ਕੀ ਤੁਸੀਂ ਢਾਈ ਮਹੀਨਿਆਂ ਦੇ ਲਈ ਨਿਊਜ਼ ਚੈਨਲ ਵੇਖਣਾ ਬੰਦ ਨਹੀਂ ਕਰ ਸਕਦੇ? ਕਰ ਦਿਉ ! – ਰਵੀਸ਼ ਕੁਮਾਰ
Posted on:- 08-03-2019
ਜੇਕਰ ਤੁਸੀਂ ਆਪਣੀ ਨਾਗਰਿਕਤਾ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਨਿਊਜ਼ (ਖ਼ਬਰੀ) ਚੈੱਨਲਾਂ ਨੂੰ ਵੇਖਣਾ ਬੰਦ ਕਰ ਦਿਉ। ਜੇਕਰ ਤੁਸੀਂ ਲੋਕਤੰਤਰ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਦੇ ਰੂਪ ਵਿੱਚ ਭੂਮਿਕਾ ਨਿਭਾਉਣਾ ਚਾਹੁੰਦੇ ਹੋ ਤਾਂ ਨਿਊਜ਼ ਚੈੱਨਲਾਂ ਨੂੰ ਵੇਖਣਾ ਬੰਦ ਕਰ ਦਿਉ। ਜੇਕਰ ਤੁਸੀਂ ਆਪਣਿਆਂ ਬੱਚਿਆਂ ਨੂੰ ਸੰਪ੍ਰਦਾਇਕਤਾ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਨਿਊਜ਼ ਚੈੱਨਲਾਂ ਨੂੰ ਵੇਖਣਾ ਬੰਦ ਕਰ ਦਿਉ। ਜੇਕਰ ਤੁਸੀਂ ਭਾਰਤ ਵਿੱਚ ਪੱਤਰਕਾਰਿਤਾ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਨਿਊਜ਼ ਚੈੱਨਲਾਂ ਨੂੰ ਵੇਖਣਾ ਬੰਦ ਕਰ ਦਿਉ। ਨਿਊਜ਼ ਚੈੱਨਲਾਂ ਨੂੰ ਵੇਖਣਾ ਖੁਦ ਦੇ ਹੁੰਦੇ ਪਤਨ ਨੂੰ ਵੇਖਣਾ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਕੋਈ ਵੀ ਨਿਊਜ਼ ਚੈੱਨਲ ਨਾ ਦੇਖਿਉ। ਨਿਊਜ਼ ਚੈੱਨਲ ਨਾ ਟੈਲੀਵਿਜ਼ਨ ਤੇ ਦੇਖਿਉ ਅਤੇ ਨਾ ਹੀ ਮੋਬਾਇਲ ਵਿੱਚ। ਆਪਣੀ ਰੋਜ਼ਾਨਾਂ ਦੀਆਂ ਗਤੀਵਿਧੀਆਂ ਵਿੱਚੋਂ ਨਿਊਜ਼ ਚੈੱਨਲਾਂ ਨੂੰ ਦੇਖਣਾ ਹਟਾ ਦਿਉ। ਬੇਸ਼ੱਕ ਮੈਨੂੰ ਵੀ ਨਾ ਦੇਖਿਉ ਪਰੰਤੂ ਨਿਊਜ਼ ਚੈੱਨਲਾਂ ਨੂੰ ਵੇਖਣਾ ਬੰਦ ਕਰੋ।
