ਪੰਜਾਬ ਦਾ ਦਿਨ-ਬ-ਦਿਨ ਨਿੱਖਰ ਰਿਹਾ ਰਾਜਸੀ ਅੰਬਰ ! -ਹਰਜਿੰਦਰ ਸਿੰਘ ਗੁਲਪੁਰ
Posted on:- 12-09-2016
ਕੁਝ ਦਿਨ ਪਹਿਲਾਂ 'ਆਵਾਜ਼-ਏ-ਪੰਜਾਬ'(ਆਪ) ਨਾਮ ਹੇਠ ਬਣੇ ਨਵੇਂ ਰਾਜਨੀਤਕ ਫਰੰਟ ਦੇ ਸੂਤਰਧਾਰਾਂ , ਨਵਜੋਤ ਸਿੰਘ ਸਿੱਧੂ, ਦੋਵੇਂ ਬੈਂਸ ਭਰਾ ਅਤੇ ਪਰਗਟ ਸਿੰਘ ਵਲੋਂ ਬਣਾਏ ਨਵੇਂ ਗੇਮ ਪਲਾਨ ਦੀ ਪੈੜ ਆਮ ਲੋਕਾਂ ਨੇ ਸੋਸ਼ਲ ਮੀਡੀਆ ਦੀ ਬਦੌਲਤ ਝੱਟ ਨੱਪ ਲਈ ਕਿ ਇਹ ਕਿਹੜੇ ਘਰਾਂ ਵਿੱਚੋਂ ਨਿਕਲਕੇ ਆਈ ਹੈ।ਇਹ ਤਾਂ ਮਹਿਜ ਸ਼ਰੂਆਤ ਹੈ ਅਜੇ ਹੋਰ ਇੱਕਾ ਦੁੱਕਾ ਫਰੰਟਾਂ ਦੇ ਹੋਂਦ ਵਿੱਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਆਮ ਤੌਰ ’ਤੇ ਸਤਾ ਧਾਰੀ ਧਿਰਾਂ ਵਲੋਂ ਅਜਿਹੇ ਫਰੰਟਾਂ ਦੀ ਸਥਾਪਨਾ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਚੋਣਾਂ ਤੋਂ ਐਨ ਪਹਿਲਾਂ ਕੀਤੀ ਜਾਂਦੀ ਰਹੀ ਹੈ।
ਅਜਿਹੇ ਫਰੰਟ ਜਾ ਪਾਰਟੀਆਂ ਬਣਾਉਣ ਦਾ ਇੱਕੋ ਇੱਕ ਮਕਸਦ ਸਤਾਧਾਰੀ ਧਿਰ ਖਿਲਾਫ ਇੱਕ ਮੂੰਹ ਪੈਣ ਵਾਲੀਆਂ ਵੋਟਾਂ ਨੂੰ ਨਾ ਜਿੱਤ ਸਕਣ ਵਾਲੇ ਉਮੀਦਵਾਰਾਂ ਦਰਮਿਆਨ ਖਿੰਡਾਉਣਾ ਹੁੰਦਾ ਹੈ ਤਾਂ ਕਿ ਇਸ ਵਰਤਾਰੇ ਦਾ ਲਾਭ ਸਤਾਧਾਰੀ ਧਿਰ ਨੂੰ ਮਿਲ ਸਕੇ।ਕਦੇ ਕਦਾਈਂ ਅਜਿਹੇ ਉਮੀਦਵਾਰਾਂ ਵਿੱਚੋਂ ਇੱਕਾ ਦੁੱਕਾ ਉਮੀਦਵਾਰ ਜਿੱਤ ਵੀ ਜਾਂਦੇ ਹਨ, ਪਰ ਉਹ ਸਤਾਧਾਰੀ ਧਿਰ ਦੇ ਘੜੇ ਦੀ ਮੱਛੀ ਹੀ ਹੁੰਦੇ ਹਨ।ਇਹਨਾਂ ਉਮੀਦਵਾਰਾਂ ਨੂੰ ਸਤਾਧਾਰੀਆਂ ਵਲੋਂ ਆਪਣੀ ਲੋੜ ਮੁਤਾਬਕ ਵਰਤ ਲਿਆ ਜਾਂਦਾ ਹੈ। ਇਹ ਖੇਡ ਇੰਨੀ ਗੁਪਤ ਤੇ ਯੋਜਨਾਬੱਧ ਹੁੰਦੀ ਹੈ ਕਿ ਇਸਦੀ ਕੰਨਸੋਅ ਕੰਨੋ ਕੰਨ ਵੀ ਨਹੀਂ ਨਿਕਲਦੀ।ਇਹ ਪਹਿਲੀ ਵਾਰ ਹੈ ਕਿ ਵਿਕਸਤ ਹੋਈ ਸੂਚਨਾ ਤਕਨੀਕ ਅਤੇ ਜਾਗਰੂਕ ਨੌਜਵਾਨਾਂ ਸਦਕਾ ਉਪਰੋਕਤ ਸੂਤਰਧਾਰਾਂ ਦੀ ਗੇਮ ਪਲਾਨ ਦਾ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੱਚੇ ਬੱਚੇ ਦੀ ਜ਼ਬਾਨ ’ਤੇ ਹੈ।ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਚੌਥੇ ਫਰੰਟ ਦੀਆਂ ਪੈੜਾਂ ਅਕਾਲੀ ਭਾਜਪਾ ਗੱਠਜੋੜ ਦੇ ਘਰੋਂ ਨਿਕਲ ਰਹੀਆਂ ਦਿਖਾਈ ਦੇ ਰਹੀਆਂ ਹਨ।
ਪੰਜਾਬ ਦੇ ਸਿਆਸੀ ਚਿਤਰਪੱਟ ੳੇੱਤੇ ਲੋਕ ਸਭਾਈ ਚੋਣਾਂ ਤੋਂ ਬਾਅਦ ਵਾਪਰੀਆਂ ਘਟਨਾਵਾਂ ਨੂੰ ਜੇਕਰ ਜੋੜ ਕੇ ਦੇਖਿਆ ਜਾਵੇ ਤਾਂ ਕੁਝ ਇਸ ਤਰ੍ਹਾਂ ਦੀ ਸਥਿਤੀ ਉਭਰ ਕੇ ਸਾਹਮਣੇ ਆਉਂਦੀ ਹੈ।ਜਦੋਂ 2014 ਦੀਆਂ ਲੋਕ ਸਭਾਈ ਚੋਣਾਂ ਹੋਈਆਂ ਤਾਂ ਕਿਸੇ ਨੂੰ ਖਾਬ ਖਿਆਲ ਵੀ ਨਹੀਂ ਸੀ ਕਿ 'ਆਮ ਆਦਮੀ ਪਾਰਟੀ' ਪੰਜਾਬ ਦੇ ਉਸ ਸਿਆਸੀ ਮੰਚ ਉੱਤੇ ਜ਼ੋਰਦਾਰ ਢੰਗ ਨਾਲ ਦਾਖਲ ਹੋਵੇਗੀ, ਜਿਹੜਾ 2-3 ਰਵਾਇਤੀ ਪਾਰਟੀਆਂ, ਆਪਣੇ ਲਈ ਰਾਖਵਾਂ ਸਮਝਦੀਆਂ ਆ ਰਹੀਆਂ ਸਨ।ਇਹਨਾਂ ਚੋਣਾਂ ਦੌਰਾਨ 'ਆਪ' ਦੀ ਕਾਰਗੁਜਾਰੀ ਨੇ ਰਵਾਇਤੀ ਪਾਰਟੀਆਂ ਦੇ ਵਾਰੋ ਵਾਰੀ ਰਾਜ ਭਾਗ ਦਾ ਅਨੰਦ ਮਾਨਣ ਦੇ ਸੁਫਨੇ ਇੱਕ ਤਰ੍ਹਾਂ ਨਾਲ ਨੇਸਤੋ ਨਬੂਦ ਕਰ ਦਿੱਤੇ।