ਭੋਰੇ 'ਚੋਂ ਨਿਕਲਦੇ ਹੀ ਕੈਸੀ ਹੋਵੇ ਸਾਡੀ ਕਾਰਜਸ਼ੈਲੀ... -ਵਰਗਿਸ ਸਲਾਮਤ
Posted on:- 11-05-2020
ਅਸੀਂ ਨਿਕੇ ਹੁੰਦੇ ਦਾਦੀ ਜਾਂ ਨਾਨੀ ਤੋਂ ਕਹਾਣੀਆਂ ਸੁਣਦੇ ਹੁੰਦੇ ਸੀ......ਫਲਾਂ ਰਾਜਕੁਮਾਰ ਇੰਨੇ ਸਾਲ ਭੋਰੇ 'ਚ ਰਿਹਾ , ਜਦੋਂ ਬਾਹਰ ਆਇਆ ਉਸਦੀ ਤਾਅਬ ਕਿਸੇ ਕੋਲੋਂ ਝੱਲੀ ਨਹੀਂ ਸੀ ਜਾਂਦੀ ।ਵੱਡੇ ਹੋਏ ਤਾਂ ਪਤਾ ਲੱਗਾ ਕਿ ਇਹ ਦੰਦ-ਕਥਾਵਾਂ ਸੀ।ਧਾਰਮਿਕ ਕਥਾਵਾਂ 'ਚ ਸੁਣਦੇ ਰਹੇ ਹਾਂ ਸਾਧੂ-ਸੰਤਾਂ ਦੀ ਲੰਮੀ ਸਮਾਧੀ ਵੇਖ ਭਗਵਾਨ ਨੇ ਉਸਨੂੰ ਫਲਾਂ-ਫਲਾਂ ਵਰ ਦੇ ਦਿੱਤਾ।ਸਦੀਆਂ ਦੇ ਜੰਗਲ ਰਾਜ ਨੂੰ ਛਾਂਗਦਾ-ਛਾਂਗਦਾ ਮਨੁੱਖ ਵਿਕਸਤ ਹੋਇਆ।ਮਨੁੱਖਤਾ ਅਤੇ ਸਭਿਆਚਾਰ ਹੋਂਦ 'ਚ ਆਈ।
ਅੱਜ ਸਭਿਅਕ ਸਮਾਜ 'ਚ ਜੇ ਕੋਈ ਗਲਤੀ ਯਾਂ ਗੁਨਾਹ ਕਰਦਾ ਹੈ ਤਾਂ ਉਸਨੂੰ ਸਜ਼ਾ ਦੇ ਤੌਰ ’ਤੇ ਸਮਾਜ ਤੋਂ ਵੱਖ ਇਕਾਂਤਵਾਸ ਅਰਥਾਤ ਜੇਲ੍ਹ ਜਾਂ ਲੌਕਡਾਉਨ ਵਿਚ ਭੇਜਿਆ ਜਾਂਦਾ ਹੈ।ਅੱਜ ਦੇ ਅਗਾਂਹਵਧੂ ਸੰਦਰਭ 'ਚ ਵੇਖੀਏ ਤਾਂ ਭੋਰੇ 'ਚ ਪਾਉਣਾ , ਸਵੈ-ਸਮਾਧੀ 'ਚ ਜਾਣਾ, ਇਕਾਂਤਵਾਸ, ਜੇਲ ਜਾਂ ਲੌਕਡਾਉਨ ਆਦਿ ਵੱਖ-ਵੱਖ ਅਵਸਥਾਵਾਂ ਹਨ ਜਿਸ ਵਿਚ ਵਿਅਕਤੀ ਨੂੰ ਖੂਦ ਦੀ ਜਾਂਚ ਦਾ ਮੌਕਾ ਮਿਲਦਾ ਹੈ ,ਏਸੇ ਵਿਚ ਅੱਜ ਸਾਰਾ ਸੰਸਾਰ ਘਿਰਿਆ ਹੈ। ਮੌਕਾ ਇਹ ਵੀ ਹੈ ਕਿ ਮਨੁੱਖ, ਮਨੁੱਖਤਾ, ਸਰਕਾਰਾਂ , ਪ੍ਰਸ਼ਾਸ਼ਨ ਆਦਿ ਆਪਣੇ-ਆਪਣੇ ਇਕਾਂਤ ਵਿਚ ਆਪਣੇ ਰੂਬਰੂ ਹੋਵੇ ਅਤੇ ਆਪਣਾ ਸਵੈ-ਮੰਥਨ ਜਾਂ ਸਵੈ-ਪੜਚੋਲ ਕਰੇ।ਅੱਜ ਸੰਸਾਰ ਭਰ ਦਾ ਇਹ ਇਕਾਂਤਵਾਸ ਵਿਸ਼ਵ ਕੈਨਵਸ 'ਤੇ ਕੁਝ ਅਜਿਹੀ ਸਥਿਤੀ ਦੀ ਇਕੋ ਰੰਗ ਵਾਲੀ ਤਸਵੀਰ ਪੇਸ਼ ਕਰ ਰਿਹਾ ਹੈ ਅਤੇ ਮਨੋਵਿਗਿਆਨ ਕਹਿੰਦਾ ਕਿ ਇਕਲਾਪਾ ਬੰਦੇ ਨੂੰ ਤੁਲਨਾਤਮਕ ਮੰਥਨ ਦੇ ਰਾਹ ਦਸਦਾ ਹੈ।
