ਕੀ ਅਸੀਂ ਕਦੇ ਜੂਨ 84 ਦੀਆਂ ਘਟਨਾਵਾਂ ਦਾ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਨ ਦੇ ਸਮਰੱਥ ਹੋਵਾਂਗੇ? -ਹਰਚਰਨ ਸਿੰਘ ਪ੍ਰਹਾਰ
Posted on:- 02-06-2020
ਜੂਨ 3-6, 1984 ਨੂੰ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਜੋ ਕਾਰਵਾਈ ਕੀਤੀ ਗਈ, ਉਸਨੂੰ ਉਨ੍ਹਾਂ ਵਲੋਂ 'ਉਪਰੇਸ਼ਨ ਬਲੂ ਸਟਾਰ' ਦਾ ਨਾਮ ਦਿੱਤਾ ਗਿਆ।ਸਿੱਖ ਇਤਿਹਾਸ ਵਿੱਚ 18ਵੀਂ ਸਦੀ ਵਿੱਚ ਮੁਗਲ ਤੇ ਪਠਾਣ ਵਿਦੇਸ਼ੀ ਹਮਲਾਵਰਾਂ ਦੀਆਂ ਸਿੱਖਾਂ ਖਿਲਾਫ ਕਾਰਵਾਈਆਂ ਤੋਂ ਤਕਰੀਬਨ 2 ਸੌ ਸਾਲ ਬਾਅਦ ਇਹ ਇੱਕ ਅਜਿਹੀ ਘਟਨਾ ਵਾਪਰੀ ਸੀ, ਜਿਸ ਬਾਰੇ ਨਾ ਤੇ ਸਰਕਾਰ ਨੇ ਸਿੱਖਾਂ ਵਲੋਂ ਕੀਤੇ ਗਏ ਪ੍ਰਤੀਕਰਮ ਬਾਰੇ ਅੰਦਾਜਾ ਲਗਾਇਆ ਗਿਆ ਸੀ ਤੇ ਨਾ ਹੀ ਸਿੱਖਾਂ ਵਲੋਂ ਕਦੇ ਇਹ ਆਸ ਕੀਤੀ ਗਈ ਸੀ ਕਿ ਭਾਰਤ ਸਰਕਾਰ ਵਲੋਂ ਟੈਂਕਾਂ ਤੋਪਾਂ ਨਾਲ ਫੌਜ ਰਾਹੀਂ ਅਜਿਹੀ ਕਾਰਵਾਈ ਦਰਬਾਰ ਸਾਹਿਬ ਵਿੱਚ ਕੀਤੀ ਜਾਵੇਗੀ।
ਇਹ ਇੱਕ ਅਜਿਹੀ ਘਟਨਾ ਸੀ, ਜਿਸਨੇ ਸਿੱਖਾਂ ਦੇ ਮਨਾਂ ਵਿੱਚ ਭਾਰਤੀ ਸਟੇਟ, ਭਾਰਤੀ ਫੌਜ, ਬਹੁ ਗਿਣਤੀ ਹਿੰਦੂ ਭਾਈਚਾਰੇ ਤੇ ਭਾਰਤੀ ਸਟੇਟ ਨਾਲ ਕੰਮ ਕਰਦੀਆਂ ਰਾਜਨੀਤਕ ਧਿਰਾਂ ਬਾਰੇ ਸੋਚ ਹੀ ਬਦਲ ਦਿੱਤੀ ਸੀ।ਇਸੇ ਤਰ੍ਹਾਂ 1984 ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਸਿੱਖਾਂ ਵਲੋਂ ਦਿਖਾਏ ਪ੍ਰਤੀਕਰਮ ਤੋਂ ਬਾਅਦ ਭਾਰਤੀ ਸਟੇਟ ਤੇ ਏਜੰਸੀਆਂ ਦਾ ਰਵੱਈਆ ਵੀ ਸਿੱਖਾਂ ਪ੍ਰਤੀ ਹੋਰ ਹਮਲਾਵਰ ਰੁੱਖ ਅਖਤਿਆਰ ਕਰ ਗਿਆ।ਇਸ ਘਟਨਾ ਤੋਂ ਸਿੱਖ ਅਜੇ ਸੰਭਲੇ ਵੀ ਨਹੀਂ ਸਨ ਕਿ ਨਵੰਬਰ 84 ਵਿੱਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦੋ ਸਿੱਖ ਬਾਡੀਗਾਰਡਾਂ ਵਲੋਂ ਕਤਲ ਕੀਤੇ ਜਾਣ ਤੋਂ ਬਾਅਦ, ਜਿਸ ਤਰ੍ਹਾਂ ਕਾਂਗਰਸੀ ਸਰਕਾਰ ਵਲੋਂ ਯੋਜਨਬੱਧ ਢੰਗ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਸਨੇ ਬਲਦੀ ਤੇ ਤੇਲ ਵਾਲਾ ਕੰਮ ਕੀਤਾ।
ਅਪਰੈਲ 13, 1978 ਦੇ ਸਿੱਖ ਨਿਰੰਕਾਰੀ ਕਾਂਡ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਬੱਬਰ ਖਾਲਸਾ ਤੇ ਦੱਲ ਖਾਲਸਾ ਵਲੋਂ ਚਲਾਈ ਜਾ ਰਹੀ ਖਾੜਕੂ ਲਹਿਰ ਨੂੰ ਇੱਕਦਮ ਹੁਲਾਰਾ ਮਿਲਿਆ ਤੇ ਆਮ ਸਿੱਖ ਨੌਜਵਾਨ (ਖਾਸਕਰ ਜੱਟਾਂ ਦੇ ਅੱਲੜ੍ਹ ਮੁੰਡੇ) ਪਿੰਡਾਂ ਵਿੱਚੋਂ ਉਠ ਕੇ ਹਥਿਆਰਬੰਦ ਲਹਿਰ ਵਿੱਚ ਕੁਦ ਪਏ।ਜਿਨ੍ਹਾਂ ਕੋਲ ਕੋਈ ਲੀਡਰਸ਼ਿਪ ਨਹੀਂ ਸੀ, ਕੋਈ ਜਥੇਬੰਦੀ ਨਹੀਂ ਸੀ, ਕੋਈ ਵਿਜ਼ਨ ਨਹੀਂ ਸੀ, ਸਿਰਫ ਇੱਕੋ ਗੱਲ ਸੀ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ ਤੇ ਅਸੀਂ ਉਸਦਾ ਬਦਲਾ ਲੈਣਾ ਹੈ।ਭਾਰਤੀ ਸਟੇਟ ਦੀਆਂ ਏਜੰਸੀਆਂ ਤੇ ਸਿੱਖਾਂ ਦੇ ਸ਼ਾਤਰ ਲੀਡਰਾਂ ਵਲੋਂ ਸਿੱਖ ਨੌਜਵਾਨਾਂ ਨੂੰ ਬਦਲੇ ਹਾਲਾਤਾਂ ਵਿੱਚ ਸਹੀ ਸੇਧ ਦੇਣ ਦੀ ਥਾਂ ਸੰਤ ਭਿੰਡਰਾਂਵਾਲੇ ਦੀ ਕਿਸੇ ਸਪੀਚ ਵਿੱਚੋਂ ਦੋ ਲਾਈਨਾਂ ਮਿਸ਼ਨ ਦੇ ਤੌਰ ਤੇ ਫੜਾ ਦਿੱਤੀਆਂ: 'ਜੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ'। ਪਰ ਭਾਰਤ ਸਰਕਾਰ ਸਿੱਖਾਂ ਨੂੰ ਸਬਕ ਸਿਖਾਉਣ ਲਈ ਲੰਬੀ ਵਿਉਂਤਬੰਦੀ ਕਰ ਰਹੀ ਸੀ, ਜਿਸਨੂੰ ਸਿੱਖਾਂ ਦੀ ਨਰਮ ਦੱਲ ਜਾਂ ਗਰਮ ਦੱਲ ਲੀਡਰਸ਼ਿਪ ਸਮਝ ਨਾ ਸਕੀ ਤੇ ਉਸ ਵਹਿਣ ਵਿੱਚ ਨੌਜਵਾਨੀ ਨੂੰ ਵਹਿਣ ਦਿੱਤਾ, ਜਿਸਦਾ ਨਤੀਜਾ ਜਿਥੇ ਖਾੜਕੂਆਂ ਹੱਥੋਂ ਹਜਾਰਾਂ ਬੇਗੁਨਾਹ ਲੋਕਾਂ ਦੇ ਕਤਲੇਆਮ ਵਿੱਚ ਨਿਕਲਿਆ, ਉਥੇ ਪੁਲਿਸ ਵਲੋਂ ਅੰਨ੍ਹੇਵਾਹ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਹਜਾਰਾਂ ਨੌਜਵਾਨ ਮੌਤ ਦੇ ਘਾਟ ਉਤਾਰ ਦਿੱਤੇ ਗਏ।