ਹੁਣ ਤੱਕ ਇਹ ਪਾਰਟੀਆਂ 'ਆਪ' ਨੂੰ ਇਸ ਕਦਰ ਦਰ ਕਿਨਾਰ ਕਰਦੀਆਂ ਆ ਰਹੀਆਂ ਸਨ ਕਿ ਉਹਨਾਂ ਵਲੋਂ ਪੂਰੇ ਚੋਣ ਪਰਚਾਰ ਦੌਰਾਨ ਇਸ ਨਵ ਜੰਮੀ ਪਾਰਟੀ ਦਾ ਭੁੱਲ ਕੇ ਵੀ ਨਾਮ ਆਪਣੀ ਜੁਬਾਨ ਤੇ ਨਹੀਂ ਲਿਆਂਦਾ ਗਿਆ ਸੀ।ਉਹਨਾਂ ਚੋਣਾਂ ਵਿੱਚ 'ਆਪ' ਵਲੋਂ ਹਾਸਲ ਕੀਤੀਆਂ ਵੋਟਾਂ ਨੇ ਉਹਨਾਂ ਨੂੰ ਇਸ ਕਦਰ ਝੰਜੋੜ ਕੇ ਰੱਖ ਦਿੱਤਾ ਕਿ ਉਹਨਾਂ ਨੇ ਆਪਸੀ ਮੱਤਭੇਦਾਂ ਨੂੰ ਪਾਸੇ ਰੱਖ ਕੇ ਆਪ ਦਾ ਰਾਹ ਰੋਕਣ ਲਈ ਅੰਦਰ ਖਾਤੇ ਹੱਥ ਮਿਲਾਉਣ ਵਿੱਚ ਹੀ ਬਿਹਤਰੀ ਸਮਝੀ।ਇਸ ਅਣਦਿਸਦੀ ਯੋਜਨਾ ਨੂੰ ਸਿਰੇ ਚਾੜਨ ਲਈ ਪਰਿੰਟ ਅਤੇ ਬਿਜਲਈ ਮੀਡੀਆ ਦੇ ਇੱਕ ਹਿੱਸੇ ਦਾ ਸਹਾਰਾ ਲੈਣ ਦਾ ਵੀ ਨਿਰਣਾ ਲਿਆ ਗਿਆ।ਭਾਵੇਂ ਕੋਈ ਇਸ ਤੋਂ ਲੱਖ ਇਨਕਾਰ ਕਰੀ ਜਾਵੇ ਪਰ ਸੱਚ ਨੰਗਾ ਚਿੱਟਾ ਆਮ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ।ਜ਼ਿਕਰਯੋਗ ਹੈ ਕਿ ਜੇਕਰ ਮੀਡੀਆ ਦੇ ਇਸ ਹਿੱਸੇ ਦੀ ਵਾਹ ਪੇਸ਼ ਜਾਂਦੀ ਤਾਂ ੳਸ ਨੇ ਰਵਾਇਤੀ ਪਾਰਟੀਆਂ ਦੀ ਮਿਲੀ ਭੁਗਤ ਨਾਲ 'ਆਪ' ਨੂੰ ਬਚਪਨੇ ਵਿੱਚ ਹੀ ਖਤਮ ਕਰ ਦੇਣਾ ਸੀ।ਇਸ ਸਮੇਂ 'ਆਪ' ਦਾ ਦਾਰੋਮਦਾਰ ਮੀਡੀਆ ਦੇ ਨਿਰਪੱਖ ਹਿੱਸੇ ਅਤੇ ਸੋਸ਼ਲ ਮੀਡੀਆ ਦੇ ਬਲ ਬੁੱਤੇ ਉੱਤੇ ਚਲ ਰਿਹਾ ਹੈ।ਬੜੇ ਅਫਸੋਸ ਦੀ ਗੱਲ ਹੈ ਕਿ 'ਆਪ' ਦੇ ਸੰਦਰਭ ਵਿੱਚ ਮੀਡੀਆ ਦਾ ਇੱਕ ਹਿੱਸਾ ਆਮ ਲੋਕਾਂ ਅੰਦਰ ਆਪਣੀ ਭਰੋਸੇ ਯੋਗਤਾ ਖਤਮ ਕਰਨ ਦੇ ਰਾਹ ਪੈ ਚੁੱਕਾ ਹੈ।ਇਸ ਤੋਂ ਇਲਾਵਾ ਉਪਰੋਕਤ ਤਿੰਨਾਂ ਪਾਰਟੀਆਂ ਨੇ ਇੱਕ ਦੂਜੇ ਖਿਲਾਫ ਦੂਸ਼ਣ ਬਾਜੀ ਲਾਉਣ ਦੀ ਥਾਂ ਆਪਣੀਆਂ 'ਤੋਪਾੰ' ਦੇ ਮੂੰਹ 'ਆਪ' ਦੀ ਤਰਫ ਕਰ ਦਿੱਤੇ ਹਨ।ਇਹੀ ਕਾਰਨ ਹੈ ਕਿ ਜਦੋਂ 'ਆਪ' ਦੇ ਆਗੂਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਅਸਲ ਮੁਕਾਬਲਾ ਕਿਹੜੀ ਪਾਰਟੀ ਨਾਲ ਹੈ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਇਸ ਵਾਰ ਤਿੰਨੇ ਪਾਰਟੀਆਂ ਉਹਨਾਂ ਖਿਲਾਫ ਰਲ ਕੇ 2017 ਦੀਆਂ ਵਿਧਾਨ ਸਭਾਈ ਚੋਣਾਂ ਲੜਨਗੀਆਂ।ਨਵੇਂ ਬਣੇ ਫਰੰਟ ਦਾ ਲੇਖਾ ਜੋਖਾ ਕਰਦਿਆਂ ਸਭ ਤੋਂ ਪਹਿਲਾਂ ਬੈਂਸ ਭਰਾਵਾਂ ਦੀ ਗੱਲ ਕਰਦੇ ਹਾਂ।ਪੰਜਾਬ ਸਰਕਾਰ ਵਲੋਂ ਬੈਂਸ ਭਰਾਵਾਂ ਦੀ ਪੂਰੀ ਤਰ੍ਹਾਂ ਪੁਸ਼ਤਪਨਾਹੀ ਕਰਨ ਦਾ ਉਹਨਾਂ ਨਾਲ ਚਿਰੋਕਣਾ ਵਾਅਦਾ ਕੀਤਾ ਗਿਆ।ਸਰਕਾਰੇ ਦਰਬਾਰੇ ਉਹਨਾਂ ਦੇ ਕੰਮ ਕਾਜ ਬਿਨਾਂ ਰੁਕਾਵਟ ਨੇਪਰੇ ਚਾੜਨ ਦੇ ਫੁਰਮਾਨ ਪਰਸਾਸ਼ਨ ਨੂੰ ਜਬਾਨੀ ਕਲਾਮੀ ਦਿੱਤੇ ਗਏ।ਇੱਕ ਤਰ੍ਹਾਂ ਨਾਲ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਅੰਦਰ ਸਮਾਨਾਂਤਰ ਸਰਕਾਰ ਚਲਾਉਣ ਦੀ ਖੁੱਲ ਦਿੱਤੀ ਗਈ।ਇਸੇ ਦੀ ਕੜੀ ਵਜੋਂ ਤਹਿਸੀਲਦਾਰ ਪੱਧਰ ਦੇ ਸਾਬਕਾ ਫੌਜੀ ਅਧਿਕਾਰੀ ਦੀ ਡਿਊਟੀ ਦੌਰਾਨ ਬੁਰੀ ਤਰ੍ਹਾਂ ਕੁੱਟਮਾਰ ਹੀ ਨਹੀਂ ਕੀਤੀ ਗਈ ਸਗੋ ਉਸ ਦਾ ਲਸੰਸੀ ਰੀਵਾਲਵਰ ਤੱਕ ਖੋਹ ਕੇ ਅਤੇ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਬੇ ਹੱਦ ਜਲੀਲ ਕੀਤਾ ਗਿਆ।ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸੱਚ ਮੁੱਚ ਉਹ ਬਾਦਲ ਸਰਕਾਰ ਦਾ ਵਿਰੋਧ ਕਰਦੇ ਸਨ ਤਾਂ ਸਰਕਾਰੇ ਦਰਬਾਰੇ ਉਹਨਾਂ ਦੇ ਕੰਮ ਕਿਵੇਂ ਹੁੰਦੇ ਸਨ? ਇਸ ਤੋਂ ਇਲਾਵਾ ਤਹਿਸੀਲਦਾਰ ਕਾਂਡ ਵਿੱਚ ਉਹਨਾਂ ਦਾ ਵਾਲ ਵੀ ਵਿੰਗਾ ਕਿਉਂ ਨਾ ਹੋਇਆ?