ਮੈਂ ਇਹ ਗੱਲ ਪਹਿਲਾਂ ਤੋਂ ਕਹਿੰਦਾ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਐਨੀ ਆਸਾਨੀ ਨਾਲ ਮੂਰਖਤਾ ਦੇ ਇਸ ਨਸ਼ੇ ਵਿਚੋਂ ਬਾਹਰ ਨਹੀਂ ਆ ਸਕਦੇ ਲੇਕਿਨ ਇੱਕ ਵਾਰ ਫਿਰ ਅਪੀਲ ਕਰਦਾ ਹਾਂ ਕਿ ਬਸ ਇਹ ਢਾਈ ਮਹੀਨਿਆਂ ਦੇ ਲਈ ਨਿਊਜ਼ ਚੈੱਨਲਾਂ ਨੂੰ ਵੇਖਣਾ ਬੰਦ ਕਰ ਦਿਉ। ਜੋ ਇਸ ਸਮੇਂ ਤੁਸੀਂ ਚੈੱਨਲਾਂ ਤੇ ਵੇਖ ਰਹੇ ਹੋ ਉਹ ਸਨਕ ਦੀ ਦੁਨੀਆਂ ਹੈ, ਉਨਮਾਦ ਦਾ ਸੰਸਾਰ ਹੈ, ਇਹਨਾਂ ਦੀ ਇਹੀ ਫਿਤਰਤ ਹੋ ਗਈ ਹੈ, ਪਹਿਲੀ ਵਾਰ ਐਦਾਂ ਨਹੀਂ ਹੋ ਰਿਹਾ। ਜਦ ਪਾਕਿਸਤਾਨ ਨਾਲ ਤਣਾਅ ਨਹੀਂ ਹੁੰਦਾ ਉਦੋਂ ਇਹ ਚੈੱਨਲ ਮੰਦਰ ਨੂੰ ਲੈ ਕੇ ਤਣਾਅ ਪੈਦਾ ਕਰਦੇ ਹਨ, ਜਦ ਮੰਦਰ ਦਾ ਤਣਾਅ ਨਹੀਂ ਹੁੰਦਾ ਉਦੋਂ ਇਹ ਚੈੱਨਲ ਪਦਮਾਵਤੀ ਫ਼ਿਲਮ ਨੂੰ ਲੈ ਕੇ ਤਣਾਅ ਪੈਦਾ ਕਰਦੇ ਹਨ, ਜਦ ਫ਼ਿਲਮ ਦਾ ਤਣਾਅ ਨਹੀਂ ਹੁੰਦਾ ਤਾਂ ਇਹ ਚੈੱਨਲ ਕੈਰਾਨਾ ਦੇ ਝੂਠ ਨੂੰ ਲੈ ਕੇ ਹਿੰਦੂ-ਮੁਸਲਮਾਨ ਵਿੱਚ ਤਣਾਅ ਪੈਦਾ ਕਰਦੇ ਹਨ, ਜਦੋਂ ਕੁਝ ਵੀ ਨਹੀਂ ਹੁੰਦਾ ਤਾਂ ਇਹ ਫਰਜ਼ੀ ਸਰਵੇ ਤੇ ਘੰਟਿਆਂਵੱਧੀ ਪ੍ਰੋਗਰਾਮ ਕਰਦੇ ਹਨ ਜਿਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ।