ਬੇਸ਼ਕ 84 ਦੀਆਂ ਘਟਨਾਵਾਂ ਵੇਲੇ ਮੈਨੂੰ ਕੋਈ ਧਰਮ, ਰਾਜਨੀਤੀ ਆਦਿ ਬਾਰੇ ਕੋਈ ਸੋਝੀ ਨਹੀਂ ਸੀ।ਪਰ ਸਾਡੇ ਸਾਹਮਣੇ ਹੀ ਇਹ ਕੁਝ ਵਾਪਰਿਆ ਸੀ, ਇਸ ਦੌਰ ਵਿੱਚ ਹੀ ਅਸੀਂ ਜਵਾਨ ਹੋਏ ਤੇ ਬਹੁਤ ਕੁਝ ਆਪਣੇ ਪਿੰਡੇ ਤੇ ਵੀ ਹੰਢਾਇਆ।ਉਸ ਤੋਂ ਬਾਅਦ ਸਿੱਧੇ ਅਸਿੱਧੇ ਢੰਗ ਨਾਲ ਇਸ ਸਿੱਖ ਸੰਘਰਸ਼ ਵਿੱਚ ਵਿਚਰਦੇ ਰਹੇ, ਪਰ ਇੱਕ ਗੱਲ ਇਨ੍ਹਾਂ 36 ਸਾਲਾਂ ਵਿੱਚ ਜਰੂਰ ਮਹਿਸੂਸ ਕੀਤੀ ਕਿ 1984 ਵਿੱਚ ਹੀ ਵਾਪਰੇ ਦੋ ਵੱਡੇ ਘੱਲੂਘਾਰਿਆਂ ਬਾਰੇ ਸਿੱਖ ਗੁਰਦੁਆਰਿਆ, ਸਿੱਖ ਜਥੇਬੰਦੀਆਂ, ਸਿੱਖ ਵਿਦਵਾਨਾਂ ਵਿੱਚ ਕਦੇ ਸਾਰਥਿਕ ਵਿਚਾਰ ਨਹੀਂ ਹੋਈ।1984 ਤੋਂ 1994 ਤੱਕ ਚੱਲੀ ਜਜ਼ਬਾਤੀ ਤੇ ਬੇਮੁਹਾਰੀ ਖਾੜਕੂ ਲਹਿਰ ਬਾਰੇ ਕਦੇ ਕਿਸੇ ਨੇ ਨਿਰਪੱਖਤਾ ਨਾਲ ਵਿਸ਼ਲੇਸ਼ਣ ਨਹੀਂ ਕੀਤਾ। ਵੈਸੇ ਤਾਂ ਪੰਜਾਬੀ ਸਿੱਖ ਸੁਭਾਅ ਪੱਖੋਂ ਜਜ਼ਬਾਤੀ ਤੇ ਉਲਾਰ ਬਿਰਤੀ ਵਾਲੇ ਲੋਕ ਹਨ ਤੇ ਇਨ੍ਹਾਂ ਨੂੰ ਸ਼ਾਤਰ ਲੀਡਰ ਹਮੇਸ਼ਾਂ ਗਰਮ ਤੇ ਜਜ਼ਬਾਤੀ ਨਾਹਰਿਆਂ ਰਾਹੀਂ ਵਰਤ ਜਾਂਦੇ ਰਹੇ ਹਨ, ਪਰ ਪਿਛਲੇ 36 ਸਾਲਾਂ ਦੇ ਵੱਡੇ ਨੁਕਸਾਨਾਂ ਤੋਂ ਬਾਅਦ ਕੋਈ ਸਬਕ ਸਿੱਖਣ, ਜਥੇਬੰਧਕ ਢੰਗ ਨਾਲ ਕੰਮ ਕਰਨ, ਲਹਿਰ ਦਾ ਵਿਸ਼ਲੇਸ਼ਣ ਕਰਨ ਦੀ ਥਾਂ ਅਜੇ ਤੱਕ ਵੀ ਸਭ ਪਾਸੇ ਜਜ਼ਬਾਤੀ ਤੇ ਸ਼ਾਤਰ ਲੋਕ ਹੀ ਭਾਰੂ ਹਨ ਤੇ ਉਹ ਇਤਨੇ ਹਮਲਾਵਰ ਹਨ ਕਿ ਜੇ ਕੋਈ ਸੁਹਿਰਦ ਯਤਨ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਗਦਾਰ, ਡਰਪੋਕ, ਏਜੰਸੀਆਂ ਦੇ ਬੰਦੇ ਆਦਿ ਦੇ ਇਲਜਾਮ ਲਗਾ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ।ਇਸ ਸੰਘਰਸ਼ ਨਾਲ ਜੁੜੇ ਬਹੁਤ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੀ ਲੀਡਰਸ਼ਿਪ ਇਨ੍ਹਾਂ ਘਟਨਾਵਾਂ ਤੇ ਕਾਬਿਜ ਧਿਰਾਂ ਨਾਲ ਹੀ ਜੁੜੀ ਹੋਈ ਹੈ ਤੇ ਉਹ ਨਾ ਕੁਝ ਆਪ ਕਰਦੇ ਹਨ ਤੇ ਨਾ ਹੀ ਕਿਸੇ ਨੂੰ ਕੁਝ ਕਰਨ ਦਿੰਦੇ ਹਨ।ਉਹ ਲੋਕ ਹੀ ਗੁਰਦੁਆਰਿਆਂ (ਖਾਸਕਰ ਵਿਦੇਸ਼ਾਂ ਵਿੱਚ) ਤੇ ਕਾਬਿਜ ਹਨ ਤੇ ਉਹ ਕੁਝ ਵੀ ਠੀਕ ਹੋਣ ਨਹੀਂ ਦੇਣਾ ਚਾਹੁੰਦੇ ਤਾਂ ਕਿ ਉਨ੍ਹਾਂ ਦੀ ਸਰਦਾਰੀ ਬਣੀ ਰਹੇ।ਇਸ ਲੇਖ ਨੂੰ ਲਿਖਣ ਦਾ ਮੇਰਾ ਮਕਸਦ, ਜਿਥੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨੀਆਂ ਹੈ, ਉਥੇ ਸੁਹਿਰਦ ਵਿਦਵਾਨਾਂ ਤੇ ਸੂਝਵਾਨ ਲੀਡਰਾਂ ਨੂੰ ਸੁਨੇਹਾ ਦੇਣਾ ਹੈ ਕਿ ਪਿਛਲੇ 36 ਸਾਲਾਂ ਵਿੱਚ ਜ਼ਜ਼ਬਾਤੀ ਵਹਿਣ ਵਿੱਚ ਬੈਠ ਕੇ ਤੇ ਨਾ-ਅਹਿਲ ਲੀਡਰਸ਼ਿਪ ਕਰਕੇ ਸਿੱਖਾਂ, ਪੰਜਾਬੀਆਂ ਤੇ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ, ਹੁਣ ਸਿੱਖ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਹਨ, ਸਗੋਂ ਸਾਰੀ ਦੁਨੀਆਂ ਵਿੱਚ ਫੈਲ ਚੁੱਕੇ ਹਨ।ਸਾਡੇ ਸਾਰੇ ਮੁੱਦੇ ਹੁਣ ਉਹ ਨਹੀਂ ਰਹੇ, ਜਦੋਂ ਅਸੀਂ ਸਿਰਫ ਪੰਜਾਬ ਜਾਂ ਭਾਰਤ ਤੱਕ ਸੀਮਤ ਸਾਂ। ਸਾਡੀ ਵੱਡੀ ਗਿਣਤੀ ਵਿਦੇਸ਼ਾਂ ਵਿੱਚ ਵਸਦੀ ਹੈ।1984 ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਪੈਦਾ ਹੋਈ ਨਵੀਂ ਜਨਰੇਸ਼ਨ ਦੀ ਇੱਕ ਆਪਣੀ ਸੋਚ ਹੈ, ਉਨ੍ਹਾਂ ਦੇ ਆਪਣੇ ਮਸਲੇ ਹਨ, ਉਨ੍ਹਾਂ ਨੂੰ ਵੱਖਰੇ ਚੈਲਿੰਜ ਹਨ, ਇਸ ਲਈ ਸਾਨੂੰ ਹੁਣ ਸਿਰਫ ਪੰਜਾਬ ਦੇ ਪੱਖ ਤੋਂ ਹੀ ਨਹੀਂ, ਸੰਸਾਰ ਪੱਧਰ ਤੇ ਵੱਸਦੇ ਸਿੱਖਾਂ ਦੇ ਪੱਖ ਤੋਂ ਵੀ ਵਿਚਾਰਨ ਦੀ ਲੋੜ ਹੈ।ਮੈਂ ਇਨ੍ਹਾਂ 36 ਸਾਲਾਂ ਵਿੱਚ ਜੋ ਦੇਖਿਆ, ਸਮਝਿਆ ਤੇ ਅਨੁਭਵ ਕੀਤਾ, ਉਸ ਬਾਰੇ ਇਤਿਹਿਾਸਕ ਪੱਖ ਤੋਂ ਆਪਣੇ ਵਿਚਾਰ ਇਸ ਮਕਸਦ ਨਾਲ ਲਿਖ ਰਿਹਾ ਹਾਂ ਤਾਂ ਕਿ ਪੰਜਾਬੀ ਸਿੱਖਾਂ ਵਿੱਚ 84 ਤੋਂ ਵਾਪਰ ਰਹੀਆਂ ਘਟਨਾਵਾਂ ਨੂੰ ਜਜ਼ਬਾਤੀ ਤੇ ਉਲਾਰ ਪਹੁੰਚ ਦੀ ਥਾਂ ਸੁਹਿਰਦਤਾ ਨਾਲ ਵਿਚਾਰਨ ਦੀ ਗੱਲ ਤੁਰ ਸਕੇ।ਮੇਰਾ ਇਹ ਮੰਨਣਾ ਹੈ ਕਿ ਦਸ ਗੁਰੂ ਸਾਹਿਬਾਨ ਵਲੋਂ ਗੁਰਬਾਣੀ ਰਾਹੀਂ ਜੋ ਵਿਚਾਰਧਾਰਾ ਮਨੁੱਖਤਾ ਨੂੰ ਦਿੱਤੀ ਗਈ ਸੀ, ਉਹ ਪੁਜਾਰੀਆਂ ਅਧਾਰਿਤ ਪ੍ਰਚਲਤ ਜਥੇਬੰਦਕ ਧਾਰਮਿਕ ਦੇ ਖਿਲਾਫ ਸੀ, ਉਨ੍ਹਾਂ ਦਾ ਮਕਸਦ ਦੂਜੇ ਫਿਰਕਿਆਂ ਨੂੰ ਰੱਦ ਕਰਕੇ ਕੋਈ ਨਵਾਂ ਫਿਰਕਾ ਬਣਾਉਣਾ ਨਹੀਂ ਸੀ, ਜਿਸ ਤਰ੍ਹਾਂ ਦਾ ਅੱਜ ਬਣਾ ਦਿੱਤਾ ਗਿਆ ਹੈ ਅਤੇ ਨਾ ਹੀ ਦੂਜਿਆਂ ਦੇ ਕਰਮਕਾਂਡਾਂ ਨੂੰ ਰੱਦ ਕਰਕੇ ਆਪਣੇ ਨਵੇਂ ਕਰਮਕਾਂਡ ਸ਼ੁਰੂ ਕਰਨਾ ਸੀ।ਗੁਰੂਆਂ ਦੀ ਲਹਿਰ ਧਰਮਾਂ, ਫਿਰਕਿਆਂ ਦੇ ਪੁਜਾਰੀਆਂ ਵਲੋਂ ਸਮੇਂ ਦੇ ਹਾਕਮਾਂ ਤੇ ਸਰਮਾਏਦਾਰਾਂ ਨਾਲ ਰਲ਼ ਕੇ ਕੀਤੀ ਜਾ ਰਹੀ ਲੁੱਟ ਖਿਲਾਫ ਮਨੁੱਖਤਾਵਾਦੀ ਇਨਕਲਾਬੀ ਲਹਿਰ ਸੀ ਤੇ ਅਜਿਹੇ ਸਮਾਜ ਦੀ ਸਿਰਜਣਾ ਸੀ, ਜਿਥੇ ਸਾਰੇ ਲੋਕ ਧਰਮਾਂ, ਕੌਮਾਂ, ਜਾਤਾਂ, ਨਸਲਾਂ ਦੇ ਝਗੜਿਆਂ ਤੋਂ ਉਪਰ ਉਠ ਕੇ ਮਨੁੱਖ ਦੇ ਤੌਰ ਤੇ ਭਾਈ-ਭਾਈ ਬਣ ਕੇ ਰਹਿ ਸਕਣ।ਉਨ੍ਹਾਂ ਦਾ ਸੰਘਰਸ਼ ਸਮਾਜ ਤੇ ਕਾਬਿਜ ਧਾਰਮਿਕ ਪੁਜਾਰੀਆਂ, ਸਿਆਸੀ ਹਾਕਮਾਂ ਤੇ ਸਰਮਾਏਦਾਰ ਲੁਟੇਰਿਆਂ ਖਿਲਾਫ ਸੀ।ਪਰ ਗੁਰੂਆਂ ਦੇ ਸਮੇਂ ਹੀ ਉਨ੍ਹਾਂ ਦੇ ਵਿਰੋਧੀਆਂ ਨੇ ਸਿੱਖ ਲਹਿਰ ਨੂੰ ਕੁਰਾਹੇ ਪਾਉਣ ਲਈ ਬਾਨਣੂੰ ਬੰਨ੍ਹ ਲਏ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਗੁਰੂ ਘਰ ਵਿਰੋਧੀ ਤਾਕਤਾਂ ਸਿੱਖੀ ਤੇ ਕਾਬਿਜ ਹੋ ਗਈਆਂ ਸਨ।18ਵੀਂ ਸਦੀ ਵਿੱਚ ਗੁਰੂਆਂ ਦੀ ਵਿਚਾਰਧਾਰਾ ਦੀਆਂ ਅਸਲੀ ਵਾਰਿਸ ਧਿਰਾਂ ਮੌਕੇ ਦੀਆਂ ਮੁਗਲੀਆਂ ਹਕੂਮਤਾਂ ਖਿਲਾਫ ਲੜਦੀਆਂ ਰਹੀਆਂ ਤੇ ਜਦੋਂ ਉਨ੍ਹਾਂ ਦੇ ਸੰਘਰਸ਼ ਨਾਲ ਰਾਜ ਪ੍ਰਬੰਧ ਦੇ ਹਾਲਾਤ ਬਣੇ ਤਾਂ ਮਹਾਰਾਜਾ ਰਣਜੀਤ ਸਿੰਘ ਰਾਹੀਂ ਉਹੀ ਵਿਰੋਧੀ ਤਾਕਤਾਂ ਫਿਰ ਆ ਕਾਬਿਜ ਹੋਈਆਂ।ਇਸ ਸਮੇਂ ਦੌਰਾਨ ਹੀ ਸਿੱਖ ਲਹਿਰ ਨੂੰ ਹੋਰ ਫਿਰਕਿਆਂ ਵਰਗਾ ਪੁਜਾਰੀ ਅਧਾਰਿਤ ਧਾਰਮਿਕ ਫਿਰਕਾ ਬਣਾਉਣ ਲਈ ਭਰਪੂਰ ਯਤਨ ਕੀਤੇ ਗਏ।ਅੰਗਰੇਜਾਂ ਵਲੋਂ ਸਾਜਿਸ਼ਾਂ ਤੇ ਲੜਾਈਆਂ ਨਾਲ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਨ ਤੋਂ ਬਾਅਦ ਇਨ੍ਹਾਂ ਵਿਰੋਧੀ ਤਾਕਤਾਂ ਨੂੰ ਅੰਗਰੇਜਾਂ ਵਲੋਂ ਆਪਣੇ ਹਿੱਤਾਂ ਲਈ ਯੋਜਨਾਬੱਧ ਢੰਗ ਨਾਲ ਕਾਬਿਜ ਕਰਾਇਆ ਗਿਆ।18ਵੀਂ ਸਦੀ ਵਾਂਗ 19ਵੀਂ ਤੇ 20ਵੀਂ ਸਦੀ ਵਿੱਚ ਵੀ ਇਨਕਲਾਬੀ ਸਿੱਖ ਵੱਖ-ਵੱਖ ਢੰਗਾਂ ਨਾਲ ਅੰਗਰੇਜਾਂ ਖਿਲਾਫ ਲੜਦੇ ਰਹੇ।ਪਰ ਸਿੱਖੀ ਤੇ ਕਾਬਿਜ ਧਿਰਾਂ ਗੁਰੂ ਦੇ ਵਾਰਿਸਾਂ ਖਿਲਾਫ ਸਾਜ਼ਿਸ਼ਾਂ ਕਰਦੀਆਂ ਰਹੀਆਂ ਤੇ ਅੰਗਰੇਜਾਂ ਨਾਲ ਰਲ਼ ਕੇ ਚੱਲਦੀਆਂ ਰਹੀਆਂ।ਜਦੋਂ ਅੰਗਰੇਜ ਭਾਰਤ ਛੱਡ ਕੇ ਗਏ ਤਾਂ ਇਹੀ ਵਿਰੋਧੀ ਤਾਕਤਾਂ ਨਵੇਂ ਬਣੇ ਦੇਸੀ ਹਾਕਮਾਂ ਨਾਲ ਰਲ਼ ਕੇ ਸਰਕਾਰੀ ਮੌਜਾਂ ਮਾਨਣ ਲੱਗੀਆਂ।ਪਰ ਇਸ ਸਾਰੇ ਵਰਤਾਰੇ ਵਿੱਚੋਂ ਇੱਕ ਗੱਲ ਗੱਲ ਹੋਰ ਸਮਝਣ ਵਾਲੀ ਹੈ ਕਿ ਗੁਰੂਆਂ ਵਲੋਂ ਆਪਣੇ 239 ਸਾਲਾਂ ਦੇ ਸਮੇਂ ਵਿੱਚ ਪੁਜਾਰੀਆਂ ਵਾਲੇ ਧਾਰਮਿਕ ਫਿਰਕਿਆਂ ਵਲੋਂ ਮੌਕੇ ਦੇ ਹਾਕਮਾਂ ਨਾਲ ਰਲ਼ ਕੇ ਧਰਮ ਦੇ ਨਾਮ ਤੇ ਲੋਕਾਂ ਨੂੰ ਕਰਮਕਾਂਡਾਂ, ਵਹਿਮਾਂ-ਭਰਮਾਂ, ਪੂਜਾ-ਪਾਠਾਂ ਰਾਹੀਂ ਮਚਾਈ ਲੁੱਟ ਦੇ ਖਿਲਾਫ ਜੋ ਮਨੁੱਖਤਾਵਾਦੀ ਪੈਂਤੜੇ ਤੋਂ ਲਹਿਰ ਖੜੀ ਕੀਤੀ ਸੀ, ਉਹ ਸਿੱਖਾਂ ਵਿੱਚੋਂ ਕਦੇ ਖਤਮ ਨਹੀਂ ਹੋਈ, ਬੇਸ਼ਕ ਗੁਰੂਆਂ ਦੇ ਸਮੇਂ ਤੋਂ ਵਿਰੋਧੀ ਪਹਿਲਾਂ ਗੁਰੂਆਂ ਖਿਲਾਫ ਤੇ ਫਿਰ ਇਸ ਵਿਚਾਰਧਾਰਾ ਦੇ ਵਾਰਿਸਾਂ ਖਿਲਾਫ ਹਮਲਾਵਰ ਹੋ ਗਏ ਸਨ ਤੇ ਅਖੀਰ ਸਿੱਖੀ ਤੇ ਕਾਬਿਜ ਹੋ ਕੇ ਇਸ ਲਹਿਰ ਨੂੰ ਇੱਕ ਛੋਟਾ ਜਿਹਾ ਧਾਰਮਿਕ ਫਿਰਕਾ ਬਣਾ ਦਿੱਤਾ ਸੀ, ਪਰ ਗੁਰੂ ਦੇ ਅਸਲੀ ਸਿੱਖ ਮੁਗਲਾਂ ਦੇ ਸਮੇਂ ਵੀ, ਅੰਗਰੇਜਾਂ ਦੇ ਸਮੇਂ ਵੀ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਹੱਕ ਸੱਚ ਇਨਸਾਫ ਲਈ ਮਨੁੱਖਤਾਵਾਦੀ ਨਜ਼ਰੀਏ ਤੋਂ ਲੜਦੇ ਰਹੇ ਸਨ।