ਪੰਜਾਬ : ਅਸੀਂ ਬਹੁਤ ਸ਼ਰਮਸਾਰ ਹਾਂ - ਕੇਹਰ ਸ਼ਰੀਫ਼
Posted on:- 08-01-2013
ਇੱਕ ਖ਼ਤ ਪੰਜਾਬ ਦੇ ਨਾਂਅ :
ਪੰਜਾਬ! ਪਰਦੇਸੀਂ ਵਸਦੇ ਅਸੀਂ ਤੇਰੇ ਧੀਆਂ-ਪੁੱਤਰ ਇਸ ਸਮੇਂ ਆਪਣੇ ਆਪ ਨੂੰ ਬਹੁਤ ਹੀ ਸ਼ਰਮਸਾਰ ਮਹਿਸੂਸ ਕਰ ਰਹੇ ਹਾਂ। ਅੱਜ ਪੰਜਾਬ ਵਿਚ ਜੋ ਕੁਝ ਵਾਪਰ ਰਿਹਾ ਹੈ (ਵਾਪਰ ਤਾਂ ਇਹ ਚਿਰਾਂ ਤੋਂ ਰਿਹਾ ਹੈ) ਉਹ ਪੰਜਾਬੀ ਜੀਵਨ ਜਾਚ ਦੇ ਅਨੁਸਾਰ ਨਹੀਂ। ਪੰਜਾਬੀਅਤ ਦੇ ਮੱਥੇ ’ਤੇ ਕਲੰਕ ਲਾਉਣ ਵਾਲੀਆਂ ਘਟਨਾਵਾਂ ਇੱਥੇ ਨਿੱਤ ਵਾਪਰ ਰਹੀਆਂ ਹਨ। ਇਸ ਧਰਤੀ ’ਤੇ ਸਾਡੇ ਵਡੇਰਿਆਂ ਦੀਆਂ ਸਿਰਜੀਆਂ ਸਰਬੱਤ ਦੇ ਭਲੇ ਵਾਲੀਆਂ ਮਾਣ ਕਰਨਯੋਗ ਭਾਈਚਾਰਕ ਕਦਰਾਂ ਕੀਮਤਾਂ ਨੂੰ ਛੱਡਿਆ ਹੀ ਨਹੀਂ ਜਾ ਰਿਹਾ ਸਗੋਂ ਪੰਜਾਬ ਦੀ ਧਰਤੀ ’ਤੇ ਵਸਦੇ ਕਮੀਨਗੀ ਦੇ ਸਿਰੇ, ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਰਾਹ ਛੱਡਕੇ ਮਾੜੇ ਤੇ ਕਮੀਨੇ ਧੰਦਿਆਂ ਰਾਹੀਂ ਅਥਾਹ ਮਾਇਆ ਇਕੱਠੀ ਕਰਕੇ ਨਵੇਂ ਬਣੇ ਜਰਵਾਣਿਆਂ ਵੱਲੋਂ ਪੈਰਾਂ ਹੇਠ ਮਧੋਲਿਆ ਜਾ ਰਿਹਾ ਹੈ।
ਸਰਕਾਰਾਂ ਹਨ ਕਿ ਪੰਜਾਬ ਦੀਆਂ ਸੁੱਚੀਆਂ ਕਦਰਾਂ ਕੀਮਤਾਂ ਦੇ ਮਧੋਲੇ ਜਾਣ ਨੂੰ ਤਿੰਨ ਬਾਂਦਰਾਂ ਵਾਲੀ ਮੁਦਰਾ ਵਿਚ ਬੈਠਕੇ ਦੇਖ ਰਹੀਆਂ ਹਨ। ਪੰਜਾਬ ਦੀ ਧਰਤੀ ’ਤੇ ਕੁਕਰਮ ਕਰਨ ਵਾਲੇ ਮੁਜਰਮ ਬਿਰਤੀ ਵਾਲੇ ਲੋਕ ਹਾਕਮਾਂ ਦੀ ਹਿੱਕ ਦੇ ਤਵੀਤ ਬਣਕੇ ਜੀਅ ਰਹੇ ਹਨ। ਹਾਕਮਾਂ ਨੂੰ ਲੋਕਾਂ ਨੇ ਆਪਣੇ ਕਰਕੇ ਚੁਣਿਆਂ ਸੀ ਆਪਣੇ ਅਤੇ ਪੰਜਾਬ ਦੇ ਭਲੇ ਵਾਸਤੇ, ਪਰ ਉਹ ਤਾਂ ਆਪਣੇ ਲੋਕਾਂ ਨਾਲ ਸੱਤ ਬੇਗਾਨਿਆਂ ਵਰਗਾ ਵਿਹਾਰ ਕਰ ਰਹੇ ਹਨ। ਪੰਜਾਬ ਦੇ ਧਾਰਮਿਕ ਅਤੇ ਸਿਆਸੀ ਆਗੂ ਹਰ ਸਟੇਜ ’ਤੇ ਬੋਲਦਿਆਂ ਔਰਤਾਂ ਦੇ ਹੱਕਾਂ ਦੀ ਗੱਲ ਕਰਦਿਆਂ ਬਾਬੇ ਨਾਨਕ ਦੇ ਦਿੱਤੇ ਸੰਦੇਸ਼ ਨੂੰ ਉਚਾਰਨ ਤੋਂ ਨਹੀਂ ਭੁੱਲਦੇ।
ਬਾਬੇ ਨਾਨਕ ਨੇ ਛੇ ਸਦੀਆਂ ਪਹਿਲਾਂ ਕਿਹਾ ਸੀ ਕਿ, ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ’ ਕਿੱਥੇ ਹਨ ਉਹ ਲੋਕ ਜੋ ਬਾਬੇ ਨਾਨਕ ਦੇ ਕਹੇ ਤੇ ਅਮਲ ਵੀ ਕਰਦੇ ਹਨ? ਪਰ ਇਹ ਲੋਕ ਜੋ ਪੰਜਾਬ ਵਾਸਤੇ ਮਗਰਮੱਛ ਦੇ ਹੰਝੂ ਵਹਾਉਂਦੇ ਹਨ ਇਹ ਤਾਂ ਆਪਣੀ ਮਾਂ ਦੇ ਸਕੇ ਨਹੀਂ ਬਣ ਸਕੇ, ਕਿਸੇ ਦੀ ਧੀ-ਭੈਣ ਦੀ ਹੁਣ ਇਨ੍ਹਾਂ ਨੂੰ ਕੀ ਸ਼ਰਮ? ਕਦੇ ਕਿਸੇ ਨੇ ਨਹੀਂ ਸੀ ਸੁਣਿਆਂ ਸ਼ਰਮ ਤੋਂ ਵਿਹੂਣਾ ਪੰਜਾਬ, ਪਰ ਅੱਜ ਸਿਰਫ ਇਹ ਹੀ ਸੁਣਨ ਵਿਚ ਆਉਂਦਾ ਹੈ। ਪੰਜਾਬ ਦੇ ਲੋਕ ਅੱਜ ਭੈਅ ਵਿਚ ਜੀਉ ਰਹੇ ਹਨ, ਕਿਉਂ ਭੁੱਲ ਗਏ ਹਾਕਮਾਂ ਨੂੰ ਅਤੇ ਆਪਣੇ ਲੋਕਾਂ ਨੂੰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਦਰ ਜੀ ਦੇ ਬੋਲ ਕਿ :
ਭੈ ਕਾਹੂੰ ਕਉ ਦੇਤਿ ਨਹਿ ਨਹਿ ਭੈ ਮਾਨਤ ਆਨਿ ।।
ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨਿ ।।