ਇਸ ਤੋਂ ਇਲਾਵਾ ਬੈਸਾੰ ਵਲੋਂ ਬਣਾਈ 'ਟੀਮ ਇਨਸਾਫ' ਨੂੰ ਉਭਾਰਨ ਲਈ ਉਹਨਾਂ ਨੂੰ ਗਰਿਫਤਾਰ ਕਰਨ ਦੇ ਵਾਰ ਵਾਰ ਡਰਾਮੇ ਕੀਤੇ ਗਏ ਜਿਹਨਾਂ ਦਾ ਮਤਲਬ ਲੋਕ ਮਨਾਂ ਵਿੱਚ ਉਹਨਾਂ ਵਾਸਤੇ ਹਮਦਰਦੀ ਪੈਦਾ ਕਰਨਾ ਸੀ ਤਾਂ ਕਿ ਸਮਾਂ ਆਉਣ ਤੇ ਇਸ ਹਮਦਰਦੀ ਨੂੰ ਵੋਟਾਂ ਵਿੱਚ ਬਦਲ ਕੇ ਖਾਰਜ ਕੀਤਾ ਜਾ ਸਕੇ।ਬਾਦਲ ਸਾਹਿਬ ਨੂੰ ਆਪਣੇ ਸਿਆਸੀ ਅਨੁਭਵ ਕਾਰਨ ਇਲਹਾਮ ਸੀ ਕਿ ਬੈਂਸਾੰ ਦੀ ਲੋੜ ਚੋਣਾਂ ਸਮੇਂ ਜ਼ਰੂਰ ਪਵੇਗੀ।ਇਸ ਵਾਸਤੇ ਪੰਜਾਬ ਸਰਕਾਰ ਬੈਂਸ ਭਰਾਵਾਂ ਨਾਲ ਰੱਜ ਕੇ ਨੂਰਾ ਕੁਸ਼ਤੀ ਕਰਦੀ ਰਹੀ ਤਾਂ ਕਿ ਲੋਕਾਂ ਨੂੰ ਯਕੀਨ ਹੋ ਜਾਵੇ ਕਿ ਬੈਂਸ ਭਰਾ ਪੰਜਾਬ ਸਰਕਾਰ ਨਾਲ ਲੋਕਾਂ ਵਾਸਤੇ ਇਨਸਾਫ ਦੀ ਲੜਾਈ ਲੜ ਰਹੇ ਹਨ।ਵਿਧਾਨ ਸਭਾ ਦੇ ਚਾਲੂ ਸੈਸ਼ਨ ਦੌਰਾਨ ਕੀਤੀ ਜਾ ਰਹੀ ਨੌਟੰਕੀ ਵੀ ਲੋਕ ਮਨਾਂ ਅੰਦਰ ਭਰਮ ਭੁਲੇਖੇ ਖੜੇ ਕਰਨ ਦਾ ਇਕ ਯਤਨ ਮਾਤਰ ਹੈ।ਰਾਜਸਥਾਨ ਨੂੰ ਪਾਣੀ ਕੋਈ ਰਾਤੋ ਰਾਤ ਨਹੀਂ ਜਾਣ ਲੱਗਾ ਜਿਸ ਦਾ ਪਤਾ ਬੈਂਸ ਭਰਾਵਾਂ ਨੂੰ ਹੁਣ ਲੱਗਾ ਹੈ।ਲੋਕ ਸਵਾਲ ਕਰਦੇ ਹਨ ਕਿ ਉਹਨਾਂ ਨੇ ਪਾਣੀ ਦੀ ਰਾਇਲਟੀ ਦਾ ਮੁੱਦਾ ਪਹਿਲਾਂ ਕਦੇ ਐਨੀ ਸ਼ਿੱਦਤ ਨਾਲ ਕਿਉਂ ਨਹੀਂ ਚੁੱਕਿਆ।ਲੁਧਿਆਣਾ ਦੀ ਲੋਕ ਸਭਾ ਚੋਣ ਸਮੇਂ ਬਾਦਲ ਬੈਂਸ ਭਰਾਵਾਂ ਨੂੰ 'ਆਪ' ਉਮੀਦਵਾਰ ਫੂਲਕਾ ਖਿਲਾਫ ਬਖੂਬੀ ਵਰਤ ਚੁੱਕੇ ਹਨ।