ਅੱਜ ਲੱਗਭੱਗ ਸਾਰਾ ਸੰਸਾਰ ਕੋਵਿਡ-19 ਤੋਂ ਖੌਫਜ਼ਦਾ ਹੈ।ਸਾਰੇ ਦੇਸ਼ ਇਸ ਵੇਲੇ ਨਾ-ਵਿਖਣੇ ਇਸ ਦੁਸ਼ਮਨ ਨਾਲ ਲੜਨ ਲਈ ਆਪਣੇ ਆਪਣੇ ਰਾਹ ਤੁਰੇ ਹੋਏ ਹਨ।ਸਾਡਾ ਭਾਰਤ ਵੀ ਡੇਢ ਮਹੀਨੇ ਤੋਂ ਭੋਰੇ 'ਚ ਪਿਆ ਹੈ,ਸਵੈ-ਸਮਾਧੀ ,ਇਕਾਂਤਵਾਸ ਅਤੇ ਤਾਲਾਬੰਦੀ 'ਚ ਹੈ।ਸਰਕਾਰਾਂ , ਪ੍ਰਸ਼ਾਸਨ ਅਤੇ ਅਵਾਮ ਜਿੱਥੇ ਇਕ ਦੂਜੇ ਦੀ ਮਲ਼੍ਹਮ ਬਣ ਰਹੇ ਹਨ ਉੱਥੇ ਇਹਨਾਂ ਲਈ ਮੁਸੀਬਤਾਂ ਵੀ ਘੱਟ ਨਹੀਂ ਹਨ।ਅੱਜ ਤੱਕ ਦੇ ਅੰਤਰਾਸ਼ਟਰੀ ਅਧਿਅਨ ਦਸਦੇ ਹਨ ਕਿ ਜਿੰਨੀ ਦੇਰ ਤੱਕ ਇਸ ਜਾਨਲੇਵਾ ਵਾਈਰਸ ਦਾ ਢੁਕਵਾਂ ਇਲਾਜ ( ਪਰੌਪਰ ਵੈਕਸੀਨ) ਨਹੀਂ ਨਿਕਲਦਾ ਇਸਦਾ ਹੱਲ ਸਿਰਫ ਤੇ ਸਿਰਫ ਸਰੀਰਿਕ ਦੂਰੀ ਅਤੇ ਇਕਾਂਤਵਾਸ ਹੀ ਹੈ।ਖੋਜ ਪੱਤਰਾਂ ਦੀਆਂ ਰਿਪੋਰਟਾਂ ਇਹ ਵੀ ਦਸਦੀਆਂ ਹਨ ਕਿ ਇਹ ਸਰੀਰਿਕ ਦੂਰੀ ਅਤੇ ਇਕਾਂਤਵਾਸ ਦਾ ਸਿਲਸਿਲਾ ਲੰਮਾ ਜਾ ਸਕਦਾ ਹੈ।ਇਸ ਸਥਿਤੀ ਨੂੰ ਸਮਝਦੇ ਅਤੇ ਪੜਚੋਲਦੇ ਹੋਇਆਂ ਸਾਡੀਆਂ ਸਰਕਾਰਾਂ,ਪ੍ਰਸ਼ਾਸਨ ਅਤੇ ਅਵਾਮ ਨੂੰ ਤੁਲਨਾਤਮਕ ਮੰਥਨ ਕਰਕੇ ਕੁੱਝ ਠੋਸ ਨੀਤੀਆਂ ਅਪਣਾ ਕਿ ਇਸ ਰੁਕੀ ਜ਼ਿੰਦਗੀ ਨੂੰ ਫਿਰ ਤੋਂ ਸ਼ੁਰੂ ਕਰਕੇ ਸਹੀ ਰਫਤਾਰ 'ਚ ਲਿਆਉਣਾ ਹੀ ਸਮੇਂ ਦੀ ਚੁਣੌਤੀ ਹੈ।ਲੋਕਤੰਤਰੀ ਪ੍ਰਣਾਲੀ 'ਚ ਸਰਕਾਰਾਂ ਦੀ ਹਰ ਨੀਤੀ ,ਹਰ ਕਾਨੂੰਨ ਅਤੇ ਹਰ ਯੋਜਨਾ ਦਾ ਕੇਂਦਰ ਬਿੰਦੂ ਆਮ ਜਨਤਾ ਭਾਵ ਆਮ ਬੰਦਾ ਹੁੰਦਾ ਹੈ ਅਤੇ ਸਰਕਾਰਾਂ ਦੀ ਨਿਯਤ ਉਸਦੀ ਕਾਰਜਸ਼ੈਲੀ ਤੋਂ ਪਤਾ ਲੱਗਦੀ ਹੈ ਕਿਉਂਕੀ ਕਾਰਜਸ਼ੈਲੀ ਹੀ ਮਨੁੱਖ ਦੇ ਪਰਿਵਾਰਿਕ ,ਸਮਾਜਿਕ ,ਆਰਥਿਕ ,ਰਾਜਨਿਤੀਕ ,ਸਭਿਆਚਾਰਕ , ਨੈਤਿਕ ਅਤੇ ਧਾਰਮਿਕ ਜੀਵਨ ਆਦਿ ਪਹਿਲੂਆਂ ਨੂੰ ਪ੍ਰਭਾਵਿਤ ਕਰਦੀ ਹੈ।ਅੱਜ ਦੀ ਇਸ ਰੁਕੀ ਹੋਈ ਜ਼ਿੰਦਗੀ ਨੂੰ ਪੱਟੜੀ 'ਤੇ ਲਿਆਉਣ ਲਈ ਹਰ ਨੀਤੀ ਜੋ ਮਨੁੱਖੀ ਜੀਵਨ 'ਤੇ ਪ੍ਰਤੱਖ-ਅਪ੍ਰਤੱਖ ਅਸਰ ਪਾਉਂਦੀ ਹੈ ਉਸਦੇ ਸਾਰੇ ਪਹਿਲੂਆਂ ਨੂੰ ਨਵੇਂ ਸਿਰਿਓਂ ,ਨਵੇਂ ਅਧਿਅਨ ਅਤੇ ਨਵੀਂ ਕਾਰਜਸ਼ੈਲੀ ਨਾਲ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ।ਬੰਦੇ ਨੂੰ ਸਭ ਤੋਂ ਵੱਧ ਵਿਚਲਿਤ ਜਾਂ ਪਰੇਸ਼ਾਨ ਉਸਦੀ ਆਰਥਿਕਤਾ ਕਰਦੀ ਹੈ।ਰੋਜ਼ੀ-ਰੋਟੀ ਹੀ ਬੰਦੇ ਨੂੰ ਮਾਂ-ਜਨਨੀ ਅਤੇ ਮਾਂ-ਮਿੱਟੀ ਤੋ ਦੂਰ ਕਰਵਾਉਂਦੀ ਹੈ।ਕਰੋੜਾਂ ਲੋਕ ਜੋ ਘਰਾਂ ਤੋਂ ਦੂਰ ਰੋਜ਼ੀ-ਰੋਟੀ ਕਮਾਉਣ ਗਏ ਹਨ, ਅੱਜ ਘਰ ਪਰਤਣ ਲਈ ਹੱਥ-ਪੈਰ ਮਾਰਦੇ ਬਾਰ- ਬਾਰ ਕਾਨੂੰਨ ਤੋੜਨ ਲਈ ਮਜਬੂਰ ਹਨ।ਆਰਥਿਕਤਾ ਦੀ ਪਰੇਸ਼ਾਨੀ ਹੀ ਮੌਤ ਦਾ ਰੱਸਾ ਬਣ ਕਦੇ ਕਿਸਾਨ ,ਕਦੇ ਮਜਦੂਰ ਅਤੇ ਕਦੇ ਘਰੇਲੂ ਕਲੇਸ਼ ਦਾ ਫੰਦਾ ਬਣ ਜਾਂਦਾ ਹੈ।ਸਾਡੇ ਡੰਗਟਪਾਉ ਜੁਗਾੜਬੰਦੀ ਨਾ ਤਾਂ ਚੰਗੀ ਆਰਥਿਕਤਾ ਪੇਸ਼ ਕਰ ਸਕੀ ਹੈ ਅਤੇ ਨਾ ਹੀ ਮਨੁੱਖੀ ਵਿਕਾਸ ਦਾ ਮਾਡਲ ।ਲੋਕਾਂ ਨੇ ਸਰਕਾਰਾਂ ਕੋਲ਼ੋ ਸਥਾਈ ਰੋਜ਼ਗਾਰ ਤਾਂ ਮੰਗਿਆ ਸੀ ਪਰ ਕਦੇ ਮੰਗ ਨਹੀਂ ਸੀ ਕੀਤੀ ਕਿ ਸਾਨੂੰ ਮੁਫਤ ਬਿਜਲੀ,ਪਾਣੀ, ਆਟਾ-ਦਾਲ ਦਿੱਤੇ ਜਾਣ।