ਪਾਕਿਸਤਾਨ ਨਹੀਂ ਸੀ ਬਣਨਾ ਚਾਹੀਦਾ? - ਮੁਹੰਮਦ ਸ਼ੁਏਬ ਆਦਿਲ
Posted on:- 21-01-2013
ਮਾਣਜੋਗ ਯਾਸਿਰ ਪੀਰਜ਼ਾਦਾ ਨੇ ਰੋਜ਼ਵਾਰ ਜੰਗ , 2 ਜਨਵਰੀ ਨੂੰ ਆਪਣੇ ਇੱਕ ਮਜ਼ਮੂਨ "ਪਾਕਿਸਤਾਨ ਨਹੀਂ ਸੀ ਬਣਨਾ ਚਾਹੀਦਾ?" ਦੇ ਸਿਰਨਾਵੇਂ ਹੇਠ ਇੱਕ ਲੇਖ ਲਿਖਿਆ, ਜਿਸ ਵਿਚ ਉਨ੍ਹਾਂ ਨੇ ਉਹਨਾਂ ਲੋਕਾਂ ਦੀ ਨਿੰਦਿਆ ਕੀਤੀ ਜਿਹੜੇ ਹਿੰਦ ਦੀ ਵੰਡ ਕਾਰਨ ਤੇ ਉਸ ਦੇ ਪ੍ਰਭਾਵਾਂ ਤੇ ਗੱਲਬਾਤ ਜਾਂ ਗੋਸ਼ਟੀ ਕਰਣ ਦੀ ਕੋਸ਼ਿਸ਼ ਕਰਦੇ ਸਨ।
ਪਾਕਿਸਤਾਨ ਸ਼ਾਇਦ ਦੁਨੀਆ ਦਾ ਉਹ ਇਕੱਲਾ ਦੇਸ ਹੈ ਜਿਹੜਾ ਆਪਣੇ ਬਣਨ ਦੇ ਨਾਲ਼ ਹੀ ਟੁੱਟਣ ਦੀ ਚਿੰਤਾ ਵੱਸ ਪੈ ਗਿਆ। ਕੀ ਇਹਦਾ ਬਣਨਾ ਸੱਚੀ-ਮੁਚੀ ਬੇ-ਥੋਹਾ ਸੀ ਕਿ ਅੱਜ ਪੈਂਹਠ ਸਾਲ ਬੀਤਣ ਮਗਰੋਂ ਵੀ "ਸੱਚੇ ਮੁਸਲਮਾਨਾਂ" ਦੀ ਰਿਆਸਤ ਨੂੰ ਟੁੱਟਣ ਦਾ ਖ਼ਤਰਾ ਲੱਗਾ ਰਹਿੰਦਾ ਏ। ਆਖ਼ਰ ਕਿਉਂ? ਖ਼ਵਰੇ ਏਸ ਦਾ ਮੁਢਲਾ ਕਾਰਣ ਜਮਹੂਰੀਅਤ (ਡੇਮੋਕਰੇਸੀ) ਦੀ ਥਾਂ ਫ਼ੌਜੀ ਹਕੂਮਤਾਂ ਹੋਵਣ ਕਿਉਂ ਜੋ ਆਮਰਾਨਾ ਪਾਲਿਸੀਆਂ ’ਤੇ ਟਿੱਪਣੀ ਕਰਨਾ ਯਾ ਪਾਕਿਸਤਾਨ ਦੀਆਂ ਖ਼ਰਾਬੀਆਂ ਦੀ ਦੱਸ ਪਾਨਾ ਵੀ ਏਸ ਦੇ ਤੋੜਨ ਬਰਾਬਰ ਸਮਝਿਆ ਗਿਆ। ਅੱਜ ਇਨਫ਼ਾਰਮੇਸ਼ਨ ਟੈਕਨਾਲੋਜੀ ਦੇ ਏਸ ਸਮੇ ਵਿਚ ਵੀ ਜਦ ਕਿ ਕੋਈ ਸ਼ੈ ਹੁਣ ਲੁਕੀ ਨਹੀਂ ਰਹਿ ਗਈ, ਅਸੀਂ ਏਸ ਸੋਚੋਂ ਬਾਹਰ ਨਿਕਲਣ ਨੂੰ ਉੱਕਾ ਤਿਆਰ ਨਹੀਂ। ਖ਼ਵਰੇ ਏਸ ਮਾਇਨਡਸੇਟ ਤੋਂ ਬਾਹਰ ਨਿਕਲਣ ਲਈ ਸਾਨੂੰ ਚੋਖਾ ਵੇਲ਼ਾ ਚਾਹੀਦਾ ਏ। ਸਾਡੇ ਆਮਰਾਂ ਨੇ ਆਪਣੇ ਫ਼ੈਦਿਆਂ ਲਈ ਤਾਲੀਮ ਰਾਹੀਂ ਦੂਜਿਆਂ ਦੀ ਨਫ਼ਰਤ ਦਾ ਜਿਹੜਾ ਸਬਕ ਸਾਨੂੰ ਯਾਦ ਕਰਵਾ ਰੱਖਿਆ ਹੈ ਏਸ ਤੋਂ ਘੱਟੋ ਘੱਟ ਪੀਰਜ਼ਾਦਾ ਜਿਹੇ ਲਿਖਾਰੀਆਂ ਨੂੰ ਚੁੰਡ ਛਡਾਵਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ।
ਇਹ ਵੀ ਆਮਰਾਨਾ ਮਾਇਨਡਸੇਟ ਹੈ ਕਿ ਇਥੇ ਜਦ ਵੀ ਸੈਕੂਲਰਇਜ਼ਮ ਦੀ ਗੱਲ ਕੀਤੀ ਜਾਵੇ ਤਾਂ ਏਸ ਨੂੰ ਨਾਸਤਕ ਕਹਿ ਦਿੱਤਾ ਜਾਂਦਾ ਏ ਤੇ ਤੁਰਤ ਇਸ ਦੀ ਤੁਲਣਾ ਭਾਰਤ ਨਾਲ਼ ਸ਼ੁਰੂ ਕਰ ਦਿੱਤੀ ਜਾਂਦੀ ਏ ਜਿਹੜਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦੇ ਨਾਲ਼ ਨਾਲ਼ ਸੈਕੂਲਰ ਹੋਵਣ ਦਾ ਵੀ ਦਾਵੇਦਾਰ ਹੈ। ਫ਼ਿਰ ਸਾਡੀ ਦੇਸ਼ ਭਗਤੀ ਉਸ ਸਮੇ ਤੱਕ ਸੰਪੂਰਨ ਨਹੀਂ ਸਮਝੀ ਜਾਂਦੀ ਜਦ ਤੱਕ ਭਾਰਤ ਦੀ ਜਮਹੂਰੀਅਤ ਤੇ ਸੈਕੂਲਰਇਜ਼ਮ ਦਾ ਮਜ਼ਾਕ ਨਾ ਉਡਾਇਆ ਜਾਵੇ ਸਗੋਂ ਪਾਕਿਸਤਾਨੀ ਕੌਮ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਓਥੇ ਮਿਨਾਰਟੀ ਨਾਲ਼ ਕਿਡਾ ਧਰੋ ਹੁੰਦਾ ਹੈ। ਇਹ ਠੀਕ ਏ ਕਿ ਭਾਰਤ ਵਿਚ ਕਈ ਖ਼ਰਾਬੀਆਂ ਮੌਜੂਦ ਨੇਂ ਪਰ ਜੇ ਏਸ ਦਾ ਖ਼ਰਾਬੀਆਂ ਦਾ ਵਰਨਣ ਵੀ ਕੀਤਾ ਜਾਵੇ ਤਾਂ ਦੇਸ਼ ਭਗਤੀ ਸ਼ੱਕ ਵਿਚ ਪੈ ਜਾਂਦੀ ਏ ਤੇ ਯਾਸਿਰ ਪੀਰਜ਼ਾਦਾ ਇਹਨੂੰ ਮਿਹਣਾ ਦਿੰਦੇ ਨੇਂ ਕਿ ਉਹ ਬੰਬਈ ਵਿਚ ਅਪਣਾ ਫ਼ਲੈਟ ਬੁੱਕ ਕਰਾ ਲੈਣ।
ਭਾਰਤ ਵਿਚ ਕਿਸੇ ਜਾਤੀ ਦਾ ਜੀ ਆਪਣੀ ਕਾਬਲੀਅਤ ਦੀ ਬੁਨਿਆਦ ਤੇ ਵੱਡੇ ਮੁਕਾਮ ਤੱਕ ਜਾ ਸਕਦਾ ਏ ਜੇ ਕੋਈ ਇਹ ਆਖੇ ਕਿ ਓਥੇ ਫ਼ਿਲਮ ਇੰਡਸਟਰੀ, ਆਮਿਰ ਖ਼ਾਨ, ਸਲਮਾਨ ਖ਼ਾਨ ਜਾਂ ਸ਼ਾਹਰੁਖ਼ ਖ਼ਾਨ ਸਿਰਫ਼ ਤੇ ਸਿਰਫ਼ ਆਪਣੀ ਕਾਬਲੀਅਤ ਦੀ ਬੁਨਿਆਦ ਤੇ ਪਿਛਲੇ ਵੀਹ ਸਾਲਾਂ ਤੋਂ ਰਾਜ ਕਰਦੇ ਪਏ ਨੇਂ ਤਾਂ ਯਾਸਿਰ ਪੀਰਜ਼ਾਦਾ ਸਵਾਲ ਚੁੱਕਦੇ ਨੇਂ ਕਿ ਕੀ ਤੁਸੀਂ ਉਨ੍ਹਾਂ ਨੂੰ "ਸੱਚਮੁੱਚ" ਮੁਸਲਮਾਨ ਸਮਝਦੇ ਓ? ਤੇ ਇੰਝ "ਸੱਚਮੁੱਚ" ਦਾ ਮੁਸਲਮਾਨ ਹੋਵਣ ਦੇ ਲਈ ਕਿਸੀ ਪੀਰਜ਼ਾਦੇ ਜਿਹੇ "ਸੱਚੇ ਮੁਸਲਮਾਨ" ਦਾ ਮੁਸਲਮਾਨੀ ਸਰਟੀਫ਼ਿਕੇਟ ਵੀ ਲੈਣਾ ਜ਼ਰੂਰੀ ਹੋ ਜਾਂਦਾ ਏ। ਉਂਝ ਵੀ ਕਾਫ਼ਿਰ ਗਿਰੀ ਬਰ-ਏ-ਸਗ਼ੀਰ ਦ ਮੁਸਲਮਾਨਾਂ ਦਾ ਮਨਚਾਹਿਆ ਸ਼ੌਕ ਹੈ ਤੇ ਉਹ ਈਮਾਨ ਉਸ ਵੇਲੇ ਤੀਕ ਸੰਪੂਰਨ ਨਹੀਂ ਹੁੰਦਾ ਜਦ ਤੱਕ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਥਾਂ ਦੂਜਿਆਂ ਦੀਆਂ ਕਮਜ਼ੋਰੀਆਂ ਵੱਲ ਧਿਆਨ ਨਹੀਂ ਦਿੰਦੇ।