ਕੀ ਤੁਸੀਂ ਸਮਝ ਪਾਉਂਦੇ ਹੋ ਕਿ ਇਹ ਸਭ ਕਿਉਂ ਹੋ ਰਿਹਾ ਹੈ? ਕੀ ਤੁਸੀਂ ਪਬਲਿਕ ਦੇ ਤੌਰ ਤੇ ਇਹਨਾਂ ਚੈੱਨਲਾਂ ਵਿੱਚ ਪਬਲਿਕ ਨੂੰ ਦੇਖ ਪਾਉਂਦੇ ਹੋ? ਇਹਨਾਂ ਚੈੱਨਲਾਂ ਨੇ ਤੁਹਾਨੂੰ ਆਮ ਲੋਕਾਂ ਨੂੰ ਹਟਾ ਦਿੱਤਾ ਹੈ, ਕੁਚਲ ਦਿੱਤਾ ਹੈ। ਆਮ ਲੋਕਾਂ ਦੇ ਸਵਾਲ ਨਹੀਂ ਹਨ। ਚੈੱਨਲਾਂ ਦੇ ਸਵਾਲ ਆਮ ਲੋਕਾਂ ਦੇ ਸਵਾਲ ਬਣਾਏ ਜਾ ਰਹੇ ਹਨ। ਇਹ ਐਨੀ ਵੀ ਬਾਰੀਕ ਗੱਲ ਨਹੀਂ ਕਿ ਤੁਸੀਂ ਸਮਝ ਨਹੀਂ ਸਕਦੇ। ਲੋਕ ਪ੍ਰੇਸ਼ਾਨ ਹਨ। ਉਹ ਚੈੱਨਲ-ਚੈੱਨਲ ਘੁੰਮ ਕੇ ਵਾਪਿਸ ਚਲੇ ਜਾਂਦੇ ਹਨ ਪਰ ਉਹਨਾਂ ਦੀ ਥਾਂ ਨਹੀਂ ਹੁੰਦੀ। ਨੌਜਵਾਨਾਂ ਦੇ ਤਮਾਮ ਸਵਾਲਾਂ ਲਈ ਥਾਂ ਨਹੀਂ ਹੁੰਦੀ ਪਰੰਤੂ ਚੈੱਨਲ ਆਪਣਾ ਸਵਾਲ ਫੜਾ ਕੇ ਉਹਨਾਂ ਨੂੰ ਮੂਰਖ ਬਣਾ ਰਹੇ ਹਨ। ਚੈੱਨਲਾਂ ਕੋਲ ਇਹ ਸਵਾਲ ਕਿੱਥੋਂ ਆਉਂਦੇ ਹਨ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਚੈੱਨਲ ਜੋ ਕੁਝ ਵੀ ਕਰਦੇ ਹਨ, ਉਹੀ ਤਣਾਅ ਦੇ ਲਈ ਕਰਦੇ ਹਨ ਜਿਹੜਾ ਇੱਕ ਨੇਤਾ ਦੇ ਲਈ ਰਾਹ ਬਣਾਉਂਦਾ ਹੈ, ਜਿਸਦਾ ਨਾਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਹੈ।
ਨਿਊਜ਼ ਚੈੱਨਲਾਂ, ਸਰਕਾਰ, ਬੀਜੇਪੀ ਅਤੇ ਮੋਦੀ ਦਾ ਆਪਸ ਵਿੱਚ ਰਲੇਵਾਂ ਹੋ ਚੁੱਕਾ ਹੈ। ਇਹ ਰਲੇਵਾਂ ਐਨਾ ਬੇਹਤਰੀਨ ਹੈ ਕਿ ਤੁਸੀਂ ਫ਼ਰਕ ਨਹੀਂ ਕਰ ਪਾਉਂਗੇ ਕਿ ਪੱਤਰਕਾਰਿਤਾ ਹੈ ਜਾਂ ਪ੍ਰੋਪੇਗੈਂਡਾ ਹੈ। ਤੁਸੀਂ ਇੱਕ ਨੇਤਾ ਨੂੰ ਪਸੰਦ ਕਰਦੇ ਹੋ, ਇਹ ਸੁਭਾਵਿਕ ਹੈ ਅਤੇ ਬਹੁਤ ਹੱਦ ਤੱਕ ਜ਼ਰੂਰੀ ਵੀ। ਲੇਕਿਨ ਉਸ ਪਸੰਦ ਦਾ ਲਾਭ ਉਠਾਕੇ ਇਹਨਾਂ ਚੈੱਨਲਾਂ ਦੁਆਰਾ ਜੋ ਕੀਤਾ ਜਾ ਰਿਹਾ ਹੈ, ਉਹ ਖ਼ਤਰਨਾਕ ਹੈ। ਬੀਜੇਪੀ ਦੇ ਵੀ ਜ਼ਿੰਮੇਵਾਰ ਸਮੱਰਥਕਾਂ ਨੂੰ ਸਹੀ ਸੂਚਨਾ ਦੀ ਜ਼ਰੂਰਤ ਹੁੰਦੀ ਹੈ। ਸਰਕਾਰ ਅਤੇ ਮੋਦੀ ਦੀ ਭਗਤੀ ਵਿੱਚ ਪ੍ਰੋਪੇਗੈਂਡਾ ਨੂੰ ਪਰੋਸਣਾ ਉਸ ਸਮੱਰਥਕ ਦਾ ਵੀ ਅਪਮਾਨ ਹੈ। ਉਸਨੂੰ ਮੂਰਖ ਸਮਝਣਾ ਹੈ ਜਦਕਿ ਉਹ ਆਪਣੇ ਅੱਗੇ ਦੇ ਵਿਕਲਪਾਂ ਦੀਆਂ ਸੂਚਨਾਵਾਂ ਦੇ ਆਧਾਰ ਤੇ ਕਿਸੇ ਦਾ ਸਮੱਰਥਨ ਕਰਦਾ ਹੈ। ਅੱਜ ਦੇ ਨਿਊਜ਼ ਚੈੱਨਲ ਨਾ ਸਿਰਫ਼ ਆਮ ਨਾਗਰਿਕਾਂ ਦਾ ਅਪਮਾਨ ਕਰਦੇ ਹਨ ਸਗੋਂ ਉਸਦੇ ਨਾਲ ਭਾਜਪਾ ਦੇ ਸਮੱਰਥਕਾਂ ਦਾ ਵੀ ਅਪਮਾਨ ਕਰ ਰਹੇ ਹਨ।
ਮੈਂ ਭਾਜਪਾ ਸਮੱਰਥਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਇਹਨਾਂ ਚੈੱਨਲਾਂ ਨੂੰ ਨਾ ਦੇਖੋ। ਤੁਸੀਂ ਭਾਰਤ ਦੇ ਲੋਕਤੰਤਰ ਦੀ ਬਰਬਾਦੀ ਵਿੱਚ ਸ਼ਾਮਿਲ ਨਾ ਹੋਵੋ। ਕੀ ਤੁਸੀਂ ਇਹਨਾਂ ਘਟੀਆ ਚੈੱਨਲਾਂ ਤੋਂ ਬਗੈਰ ਨਰੇਂਦਰ ਮੋਦੀ ਦਾ ਸਮੱਰਥਨ ਨਹੀਂ ਕਰ ਸਕਦੇ? ਕੀ ਇਹ ਜ਼ਰੂਰੀ ਹੈ ਕਿ ਨਰੇਂਦਰ ਮੋਦੀ ਦਾ ਸਮੱਰਥਨ ਕਰਨ ਲਈ ਪੱਤਰਕਾਰਿਤਾ ਦੇ ਪਤਨ ਦਾ ਵੀ ਸਮੱਰਥਨ ਕੀਤਾ ਜਾਵੇ? ਫਿਰ ਤੁਸੀਂ ਇੱਕ ਇਮਾਨਦਾਰ ਰਾਜਨੀਤਿਕ ਸਮੱਰਥਕ ਨਹੀਂ ਹੋ। ਕੀ ਉੱਚ ਪੱਤਰਕਾਰਿਤਾ ਦੇ ਮਿਆਰ ਦੇ ਨਾਲ ਨਰੇਂਦਰ ਮੋਦੀ ਦਾ ਸਮੱਰਥਨ ਕਰਨਾ ਅਸੰਭਵ ਹੋ ਚੁੱਕਾ ਹੈ? ਭਾਜਪਾ ਸਮੱਰਥਕੋ, ਤੁਸੀਂ ਭਾਜਪਾ ਨੂੰ ਚੁਣਿਆ ਸੀ, ਇਹਨਾਂ ਚੈੱਨਲਾਂ ਨੂੰ ਨਹੀਂ। ਮੀਡੀਆ ਦਾ ਪਤਨ ਰਾਜਨੀਤੀ ਦਾ ਵੀ ਪਤਨ ਹੈ। ਇੱਕ ਵਧੀਆ ਸਮੱਰਥਕ ਦਾ ਵੀ ਪਤਨ ਹੈ।
ਚੈੱਨਲ ਤੁਹਾਡੀ ਨਾਗਰਿਕਤਾ ਤੇ ਹਮਲਾ ਕਰ ਰਹੇ ਹਨ। ਲੋਕਤੰਤਰ ਵਿੱਚ ਨਾਗਰਿਕ ਹਵਾ ਵਿੱਚ ਨਹੀਂ ਬਣਦਾ। ਸਿਰਫ਼ ਕਿਸੇ ਭੂਗੋਲਿਕ ਪ੍ਰਦੇਸ਼ ਵਿੱਚ ਪੈਦਾ ਹੋ ਜਾਣ ਨਾਲ ਤੁਸੀਂ ਨਾਗਰਿਕ ਨਹੀਂ ਹੁੰਦੇ। ਸਹੀ ਸੂਚਨਾ ਅਤੇ ਸਹੀ ਸਵਾਲ ਤੁਹਾਡੀ ਨਾਗਰਿਕਤਾ ਦੇ ਲਈ ਜ਼ਰੂਰੀ ਹੈ। ਇਹਨਾਂ ਨਿਊਜ਼ ਚੈੱਨਲਾਂ ਦੇ ਕੋਲ ਇਹ ਦੋਨੋਂ ਨਹੀਂ ਹਨ। ਪ੍ਰਧਾਨਮੰਤਰੀ ਮੋਦੀ ਪੱਤਰਕਾਰਿਤਾ ਦੇ ਇਸ ਪਤਨ ਦੇ ਸ੍ਰਪ੍ਰਸਤ ਹਨ, ਸੰਰੱਖਿਅਕ ਹਨ। ਉਹਨਾਂ ਦੀ ਭਗਤੀ ਵਿੱਚ ਚੈੱਨਲਾਂ ਨੇ ਖੁਦ ਨੂੰ ਭੰਡ ਬਣਾ ਦਿੱਤਾ ਹੈ। ਇਹ ਪਹਿਲਾਂ ਵੀ ਭੰਡ ਸੀ ਪਰ ਹੁਣ ਇਹ ਤੁਹਾਨੂੰ ਭੰਡ ਬਣਾ ਰਹੇ ਹਨ। ਤੁਹਾਡਾ ਭੰਡ ਬਣ ਜਾਣਾ ਲੋਕਤੰਤਰ ਦਾ ਮਿਟ ਜਾਣਾ ਹੋਵੇਗਾ।
ਭਾਰਤ ਪਾਕਿਸਤਾਨ ਤਣਾਅ ਦੇ ਬਹਾਨੇ ਇਹਨਾਂ ਨੂੰ ਦੇਸ਼ (ਰਾਸ਼ਟਰ) ਭਗਤ ਹੋਣ ਦਾ ਮੌਕਾ ਮਿਲ ਗਿਆ ਹੈ। ਇਹਨਾਂ ਦੇ ਕੋਲ ਦੇਸ਼ ਨੂੰ ਲੈ ਕੇ ਕੋਈ ਭਗਤੀ ਨਹੀਂ ਹੈ। ਭਗਤੀ ਹੁੰਦੀ ਤਾਂ ਲੋਕਤੰਤਰ ਦੇ ਜ਼ਰੂਰੀ ਸਤੰਭ (ਥੰਮ੍ਹ) ਪੱਤਰਕਾਰਿਤਾ ਦੇ ਉੱਚ ਮਿਆਰ ਨੂੰ ਬਣਾਉਂਦੇ। ਚੈੱਨਲਾਂ ਤੇ ਜਿਸ ਤਰ੍ਹਾਂ ਦਾ ਹਿੰਦੁਸਤਾਨ ਬਣਾਇਆ ਗਿਆ ਹੈ, ਉਹਨਾਂ ਦੇ ਰਾਹੀਂ ਤੁਹਾਡੇ ਅੰਦਰ ਜਿਸ ਤਰ੍ਹਾਂ ਦਾ ਹਿੰਦੁਸਤਾਨ ਬਣਾਇਆ ਗਿਆ ਹੈ ਉਹ ਸਾਡਾ ਹਿੰਦੁਸਤਾਨ ਨਹੀਂ ਹੈ। ਉਹ ਇੱਕ ਨਕਲੀ ਹਿੰਦੁਸਤਾਨ ਹੈ। ਦੇਸ਼ ਨਾਲ ਪਿਆਰ ਦਾ ਅਰਥ ਹੁੰਦਾ ਹੈ ਕਿ ਅਸੀਂ ਸਾਰੇ ਆਪਣਾ ਆਪਣਾ ਕੰਮ ਉੱਚ ਆਦਰਸ਼ਾਂ ਅਤੇ ਮਿਆਰ ਦੇ ਹਿਸਾਬ ਨਾਲ ਕਰੀਏ। ਹਿੰਮਤ ਦੇਖੋ ਕਿ ਝੂਠੀਆਂ ਸੂਚਨਾਵਾਂ ਅਤੇ ਪੁੱਠੇ-ਸਿੱਧੇ ਨਾਅਰਿਆਂ ਅਤੇ ਵਿਸ਼ਲੇਸ਼ਣਾਂ ਨਾਲ ਤੁਹਾਡੀ ਦੇਸ਼ਭਗਤੀ ਬਣਾਈ ਜਾ ਰਹੀ ਹੈ। ਤੁਹਾਡੇ ਅੰਦਰ ਦੇਸ਼ਭਗਤੀ ਦੇ ਕੁਦਰਤੀ ਚੈੱਨਲ ਨੂੰ ਖ਼ਤਮ ਕਰ ਕੇ ਇਹ ਨਿਊਜ਼ ਚੈੱਨਲ ਬਣਾਵਟੀ ਚੈੱਨਲ ਬਣਾਉਣਾ ਚਾਹੁੰਦੇ ਹਨ, ਜਿਸ ਕਰਕੇ ਤੁਸੀਂ ਇੱਕ ਮੁਰਦਾ ਰੋਬੋਟ ਬਣ ਕੇ ਰਹਿ ਜਾਵੋ।
ਇਸ ਸਮੇਂ ਦੇ ਅਖ਼ਬਾਰ ਅਤੇ ਚੈੱਨਲ ਤੁਹਾਡੀ ਨਾਗਰਿਕਤਾ ਅਤੇ ਨਾਗਰਿਕ ਅਧਿਕਾਰਾਂ ਦੇ ਖ਼ਾਤਮੇ ਦਾ ਐਲਾਨ ਕਰ ਰਹੇ ਹਨ। ਤੁਹਾਨੂੰ ਅੱਗਿਓ ਨਜ਼ਰ ਆ ਜਾਣਾ ਚਾਹੀਦਾ ਹੈ ਕਿ ਇਹ ਹੋਣ ਵਾਲਾ ਨਹੀਂ, ਸਗੋਂ ਹੋ ਚੁੱਕਾ ਹੈ। ਅਖ਼ਬਾਰਾਂ ਦੇ ਹਾਲ ਵੀ ਉਹੀ ਹਨ। ਹਿੰਦੀ ਦੇ ਅਖ਼ਬਾਰਾਂ ਨੇ ਤਾਂ ਪਾਠਕਾਂ ਦੀ ਹੱਤਿਆ ਦੀ ਸੁਪਾਰੀ ਲੈ ਲਈ ਹੈ। ਗਲਤ ਅਤੇ ਕਮਜ਼ੋਰ ਸੂਚਨਾਵਾਂ ਦੇ ਆਧਾਰ ਤੇ ਪਾਠਕਾਂ ਦੀ ਹੱਤਿਆ ਹੋ ਰਹੀ ਹੈ। ਅਖ਼ਬਾਰਾਂ ਦੇ ਪੰਨ੍ਹੇ ਵੀ ਧਿਆਨ ਨਾਲ ਦੇਖੋ। ਹਿੰਦੀ ਅਖ਼ਬਾਰਾਂ ਨੂੰ ਚੁੱਕ ਕੇ ਘਰ ਤੋਂ ਬਾਹਰ ਸੁੱਟ ਦਿਉ। ਇੱਕ ਦਿਨ ਅਲਾਰਮ ਲਗਾ ਕੇ ਸੌਂ ਜਾਵੋ। ਅਗਲੀ ਸਵੇਰ ਉੱਠ ਕੇ ਹਾਕਰ ਨੂੰ ਕਹਿ ਦੇਵੋ ਕਿ ਭਾਈ ਸਾਹਿਬ ਚੋਣਾਂ ਤੋਂ ਬਾਅਦ ਅਖ਼ਬਾਰ ਦੇ ਜਾਇਓ।