ਵੋਟ ਬੈਂਕ ਦੀ ਚਾਬੀ ਆਪਣੇ ਹੱਥ 'ਚ ਰੱਖਣ ਦੀ ਅਜਿਹੀ ਰਾਜਨੀਤੀ ਨੇ ਅਤੇ ਰਾਜਾਂ ਦੀ ਮਿਸਮੈਨਜਮੈਂਟ ਨੇ ਦੇਸ਼ ਦੀ ਆਰਥਿਕ ਹਾਲਤ ਵਿਗਾੜ ਦਿੱਤੀ। ਨੌਬਤ ਇਹ ਹੈ ਕਿ ਮੁਲਾਜ਼ਮਾਂ ਨੂੰ ਇਸ ਮੁਸੀਬਤ ਨਾਲ ਲੜਨ ਦਾ ਇਨਾਮ ਬਤੌਰ ਬੌਨਸ ਦੇਣ ਦੀ ਥਾਂ ਤਨਖਾਹ 'ਚ ਕਟੌਤੀ ਲਾ ਦਿੱਤੀ ਹੈ।ਕੇਂਦਰ ਸਰਕਾਰ ਦੇ ਰਾਜਾਂ ਨਾਲ ਕੀਤੇ ਜਾ ਰਹੇ ਵਿੱਤਕਰੇ ਵੀ ਅੱਖੋ ਪਰੋਖੇ ਨਹੀਂ ਕੀਤੇ ਜਾ ਸਕਦੇ।ਮੁਲਾਜ਼ਮ ਅਮਲਾ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ।ਭਾਵੇਂ ਹਰ ਹੱਡੀ ਦੀ ਆਪਣੀ ਅਹਿਮੀਅਤ ਹੈ ਪਰ ਰੀੜ ਦੀ ਹੱਡੀ ਦੀ ਵਜ਼ਾਹ ਨਾਲ ਹੀ ਬਾਕੀ ਢਾਂਚਾ ਚਲਦਾ ਹੈ।ਅੱਜ ਦੇ ਇਸ ਮੁਸੀਬਤ ਦੇ ਦੌਰ ਵਿਚ ਸਿਰਫ ਸਰਕਾਰੀ ਅਮਲਾ ਭਾਵ ਪਬਲਿਕ ਸੈਕਟਰ ਹੀ ਆਪਣੇ ਘੱਟ ਸਾਧਨਾ ਸਹਿਤ ਅਗਲੇ ਫਰੰਟ 'ਤੇ ਲੜ ਰਿਹਾ ਹੈ।ਜਿਸ ਨਿਜੀਕਰਨ ਨੂੰ ਅਸੀਂ ਵਧਾਉਣ ਲਈ ਹਰ ਵੇਲੇ ਸਰਕਾਰੀ ਸੰਸਾਧਨਾ ਨੂੰ ਤੋੜਨ -ਮਰੋੜਨ ਦੀਆਂ ਨੀਤੀਆਂ 'ਚ ਲੱਗੇ ਰਹਿੰਦੇ ਹਾਂ ਯਾਂ ਸਰਕਾਰੀ ਅਮਲੇ ਨੂੰ ਬਦਨਾਮ ਕਰਨ ਦੀਆਂ ਕੁਚਾਲਾਂ ਚਲਦੇ ਹਾਂ ਅੱਜ ਉਹੀ ਮੁਲਾਜ਼ਮ ਆਪਣੀ ਜਾਨ ਤਲ਼ੀ 'ਤੇ ਰੱਖ ਕੇ ਲੋਕਾਂ ਨੂੰ ਜ਼ਿੰਦਗੀ ਦੀ ਅਹਿਮੀਯਤ ਦੱਸ ਰਹੇ ਹਨ।ਸਵੈਸੇਵੀ ਸੰਸਥਾਵਾਂ ਦੀ ਸੇਵਾ ਸਣਮਾਨ ਯੋਗ ਹੈ ਪਰ ਨਿੱਜੀ ਸੈਕੱਟਰ ਕਿਤੇ ਨਜ਼ਰ ਨਹੀਂ ਆਉਂਦਾ।ਦੇਸ਼ ਦੇ ਸਰਮਾਏ ਨੂੰ ਬਰਬਾਦ ਕਰਨ ਵਾਲੇ ਅਤੇ ਸਰਮਾਏ ਨੰ ਲੈ ਕੇ ਭੱਜਣ ਵਾਲੇ ਭੰਗੌੜੇ ਦੇਸ਼ ਦੇ ਗੱਦਾਰ ਹਨ ਉਹਨਾਂ ਨੂੰ ਰਿਆਇਤ ਦੀ ਬਜਾਏ ਉਹਨਾਂ ਬਦਹਾਲ ਲੋਕਾਂ ਦੀ ਸਾਰ ਲੈਣ ਦੀ ਲੋੜ ਹੈ ਜੋ ਸੜਕਾਂ 'ਤੇ ਰੁਲ ਰਹੇ ਹਨ।ਅਜਿਹੀ ਸਥਿਤੀਆਂ ਨੂੰ ਨਜ਼ਰ 'ਚ ਰੱਖ ਕੇ ਠੋਸ ਅਤੇ ਨਵੀ ਯੋਜਨਾਬੰਦੀ ਦੀ ਲੋੜ ਹੈ।