ਇਸ ਫਰੰਟ ਦੇ ਕਰਤਿਆਂ ਧਰਤਿਆਂ ਵਿੱਚ ਦੂਜਾ ਨਾਮ ਆਉਂਦਾ ਹੈ ਸ।ਪਰਗਟ ਸਿੰਘ ਦਾ। ਜਦੋਂ ਉਹਨਾਂ ਨੇ ਅਕਾਲੀ ਦਲ ਦੀ ਟਿਕਟ ੳੱਤੇ ਜਲੰਧਰ ਛਾਉਣੀ ਹਲਕੇ ਤੋਂ ਚੋਣ ਲੜੀ ਸੀ ਤਾਂ ਉਹਨਾਂ ਦੇ ਮਨ ਮੰਦਰ ਅੰਦਰ ਖੇਡ ਮੰਤਰੀ ਬਣਨ ਦੇ ਸੁਫਨੇ ਨੇ ਅੰਗੜਾਈ ਭਰੀ ਸੀ।ਲੇਕਿਨ ਇਸ ਸੁਫਨੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਪ ਮੁੱਖ ਮੰਤਰੀ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਸੀ ਜੋ ਕਿਸੇ ਕਾਰਨ ਵੱਸ ਨਹੀਂ ਹੋਈ।ਇਸ ਦੇ ਬਾਵਯੂਦ ਉਹ ਸਤਾ ਦਾ ਅਨੰਦ ਹੁਣ ਤੱਕ ਮਾਣਦੇ ਆ ਰਹੇ ਹਨ।ਅਚਾਨਕ ਉਹਨਾਂ ਨੇ ਹਲਕੇ ਅੰਦਰ ਉਹਨਾਂ ਦੇ ਕਹੇ ਅਨੁਸਾਰ ਕੰਮ ਨਾ ਹੋਣ ਦਾ ਬਹਾਨਾ ਲਾ ਕੇ ਚੀਫ ਪਾਰਲੀਮਾਨੀ ਸੈਕਟਰੀ ਨਿਯੁਕਤ ਹੋਣ ਤੋਂ ਇਨਕਾਰ ਕਰ ਦਿੱਤਾ।ਉਹਨਾਂ ਵਲੋਂ ਸਾਢੇ ਚਾਰ ਸਾਲਾਂ ਦੌਰਾਨ ਅਜਿਹਾ ਕੋਈ ਵੀ ਪਰਤੀਕਰਮ ਨਹੀਂ ਕੀਤਾ ਜਿਸ ਤੋਂ ਲੱਗਦਾ ਹੋਵੇ ਕਿ ਉਹਨਾਂ ਨੂੰ ਪੰਜਾਬ ਸਰਕਾਰ ਨਾਲੋਂ ਪੰਜਾਬ ਦੇ ਹਿਤ ਪਿਆਰੇ ਹਨ।ਉਪਰੋਕਤ ਨਿਯੁਕਤੀ ਤੋਂ ਇਨਕਾਰ ਕਰਕੇ ਬਾਗੀ ਤੇਵਰ ਅਪਨਾਉਣ ਨੂੰ ਵੀ ਵੋਟਾਂ ਖਿੰਡਾਉਣ ਵਾਲੀ ਖੇਡ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ,ਜਿਸ ਦੇ ਬਦਲੇ ਉਹਨਾਂ ਨੂੰ ਹੋਰ ਕਿਤੇ ਐਡਜਸਟ ਕਰਨ ਦਾ ਲਾਰਾ ਲਾਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਇਹ ਵੀ ਯਾਦ ਰਹੇ ਕਿ ਪਰਗਟ ਸਿੰਘ ਦੀ ਪੰਜਾਬ ਦੇ ਦੋ ਤੋਂ ਵੱਧ ਰਵਾਇਤੀ ਰਾਜਨੀਤਕ ਘਰਾਣਿਆਂ ਨਾਲ ਗੂੜੀ ਰਿਸ਼ਤੇਦਾਰੀ ਹੈ।