ਪੰਜਾਬ ! ਅਸੀਂ ਕਿੰਨੇ ਗਰਕ ਗਏ ਹਾਂ ਕਿ ਸਾਡੇ ਵਿਚੋਂ ਪੰਜਾਬੀਪੁਣਾ ਕਿਰਦਾ ਜਾ ਰਿਹਾ ਹੈ, ਜੇ ਇੰਜ ਹੀ ਅੱਗੇ ਵਧਦੇ ਰਹੇ ਤਾਂ ਬਹੁਤਾ ਚਿਰ ਨਹੀਂ ਲੱਗਣਾ ਕਿ ਬਾਕੀ ਰਹਿੰਦਾ ਵੀ ਕਿਰ ਜਾਵੇਗਾ। ਸਾਡੇ ਵਿਚਲਾ ਇਨਸਾਨ, ਇਨਸਾਨੀਅਤ ਨੂੰ ਛੱਡਦਾ ਜਾ ਰਿਹਾ ਹੈ। ਅਸੀਂ ਪਸ਼ੂਪੁਣੇ ਦੇ ਵਸ ਪੈ ਚੁੱਕੇ ਹਾਂ। ਕੱਲ ਤੱਕ ਪਿੰਡ ਦੀ ਧੀ-ਭੈਣ ਸਾਰੇ ਪਿੰਡ ਦੀ ਧੀ-ਭੈਣ ਹੁੰਦੀ ਸੀ। ਪਰ ਹੁਣ ਤਾਂ ਜੇ ਕਿਸੇ ਦੀ ਧੀ-ਭੈਣ ਨੂੰ ਕੋਈ ਮੁਸ਼ਟੰਡਾ ਆਪਣੇ ਜੋਰਾਵਰ ਕਿੱਲੇ (ਸਿਆਸੀ) ਦੇ ਜੋਰ ਘਰੋਂ ਵੀ ਚੁੱਕ ਕੇ ਲੈ ਜਾਵੇ ਤਾਂ ਲੋਕ ਦੇਖਦੇ ਹੀ ਰਹਿੰਦੇ ਹਨ, ਬਚਾਅ ਵਾਸਤੇ ਅੱਗੇ ਕੋਈ ਨਹੀਂ ਆਉਂਦਾ। ਲੋਕਾਂ ਦੀ ਰਾਖੀ ਵਾਸਤੇ ਪੁਲੀਸ ਦੇ ਅਫਸਰ ਕੁਝ ਨਹੀਂ ਕਰ ਸਕਦੇ, ਹੱਥ ਬੰਨ੍ਹੇ ਹੋਣ ਦੀਆਂ ਕਹਾਣੀਆਂ ਸੁਣਦੇ ਹਨ ਲੋਕ। ਇਸ ਤਰ੍ਹਾਂ ਗੁੰਡਿਆਂ ਵੱਲੋਂ “ਭਾਣਾ” ਵਰਤਾ ਦੇਣ ਤੋਂ ਬਾਅਦ ਲੋਕ ਇਕੱਠੇ ਹੋ ਕੇ ਸੰਘਰਸ਼ ਕਰਦੇ ਹਨ ਤਾਂ ਪੰਜਾਬ ਦੀਆਂ ਰਵਾਇਤਾਂ ਨੂੰ ਕਲੰਕਿਤ ਕਰਨ ਵਾਲੇ ਗੁੰਡੇ ਨੂੰ ਫੜਿਆ ਜਾਂਦਾ ਹੈ। ਸਰਕਾਰ ਤੇ ਜੁੰਮੇਵਾਰ ਅਫਸਰ ਆਪਣਾ ਫਰਜ਼ ਨਿਭਾਉਣ ਦੀਆਂ ਸਹੁੰਆਂ ਖਾ ਕੇ ਵੀ ਆਪਣਾ ਫ਼ਰਜ਼ ਕਿਉਂ ਨਹੀਂ ਨਿਭਾਉਂਦੇ? ਕੀ ਇਹ ਆਪਣੇ ਆਪ ਨਾਲ ਦਗਾ ਕਰਨ ਵਾਲਾ ਕਰਮ ਨਹੀਂ? ਕੀ ਹੋ ਗਿਆ ਸਾਨੂੰ ਕਿ ਸਾਡੇ ਖੂਨ ਵਿਚੋਂ ਅਪਣੱਤ ਹੀ ਮੁੱਕਦੀ ਜਾ ਰਹੀ ਹੈ।
ਪੰਜਾਬ ! ਵਿਗੜੀ ਮੁੰਡੀਰ੍ਹ ਨੂੰ ਪਤਾ ਹੀ ਨਹੀਂ ਕਿ ਵੱਡਿਆਂ ਦਾ ਸਤਿਕਾਰ ਕੀ ਹੁੰਦਾ ਹੈ? ਜੇ ਕੋਈ ਪਿਉ ਅਜਿਹੇ ਵਿਗੜਿਆਂ ਨੂੰ ਰਾਹ ਜਾਂਦੀ ਪੜ੍ਹੀ-ਲਿਖੀ ਕੁੜੀ ਨੂੰ ਤੰਗ ਨਾ ਕਰਨ ਬਾਰੇ ਆਖੇ ਤਾਂ ਸ਼ਰਮ ਖਾਣ ਦੀ ਥਾਵੇਂ ਵਰਦੀਧਾਰੀ ਪਿਉ ਨੂੰ ਵੀ ਗੋਲੀਆਂ ਨਾਲ ਭਰੇ ਬਜ਼ਾਰ ਛਲਣੀ ਕਰ ਦਿੰਦੇ ਹਨ। ਸਰਕਾਰ ਦੇ ਅਧਿਕਾਰੀ ’ਤੇ ਹਮਲਾ ਹੋਣ ਤੋਂ ਬਾਅਦ ਵੀ ਸਰਕਾਰ ਪਰਦੇ ਪਾਉਂਦੀ ਹੈ, ਜਦ ਕਿ ਇਹ ਸਿੱਧਾ ਸਰਕਾਰ ਨੂੰ ਵੰਗਾਰਿਆ ਗਿਆ ਸੀ। ਨਾ ਰਾਹ ਜਾਂਦੀਆਂ ਕੁੜੀਆਂ-ਔਰਤਾਂ ਸੁਰੱਖਿਅਤ ਹਨ। ਨਾ ਹੀ ਪਿੰਡ ਵਿਚ ਪਿੰਡੋਂ ਰਤਾ ਕੁ ਬਾਹਰ ਖ਼ੈਰ-ਸੁੱਖ ਲਈ ਦੀਵਾਲੀ ਦੇ ਦੀਵੇ ਬਾਲਣ ਵਾਲੀ ਨਾਬਾਲਗ ਕੁੜੀ। ਉਹਦੇ ਨਾਲ ਕੁਕਰਮ ਹੋ ਜਾਣ ਤੋਂ ਬਾਅਦ ਮਹੀਨਾ ਭਰ ਲੇਲੜੀਆਂ ਕੱਢਦੇ ਹਨ ਕੁੜੀ ਦੇ ਮਾਪੇ। ਪੁਲੀਸ ਦਾ ਜੁੰਮੇਵਾਰ ਅਫਸਰ ਦੱਲਾ ਬਣਕੇ ਇੱਜਤ ਵਾਲੀ ਗੱਲ ਭੁੱਲਕੇ ਸੌਦਾ ਕਰਵਾਉਣ ਲਈ ਰੋਅਬ ਪਾਉਂਦਾ ਹੈ? ਕੁੜੀ ਇੱਜਤ ਨਾਲ ਜੀਊਣਾ ਚਾਹੁੰਦੀ ਹੈ, ਪਰ ਅਜਿਹਾ ਮਾਹੌਲ ਨਾ ਮਿਲਦਾ ਦੇਖਕੇ ਆਪਣੀ ਜਾਨ ਲੈ ਲੈਂਦੀ ਹੈ-ਖੁਦਕੁਸ਼ੀ ਕਰਦੀ ਹੈ। ਕੀ ਗੁਨਾਹ ਕਰਨ ਵਾਲੇ ਅਤੇ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਅਧਿਕਾਰੀ ਇਸ ਕੰਜਕ ਦੀ ਮੌਤ ਦੇ ਜੁੰਮੇਵਾਰ ਨਹੀਂ? ਕੀ ਉਨ੍ਹਾਂ ਨੂੰ ਪੰਜਾਬ ਦੀ ਇੱਜਤ ਨਾਲ ਇੰਜ ਹੀ ਖੇਲ੍ਹਣ ਦਿੱਤਾ ਜਾਵੇਗਾ? ਉਹ ਸਭ ਹੀ ਜੁੰਮੇਵਾਰ ਹਨ, ਉਨ੍ਹਾਂ ਦਾ ਪੰਜਾਬ ਦੀ ਧਰਤੀ ਤੇ ਖੁੱਲ੍ਹੇ ਫਿਰਨਾ ਪੰਜਾਬ ਦੀ ਅਣਖ ਨੂੰ ਵੰਗਾਰ ਹੈ। ਕਾਨੂਨ ਬਹੁਤ ਸਾਰੇ ਹਨ ਪੰਜਾਬ ਦੀ ਨਿਆਂਪਾਲਕਾ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਕਿਤਾਬਾਂ ਤੋਂ ਬਾਹਰ ਕੱਢ ਕੇ ਅਮਲ ਵਿਚ ਲਿਆਉਣ, ਨਿਆਂ ਕਰਨ ਵਿਚ ਦੇਰੀ ਬਿਲਕੁੱਲ ਨਾ ਕੀਤੀ ਜਾਵੇ। ਜੇ ਲੋਕਾਂ ਦਾ ਸਰਕਾਰਾਂ ਅਤੇ ਨਿਆਂਪਾਲਿਕਾ ਤੋਂ ਇਤਬਾਰ ਉੱਠ ਗਿਆ ਤਾਂ ਬੁਰੇ ਹੋਣ ਦੀਆਂ ਘਟਨਾਵਾਂ ਵਾਪਰਨ ਨੂੰ ਕੋਈ ਨਹੀਂ ਰੋਕ ਸਕਦਾ।
ਦੇਸ਼ ਦੀ ਰਾਜਧਾਨੀ ਵਿਚ ਤਾਂ ਬੱਸ ਵਿਚ ਸਫਰ ਕਰਦੀਆਂ ਕੁੜੀਆਂ ਵੀ ਸੁਰੱਖਿਅਤ ਨਹੀਂ। ਭਾਵੇਂ ਕਿ ਇਸ ਇਕ ਘਟਨਾ ਨੂੰ ਦੁਨੀਆਂ ਭਰ ਦੇ ਮੀਡੀਏ ਨੇ ਪ੍ਰਚਾਰਿਆ ਹੈ, ਪਰ ਇੱਥੇ ਤਾਂ ਸਾਲ ਵਿਚ ਹਜਾਰਾਂ ਘਟਨਾਵਾਂ ਹੁੰਦੀਆਂ ਹਨ ਉਦੋਂ ਮੀਡੀਏ ਵਾਲੇ ਕਿਉਂ ਸੁੱਤੇ ਰਹਿੰਦੇ ਹਨ? ਯਾਦ ਰਹੇ ਅੰਕੜਿਆਂ ਅਨੁਸਾਰ ਦਿੱਲੀ ਵਿਚ ਹਰ 18 ਘੰਟੇ ਵਿਚ ਇਕ ਬਲਾਤਕਾਰ ਹੁੰਦਾ ਹੈ। ਕੀ ਇਹ ਸਿਰਫ ਉਦੋਂ ਹੀ ਜਾਗਦੇ ਹਨ ਜਦੋਂ ਵੱਡੇ ਘਰ ਦੀ ਧੀ ਨਾਲ ਅਜਿਹਾ ਵਾਪਰੇ, ਇਨ੍ਹਾਂ ਨੂੰ ਬਹੁਤ ਦੇਰ ਪਹਿਲਾਂ ਜਾਗਣਾ ਚਾਹੀਦਾ ਸੀ। ਕਿੱਥੇ ਸੀ ਇਹ ਮੀਡੀਆ ਜਦੋਂ 1984 ਵਿਚ ਸਿੱਖਾਂ ਦੇ ਦਿੱਲੀ ਵਿਚ ਹੋਏ ਕਤਲਾਮ ਸਮੇਂ ਸਿੱਖ ਧੀਆਂ-ਭੈਣਾਂ ਦੇ ਬਲਾਤਕਾਰ ਅਤੇ ਬੇਪਤੀ ਹੋਈ ਸੀ? ਕਿੳਂ ਨਾ ਜਾਗਿਆ ਇਹ ਮੀਡੀਆ ਉਦੋਂ? ਉਦੋਂ ਹੀ ਨਹੀਂ ਉਸਤੋਂ ਬਾਅਦ ਵੀ ਸੁੱਤਾ ਰਿਹਾ। ਹੁਣ ਸਾਡੇ ਦੇਸ਼ ਦੀ ਕੌਮਾਂਤਰੀ ਮੀਡੀਏ ਵਿਚ ਤੋਏ-ਤੋਏ ਹੋ ਰਹੀ ਹੈ। ਮੀਡੀਆ ਆਮ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਹੈ। ਜਦੋਂ ਸਰਕਾਰਾਂ ਦੀ ਇਸ ਸੁਸਤੀ ਦੇ ਨਿਕੰਮੇਪਣ ਦੇ ਖਿਲਾਫ ਜਾਗਦੇ ਲੋਕ ਆਪਣੇ ਸੰਵਿਧਾਨਕ ਜਮਹੂਰੀ ਹੱਕਾਂ ਦਾ ਇਸਤੇਮਾਲ ਕਰਕੇ ਇਨਸਾਫ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਦੇ ਜਮਹੂਰੀ ਹੱਕਾਂ ਨੂੰ ਲਾਠੀ-ਗੋਲੀ ਨਾਲ ਦਬਾਅ ਦੇਣ ਦਾ ਜਤਨ ਕੀਤਾ ਜਾਂਦਾ ਹੈ। ਜੁੰਮੇਵਾਰ ਸਿਆਸੀ ਆਗੂ ਮਰਨ ਕੰਢੇ ਪਿਆਂ ਵਾਸਤੇ ਦੁਆਵਾਂ ਕਰਦੇ ਹਨ, ਉਹ ਆਪਣੀ ਜੁੰਮੇਵਾਰੀ ਨਿਭਾਉਣ ਵੱਲ ਕਿਉਂ ਧਿਆਨ ਨਹੀਂ ਦਿੰਦੇ। ਦੁਆਵਾਂ ਕਰਨ ਨਾਲ ਕਿਸੇ ਦਾ ਕਦੇ ਕੁੱਝ ਨਹੀਂ ਸੌਰਿਆ। ਸਿਆਸੀ ਆਗੂ ਆਪਣੀ ਬਣਦੀ ਜੁੰਮੇਵਾਰੀ ਨਿਭਾਉਣ ਅਤੇ ਲੋਕਾਂ ਨੂੰ ਭੈਅ-ਮੁਕਤ ਹਲਤਾਂ ਵਿਚ ਜੀਉਣ ਦਾ ਮੌਕਾ ਦੇਣ। ਜੇ ਉਹ ਅਜਿਹਾ ਕਰਨ ਜੋਗੇ ਨਹੀਂ ਤਾਂ ਆਪਣੇ ਨਿਕੰਮੇਪਣ ਨੂੰ ਲੋਕਾਂ ’ਤੇ ਲੱਦਣ ਲਈ ਲਾਠੀ-ਗੋਲੀ ਨਾ ਵਰਤਣ ਸਗੋਂ ਅਸਫਲ ਰਹਿਣ ਕਰਕੇ ਲੋਕਾਂ ਤੋਂ ਮਾਫੀ ਮੰਗਣ ਅਤੇ ਲੋਕਾਂ ਵਲੋਂ ਦਿੱਤੀਆਂ ਕੁਰਸੀਆਂ ਛੱਡ ਦੇਣ। ਇਹ ਇਨਸਾਫ ਦੀ ਮੰਗ ਹੈ। ਇਹਦੇ ਨਾਲ ਹੀ ਪੰਜਾਬ ਨੂੰ ਨਸਿ਼ਆਂ ਅਤੇ ਲੁੱਚੀ (ਅਸ਼ਲੀਲ) ਪਰ ਅਸਲੋਂ ਫੁਕਰੀ ਗਾਇਕੀ ਤੋਂ ਵੀ ਬਚਾਇਆ ਜਾਣਾ ਚਾਹੀਦਾ ਹੈ। ਭਾਂਤ ਭਾਂਤ ਦੇ ਨਸ਼ੇ ਅਤੇ ਲੱਚਰ ਗਾਇਕੀ ਮਾੜੀਆਂ ਗੱਲਾਂ ਨੂੰ ਉਤਸ਼ਾਹਿਤ ਕਰਦੀ ਹੈ, ਇਸ ਦੇ ਸਿੱਟੇ ਵਜੋਂ ਜੁਰਮ ਵਧ ਰਹੇ ਹਨ।
ਪੰਜਾਬ ! ਜੋ ਕੁਝ ਸਾਡੀ ਧਰਤੀ ’ਤੇ ਨਿੱਤ ਦਿਨ ਹੋ ਰਿਹਾ ਹੈ ਉਸ ਬਾਰੇ ਮੈਂ ਦਾਲ ਵਿੱਚੋਂ ਸਿਰਫ ਦਾਣੇ ਦੀ ਗੱਲ ਕੀਤੀ ਹੈ। ਪੰਜਾਬ ਅਸੈਂਬਲੀ ਵਿਚ ਉੱਚੇ ਥੜ੍ਹੇ ਤੇ ਰੱਖੇ ‘ਆਟੇ ਦੇ ਦੀਵੇ’ ਨੇ ਭੈਣਾਂ ਦੀਆਂ ਗਾਲ੍ਹਾਂ ਕੱਢਣ ਵਾਲੇ ਨੂੰ ਗੈਰ-ਪਾਰਲੀਮੈਂਟਰੀ ਭਾਸ਼ਾ ਵਰਤਣ ਤੋਂ ਕਿਉਂ ਨਾ ਰੋਕਿਆ? ਸਜ਼ਾ ਸਿਰਫ ਅਜਿਹੀ ਭਾਸ਼ਾ ਦਾ ਵਿਰੋਧ ਕਰਨ ਵਾਲਿਆਂ ਵਾਸਤੇ ਹੀ ਕਿਉਂ? ਕੀ ਇਹ ਇਨਸਾਫ ਹੈ? ਇਹ ਉਸਦਾ ਸਿਰਫ ਇਹ ਛੋਟਾ ਜਿਹਾ ਪ੍ਰਤੀਕ੍ਰਮ ਹੈ। ਜੇ ਸਾਡੇ ਹਾਕਮਾਂ ਦਾ ਨੈਤਿਕਤਾ (ਇਖ਼ਲਾਕ) ਨਾਲ ਵਾਸਤਾ ਹੁੰਦਾ ਤਾਂ ਦੇਸ਼ ਵਿਚ ਕਿਧਰੇ ਵੀ ਮਾਰੀਆਂ ਗਈਆਂ ਕੰਜਕਾਂ ਦੇ ਦਰਦ ਦੀ ਨੈਤਿਕ ਜੁੰਮੇਵਾਰੀ ਲੈ ਕੇ ਇਹ ਗੱਦੀਆਂ ਛੱਡ ਦਿੰਦੇ। ਪਰ ਲਗਦਾ ਨਹੀਂ ਕਿ ਹਾਕਮ ਪੰਜਾਬ ਦੀਆਂ ਸੁੱਚੀਆਂ ਰਵਾਇਤਾਂ ਦੀ ਕਦਰ ਕਰਨਗੇ। ਵਿਰਸੇ ਦੇ ਵਾਰਿਸ ਆਪਣੀਆਂ ਰਵਾਇਤਾਂ ਤੇ ਪਹਿਰਾ ਦੇਣ ਲਈ ਵਚਨਬੱਧ ਹੁੰਦੇ ਹਨ। ਕਿੱਥੇ ਹਨ ਇਸ ਵਚਨਬੱਧਤਾ ਵਾਲੇ ਲੋਕ? ਪੰਜਾਬ ਨੂੰ ਉਨ੍ਹਾਂ ਦੀ ਭਾਲ ਹੈ। ਪੰਜਾਬ ਕਦੇ ਵੀ ਨਹੀਂ ਹਾਰਿਆ। ਪੰਜਾਬੀ ਲੋਕ ਭਗਤਾਂ, ਸੂਫੀਆਂ ਤੇ ਗੁਰੂਆਂ ਅਤੇ ਇਨਕਲਾਬੀ ਸੂਰਬੀਰਾਂ ਦੇ ਬੋਲਾਂ ਤੋਂ ਸਦਾ ਸੇਧ ਲੈਂਦੇ ਰਹੇ ਹਨ। ਸਾਡੇ ਲੋਕ ਰਾਜਾ ਪੋਰਸ ਦੇ ਅਤੇ ਦਿੱਲੀ ਦੇ ਕਿੰਗਰੇ ਢਾਹੁਣ ਵਾਲੇ ਦੁੱਲੇ ਦੇ ਵਾਰਿਸ ਹਨ, ਅਤੇ ਹਜਾਰਾਂ ਹੀ ਹੋਰ ਸ਼ਹੀਦ ਸੂਰਬੀਰਾਂ ਦੇ ਨਾਲ ਕਰਤਾਰ ਸਿੰਘ ਸਰਾਭ੍ਹਾ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਾਰਿਸ ਹਨ। ਪੰਜਾਬ ਦੇ ਅਣਖੀਲੇ ਲੋਕਾਂ ਅੱਗੇ ਵੱਡੇ ਸਵਾਲ ਆ ਪਏ ਹਨ ਕਿ ਪੰਜਾਬ ਦੀਆਂ ਅਣਖੀਲੀਆਂ ਤੇ ਸੁੱਚੀਆਂ ਰਵਾਇਤਾਂ ਦੀ ਰਾਖੀ ਕੌਣ ਕਰੇ ਅਤੇ ਕਿਵੇਂ ਕੀਤੀ ਜਾਵੇ? ਇਨ੍ਹਾਂ ਸਵਾਲਾਂ ਦੇ ਸਨਮੁੱਖ -- ਪੰਜਾਬ ਸਾਨੂੰ ਮਾਫ ਕਰੀਂ : ਅਸੀਂ ਬਹੁਤ ਸ਼ਰਮਸਾਰ ਹਾਂ।