ਹਰ ਖਿੱਤੇ 'ਚ ਰੋਜ਼ਗਾਰ ਵਧਾਉਣ ਦੀ ਲੋੜ ਹੈ, ਪੱਬਲਿਕ ਸੈਕਟਰ ਨੂੰ ਬੜਾਵਾ ਅਤੇ ਉਸਨੂੰ ਸਮੇਂ ਦਾ ਹਾਣੀ ਬਣਾਕੇ ਸਮਾਰਟ ਵਰਲਡ ਦੇ ਮਾਡਲ 'ਚ ਪੇਸ਼ ਕਰਨ ਦੀ ਲੋੜ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਤਾਲਾਬੰਦੀ , ਇਕਾਂਤਵਾਸ ਜਾਂ ਭੋਰਿਆਂ ਦੀ ਇਸ ਸਥਿਤੀ 'ਚੋਂ ਬਾਹਰ ਆਉਣ ਤੋਂ ਬਾਅਦ ਵੀ ਸਾਰਾ ਸੰਸਾਰ ਘੱਟੋ-ਘੱਟ ਦੋ ਸਾਲ ਇਸ ਵਾਇਰਸ ਦੇ ਪ੍ਰਭਾਵ ਹੇਠ ਰਿਹ ਸਕਦਾ ਹੈ।ਸ਼ਾਇਦ ਉਸ ਸਮੇਂ ਅਸੀਂ ਲੌਕਡਾਉਨ ਦੇ ਦੌਰ 'ਚੋਂ ਨਿਕਲ ਕੇ ਅਹਤਿਯਾਤ ਦੇ ਦੌਰ 'ਚ ਦਾਖਿਲ ਹੋਵਾਂਗੇ।ਸਰਕਾਰਾਂ ਨੂੰ ਜਿੱਥੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਲੌਕਡਾਉਨ , ਕੁਆਂਰਨਟਾਈਨ ਜਾਂ ਕਰਫਿਉ ਲਗਾ ਕੇ ਲੋਕਾਂ ਨੂੰ ਬੱਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ , ਉੱਥੇ ਅਗਲੀ ਸਟੇਜ 'ਚ ਭਾਵ ਲੌਕਡਾਉਨ ਤੋਂ ਬਾਅਦ ਦੀ ਅਹਿਤਿਯਾਤ ਲਈ ਖਾਸ ਅਤੇ ਪੁੱਖਤਾ ਪ੍ਰਬੰਧ ਕਰਨੇ ਹੀ ਪੈਣਗੇ।ਇਸ ਲਈ ਧਰਮਾਂ , ਜਾਤਾਂ ,ਘੱਟ-ਗਿਣਤੀਆਂ ,ਬਹੁ-ਗਿਣਤੀਆਂ ਆਦਿ ਦੀ ਸੌੜੀ ਰਾਜਨੀਤੀ ਛੱਡ ਕੇ ਨਵੀਂ ਕਾਰਜਸ਼ੈਲੀ ਲਈ ਪੁਖਤਾ ਯੋਜਨਾਬੰਦੀ ਦੀ ਲੋੜ ਹੈ।ਸਿੱਖਿਆ ,ਸਿਹਤ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਸਾਡੇ ਨਾਕਾਰਾਤਮਕ ਸਿਆਸੀ ਰਵਈਏ ਕਾਰਨ ਨਿੱਤੀਘਾੜਾਂ ਲਈ ਸਭ ਤੋ ਵੱਧ ਸਿਰ ਦਰਦੀ ਰਹੀ ਹੈ। ਵੈਲਫਰ ਸਟੇਟ ਹੁੰਦਿਆਂ ਵੀ ਅਸੀਂ ਇਸ ਸੰਬਧੀ ਬਜਟ ਨੂੰ ਆਰਥਿਕਤਾ 'ਤੇ ਭਾਰ ਸਮਝਦੇ ਹਾਂ, ਸਾਡੀਆਂ ਯੋਜਨਾਵਾਂ 'ਚ ਇਹ ਗੱਲ ਮਨਫੀ ਹੋ ਗਈ ਹੈ ਕਿ ਕੁੱਲੀ,ਗੁੱਲੀ ਅਤੇ ਜੁੱਲੀ ਇਨੰਸਾਨ ਦੇ ਬੁਨਿਆਦੀ ਹਕ ਹਨ ਜਿਸ ਦਾ ਪ੍ਰਬੰਧ ਕਰਨਾ ਸਮੇਂ ਦੀ ਹਰ ਸਰਕਾਰ ਦਾ ਪਹਿਲਾ ਫਰਜ਼ ਹੈ। ਅਜ਼ਾਦੀ ਤੋਂ ਬਾਅਦ ਜਿੰਨੇ ਤਜਰਬੇ ਇਹਨਾਂ ਵਿਭਾਗਾਂ ਉਤੇ ਕੀਤੇ ਗਏ ਹਨ ਅਗਰ ਸਾਇੰਸ ਅਤੇ ਟੈਕਨਾਲਜ਼ੀ 'ਤੇ ਕੀਤੇ ਹੁੰਦੇ ਤਾਂ ਸ਼ਾਇਦ ਸਾਡੀ ਥਾਂ ਅੱਜ ਹਾਈਟੈਕ ਦੇਸ਼ਾਂ 'ਚ ਹੁੰਦੀ ਅਤੇ ਵਿਸ਼ਵ ਸੁਰੱਖਿਆ ਕੌਂਸਲ'ਚ ਸਾਡੀ ਥਾਂ ਪੱਕੀ ਹੁੰਦੀ।ਇੰਟਰਨੈਟ, ਸੋਸ਼ਲ ਮੀਡੀਆ ਜਾਂ ਪਰਿੰਟ ਮੀਡੀਆ ਭਾਵੇਂ ਕਿੰਨਾਂ ਵੀ ਅਡਵਾਂਸ ਹੋ ਜਾਵੇ ,ਅਧਿਆਪਕ, ਵਿੱਦਿਆਰਥੀ ਅਤੇ ਕਲਾਸਰੂਮ ਦੇ ਰਿਸ਼ਤੇ ਤੋਂ ਵੱਧ ਕੇ ਨਹੀਂ ਹੋ ਸਕਦਾ ।ਇਸ ਲਈ ਨਵੀਂ ਯੋਜਨਾਬੰਦੀ ਕਰਕੇ ਸ਼ਰੀਰਿਕ ਦੂਰੀ ਨੂੰ ਬਣਾਈ ਰੱਖਣ ਲਈ ਕਲਾਸਰੂਮ ਦੀ ਸ਼ਕਲ ਅਤੇ ਸਥਿਤੀ ਬਦਲਣੀ ਪਵੇਗੀ।ਸਫਾਈ ਅਤੇ ਇੰਨਫਰਾਸਟਰੱਕਚਰ ਦੀ ਸਥਿਤੀ ਕਿਸੇ ਸਰਕਾਰ ਤੋਂ ਲੁਕੀ ਨਹੀਂ ਹੈ।ਸਾਲਾਂ ਤੋਂ ਕਲਾਸ ਫੋਰ ਦੀਆਂ ਅਸਾਮੀਆਂ ਖਾਲੀ ਹੋਣ ਕਰਕੇ ਅਧਿਆਪਕ ਅਤੇ ਵਿਦਿਆਰਥੀ ਆਪ ਹੀ ਕਲਾਸਾਂ ਸਾਫ ਕਰਦੇ ਹਨ, ਆਪ ਹੀ ਘੰਟੀ ਵਜਾਉਂਦੇ ਹਨ ਅਤੇ ਆਪ ਹੀ ਬੈਠਣ ਆਦਿ ਦਾ ਇੰਤਜਾਮ ਕਰਦੇ ਰਹੇ ਹਨ।ਲੰਮੇ ਸਮੇ ਤੋਂ ਲੱਖਾਂ ਅਸਾਮੀਆਂ ਖਾਲ਼ੀ ਹੋਣ ਕਾਰਨ 60 ਫੀਸਦੀ ਸਕੂਲਾਂ 'ਚ ਸਿੰਗਲ ਟੀਚਰ ਹੀ ਪੰਜਵੀ ਤੱਕ ਪੜਾ ਰਹੇ ਹਨ।ਲੋਕਾਂ ਦੇ ਦਾਨ ਨਾਲ ਸਕੂਲਾਂ ਨੂੰ ਰੰਗ ਕਰਕੇ ਸਮਾਰਟ ਸਕੂਲ ਹੋਣ ਦਾ ਦਾਅਵਾ ਕਰਨਾ ਸਾਡੀ ਭਲੇਖਾਪਾਉ ਨੀਤੀ ਦਾ ਹਿੱਸਾ ਤਾਂ ਹੋ ਸਕਦਾ ਪਰ ਇਹ ਗਰਾਸਰੂਟ ਰਿਅਲਟੀ ਲਈ ਖਾਨਾਪੂਰਤੀ ਹੋਵੇਗੀ।