ਅੰਗਰੇਜਾਂ ਨੇ ਜਿਥੇ ਸਿੱਖਾਂ ਨੂੰ ਜਥੇਬੰਧਕ ਧਾਰਮਿਕ ਫਿਰਕਾ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ, ਉਥੇ ਸਿੱਖਾਂ ਦੇ ਇਨਕਲਾਬੀ ਤੱਤ ਨੂੰ ਵਰਤਣ ਲਈ ਆਪਣੀਆਂ ਫੌਜਾਂ ਵਿੱਚ ਭਰਤੀ ਕਰਕੇ ਸਰਕਾਰ ਭਗਤ ਬਣਾਉਣ ਦੇ ਸੁਚੇਤ ਯਤਨ ਕੀਤੇ, ਜੋ ਕਿ ਬਾਅਦ ਵਿੱਚ ਮੌਜੂਦਾ ਭਾਰਤੀ ਹਾਕਮਾਂ ਦੇ ਕੰਮ ਆਏ।ਅੰਗਰੇਜਾਂ ਦੇ ਜਾਣ ਤੋਂ ਬਾਅਦ ਜਿਥੇ ਨਵੇਂ ਹਿੰਦੂ ਹਾਕਮਾਂ ਨੇ ਨਹਿਰੂ ਦੇ ਜਮਾਨੇ ਤੋਂ ਹੀ ਸਿੱਖਾਂ ਨੂੰ ਬ੍ਰਾਹਮਣਵਾਦੀ ਰੰਗ ਵਿੱਚ ਰੰਗਣ ਦੇ ਯੋਜਨਬੱਧ ਯਤਨ ਆਰੰਭ ਦਿੱਤੇ ਸਨ, ਉਥੇ ਬੜੇ ਸਾਜ਼ਿਸ਼ੀ ਢੰਗ ਨਾਲ ਗਰਮ ਖਿਆਲੀ ਜਾਂ ਇਨਕਲਾਬੀ ਹਲਕਿਆਂ ਨੂੰ ਗੁਰੂਆਂ ਦੇ ਮਨੁੱਖਤਾਵਾਦੀ ਪੱਖ ਤੋਂ ਸੋਚਣ ਜਾਂ ਕੁਝ ਕਰਨ ਦੀ ਥਾਂ ਫਿਰਕਾਵਾਦੀ ਨਜ਼ਰੀਏ ਤੋਂ ਕੁਝ ਕਰਨ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਸਮਾਂ ਆਉਣ ਤੇ ਆਪਣੇ ਹਿੱਤਾਂ ਲਈ ਵਰਤ ਕੇ ਹਿੰਦੂ ਬਹੁ-ਗਿਣਤੀ ਨੂੰ ਖੁਸ਼ ਕਰਨ ਲਈ ਅੱਤਵਾਦ ਦਾ ਰੂਪ ਦਿੱਤਾ ਜਾ ਸਕੇ।ਇਸ ਕੰਮ ਲਈ ਪਹਿਲਾਂ ਨਹਿਰੂ ਸਰਕਾਰ ਨੇ ਪ੍ਰਤਾਪ ਸਿੰਘ ਕੈਰੋਂ, ਗਿਆਨੀ ਕਰਤਾਰ ਸਿੰਘ ਆਦਿ ਵਰਗੇ ਸਿੱਖ ਲੀਡਰਾਂ ਰਾਹੀਂ ਤੇ ਬਾਅਦ ਵਿੱਚ ਇੰਦਰਾ ਗਾਂਧੀ ਨੇ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਵਰਗੇ ਸਿੱਖ ਲੀਡਰਾਂ ਰਾਹੀਂ ਸਿੱਖਾਂ ਵਿੱਚ ਅੱਤਵਾਦ ਦੇ ਬੀਜ ਬੀਜਣੇ ਸ਼ੁਰੂ ਕਰ ਦਿੱਤੇ ਸਨ।ਉਸ ਵਕਤ ਤੱਕ ਸਿੱਖ ਵੀ ਗੁਰੂਆਂ ਦੀ ਮਨੁੱਖਤਾਵਾਦੀ ਪਹੁੰਚ ਛੱਡ ਕੇ ਸਿੱਖ ਫਿਰਕੇ ਦੇ ਨਜ਼ਰੀਏ ਤੋਂ ਸੋਚਣ ਲੱਗ ਪਏ ਸਨ ਤੇ ਵੈਸੇ ਵੀ ਸਿੱਖ ਧਰਮ ਵੀ ਹੋਰ ਫਿਰਕਿਆਂ ਵਰਗਾ ਇੱਕ ਛੋਟਾ ਜਿਹਾ ਧਾਰਮਿਕ ਫਿਰਕਾ ਬਣ ਗਿਆ ਸੀ, ਜਿਸਨੂੰ ਉਨ੍ਹਾਂ 'ਵੱਖਰੀ ਕੌਮ' ਤੇ 'ਵੱਖਰਾ ਧਰਮ' ਕਹਿਣਾ ਸ਼ੁਰੂ ਕਰ ਦਿੱਤਾ ਸੀ।ਪਹਿਲਾਂ ਨਹਿਰੂ ਤੇ ਬਾਅਦ ਵਿੱਚ ਇੰਦਰਾ ਦੇ ਸਮੇਂ ਹੀ ਭਾਰਤੀ ਸਟੇਟ ਨੇ ਬੇਸ਼ਕ ਬਾਹਰੋਂ ਧਰਮ ਨਿਰਪੱਖਤਾ (ਸੈਕੂਲਰਿਜ਼ਮ) ਦਾ ਬੁਰਕਾ ਪਾ ਲਿਆ ਸੀ, ਪਰ ਅੰਦਰੋਂ ਬਹੁ ਗਿਣਤੀ ਹਿੰਦੂ ਭਾਈਚਾਰੇ ਨੂੰ ਇਹ ਅਹਿਸਾਸ ਕਰਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਹਜਾਰਾਂ ਸਾਲਾਂ ਦੀ ਗੁਲਾਮੀ ਤੋਂ ਬਾਅਦ ਉਨ੍ਹਾਂ ਦਾ ਰਾਮ ਰਾਜ ਆ ਗਿਆ ਹੈ।ਇਸ ਲਈ ਉਨ੍ਹਾਂ ਅਜਿਹੀਆਂ ਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਨਾਲ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਘੱਟ ਗਿਣਤੀਆਂ ਤੇ ਦਬਾਅ ਬਣਾ ਕੇ ਰੱਖਿਆ ਜਾ ਸਕੇ ਤਾਂ ਕਿ ਇੱਕ ਤਾਂ ਉਹ ਆਪਣੇ ਆਪ ਨੂੰ ਅੁਰੱਖਿਅਤ ਸਮਝ ਕੇ ਕਾਂਗਰਸ ਨਾਲ ਜੁੜੀਆਂ ਰਹਿਣ ਤੇ ਦੂਜਾ ਅਜਿਹੇ ਗਰਮ ਖਿਆਲੀ ਤੱਤਾਂ ਨੂੰ ਉਭਾਰਿਆ ਜਾਂਦਾ ਰਿਹਾ, ਜਿਨ੍ਹਾਂ ਰਾਹੀਂ ਕਿਸੇ ਵੇਲੇ ਵੀ ਘੱਟ ਗਿਣਤੀਆਂ ਤੇ ਅੱਤਵਾਦ ਦਾ ਠੱਪਾ ਲਾ ਕੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਦੱਸ ਕੇ ਉਨ੍ਹਾਂ ਨੂੰ ਦਬਾਇਆ ਜਾਵੇ ਤੇ ਬਹੁ ਗਿਣਤੀ ਨੂੰ ਖੁਸ਼ ਕਰਕੇ, ਇਹ ਅਹਿਸਾਸ ਦਿਵਾਇਆ ਜਾਵੇ ਕਿ ਹੁਣ ਹਿੰਦੂਆਂ ਦਾ ਰਾਜ ਹੈ, ਘੱਟ ਗਿਣਤੀਆਂ ਨੂੰ ਉਨ੍ਹਾਂ ਦੇ ਰਹਿਮੋ-ਕਰਮ ਤੇ ਰਹਿਣਾ ਪਵੇਗਾ।ਪੰਜਾਬ ਵਿੱਚ ਇਸਦਾ ਸਫਲ ਤਜੁਰਬਾ ਸਿੱਖਾਂ ਤੇ ਕੀਤਾ ਗਿਆ।ਇਸ ਲਈ ਸਿੱਖਾਂ ਵਿੱਚ ਕੱਟੜ ਧਾਰਮਿਕ ਗਰੁੱਪ ਟਕਸਾਲ (ਜਥਾ ਭਿੰਡਰਾਂ) ਤੇ ਅਖੰਡ ਕੀਰਤਨੀ ਜਥੇ (ਬੱਬਰ ਖਾਲਸਾ) ਨੂੰ ਚੁਣਿਆ ਗਿਆ। ਇੱਕ ਪਾਸੇ ਸਿੱਖਾਂ ਵਿਚੋਂ ਨਿਕਲੇ ਨਵੇਂ ਫਿਰਕੇ ਨਿਰੰਕਾਰੀ ਮਿਸ਼ਨ, ਰਾਧਾ ਸਵਾਮੀ ਮੱਤ (ਬਾਅਦ ਵਿੱਚ ਸਰਸੇ ਵਾਲਾ ਸੱਚਾ ਸੌਦਾ, ਭਨਿਆਰੇ ਵਾਲਾ, ਅਸ਼ੂਤੋਸ਼ ਆਦਿ) ਨੂੰ ਸ਼ਹਿ ਦਿੱਤੀ ਗਈ ਤੇ ਦੂਜੇ ਪਾਸੇ ਟਕਸਾਲ ਤੇ ਅਖੰਡ ਕੀਰਤਨੀ ਜਥੇ ਨੂੰ ਹਥਿਆਬੰਦ ਹੋ ਕੇ ਨਿਰੰਕਾਰੀ ਮਿਸ਼ਨ ਖਿਲਾਫ ਕਾਰਵਾਈਆਂ ਲਈ ਉਕਸਾਇਆ ਗਿਆ।ਜਿਸਦਾ ਨਤੀਜਾ 1978 ਦਾ ਅੰਮ੍ਰਿਤਸਰ ਦਾ ਖੂਨੀ ਕਾਂਡ ਬਣਿਆ, ਜਿਸ ਵਿੱਚ 13 ਸਿੱਖ ਸ਼ਹੀਦ ਹੋਏ।ਇਥੇ ਇਹ ਵੀ ਵਰਨਣਯੋਗ ਹੈ ਕਿ ਜਦੋਂ ਤੱਕ ਤਾਂ ਪੰਜਾਬ ਇਕੱਠਾ ਸੀ, ਉਸ ਵਕਤ ਤੱਕ ਤਾਂ ਪੰਜਾਬ ਵਿੱਚ ਹਿੰਦੂ ਬਹੁ ਗਿਣਤੀ ਸੀ ਤੇ ਉਨ੍ਹਾਂ ਦਾ ਹੀ ਰਾਜ ਸੀ, ਪਰ ਜਦੋਂ ਸਿੱਖਾਂ ਖਿਲਾਫ ਨਹਿਰੂ ਨੇ ਆਪਣੀ ਨਵੀਂ ਨੀਤੀ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਅਕਾਲੀਆਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਅਸੀਂ ਬਹੁ ਗਿਣਤੀ ਦੇ ਦਬਾਅ ਹੇਠ ਦਬ ਕੇ ਰਹਿ ਜਾਵਾਂਗੇ ਤੇ ਸਾਨੂੰ ਰਾਜ ਕਰਨ ਦਾ ਕਦੇ ਮੌਕਾ ਨਹੀਂ ਮਿਲੇਗਾ।ਇਸ ਲਈ ਜੇ ਪੰਜਾਬ ਵਿੱਚ ਸਿੱਖਾਂ (ਅਕਾਲੀਆਂ) ਨੇ ਰਾਜ ਕਰਨਾ ਹੈ ਤਾਂ ਜੇ ਸਿੱਖ ਰਾਜ ਦਾ ਨਾਹਰਾ ਦਿੱਤਾ ਤਾਂ ਸਟੇਟ ਨੇ ਸਾਨੂੰ ਵੱਖਵਾਦੀ ਕਹਿ ਕੇ ਭੰਡਣਾ ਹੈ ਤੇ ਅਸੀਂ ਭਾਰਤੀ ਸਟੇਟ ਖਿਲਾਫ ਲੜਨ ਯੋਗੇ ਨਹੀਂ ਹਾਂ, ਪਰ ਜੇ ਪੰਜਾਬ ਵਿੱਚ ਸਿੱਖਾਂ ਦੀ ਬਹੁ ਗਿਣਤੀ ਬਣਾਉਣ ਲਈ ਪੰਜਾਬੀ ਸੂਬੇ ਦੀ ਮੰਗ ਰੱਖੀ ਜਾਵੇ ਤਾਂ ਸਾਡੇ ਦੋਨੋਂ ਮਸਲੇ ਹੱਲ ਹੋ ਸਕਦੇ ਹਨ, ਵੈਸੇ ਵੀ ਇਹ ਮੰਗ ਵਾਜਿਬ ਸੀ ਕਿਉਂਕਿ ਭਾਰਤ ਵਿੱਚ ਅਨੇਕਾਂ ਸੂਬੇ ਭਾਸ਼ਾ ਦੇ ਅਧਾਰ ਤੇ ਬਣਾਏ ਜਾ ਚੁੱਕੇ ਸਨ।ਕਾਂਗਰਸ ਤੇ ਹਿੰਦੂ ਲੀਡਰਸ਼ਿਪ ਇਹ ਸਭ ਸਮਝਦੀ ਸੀ, ਇਸ ਲਈ ਉਸ ਸਮੇਂ ਤੋਂ ਹੀ ਉਨ੍ਹਾਂ ਨੇ ਇੱਕ ਪਾਸੇ ਪੰਜਾਬ ਦੇ ਹਿੰਦੂਆਂ ਨੂੰ ਸਿੱਖਾਂ ਖਿਲਾਫ ਖੜਾ ਕਰ ਲਿਆ (ਪੰਜਾਬੀ ਨੂੰ ਮਾਂ ਬੋਲੀ ਲਿਖਵਾਉਣ ਤੋਂ ਵੀ ਮੁਕਰਾ ਲਿਆ) ਤੇ ਦੂਜੇ ਪਾਸੇ ਸੈਕੂਲਰਿਜ਼ਮ ਦੀ ਆੜ ਹੇਠ ਜੋੜੀਆਂ ਹੋਈਆਂ ਕਮਿਉਨਿਸਟ ਪਾਰਟੀਆਂ ਤੇ ਕਮਿਉਨਿਸਟ ਵਿਦਵਾਨਾਂ (ਯਾਦ ਰਹੇ ਪੰਜਾਬ ਦੀਆਂ ਕਮਿਉਨਿਸਟ ਪਾਰਟੀਆਂ ਤੇ ਕਮਿਉਨਿਸਟ ਵਿਦਵਾਨਾਂ ਵਿੱਚ ਬਹੁ-ਗਿਣਤੀ ਜੱਟ ਸਿੱਖਾਂ ਦੀ ਹੀ ਹੈ) ਨੂੰ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਅਤੇ ਧਰਮ ਨਿਰਪੱਖਤਾ ਦੇ ਨਾਮ ਹੇਠ ਸਿੱਖਾਂ ਖਿਲਾਫ ਵਰਤਣਾ ਸ਼ੁਰੂ ਕਰ ਦਿੱਤਾ।ਅਖੀਰ ਅਕਾਲੀਆਂ ਦੇ ਸੰਘਰਸ਼ ਅੱਗੇ ਝੁਕਦਿਆਂ, 1966 ਵਿੱਚ ਜੋ ਪੰਜਾਬੀ ਸੂਬਾ ਬਣਾਇਆ ਗਿਆ, ਉਹ ਇਸ ਢੰਗ ਦਾ ਸੀ ਕਿ ਸਿੱਖ (ਅਕਾਲੀ) ਕਦੇ ਵੀ ਹਿੰਦੂਆਂ ਤੋਂ ਬਿਨਾਂ ਆਪਣੀ ਬਹੁ-ਗਿਣਤੀ ਸਿੱਖ ਸਰਕਾਰ ਨਾ ਬਣਾ ਸਕਣ।ਇਨ੍ਹਾਂ ਹੀ ਸਮਿਆਂ ਵਿੱਚ ਸੰਤ ਫਤਹਿ ਸਿੰਘ, ਸੰਤ ਚੰਨਣ ਸਿੰਘ ਆਦਿ ਰਾਹੀਂ ਜੱਟ-ਭਾਪੇ (ਉਸ ਸਮੇਂ ਤੱਕ ਮਾਸਟਰ ਤਾਰਾ ਸਿੰਘ, ਜੋ ਕਿ ਸ਼ਹਿਰੀ ਹਿੰਦੂ ਪਰਿਵਾਰ ਤੋਂ ਸਿੱਖ ਬਣਿਆ ਸੀ) ਦਾ ਵਿਵਾਦ ਖੜਾ ਕਰਕੇ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ, ਮਾਸਟਰ ਤਾਰਾ ਸਿੰਘ ਨੂੰ ਸਿੱਖ ਲੀਡਰਸ਼ਿਪ ਤੋਂ ਲਾਂਭੇ ਕਰਨ ਲਈ, ਆਪਣੀ ਪਸੰਦ ਦੀ ਲੀਡਰਸ਼ਿਪ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਉਹ ਕਾਮਯਾਬ ਵੀ ਹੋਏ ਤੇ ਮਾਸਟਰ ਤਾਰਾ ਸਿੰਘ ਵਾਲੀ ਲੀਡਰਸ਼ਿਪ ਦਾ ਭੋਗ ਪਾ ਦਿੱਤਾ ਗਿਆ।ਇਸ ਤੋਂ ਬਾਅਦ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ, ਨੂੰ ਜੱਟਾਂ ਦੀ ਪਾਰਟੀ ਬਣਾ ਦਿੱਤਾ ਗਿਆ ਅਤੇ ਬਾਕੀ ਕਮਿਉਨਿਟੀਆਂ (ਜਾਤਾਂ) ਨੂੰ ਸਿੱਖ ਸਿਆਸਤ ਵਿੱਚੋਂ ਮਨਫੀ ਕਰ ਦਿੱਤਾ ਗਿਆ ਤਾਂ ਕਿ ਉਹ ਕਾਂਗਰਸ ਦੇ ਹੱਕ ਵਿੱਚ ਭੁਗਤਣ।ਜੇ ਪੰਜਾਬ ਦੀ ਸਾਰੀ ਸਿਆਸਤ ਨੂੰ ਦੇਖੋ ਤਾਂ ਨਵੇਂ ਹਿੰਦੂ ਹਾਕਮਾਂ ਵਲੋਂ ਸਿੱਖ ਸਿਆਸਤ ਵਿੱਚ ਭਾਰੂ ਜੱਟ ਕਮਿਉਨਿਟੀ ਨੂੰ ਕਾਬੂ ਕਰਨ ਦੀ ਹੀ ਸਿਆਸਤ ਹੈ।1978 ਦੇ ਅੰਮ੍ਰਿਤਸਰ ਵਿੱਚ ਵਾਪਰੇ ਸਿੱਖ-ਨਿਰੰਕਾਰੀ ਖੂਨੀ ਕਾਂਡ ਦੀ ਆੜ ਵਿੱਚ ਇੰਦਰਾ ਗਾਂਧੀ ਤੇ ਸਟੇਟ ਦੀਆਂ ਏਜੰਸੀਆਂ ਨੇ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ ਤੇ ਦਿੱਲੀ ਦੇ ਸਿੱਖ ਨੇਤਾ ਸੰਤੋਖ ਸਿੰਘ (ਜਿਸਦਾ ਲੜਕਾ ਮਨਜੀਤ ਸਿੰਘ ਜੀ ਕੇ ਪਿਛਲੇ ਕਈ ਸਾਲ ਬਾਦਲ ਦਲ ਵਲੋਂ ਦਿੱਲੀ ਕਮੇਟੀ ਦਾ ਪ੍ਰਧਾਨ ਰਿਹਾ ਸੀ) ਰਾਹੀਂ ਸਿੱਖਾਂ ਵਿਚਲੇ ਗਰਮ ਖਿਆਲੀ ਧੜਿਆਂ ਖਾਸਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਅਖੰਡ ਕੀਰਤਨੀ ਜਥੇ ਦੀ ਸਾਖ ਬੱਬਰ ਖਾਲਸਾ ਤੇ ਦਲ ਖਾਲਸਾ ਨੂੰ ਮਾਸਟਰ ਤਾਰਾ ਸਿੰਘ ਤੋਂ ਬਾਅਦ ਬਾਦਲ, ਟੌਹੜਾ, ਤੁੜ, ਤਲਵੰਡੀ, ਬਰਨਾਲਾ ਆਦਿ ਰਾਹੀਂ ਨਵੀਂ ਉਭਰੀ ਅਕਾਲੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਲਈ ਉਭਾਰਨਾ ਤੇ ਹਥਿਆਰਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ।ਅਕਾਲੀਆਂ ਨੇ ਇੱਕ ਪਾਸੇ ਕਾਂਗਰਸ ਦਾ ਮੁਕਾਬਲਾ ਕਰਨ ਲਈ ਤੇ ਹਿੰਦੂਆਂ ਦੀਆਂ ਵੋਟਾਂ ਲਈ ਪਹਿਲਾਂ ਜਨ ਸੰਘ ਤੇ ਫਿਰ ਭਾਜਪਾ ਨਾਲ ਗੱਠਜੋੜ ਕਰ ਲਿਆ, ਜਿਸਦੇ ਨਤੀਜੇ ਵਜੋਂ 1975 ਦੀ ਐਮਰਜੈਂਸੀ ਤੋਂ ਬਾਅਦ 1977 ਵਿੱਚ ਬਾਦਲ ਦੀ ਅਗਵਾਈ ਵਿੱਚ ਪਹਿਲੀ ਵਾਰ ਬਣੀ ਅਕਾਲੀ ਸਰਕਾਰ (ਬੇਸ਼ਕ ਇਸ ਤੋਂ ਪਹਿਲਾਂ ਕੁਝ ਚਿਰ ਲਈ 1-2 ਵਾਰ ਅਕਾਲੀਆਂ ਦੀ ਕੁਝ ਚਿਰ ਲਈ ਗੱਠਜੋੜ ਸਰਕਾਰ ਬਣੀ ਸੀ) ਬਣਾਈ ਸੀ। ਬੇਸ਼ਕ ਇਸਨੂੰ ਇੰਦਰਾ ਨੇ ਦੁਬਾਰਾ ਸਤ੍ਹਾ ਵਿੱਚ ਆ ਕੇ 1980 ਵਿੱਚ ਭੰਗ ਕਰ ਦਿੱਤਾ ਸੀ ਤੇ ਕਾਂਗਰਸ ਨੇ ਦਰਬਾਰਾ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਬਣਾ ਲਈ ਸੀ।1978 ਤੋਂ 1980 ਤੱਕ ਜਿਥੇ ਗਰਮ ਖਿਆਲੀ ਧੜਿਆਂ ਨੂੰ ਸਿੱਖ-ਨਿਰੰਕਾਰੀ ਟਕਰਾਅ ਨੂੰ ਵਧਾਉਣ ਵਿੱਚ ਅੰਦਰਖਾਤੇ ਮੱਦਦ ਕੀਤੀ ਗਈ, ਉਥੇ 1980 ਤੋਂ ਕਾਂਗਰਸ ਵਲੋਂ ਸਿੱਧੇ ਰੂਪ ਵਿੱਚ ਇਨ੍ਹਾਂ ਰਾਹੀਂ ਪੰਜਾਬ ਵਿੱਚ ਹਿੰਸਾ ਫੈਲਾਉਣ ਦੀ ਖੁੱਲ੍ਹ ਦੇ ਦਿੱਤੀ ਸੀ।ਅਕਾਲੀਆਂ ਨੇ ਉਸ ਵਕਤ 1980 ਵਿੱਚ ਆਪਣੀ ਸਾਖ ਬਚਾਉਣ ਤੇ ਕਾਂਗਰਸ ਨੂੰ ਸਬਕ ਸਿਖਾਉਣ ਦੇ ਪੈਂਤੜੇ ਤੋਂ ਸਰਕਾਰ ਟੁੱਟਣ ਦੇ ਗੁੱਸੇ ਵਿੱਚ 1982 ਵਿੱਚ ਪੰਜਾਬ ਤੇ ਸਿੱਖਾਂ ਦੀਆਂ ਧਾਰਮਿਕ ਮੰਗਾਂ ਨੂੰ ਲੈ ਕੇ 'ਧਰਮ ਯੁੱਧ ਮੋਰਚਾ' ਸ਼ੁਰੂ ਕਰ ਦਿੱਤਾ, ਜਿਸਨੂੰ ਜਲਦੀ ਹੀ ਬੜੀ ਵਿਉਂਤਬੰਦੀ ਨਾਲ ਟਕਸਾਲ ਤੇ ਬੱਬਰ ਖਾਲਸਾ ਨੇ ਹਾਈਜੈਕ ਕਰ ਲਿਆ ਤੇ ਬਾਅਦ ਵਿੱਚ ਸਾਰਾ ਕੰਟਰੋਲ ਸੰਤ ਭਿੰਡਰਾਂਵਾਲੇ ਕੋਲ ਚਲਾ ਗਿਆ।1982 ਤੋਂ 1984 ਤੱਕ ਅਕਾਲੀ ਲੀਡਰਸ਼ਿਪ ਕਹਿਣ ਨੂੰ ਮੋਰਚਾ ਚਲਾਉਂਦੀ ਰਹੀ, ਪਰ ਉਹ ਬੜੀ ਨਿਪੁੰਸਕ ਸਾਬਿਤ ਹੋਈ।ਆਪਣੀ ਰਾਜਸੀ ਲਾਲਸਾ ਅਧੀਨ ਨਾ ਤੇ ਉਹ ਮੋਰਚਾ ਵਾਪਿਸ ਲੈ ਕੇ ਕਾਂਗਰਸ ਦੀ ਪੰਜਾਬ ਤੇ ਖਾਸਕਰ ਸਿੱਖਾਂ ਨੂੰ ਬਰਬਾਦ ਕਰਨ ਦੀ ਚਾਲ ਨੂੰ ਫੇਲ੍ਹ ਕਰ ਸਕੇ ਅਤੇ ਨਾ ਹੀ ਉਨ੍ਹਾਂ ਪੰਜਾਬ ਵਿੱਚ ਕਾਂਗਰਸ ਦੀ ਸ਼ਹਿ ਤੇ ਅੱਤਵਾਦ ਫੈਲਾ ਰਹੇ ਤੱਤਾਂ ਖਿਲਾਫ ਕੋਈ ਸਖਤ ਸਟੈਂਡ ਲੈ ਸਕੇ।ਅਖੀਰ ਜੂਨ 84 ਦਾ ਭਾਣਾ ਵਾਪਰਿਆ, ਜੋ ਕਿ ਵਾਪਰਨਾ ਹੀ ਸੀ? ਮੈਨੂੰ ਅਕਾਲੀਆਂ ਤੇ ਖਾਸਕਰ ਖਾਲਿਸਤਾਨੀ ਲੀਡਰਸ਼ਿਪ ਦੀ ਇਹ ਗੱਲ ਕਦੇ ਸਮਝ ਨਹੀਂ ਆਈ, ਜਦੋਂ ਉਹ ਇਹ ਕਹਿੰਦੇ ਹਨ ਕਿ ਸਰਕਾਰ ਨੇ ਭਾਰਤੀ ਫੌਜ ਵਲੋਂ ਕੀਤੇ ਗਏ ਜੂਨ 84 ਦੇ ਹਮਲੇ ਦੀ ਲੰਬਾ ਸਮਾਂ ਪਹਿਲਾਂ ਪਲੈਨ ਕਰ ਲਈ ਸੀ, ਤਕਰੀਬਨ 1 ਸਾਲ ਪਹਿਲਾਂ ਹਿਮਾਚਲ ਦੇ ਮਿਲਟਰੀ ਬੇਸ ਵਿੱਚ ਦਰਬਾਰ ਸਾਹਿਬ ਤੇ ਅਕਾਲ ਤਖਤ ਦਾ ਮਾਡਲ ਬਣਾ ਕੇ ਕਮਾਂਡੋ ਟਰੇਨਿੰਗ ਦਿੱਤੀ ਗਈ ਸੀ ਅਤੇ ਰੂਸ ਤੇ ਇੰਗਲੈਂਡ ਤੋਂ ਵੀ ਇਸ ਲਈ ਮੱਦਦ ਲਈ ਗਈ ਸੀ।