ਇਹ ਸਰਕਾਰ ਨਹੀਂ ਚਾਹੁੰਦੀ ਕਿ ਤੁਸੀਂ ਸਹੀ ਸੂਚਨਾਵਾਂ ਨਾਲ ਪਰਪੱਕ ਨਾਗਰਿਕ ਬਣੋ। ਚੈੱਨਲਾਂ ਨੇ ਵਿਰੋਧੀ ਧਿਰ ਬਣਨ ਦੀ ਹਰ ਸੰਭਾਵਨਾ ਨੂੰ ਖ਼ਤਮ ਕੀਤਾ ਹੈ। ਤੁਹਾਡੇ ਅੰਦਰ ਜੇਕਰ ਸਰਕਾਰ ਦਾ ਵਿਰੋਧ ਨਾ ਬਣੇ ਤਾਂ ਤੁਸੀਂ ਸਰਕਾਰ ਦਾ ਸਮੱਰਥਕ ਵੀ ਨਹੀਂ ਬਣ ਸਕਦੇ। ਹੋਸ਼ ਨਾਲ ਸਮੱਰਥਨ ਕਰਨਾ ਅਤੇ ਨਸ਼ੇ ਦਾ ਟੀਕਾ ਲਾ ਕੇ ਸਮੱਰਥਨ ਕਰਵਾਉਣਾ ਦੋਨੋਂ ਵੱਖਰੀਆਂ ਗੱਲਾਂ ਨੇ। ਪਹਿਲੀ ਵਿੱਚ ਤੁਹਾਡਾ ਸ੍ਵੈਮਾਨ ਝਲਕਦਾ ਹੈ ਤੇ ਦੂਜੀ ਵਿੱਚ ਤੁਹਾਡਾ ਅਪਮਾਨ। ਕੀ ਤੁਸੀਂ ਬੇਇੱਜ਼ਤ ਹੋ ਕੇ ਇਹਨਾਂ ਨਿਊਜ਼ ਚੈੱਨਲਾਂ ਨੂੰ ਦੇਖਣਾ ਚਾਹੁੰਦੇ ਹੋ, ਇਹਨਾਂ ਦੇ ਰਾਹੀਂ ਸਰਕਾਰ ਨੂੰ ਸਮੱਰਥਨ ਕਰਨਾ ਚਾਹੁੰਦੇ ਹੋ?
ਮੈਂ ਜਾਣਦਾ ਹਾਂ ਕਿ ਮੇਰੀ ਇਹ ਗੱਲ ਨਾ ਕਰੋੜਾਂ ਲੋਕਾਂ ਤੱਕ ਪਹੁੰਚੇਗੀ ਅਤੇ ਨਾ ਹੀ ਕਰੋੜਾਂ ਲੋਕ ਨਿਊਜ਼ ਚੈੱਨਲ ਦੇਖਣਾ ਛੱਡਣਗੇ। ਪਰੰਤੂ ਮੈਂ ਤੁਹਾਨੂੰ ਸੁਚੇਤ ਕਰਦਾ ਹਾਂ ਕਿ ਜੇਕਰ ਇਹੀ ਚੈੱਨਲਾਂ ਦੀ ਪੱਤਰਕਾਰਿਤਾ ਹੈ ਤਾਂ ਭਾਰਤ ਵਿੱਚ ਲੋਕਤੰਤਰ ਦਾ ਭਵਿੱਖ ਚੰਗਾ ਨਹੀਂ ਹੈ। ਨਿਊਜ਼ ਚੈੱਨਲ ਇੱਕ ਅਜਿਹੀ ਪਬਲਿਕ ਬਣਾ ਰਹੇ ਹਨ ਜੋ ਗਲਤ ਅਤੇ ਸੀਮਿਤ ਸੂਚਨਾਵਾਂ ਤੇ ਆਧਾਰਿਤ ਹੋਵੇਗੀ। ਚੈੱਨਲ ਆਪਣੀ ਬਣਾਈ ਹੋਈ ਇਸ ਪਬਲਿਕ ਤੋਂ ਉਸ ਪਬਲਿਕ ਨੂੰ ਹਰਾ ਦੇਣਗੇ ਜਿਸਨੂੰ ਸੂਚਨਾਵਾਂ ਦੀ ਜ਼ਰੂਰਤ ਹੁੰਦੀ ਹੈ, ਜਿਸਦੇ ਕੋਲ ਸਵਾਲ ਹੁੰਦੇ ਹਨ। ਸਵਾਲ ਅਤੇ ਸੂਚਨਾ ਦੇ ਬਿਨ੍ਹਾਂ ਲੋਕਤੰਤਰ ਨਹੀਂ ਹੁੰਦਾ। ਲੋਕਤੰਤਰ ਵਿੱਚ ਨਾਗਰਿਕ ਨਹੀਂ ਹੁੰਦਾ।
ਸੱਚ ਅਤੇ ਤੱਥ ਦੀ ਹਰ ਸੰਭਾਵਨਾ ਖ਼ਤਮ ਕਰ ਦਿੱਤੀ ਗਈ ਹੈ। ਮੈਂ ਹਰ ਰੋਜ਼ ਪਬਲਿਕ ਨੂੰ ਧੱਕਿਆ ਜਾਂਦਾ ਵੇਖਦਾ ਹਾਂ। ਚੈੱਨਲ ਪਬਲਿਕ ਨੂੰ ਮੰਝਧਾਰ ਵਿੱਚ ਧੱਕ ਕੇ ਰੱਖਣਾ ਚਾਹੁੰਦੇ ਹਨ, ਜਿੱਥੇ ਰਾਜਨੀਤੀ ਆਪਣਾ ਬਵੰਡਰ ਰਚ ਰਹੀ ਹੈ। ਰਾਜਨੀਤਿਕ ਦਲਾਂ ਦੇ ਬਾਹਰ ਦੇ ਮਸਲਿਆ ਦੀ ਜਗ੍ਹਾ ਨਹੀਂ ਬਚੀ ਹੈ, ਨਾ ਜਾਣੇ ਕਿੰਨੇ ਮਸਲੇ ਇੰਤਜ਼ਾਰ ਕਰ ਰਹੇ ਹਨ। ਚੈੱਨਲਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ, ਲੋਕਾਂ ਦੇ ਖਿਲਾਫ਼ ਤਿਆਰ ਕੀਤਾ ਹੈ। ਤੁਹਾਡੀ ਹਾਰ ਦਾ ਐਲਾਨ ਹੈ ਇਹਨਾਂ ਚੈੱਨਲਾਂ ਦੀ ਬਾਦਸ਼ਾਹਤ। ਤੁਹਾਡੀ ਗੁਲਾਮੀ ਹੈ ਇਹਨਾਂ ਦੀ ਜਿੱਤ। ਇਹਨਾਂ ਦੇ ਅਸਰ ਤੋਂ ਕੋਈ ਐਨੀ ਆਸਾਨੀ ਨਾਲ ਨਹੀਂ ਨਿਕਲ ਸਕਦਾ। ਤੁਸੀਂ ਇੱਕ ਦਰਸ਼ਕ ਹੋ। ਤੁਸੀਂ ਇੱਕ ਨੇਤਾ ਦਾ ਸਮੱਰਥਨ ਕਰਨ ਲਈ ਪੱਤਰਕਾਰਿਤਾ ਦੇ ਪਤਨ ਦਾ ਸਮੱਰਥਨ ਨਾ ਕਰੋ। ਸਿਰਫ਼ ਢਾਈ ਮਹੀਨਿਆਂ ਦੀ ਗੱਲ ਹੈ, ਨਿਊਜ਼ ਚੈੱਨਲਾਂ ਨੂੰ ਦੇਖਣਾ ਬੰਦ ਕਰ ਦਿਉ।
ਮੂਲ ਲਿਖਤ – ਰਵੀਸ਼ ਕੁਮਾਰ
ਪੰਜਾਬੀ ਅਨੁਵਾਦ – ਗੋਬਿੰਦਰ ਸਿੰਘ ‘ਬਰੜ੍ਹਵਾਲ’
ਈਮੇਲ - [email protected]