ਇਸ ਫਰੰਟ ਦਾ ਸਭ ਤੋਂ ਮਹੱਤਵ ਪੂਰਨ ਸੂਤਰਧਾਰ ਹੈ ਨਵਜੋਤ ਸਿੰਘ ਸਿੱਧੂ,ਜਿਸ ਨੂੰ ਫਰੰਟ ਦੀ ਵਾਗ ਡੋਰ ਸੌੰਪਣ ਦੀ ਜ਼ਿੰਮੇਵਾਰੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ।18 ਜੁਲਾਈ ਨੂੰ ਸਿੱਧੂ ਨੇ ਭਾਜਪਾ ਦੀ ਰਾਜ ਸਭਾ ਮੈੰਬਰੀ ਤੋਂ ਬੜੇ ਹੀ ਨਾਟਕੀਆ ਅੰਦਾਜ ਵਿੱਚ ਅਸਤੀਫਾ ਦੇ ਦਿੱਤਾ।ਅਸਤੀਫੇ ਤੋਂ ਕਾਫੀ ਸਮਾਂ ਪਹਿਲਾਂ ਉਸ ਦੀ ਪਾਰਲੀਮਾਨੀ ਸਕੱਤਰ ਪਤਨੀ ਵਲੋਂ ਆਪਣੀ ਹੀ ਸਰਕਾਰ ਦੀ ਅਲੋਚਨਾ ਕੀਤੀ ਗਈ ਅਤੇ 'ਆਪ' ਦੇ ਸੋਹਲੇ ਗਾਏ ਗਏ।ਉਸ ਵਲੋਂ ਸਿੱਧੂ ਦੇ ਇਸ਼ਾਰੇ ਉੱਤੇ ਅਜਿਹੀ ਜ਼ਮੀਨ ਤਿਆਰ ਕੀਤੀ ਗਈ ਜਿਸ ਤੋਂ ਲੱਗੇ ਕਿ ਸਿੱਧੂ ਜੋੜੀ 'ਆਪ' ਦੀਆਂ ਨੀਤੀਆਂ ਤੋਂ ਪਰਭਾਵਿਤ ਹੈ।ਅਸਤੀਫੇ ਤੋਂ ਬਾਅਦ ਸਿੱਧੂ ਦੀਆਂ ਅਰਵਿੰਦ ਕੇਜਰੀਵਾਲ ਨਾਲ ਖੁਫੀਆ ਮੀਟਿੰਗਾਂ ਹੋਈਆਂ।ਮੀਡੀਆ ਵਿੱਚ ਕਈ ਤਰ੍ਹਾਂ ਦੇ ਅਟਕਲ ਪੱਚੂ ਚਲਦੇ ਰਹੇ।19 ਅਗਸਤ ਨੂੰ ਕੇਜਰੀਵਾਲ ਨੇ ਟਵੀਟ ਕੀਤਾ ਕਿ ਸਿੱਧੂ ਨੇ 'ਆਪ' ਵਿੱਚ ਸ਼ਾਮਿਲ ਹੋਣ ਲਈ ਕੋਈ ਸ਼ਰਤ ਨਹੀਂ ਰੱਖੀ,ਸਗੋੰ ਉਹਨਾਂ ਨੇ ਇਸ ਤੇ ਵਿਚਾਰ ਕਰਨ ਲਈ ਹੋਰ ਸਮਾਂ ਮੰਗਿਆ ਹੈ। ਲੱਗਦਾ ਹੈ ਕਿ ਕੇਜਰੀਵਾਲ ਨੇ ਇਹ ਟਵੀਟ ਰਾਜਸੀ ਆਗੂਆ ਦੀ ਗੁਪਤ ਗੱਲਬਾਤ ਦੇ ਮਿਆਰ ਨੂੰ ਕਾਇਮ ਰੱਖਣ ਲਈ ਕੀਤਾ ਸੀ।ਇਸ ਵਕਤ ਤੱਕ ਹਾਲਾਤ ਭੰਬਲ ਭੂਸੇ ਵਾਲੇ ਬਣੇ ਹੋਏ ਸਨ।ਪਰ ਸੋਸ਼ਲ ਮੀਡੀਆ ਤੇ ਨਸ਼ਰ ਕੀਤੇ ਗਏ ਉਪਰੋਕਤ ਫਰੰਟ ਦੀ ਜਾਣਕਾਰੀ ਨੇ ਸਾਰੇ ਸ਼ੱਕ ਸ਼ੁਬਹੇ ਦੂਰ ਕਰ ਦਿੱਤੇ।