ਇਸ ਲਈ ਅਧਿਆਪਕ ਵਧਾਅ ਕੇ ਇਕ ਵਿਦਿਆਰਥੀ ਇਕ ਬੈਂਚ ਦੀ ਸਥਿਤੀ ਦਾ ਕਲਾਸਰੂਮ ਤਿਆਰ ਕਰਨਾ ਹੀ ਸਮੇਂ ਦੀ ਪਹਿਲ ਹੋਣੀ ਚਾਹੀਦੀ ਹੈ।ਸਿੱਖਿਆ ਮਾਹਿਰਾਂ ਅਤੇ ਅਧਿਆਪਨ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸਲੇਬਸ ਅਤੇ ਸਕੂਲਾਂ ਦਾ ਸਮਾਂ ਘਟਾ ਕੇ ਅਮਲਾ ਦੁਗਣਾ ਕਰਕੇ ਸਕੂਲ ਦੋ ਸ਼ਿਫਟਾਂ 'ਚ ਲਗਾਏ ਜਾ ਸਕਦੇ ਹਨ ਜਾਂ ਫਿਰ ਦਿੱਲੀ ਦੇ ਅੋਡ-ਇਵਨ ਫਾਰਮੂਲੇ ਨਾਲ ਕਲਾਸਰੂਮ ਬਰਕਰਾਰ ਰੱਖਿਆ ਜਾਵੇ ਅਤੇ ਹਫਤੇ 'ਚ ਤਿੰਨ-ਤਿੰਨ ਦਿਨ ਹੀ ਵਿਦਿਆਰਥੀ ਸਕੂਲ 'ਚ ਹਾਜ਼ਰੀ ਦੇਣ।ਸਫਾਈ ਅਤੇ ਸੁਰੱਖਿਆ ਦੇ ਖਾਸ ਪ੍ਰਬੰਧਾਂ ਹੇਠ ਹੀ ਸਕੂਲਾਂ ਦਾ ਕੰਮ ਸੁਰੂ ਕਰਨਾ ਸਾਡੀ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਹੋਣਾ ਜਰੂਰੀ ਹੈ।ਅਜਿਹੇ ਤਰਾਂ ਦੇ ਹੀ ਪ੍ਰਬੰਧ ਸਾਨੂੰ ਸਿਹਤ ਸੰਸਥਾਵਾਂ ਅਤੇ ਜਨੱਤਕ ਥਾਂਵਾਂ ਦੀ ਸੁਰੱਖਿਆ ਪ੍ਰਬੰਧਾਂ 'ਚ ਕਰਨੇ ਪੈਣਗੇ। ਹਸਪਤਾਲਾਂ,ਦਫਤਰਾਂ ,ਬੱਸਾਂ ,ਟਰੇਨਾਂ ,ਯਾਤਾਯਾਤ ਸਾਧਨਾ ,ਜਨਤਕ ਥਾਂਵਾਂ ,ਸੜਕਾਂ ਅਤੇ ਬਜ਼ਾਰਾਂ ਆਦਿ 'ਚ ਕਰਨੇ ਪੈਣਗੇ ਤਾਹੀਂ ਰੁੱਕ ਚੁੱਕੀ ਜ਼ਿੰਦਗੀ ਅੱਗੇ ਪੈਰ ਪੁੱਟ ਸਕਦੀ ਹੈ।ਕੋਰੋਨਾ ਵਾਇਰਸ ਭਾਵੇਂ ਖਤਮ ਵੀ ਹੋ ਜਾਵੇ ਪਰ ਇਸਦਾ ਖੌਫ ਸਾਲਾਂ ਤੱਕ ਸਾਡੇ ਦਿਲੋ-ਦਿਮਾਗ ਨੂੰ ਚੱਟਦਾ ਰਹੇਗਾ।ਖੁਦਗਰਜ਼ੀ ,ਲਾਲਚ ਅਤੇ ਕੁਦਰਤ ਦੀ ਹੁੱਕਮ-ਮਦੂਲੀ ਕਾਰਨ ਮਨੁੱਖ ਨੇ ਕਈ ਵਾਰੀ ਸਾਰੀ ਲੋਕਾਈ ਨੂੰ ਖਤਰੇ ਵਿਚ ਪਾਇਆ ਹੈ ਪਰ ਸ਼ਾਇਦ ਕੁਦਰਤ ਆਪਣੇ-ਆਪ ਨੂੰ ਆਪ ਹੀ ਸਮਤੋਲ ਕਰਦੀ ਹੈ। ਵੱਖ-ਵੱਖ ਨਿਰੀਖਣ ਅਤੇ ਰਿਪੋਰਟਾਂ ਦੱਸ ਰਹੀਆਂ ਹਨ ਕਿ ਕੁੱਦਰਤੀ ਵਾਤਾਵਰਣ 'ਚ ਲੱਗਭਗ 60 ਫੀਸਦੀ ਤੋਂ ਵੱਧ ਸੁਧਾਰ ਹੋਇਆ ਹੈ।