ਫਿਰ ਉਹ ਇਹ ਕਿਉਂ ਨਹੀਂ ਮੰਨਦੇ ਕਿ ਦਰਬਾਰ ਸਾਹਿਬ ਅੰਦਰ ਸਾਰੇ ਹਥਿਆਰ ਸਰਕਾਰ ਨੇ ਮਰਜੀ ਨਾਲ ਭੇਜੇ ਸਨ ਤੇ ਮਰਜੀ ਨਾਲ ਹੀ ਮੋਰਚੇ ਬਣਨ ਦਿੱਤੇ ਸਨ? ਜੇ ਅਕਾਲੀ ਲੀਡਰ ਤੇ ਭਿੰਡਰਾਂਵਾਲਾ ਦੇ ਸਾਥੀ ਸਿੱਖਾਂ ਤੇ ਦਰਬਾਰ ਸਾਹਿਬ ਪ੍ਰਤੀ ਸੁਹਿਰਦ ਹੁੰਦੇ ਤਾਂ ਅੰਦਰ ਹਥਿਆਰ ਜਮ੍ਹਾਂ ਨਾ ਹੋਣ ਦਿੰਦੇ ਜਾਂ ਜੇ ਫੌਜ ਚੜ੍ਹ ਕੇ ਆ ਹੀ ਗਈ ਸੀ ਤਾਂ ਕਹਿ ਦਿੰਦੇ ਕਿ ਅਸੀਂ ਲੜਾਈ ਲੜ੍ਹ ਕੇ ਦਰਬਾਰ ਸਾਹਿਬ ਜਾਂ ਅਕਾਲ ਤਖਤ ਦਾ ਨੁਕਸਾਨ ਨਹੀਂ ਕਰਵਾਉਣਾ, ਅਸੀਂ ਬਾਹਰ ਆ ਜਾਂਦੇ ਹਾਂ, ਵੈਸੇ ਵੀ ਜਿਸ ਤਰ੍ਹਾਂ ਦੇ ਹਥਿਆਰ ਅੰਦਰ ਸਨ, ਉਸ ਨਾਲ ਟੈਕਾਂ ਤੋਪਾਂ ਨਾਲ ਲੈਸ ਫੌਜ ਦਾ ਕਿਤਾਨ ਕੁ ਚਿਰ ਮੁਕਾਬਲਾ ਹੋ ਸਕਦਾ ਸੀ? ਸਾਡੇ ਕੋਲ ਤਾਂ ਗੁਰੂਆਂ ਦੀਆਂ ਉਦਾਹਰਣਾਂ ਵੀ ਮੌਜੂਦ ਸਨ, ਜਦੋਂ ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਚਲੇ ਗਏ ਸਨ ਤੇ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਸਨ।ਪਰ ਨਹੀਂ, ਸਿੱਖਾਂ ਦੀ ਨਰਮ ਖਿਆਲੀ ਤੇ ਗਰਮ ਖਿਆਲੀ ਲੀਡਰਸ਼ਿਪ, ਨਾ-ਅਹਿਲ, ਕਮਜ਼ੋਰ, ਮਕਾਰ, ਧੋਖੇਬਾਜ, ਸਿੱਖ ਵਿਰੋਧੀ ਸਾਬਿਤ ਹੋਈ।ਜਿਸ ਨਾਲ ਸਿੱਖਾਂ ਦਾ ਪਹਿਲਾਂ ਜੂਨ 84 ਵਿੱਚ ਤੇ ਫਿਰ ਨਵੰਬਰ 84 ਵਿੱਚ ਭਾਰੀ ਕਤਲੇਆਮ ਹੋਇਆ।ਇਨ੍ਹਾਂ ਦੋ ਵੱਡੇ ਘੱਲੂਘਾਰਿਆਂ ਤੋਂ ਵੀ ਲੀਡਰਸ਼ਿਪ ਨੇ ਸਬਕ ਨਹੀਂ ਸਿੱਖਿਆ, ਸਗੋਂ ਜਜਬਾਤ ਵਿੱਚ ਆ ਕੇ ਹਥਿਆਰ ਚੁੱਕੀ ਫਿਰਦੇ ਬੇਮੁਹਾਰੇ ਖਾੜਕੂਆਂ ਨੂੰ ਵੀ ਕੋਈ ਨਾ ਸੇਧ ਦੇ ਸਕੇ ਤੇ ਨਾ ਹੀ ਪਿਛੇ ਹਟ ਕੇ ਘਰ ਬੈਠੇ, ਸਗੋਂ ਨਰਮ ਖਿਆਲੀ ਸਾਰੀ ਲੀਡਰਸ਼ਿਪ ਸਰਕਾਰ ਨਾਲ ਰਲ਼ ਕੇ ਇੱਕ ਪਾਸੇ ਖਾੜਕੂਆਂ ਨੂੰ ਪੁਲਿਸ ਮੁਕਾਬਲਆਂ ਵਿੱਚ ਮਰਵਾਉਣ ਦੀ ਭਾਗੀਦਾਰ ਬਣੀ ਹੋਈ ਸੀ ਅਤੇ ਦੂਜੇ ਪਾਸੇ ਖਾੜਕੂਆਂ ਦੇ ਭੋਗਾਂ ਤੇ ਵੀ ਜਾ ਕੇ ਗਰਮ ਭਾਸ਼ਨ ਦਿੰਦੇ ਸਨ।ਅੱਜ ਦੀ ਬਾਦਲ ਦੀ ਅਗਵਾਈ ਵਿੱਚ ਚੱਲ ਰਹੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਕਦੇ ਕੋਈ ਫੈਸਲਾ ਮਜਬੂਤੀ ਨਾਲ ਲੈਣ ਤੋਂ ਨਾਕਾਮ ਰਹੀ ਹੈ।ਗਰਾਊਂਡ ਲੈਵਲ ਤੇ ਵਿਚਰ ਰਹੇ ਗਰਮ ਖਿਆਲੀ ਖਾਲਿਸਤਾਨੀ ਧੜੇ ਤੇ ਪੰਥਕ ਜਥੇਬੰਦੀਆਂ ਹਰ ਫਰੰਟ ਤੇ ਫੇਲ਼੍ਹ ਸਾਬਿਤ ਹੋਈਆਂ ਹਨ, ਪਿਛਲੇ 36 ਸਾਲਾਂ ਵਿੱਚ ਇੱਕ ਵੀ ਸੂਝਵਾਨ ਲੀਡਰ ਪੈਦਾ ਨਹੀਂ ਕਰ ਸਕੀਆਂ? ਇਹੀ ਹਾਲ ਵਿਦੇਸ਼ਾਂ ਵਿੱਚ ਹੈ, ਇਨ੍ਹਾਂ 36 ਸਾਲਾਂ ਵਿੱਚ ਕੋਈ ਇੱਕ ਵੀ ਸਾਂਝੀ ਜਥੇਬੰਦੀ ਬਣਾ ਕੇ ਸਿੱਖਾਂ ਦਾ ਪੱਖ ਦੁਨੀਆਂ ਸਾਹਮਣੇ ਨਹੀਂ ਰੱਖਿਆ ਗਿਆ? ਗੁਰਦੁਆਰਿਆਂ ਤੇ ਕਬਜੇ ਰੱਖਣ ਜਾਂ ਆਪਣੀ ਚੌਧਰ ਤੇ ਨਿੱਜੀ ਲਾਭਾਂ ਲਈ ਜੂਨ ਮਹੀਨੇ ਸ਼ਹੀਦੀ ਦਿਵਸ ਮਨਾ ਕੇ ਖਾਲਿਸਤਾਨ ਦੇ ਨਾਹਰੇ ਮਾਰ ਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ। ਇਸ ਵੇਲੇ ਸਿੱਖਾਂ ਕੋਲ ਕੋਈ ਲੀਡਰਸ਼ਿਪ ਨਹੀਂ, ਕੋਈ ਜਥੇਬੰਦੀ ਨਹੀਂ, ਕੋਈ ਆਗੂ ਨਹੀਂ, ਕੋਈ ਏਜੰਡਾ ਨਹੀਂ, ਕੋਈ ਵਿਜ਼ਨ ਨਹੀਂ? ਜਜ਼ਬਾਤੀ ਲੋਕਾਂ ਨੂੰ ਜਜ਼ਬਾਤੀ ਲੋਕ ਲੁੱਟ ਰਹੇ ਹਨ ਤੇ ਸਰਕਾਰਾਂ ਤੋਂ ਕੁੱਟ ਪਵਾਈ ਜਾਂਦੇ ਹਨ ਤੇ ਸਿੱਖਾਂ ਦੀ ਬਦਨਾਮੀ ਕਰਾਈ ਜਾਂਦੇ ਹਨ।1984 ਤੋਂ 1994 ਤੱਕ ਚੱਲੇ ਖੂਨੀ ਹਥਿਆਰਬੰਦ ਸੰਘਰਸ਼ ਵਿੱਚ ਜਿਥੇ ਹਜਾਰਾਂ ਖਾੜਕੂ ਪੁਲਿਸ ਮੁਕਾਬਲਿਆਂ ਵਿੱਚ ਮਰੇ, ਉਥੇ ਹਜਾਰਾਂ ਬੇਗੁਨਾਹ ਲੋਕ ਖਾੜਕੂਆਂ ਵਲੋਂ ਮੌਤ ਦੇ ਘਾਟ ਉਤਾਰ ਦਿੱਤੇ ਗਏ।