਜੇਕਰ ਇਸ ਵਰਤਾਰੇ ਕਰਕੇ ਸਮਾਜ ਨੂੰ ਸਮਾਜਕ ਸਮੱਸਿਆ ਖੜ੍ਹੀ ਹੋਣ ਦਾ ਡਰ ਹੈ ਤਾਂ ਔਰਤ ਜਾਤੀ ਨੂੰ ਪ੍ਰੇਰਿਤ ਕਰਨ ਦੇ ਢੰਗ ਦੇ ਨਾਲ-ਨਾਲ ਮਾਲੀ ਸਹਾਇਤਾ ਦੇਣ ਵਾਲੇ ਪ੍ਰੇਰਕ ਵਰਤੇ ਜਾਣੇ ਚਾਹੀਦੇ ਹਨ। ਪਰ ਇਹ ਵਕਤੀ ਹੱਲ ਹੀ ਹੋਵੇਗਾ।
ਸਥਾਈ ਹੱਲ: ਫਰਜ਼ ਕਰੋ ਕਿ ਸਮਾਜ ਵਿੱਚ ਆਰਥਕ ਤੌਰ ’ਤੇ ਨਾ-ਬਰਾਬਰੀ ਨਾ ਹੋਵੇ ਤਾਂ ਸਮਾਜਕ ਤੌਰ ’ਤੇ ਵੀ ਨਾ-ਬਰਾਬਰੀ ਦਾ ਸਵਾਲ ਪੈਦਾ ਨਹੀਂ ਹੁੰਦਾ। ਜਦੋਂ ਮਰਦ ਅਤੇ ਔਰਤ ਵਿਚਕਾਰ ਆਰਥਕ ਨਾ-ਬਰਾਬਰੀ ਨਹੀਂ ਹੋਵੇਗੀ ਤਾਂ ਉਹ ਸਮਾਜਕ ਤੌਰ ’ਤੇ ਵੀ ਬਰਾਬਰ ਹੋਣਗੇ। ਫਿਰ ਸਭਿਆਚਾਰ ਵਿੱਚ ਵੀ ਲੜਕਾ-ਲੜਕੀ ਨੂੰ ਇੱਕੋ-ਜਿਹੀ ਮਾਨਤਾ ਅਤੇ ਮਾਣ ਵਾਲੀਆਂ ਕਦਰਾਂ-ਕੀਮਤਾਂ ਹੋਣਗੀਆਂ। ਇਹ ਸਭ ਕੁੱਝ ਹੋਣ ਨਾਲ ਲੜਕਾ ਹੁੰਦਾ ਹੈ ਜਾਂ ਲੜਕੀ ਇਸ ਵਿੱਚ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਫਰਕ ਮਹਿਸੂਸ ਨਹੀਂ ਹੋਵੇਗਾ। ਅਜਿਹੀ ਹਾਲਤ ’ਚ ਮਾਦਾ ਗਰਭਪਾਤ ਕਰਾਉਣ ਦੀ ਕਿਸੇ ਨੂੰ ਕੋਈ ਲੋੜ ਮਹਿਸੂਸ ਨਹੀਂ ਹੋਵੇਗੀ। ਉਦੋਂ ਸਮਾਜ ਦੇ ਭਲੇ ਲਈ ਜੇ ਕੋਈ ਸੰਤਾਨ ਨੂੰ ਜਨਮ ਦੇਣ ’ਤੇ ਸੰਜਮ ਵਰਤਣ ਦੀ ਜ਼ਰੂਰਤ ਪਵੇਗੀ ਤਾਂ ਹਰ ਕੋਈ ਖੁਸ਼ੀ ਖੁਸ਼ੀ ਇਹ ਕਰੇਗਾ ਕਿਉਂਕਿ ਸਮੁੱਚੇ ਸਮਾਜ ਦੇ ਭਲੇ ਵਿੱਚ ਹੀ ਉਨ੍ਹਾਂ ਨੂੰ ਆਪਣਾ ਭਲਾ ਸਮੋਇਆ ਦਿਖਾਈ ਦੇਵੇਗਾ।
ਸੰਪਰਕ: 98769 53561