ਅਸੀਂ ਅਜੇ ਵੀ ਮਾਨਵਤਾ ਨੂੰ ਸ਼ਰਮਸ਼ਾਰ ਕਰਨੋ ਬਾਜ ਨਹੀਂ ਆ ਰਹੇ । ਮਹਾਂਮਾਰੀ ਦੇ ਦੌਰ ਵਿਚ ਵੀ ਸ਼ਿਕਾਰ ਲੋਕਾਂ ਨੂੰ ਦੋ ਗਜ ਜਮੀਨ ਦੇਣ ਤੋਂ ਮੁਨਕਰ ਹੋ ਗਏ, ਪੁੱਤ ਆਪਣੀ ਮਾਂ ਦੀ ਲਾਸ ਲੈਣੋ ਇਨਕਾਰੀ ਹੋ ਗਿਆ , ਲਾਸ਼ਾਂ ਚੁੱਕਣ ਤੋਂ ਭੰਗੌੜੇ ਹੋ ਗਏ......ਧੰਨ-ਧੰਨ ਜਾਈਏ ਉਹਨਾਂ ਸਫਾਈ ਸੇਵਕਾਂ ,ਸੁਰੱਖਿਆ ਜਵਾਨਾਂ,ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਕਰਮੀਆਂ, ਮਾਸਟਰਾਂ,ਅਧਿਕਾਰੀਆਂ ,ਸਵੈ-ਸੇਵੀ ਸੰਸਥਾਵਾਂ ਅਤੇ ਸੁਰੱਖਿਆ ਕਰਮੀਆਂ ਦੇ ਜਿਨ੍ਹਾਂ ਆਪਣੇ ਆਪ ਨੂੰ ਸੰਕਟ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾਈਆਂ।ਜਦੋਂ ਆਗੁ ਸਿਰਫ ਇਹੀ ਆਖਣ ਕਿ ਇਹ ਕੰਮ ਲੋਕ ਕਰ ਰਹੇ ਹਨ ਤਾਂ ਉਹਨਾਂ ਦੀ ਸਿਆਸੀ ਚਲਾਕੀ 'ਚ ਉਹਨਾਂ ਦੀ ਬੇਵਸੀ ਅਤੇ ਖੁਦ ਨੂੰ ਬਚਾਉਣ ਦੀ ਝਲਕ ਝਾਕਦੀ ਹੈ।ਰਾਜਾਂ ਦੇ ਮੁੱਖ-ਮੰਤਰੀ ,ਸਿਆਸੀ ਆਗੁ ਅਤੇ ਮਾਨਨੀਯ ਪ੍ਰਧਾਨਮੰਤਰੀ ਜੀ ਦੀ ਆਖਣੀ ਅਤੇ ਉਪਰਾਲਿਆਂ 'ਚ ਅਜੇ ਵੀ ਮੇਲ-ਮਿਲਾਪ ਘੱਟ ਹੈ।ਮਾਨਨੀਯ ਰਾਸ਼ਟਰਪਤੀ ਜੀ ਵੀ ਭੋਰੇ 'ਚੋਂ ਨਿਕਲ ਕੇ ਰਾਸ਼ਟਰ ਭਾਵ ਆਪਣੀ ਦੁਲਹਨ ਨੂੰ ਸੰਦੇਸ਼ ਅਵਸ਼ ਦੇਣ.....ਐਪਰ ਜੰਗ ਸੱਚੀ-ਮੁਚੀ ਲੋਕ ਹੀ ਲੜ ਰਹੇ ਹਨ, ਕੋਰੋਨਾ ਨਾਲ ਵੀ , ਭੁੱਖ ਨਾਲ ਵੀ ਅਤੇ ਬੇ-ਇੰਤਜਾਮੀ ਨਾਲ ਵੀ।ਪੇਟ ਨਾ ਪਈਆਂ ਰੋਟੀਆਂ,ਸੱਭੇ ਗੱਲਾਂ ਖੋਟੀਆਂ ਅਤੇ ਪੇਟ ਭਾਸ਼ਣ ਨਾਲ ਨਹੀਂ ਰਾਸ਼ਣ ਨਾਲ ਭਰਦਾ ਹੈ।