ਇੱਕ ਪਾਸੇ ਸਿੱਖ ਝੂਠੇ ਮੁਕਾਬਲਿਆਂ ਵਿੱਚ ਮਰੇ ਨੌਜਵਾਨਾਂ ਲਈ ਇਨਸਾਫ ਦੀ ਮੰਗ ਕਰਦੇ ਹਨ, ਦੂਜੇ ਪਾਸੇ ਖਾੜਕੂਆਂ ਵਲੋਂ ਮਾਰੇ ਬੇਗੁਨਾਹ ਲੋਕਾਂ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹੁੰਦੇ, ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕਰਦੇ ਹਨ ਕਿ ਸਰਕਾਰੀ ਏਜੰਸੀਆਂ ਨੇ ਆਪਣੇ ਬੰਦੇ ਖਾੜਕੂਆਂ ਵਿੱਚ ਵਾੜੇ ਹੋਏ ਸਨ, ਜੋ ਗਲਤ ਕੰਮ ਕਰਦੇ ਸਨ, ਪਰ ਇਸ ਗੱਲ ਲਈ ਕਦੇ ਵਿਚਾਰ ਨਹੀਂ ਕਰਦੇ ਕਿ ਕਿਹੜੇ ਖਾੜਕੂ ਅਸਲੀ ਸਨ ਤੇ ਕਿਹੜੇ ਨਕਲੀ ਸਨ? ਜਦੋਂ ਗਿਣਤੀ ਦੱਸਣੀ ਹੁੰਦੀ ਹੈ ਤਾਂ ਸਾਰੇ ਖਾੜਕੂ ਹੁੰਦੇ ਹਨ ਤੇ ਸਾਰੇ ਕੌਮ ਲਈ ਮਰਨ ਵਾਲੇ ਸ਼ਹੀਦ ਹੁੰਦੇ ਹਨ? ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਹਾਂ ਕਿ ਜਦੋਂ ਕੋਈ ਕੌਮ ਜਾਂ ਧਿਰ ਕਿਸੇ ਸਟੇਟ ਦੇ ਖਿਲਾਫ ਵੱਖਰਾ ਦੇਸ਼ ਬਣਾਉਣ ਲਈ ਲੜਦੀ ਹੈ ਤਾਂ ਉਸਦੇ ਕਨੂੰਨ ਨੂੰ ਵੀ ਨਹੀਂ ਮੰਨਦੀ, ਦੋਨੋਂ ਧਿਰਾਂ ਇੱਕ ਦੂਜੇ ਤੇ ਹਮਲੇ ਕਰਦੀਆਂ ਹਨ, ਤਕੜੀ ਧਿਰ ਜਿੱਤ ਜਾਂਦੀ ਹੈ।ਪਰ ਇਹ ਕਿਥੋਂ ਦਾ ਇਨਸਾਫ ਹੈ ਜਾਂ ਕਿਹੜਾ ਸੰਘਰਸ਼ ਹੈ ਕਿ ਵਿਰੋਧੀ ਧਿਰ ਤੁਹਾਡੇ ਬੰਦੇ ਮਾਰੇ ਤਾਂ ਤੁਸੀਂ ਕਹੋ ਕਿ ਸਾਨੂੰ ਕੋਰਟਾਂ ਰਾਹੀਂ ਇਨਸਾਫ ਵੀ ਦਿਉ ਤੇ ਮੁਆਵਜੇ ਵੀ ਦਿਉ ਅਤੇ ਜਿਨ੍ਹਾਂ ਨੂੰ ਤੁਸੀਂ ਮਾਰਿਆ, ਉਨ੍ਹਾਂ ਨੂੰ ਮਾਰਨਾ ਤੁਹਾਡਾ ਹੱਕ ਸੀ? ਜਦੋਂ ਤੁਸੀਂ ਸਟੇਟ ਖਿਲਾਫ ਹਥਿਆਰ ਚੁੱਕ ਲਏ, ਕਨੂੰਨ ਤੇ ਯਕੀਨ ਨਹੀਂ ਰਿਹਾ ਤਾਂ ਫਿਰ ਉਨ੍ਹਾਂ ਤੋਂ ਇਨਸਾਫ ਕਿਉਂ ਮੰਗਦੇ ਹੋ? ਸਿੱਖਾਂ ਦੀ ਬਦਕਿਸਮਤੀ ਇਹ ਹੈ ਕਿ ਦੂਰ ਅੰਦੇਸ਼ ਤੇ ਸਿਆਣੇ ਲੀਡਰਾਂ ਦੀ ਘਾਟ ਅਤੇ ਕਿਸੇ ਜਥੇਬੰਦਕ ਢਾਂਚੇ ਦੀ ਅਣਹੋਂਦ ਕਾਰਨ ਸਿੱਖਾਂ ਵਿੱਚ ਹਮੇਸ਼ਾਂ ਆਪੋ-ਧਾਪੀ ਰਹਿੰਦੀ ਹੈ। ਜਿਸਦਾ ਜੋਰ ਚੱਲਦਾ ਹੈ, ਚਲਾਈ ਜਾਂਦਾ ਹੈ ਜਾਂ ਜਿਹੜਾ ਵੱਧ ਸ਼ਾਤਰ ਤੇ ਕਮੀਨਾ ਹੈ, ਉਹ ਕਾਮਯਾਬ ਹੋ ਜਾਂਦਾ ਹੈ।ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਪਿਛਲੇ 36 ਸਾਲਾਂ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਜਿਸ ਤਰ੍ਹਾਂ ਦੀ ਲਡਿਰਸ਼ਿਪ ਕਾਬਿਜ ਹੈ, ਜੇ ਉਸਨੂੰ ਨਹੀਂ ਰੋਕਿਆ ਗਿਆ ਤਾਂ ਅਗਲੇ 36 ਸਾਲ ਵੀ ਨੁਕਸਾਨ ਹੁੰਦਾ ਰਹਿਣਾ ਹੈ।ਦੂਸਰਾ ਸਾਨੂੰ ਪਿਛਲੇ 36 ਸਾਲਾਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਹਰ ਪੱਖੋਂ ਸਮਝਣ ਤੇ ਚਿੰਤਨ ਕਰਨ ਦੀ ਲੋੜ ਹੈ।ਆਪਣੇ ਆਪ ਨੂੰ ਦੁੱਧ ਧੋਤੇ ਤੇ ਧਰਮਰਾਜ ਦੇ ਪੁੱਤਰ ਨਾ ਸਮਝੀਏ, ਜਿਥੇ ਸਾਡੇ ਤੋਂ ਗਲਤੀਆਂ ਹੋਈਆਂ ਹਨ, ਅਸੀਂ ਵਰਤੇ ਗਏ ਹਾਂ, ਉਸਨੂੰ ਸਵੀਕਾਰ ਕਰੀਏ? ਗੁਰੂਆਂ ਦੀ ਮਨੁੱਖਤਾਵਾਦੀ ਤੇ ਸਰਬ ਸਾਂਝੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਸਰਬੱਤ ਦੇ ਭਲੇ ਵਾਲੇ ਸਮਾਜ ਦੀ ਸਿਰਜਣਾ ਲਈ, ਬੀਤੇ ਤੋਂ ਸਬਕ ਸਿੱਖੀਏ, ਇਮਾਨਦਾਰੀ ਨਾਲ ਬੀਤੇ ਦਾ ਵਿਸ਼ਲੇਸ਼ਣ ਕਰੀਏ ਤੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲਈਏ? ਅੱਜ ਦੇ ਨਵੇਂ ਹਾਲਾਤਾਂ ਵਿੱਚ, ਜਿਸ ਤਰ੍ਹਾਂ ਹਿੰਦੂਤਵੀ-ਫਾਸ਼ੀਵਾਦੀ ਤਾਕਤਾਂ ਆਪਣੇ ਏਜੰਡੇ ਨਾਲ ਲੈਸ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਤੇ ਰਾਹ ਤੁਰੀਆਂ ਹੋਈਆਂ ਹਨ, ਜੇ ਅਜਿਹੇ ਹਾਲਾਤਾਂ ਵਿੱਚ ਸਿਆਣਪ ਤੇ ਦੂਰ-ਅੰਦੇਸ਼ੀ ਪਾਲਸੀਆਂ ਨਹੀਂ ਬਣਾਈਆਂ ਤਾਂ 84 ਵਰਗੇ ਹਮਲਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ? ਕੀ ਅੱਜ ਦੇ ਬਦਲੇ ਹਾਲਾਤਾਂ ਵਿੱਚ ਧਰਮ ਅਧਾਰਿਤ ਸਟੇਟ ਸਿੱਖਾਂ ਦੇ ਹਿੱਤ ਵਿੱਚ ਹੋਵੇਗੀ? ਜਜ਼ਬਾਤੀ, ਉਲਾਰ ਤੇ ਫੁਕਰੀਆਂ ਪਹੁੰਚਾਂ ਸਿਆਸਤ ਵਿੱਚ ਕਦੇ ਕੰਮ ਨਹੀਂ ਆਉਂਦੀਆਂ? ਜਿਸਦਾ ਸਿੱਖ ਹਮੇਸ਼ਾਂ ਸ਼ਿਕਾਰ ਰਹਿੰਦੇ ਹਨ, ਇਸੇ ਲਈ ਵਾਰ-ਵਾਰ ਵਰਤੇ ਜਾਂਦੇ ਹਨ?