ਇੱਕ ਵਾਰ ਅਮਰੀਕਾ ਵਿਚ ਪਾਕਿਸਤਾਨੀ ਦੂਤ ਹੁਸੈਨ ਹਕਾਨੀ ਨੇ ਇੱਕ ਟੀ-ਵੀ ਪ੍ਰੋਗਰਾਮ ਵਿਚ ਦੱਸਿਆ ਕਿ" ਅਮਰੀਕਾ ਵਿਚ ਇੰਡੀਅਨ ਲਾਬੀ ਬੜੀ ਮਜ਼ਬੂਤ ਏ ਤੇ ਉਹ ਆਪਣੇ ਮੁਲਕ ਦੇ ਮਫ਼ਾਦਾਤ ਲਈ ਲਗਾਤਾਰ ਲਾਬਿੰਗ ਕਰਦੀ ਹੈ ਜਦ ਕਿ ਏਸ ਦੇ ਮੁਕਾਬਲੇ ਵਿਚ ਜੇ ਕੋਈ ਪਾਕਿਸਤਾਨੀ ਪਾਕਿਸਤਾਨ ਦੇ ਹੱਕ ਵਿਚ ਲਾਬਿੰਗ ਕਰਦਾ ਹੈ ਤਾਂ ਉਸ ਨੂੰ ਅਮਰੀਕੀ ਏਜੰਟ ਕਿਹਾ ਜਾਂਦਾ ਏ।" ਇਹ ਵੀ ਉਹ ਮਾਇਨਡਸੇਟ ਹੈ ਜੋ ਭਾਰਤ ਵਿਚ ਜਦ ਕੋਈ ਮੁਸਲਮਾਨ ਆਪਣੀ ਕਾਰਕਰਦਗੀ ਯਾ ਕਾਬਲੀਅਤ ਦੀ ਬੁਨਿਆਦ ਤੇ ਕਿਸੇ ਉਚੇਰੀ ਥਾਂ ਹਾਸਲ ਕਰ ਲੈਂਦਾ ਹੈ। ਪਹਿਲੀ ਗੱਲ ਤਾਂ ਅਸੀਂ ਏਸ ਨੂੰ ਮੁਸਲਮਾਨ ਨਹੀਂ ਸਮਝਦੇ ਜੇਕਰ ਸਮਝ ਵੀ ਲਈਏ ਤਾਂ ਏਸ ਨੂੰ ਹਿੰਦੂਆਂ ਦਾ ਏਜੰਟ ਆਖਿਆ ਜਾਂਦਾ ਏ। ਮੁਸਲਮਾਨ ਅਜੇ ਤੀਕ ਆਪਣੇ ਸ਼ਾਨਦਾਰ ਅਤੀਤ ਤੋਂ ਬਾਹਰ ਨਿਕਲਣ ਨੂੰ ਤਿਆਰ ਨਹੀਂ। ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਏ ਪਰ ਅਸੀਂ ਆਂ ਕਿ ਦੁਨੀਆ ਤੇ ਇਕੱਲੇ ਰਾਜ ਕਰਨ ਦੇ ਵਹਿਮ ਦੇ ਮਗਰ ਹਾਂ। ਇਸਲਾਮੀ ਹਕੂਮਤ ਵਿਚ ਤਾਂ ਗ਼ੈਰ ਮੁਸਲਿਮ ਏਸ ਲਈ ਸਰਕਾਰ ਦਾ ਹਿੱਸਾ ਨਹੀਂ ਬਣਾਇਆ ਜਾਂਦਾ ਕਿ ਉਹ ਇਸਲਾਮੀ ਹਕੂਮਤ ਦੇ ਖ਼ਿਲਾਫ਼ ਸਾਜ਼ਿਸ਼ਾਂ ਕਰੇਗਾ ਲੇਕਿਨ ਗ਼ੈਰ ਮੁਸਲਮਾਂ ਨੇ ਲੜਦੇ ਭਿੜਦੇ ਅਖ਼ੀਰ ਜਮਹੂਰੀਅਤ ਦੀ ਸੂਰਤ ਵਿਚ ਇੱਕ ਅਜਿਹਾ ਨਿਜ਼ਾਮ ਅਪਨਾ ਲਿਆ ਹੈ ਜਿਸ ਵਿਚ ਹਰ ਰੰਗ ਤੇ ਨਸਲ ਤੇ ਧਰਮ ਨਾਲ਼ ਵਾਸਤਾ ਰੱਖਣ ਵਾਲਾ ਇਕਤਦਾਰ ਵਿਚ ਆ ਸਕਦਾ ਹੈ। ਦੁਨੀਆ ਵਿਚ ਅਜੇ ਤੀਕ ਅਜਿਹਾ ਕੋਈ ਨਿਜ਼ਾਮ ਨਹੀਂ ਬਣਾਇਆ ਜਾ ਸਕਿਆ ਜਿਹਨੂੰ ਅਸੀਂ ਆਈਡੀਅਲ ਕਹਿ ਸਕੀਏ। ਹਾਂ ਇਨਸਾਨੀ ਅਕਲ ਜਮਹੂਰੀਅਤ ਤੇ ਸੈਕੂਲਰਇਜ਼ਮ ਦੀ ਸੂਰਤ ਵਿਚ ਅਜਿਹੇ ਨਿਜ਼ਾਮ ਤੀਕ ਪਹੁੰਚ ਗਈ ਹੈ ਜਿਸ ਵਿਚ ਰੰਗ ਤੇ ਨਸਲ ਧਰਮ ਨਾਲ਼ ਵਾਸਤਾ ਰੱਖਣ ਵਾਲੇ ਨਾ ਸਿਰਫ਼ ਇਜ਼ਹਾਰ ਦੀ ਅਜ਼ਾਦੀ ਹਾਸਲ ਹੈ ਸਗੋਂ ਉਹਨੂੰ ਆਪਣੇ ਅਕੀਦੇ ਮੂਜਬ ਜੀਵਨ ਗੁਜ਼ਾਰਨ ਦਾ ਹੱਕ ਵੀ ਹਾਸਲ ਹੈ ਤੇ ਦੁਨੀਆ ਵਿਚ ਸੈਕੂਲਰ ਮੁਲਕ ਹੀ ਹਨ ਜਿਹਨਾਂ ਮੁਸਲਮਾਨਾਂ ਦੇ ਸਾਰੇ ਫ਼ਿਰਕਿਆਂ ਨੂੰ ਅਜ਼ਾਦੀ ਹਾਸਿਲ ਹੈ।
ਜੇ ਕੋਈ ਭਾਰਤ ਦੇ ਸੈਕੂਲਰਇਜ਼ਮ ਦਾ ਜ਼ਿਕਰ ਕਰਦਿਆਂ ਏਸ ਵੱਲ ਧਿਆਣ ਦਵਾਵੇ ਕਿ ਓਥੇ ਚਾਰ ਤੋਂ ਬਹੁਤੇ ਮੁਸਲਮਾਨ ਭਾਰਤ ਦੇ ਸਦਰ ਰਹਿ ਚੁੱਕੇ ਨੇਂ ਤਾਂ ਪੀਰਜ਼ਾਦਾ ਸਾਹਿਬ ਦੇ ਨੇੜੇ ਭਾਰਤ ਵਿਚ ਸਦਰ ਦਾ ਅਹੁਦਾ ਹੀ ਰਸਮੀ ਹੈ ਤੇ ਸਵਾਲ ਇਹ ਹੈ ਕਿ ਕੀ ਪਾਕਿਸਤਾਨ ਵਿਚ ਕਦੇ ਕਿਸੇ ਗ਼ੈਰ ਮੁਸਲਿਮ ਨੂੰ ਰਸਮੀ ਤੌਰ ਤੇ ਹੀ ਕੋਈ ਅਹੁਦਾ ਦਿੱਤਾ ਗਿਆ ਹੈ? ਸਾਡੇ ਇੱਥੇ ਤਾਂ ਅਹਿਮਦੀ (ਕਾਦਿਆਨੀ) ਆਪਣੀ ਕਾਬਲੀਅਤ ਦੀ ਬੁਨਿਆਦ ਤੇ ਵੀ ਕਿਸੇ ਉਚੇਰੀ ਥਾਂ ਤੇ ਜੇ ਪਹੁੰਚ ਵੀ ਜਾਵੇ ਤਾਂ ਪਾਕਿਸਤਾਨ ਦੀ ਸਲਾਮਤੀ ਨੂੰ ਖ਼ਤਰੇ ਪੇ ਜਾਂਦੇ ਨੇਂ। ਅਹਿਮਦੀਆਂ ਦੇ ਮਸਲੇ ਤੇ ਪੀਰਜ਼ਾਦਾ ਸਾਹਿਬ ਜਿਹੇ ਲਿਖਾਰੀ ਵੀ ਚੁੱਪ ਰਹਿਣ ਵਿਚ ਭਲਿਆਈ ਸਮਝਦੇ ਨੇਂ। ਕੀ ਭਾਰਤ ਦਾ ਚੀਫ਼ ਜਸਟਿਸ ਵੀ ਨੁਮਾਇਸ਼ੀ ਹੁੰਦਾ ਹੈ? ਇੰਡੀਆ ਦੇ ਅਜੋਕੇ ਚੀਫ਼ ਜਸਟਿਸ ਅਲਤਮਸ਼ ਕਬੀਰ ਚੌਥੇ ਮੁਸਲਮਾਨ ਹਨ ਜੋ ਚੀਫ਼ ਜਸਟਿਸ ਦੇ ਅਹੁਦੇ ਤੇ ਪਹੁੰਚੇ ਨੇਂ। ਇਸੇ ਤਰ੍ਹਾਂ ਇਹਨਾਂ ਦੀ ਬਿਊਰੋਕ੍ਰੇਸੀ ਵਿਚ ਕਈ ਅਜਿਹੇ ਮੁਸਲਮਾਨ ਜਿਹੜੇ ਵੱਡੇ ਅਹੁਦਿਆਂ ਤੇ ਮਤਲਬ ਸੈਕਟਰੀ ਤੀਕ ਬਣੇ ਨੇਂ। ਹਿੰਦੁਸਤਾਨ ਦੇ ਅਜੋਕੇ ਵਜ਼ੀਰ-ਏ-ਖ਼ਾਰਜਾ ਮੁਸਲਮਾਨ ਨੇਂ।
ਪਿਛਲੇ ਦਿਨੀਂ ਹੀ ਇੱਕ ਮੁਸਲਮਾਨ ਸੱਯਦ ਆਸਿਫ਼ ਇਬਰਾਹੀਮ ਨੂੰ ਇੰਨਟੈਲੀਜੈਂਸ ਬਿਊਰੋ ਦਾ ਚੀਫ਼ ਮੁਕੱਰਰ ਕੀਤਾ ਗਿਆ ਹੈ ਮਗਰ "ਸੱਚੇ ਮੁਸਲਮਾਨ" ਇਹਨੂੰ ਵੀ ਇੱਕ ਸਾਜ਼ਿਸ਼ ਸਮਝ ਰਹੇ ਨੇਂ। ਲੋਕ ਸਭਾ ਦੇ 543 ਦੇ ਹਾਊਸ ਵਿਚ 30 ਮੁਸਲਮਾਨ ਰੁਕਨ ਸਿੱਧਾ ਚੁਨੀਜ ਕੇ ਬੈਠੇ ਨੇਂ। ਕਈ ਰਿਆਸਤਾਂ ਵਿਚ ਮੁਸਲਮਾਨ ਸਪੀਕਰ ਡਿਪਟੀ ਸਪੀਕਰ ਰਹਿ ਚੁੱਕੇ ਨੇਂ। ਹਾਸ਼ਿਮ ਅਬਦੁਲਹਲੀਮ ਪੱਛਮੀ ਬੰਗਾਲ ਅਸੰਬਲੀ ਦੇ ਪੰਜ ਵਾਰੀ ਸਪੀਕਰ ਰਹਿ ਚੁੱਕੇ ਨੇਂ। ਕਾਂਗਰਸ ਦੇ ਹਿੰਦੂ ਤਾਂ ਉਂਝ ਵੀ ਮੁਸਲਮਾਨਾਂ ਦੀ ਭਲਿਆਈ ਲਈ ਕੰਮ ਕਰਦੇ ਨੇਂ ਲੇਕਿਨ ਚੋਣਾਂ ਤੇ ਸੈਕੂਲਰਇਜ਼ਮ ਦੀ ਹੀ ਦੇਣ ਹੈ ਕਿ ਭਾਰਤ ਵਿਚ ਬੀ ਜੇ ਪੀ ਜਿਹੀ ਕੱਟਰਪੰਥੀ ਜਮਾਤ ਤੇ ਗੁਜਰਾਤ ਦੇ ਕੱਟਰਪੰਥੀ ਮੁੱਖ ਮੰਤਰੀ ਨੂੰ ਕਾਮਯਾਬ ਹੋਣ ਲਈ ਮੁਸਲਮਾਨਾਂ ਖ਼ੁਸ਼ਨੂਦੀ ਹਾਸਿਲ ਕਰਨਾ ਪੈਂਦੀ ਹੈ ਜਦ ਕਿ ਅਸੀਂ ਸਾਂਝੀਆਂ ਚੋਣਾਂ ਨੂੰ ਪਾਕਿਸਤਾਨ ਦੇ ਖ਼ਿਲਾਫ਼ ਸਾਜ਼ਿਸ਼ ਸਮਝਦੇ ਹਾਂ। ਡੂਡ ਸੌ ਸਾਲ ਪਹਿਲਾਂ ਸਰ ਸੱਯਦ ਅਹਿਮਦ ਖ਼ਾਨ ਨੇ ਮੁਸਲਮਾਨਾਂ ਦੀ ਪਛਾੜਤਾ ਦੂਰ ਕਰਨ ਲਈ ਆਪਣੀ ਸਾਰੀ ਹਯਾਤੀ ਮੁਸਲਮਾਨਾਂ ਨੂੰ ਅੰਗਰੇਜ਼ੀ ਤਾਲੀਮ ਹਾਸਿਲ ਕਰਨ ਲਈ ਰਾਜ਼ੀ ਕਰਨ ਤੇ ਲਾ ਦਿੱਤੀ ਮਗਰ "ਸੱਚੇ ਮੁਸਲਮਾਨਾਂ" ਨੇ ਉਨ੍ਹਾਂ ਨੂੰ ਅੰਗਰੇਜ਼ ਦਾ ਏਜੰਟ ਤੇ ਕਾਫ਼ਰ ਆਖਿਆ। ਹਿੰਦੁਸਤਾਨ ਦੀ ਵੰਡ ਤੋਂ ਬਾਦ ਭਾਰਤ ਦੀ ਜਮਹੂਰੀਅਤ ਤੇ ਸੈਕੂਲਰਇਜ਼ਮ ਹੀ ਹੈ ਜਿਸ ਕਾਰਨ ਸੱਚਰ ਕਮਿਸ਼ਨ ਦੀ ਰਿਪੋਰਟ ਸਾਹਮਣੇ ਲਿਆਂਦੀ ਗਈ ਜਿਸ ਵਿਚ ਮੁਸਲਮਾਨਾਂ ਦੀ ਮੰਦਹਾਲੀ ਦਾ ਵਰਨਣ ਹੈ ਤੇ ਏਸ ਨੂੰ ਮੁਕਾਉਣ ਲਈ ਪੈਰ ਪੁੱਟਣ ਦੀ ਸਿਫ਼ਾਰਸ਼ ਕੀਤੀ ਗਈ।ਤੇ ਭਾਰਤੀ ਹਕੂਮਤ ਮੁਸਲਮਾਨਾਂ ਦੀ ਮੰਦਹਾਲੀ ਨੂੰ ਦੂਰ ਕਰਨ ਦੀ ਜਿਨੀ ਹੋ ਸਕੇ ਕੋਸ਼ਿਸ਼ ਕਰੇਂਦੀ ਪਈ ਏ ਤੇ ਉਨ੍ਹਾਂ ਨੂੰ ਮੁਫ਼ਤ ਤਾਲੀਮ ਹਾਸਲ ਕਰਨ ਵਾਸਤੇ ਕਈ ਸਕੀਮਾਂ ਦਾ ਐਲਾਨ ਕੀਤਾ ਨੇਂ। ਪੀਰਜ਼ਾਦਾ ਸਾਹਿਬ ਜਿਹੇ ਸੱਚੇ ਮੁਸਲਮਾਨ ਲਿਖਾਰੀ ਤਾਂ ਏਸ ਰਿਪੋਰਟ ਨੂੰ ਹੀ ਮੁਸਲਮਾਨਾਂ ਖ਼ਿਲਾਫ਼ ਸਾਜ਼ਿਸ਼ ਸਮਝਦੇ ਹਨ ਜਦ ਕਿ ਇਹ ਭਾਰਤੀ ਸਮਾਜ ਆਪਣੇ ਆਪ ਤੇ ਟਿੱਪਣੀ ਹੈ। ਕੀ ਪਾਕਿਸਤਾਨ ਵਿਚ ਮਨੁਾਰਟੀ ਦੀ ਏਸ ਮੰਦੀ ਹਾਲਤ ਲਈ ਕੋਈ ਕਮਿਸ਼ਨ ਕਦੇ ਬਣਿਆ ਹੈ।
ਇਹ ਠੀਕ ਹੈ ਕਿ ਮਾਦਕ ਮਜਬੂਰੀਆਂ ਮਨੁੱਖ ਨੂੰ ਕੀ ਤੋਂ ਕੀ ਕਰਨ ਤੇ ਮਜਬੂਰ ਕਰ ਦਿੰਦਿਆਂ ਨੇਂ। ਇੰਡੀਆ ਵਿਚ ਕੋਈ ਮੁਸਲਮਾਨ ਜ਼ਨਾਨੀ "ਮਾਮੂਲੀ" ਨੌਕਰੀ ਲਈ ਭੇਸ ਵੱਟਾ ਲੈਂਦੀ ਹੈ ਮਗਰ ਸ਼ੁਕਰ ਇਹ ਵੇ ਕਿ ਓਥੇ ਕਿਸੇ ਸੋਹਣੀ ਮੁਸਲਮਾਨ ਕੁੜੀ ਨੂੰ ਅਗ਼ਵਾ ਕਰ ਕੇ ਹਿੰਦੂ ਨਹੀਂ ਬਣਾਇਆ ਜਾਂਦਾ। ਪਾਕਿਸਤਾਨ ਵਿਚ ਤਾਂ ਲੋਕ ਨੌਕਰੀ ਵਾਸਤੇ ਨਹੀਂ ਫ਼ੈਦਿਆਂ ਵਾਸਤੇ ਈ ਸਿੱਖ ਬਣ ਜਾਂਦੇ ਨੇਂ ਸਗੋਂ ਯੂਰਪ ਦਾ ਗਰੀਨ ਕਾਰਡ ਲੈਣ ਲਈ ਆਪਣੀ ਮਾਂ ਭੈਣ ਨੂੰ ਬੀਵੀ ਬਣਾ ਲੈਂਦੇ ਨੇਂ। ਇਹ ਵੀ ਸੱਚ ਹੈ ਕਿ ਹਿੰਦੁਸਤਾਨ ਦੀ ਵੰਡ ਮਗਰੋਂ ਪਾਕਿਸਤਾਨ ਵਿਚ ਇੱਕ ਮਿਡਲਕਲਾਸ ਵਜੂਦ ਵਿਚ ਆਈ ਲੇਕਿਨ ਸਾਨੂੰ ਏਸ ਗੱਲ ਤੇ ਗ਼ੌਰ ਕਰਨਾ ਚਾਹੀਦਾ ਏ ਕਿ ਬੰਗਲਾਦੇਸ਼ ਬਣਨ ਤੋਂ ਬਾਦ ਓਥੇ ਦੀ ਜਨਤਾ ਪਾਕਿਸਤਾਨ ਦੇ ਮੁਕਾਬਲੇ ਵਿਚ ਬਹੁਤੀ ਸੁਖ ਕਿਉਂ ਹੈ?
(ਲੇਖਕ ਲਾਹੌਰ ਤੋਂ ਛਪਣ ਵਾਲੇ 'ਨਯਾਂ ਜ਼ਮਾਨਾ' ਦੇ ਸੰਪਾਦਕ ਅਤੇ ਰੋਜ਼ਾਨਾ 'ਜੰਗ' ਦੇ ਕਾਲਮ ਨਵੀਸ ਹਨ।)
sunny
bahoot khoob g