ਜੇ ਕੋਈ ਭੁਲੇਖਾ ਰਹਿ ਗਿਆ ਸੀ ਉਹ ਸਿੱਧੂ ਦੀ ਅਗਵਾਈ ਹੇਠ ਚਾਰਾਂ 'ਮਹਾਂ ਰਥੀਆਂ! ਵਲੋਂ ਕੀਤੀ ਕਵੀ ਦਰਬਾਰ ਨੁਮਾ ਪ੍ਰੈੱਸ ਕਾਨਫਰੰਸ ਨੇ ਕੱਢ ਦਿੱਤਾ। ਪਰੈਸ ਕਾਨਫਰੰਸ ਦੌਰਾਨ ਕਿਸੇ ਪੱਤਰਕਾਰ ਨੂੰ ਸਵਾਲ ਪੁੱਛਣ ਦੀ ਆਗਿਆ ਨਹੀਂ ਦਿੱਤੀ ਗਈ।ਸਵਾਲਾਂ ਦਾ ਸਵਾਲ ਹੈ ਕਿ ਫੇਰ ਪੱਤਰਕਾਰ ਉੱਥੇ ਕਰਨ ਕੀ ਗਏ ਸਨ?ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਮੋਦੀ ਅਤੇ ਅਮਿਤ ਸ਼ਾਹ ਵਰਗੇ ਨੇਤਾਵਾਂ ਨੂੰ ਆਪਣੇ ਪਿਤਾ ਸਮਾਨ ਆਖ ਕੇ ਆਵਾਜ਼-ਏ-ਪੰਜਾਬ ਰੂਪੀ ਰਾਜਸੀ ਘੜੇ ਤੋਂ ਕੌਲਾ ਚੱਕ ਦਿੱਤਾ।ਲੋਕਾਂ ਨੂੰ ਅੱਖ ਦੇ ਫੋਰ ਵਿੱਚ ਸਮਝ ਆ ਗਿਆ ਕਿ ਇਹ ਨਵਾਂ ਫਰੰਟ ਅਕਾਲੀ ਭਾਜਪਾ ਗੱਠਜੋੜ ਨੂੰ ਅਸਿੱਧਾ ਲਾਭ ਪਹੁੰਚਾਉਣ ਲਈ ਬਣਾਇਆ ਗਿਆ ਹੈ, ਜਿਸ ਦੇ ਮਹਾਂ ਸੂਤਰਧਾਰ ਬਾਦਲ ਅਤੇ ਮੋਦੀ ਵਰਗੇ ਆਕਾ ਹਨ।ਇਹੀ ਕਾਰਨ ਹੈ ਕਿ 'ਆਪ' ਨਾਮ ਦਾ ਇਹ ਫਰੰਟ ਜੇ ਸਿਰੇ ਚੜ ਗਿਆ ਤਾਂ ਆਮ ਆਦਮੀ ਪਾਰਟੀ ਦੇ ਸ਼ਰੀਕ ਵਜੋਂ ਵਿਚਰੇਗਾ।ਇਸ ਫਰੰਟ ਦੇ ਸਿਰਜਕਾਂ ਦਾ ਕੋਈ ਲੋਕ ਅਧਾਰ ਨਹੀਂ ਹੈ।ਕਿਉਂ ਕਿ ਇਹ ਲੋਕ ਅਕਾਲੀ ਦਲ ਅਤੇ ਭਾਜਪਾ ਪਿਛੋਕੜ ਵਾਲੇ ਹਨ ਇਸ ਲਈ ਇਹਨਾਂ ਦੇ ਵੋਟ ਵੀ ਦੋਹਾਂ ਖੇਮਿਆਂ ਅੰਦਰ ਹੀ ਹੋ ਸਕਦੇ ਹਨ।ਜਿੱਥੋੰ ਤੱਕ ਸੁੱਚਾ ਸਿੰਘ ਛੋਟੇਪੁਰ ਦੇ ਇਸ ਫਰੰਟ ਵਿੱਚ ਸ਼ਾਮਲ ਹੋਣ ਦਾ ਸਬੰਧ ਹੈ ,ਉਸ ਨਾਲ ਕੋਈ ਜ਼ਿਆਦਾ ਫਰਕ ਪੈਣ ਵਾਲਾ ਨਹੀਂ ਹੈ।ਛੋਟੇਪੁਰ ਕਦੇ ਵੀ ਪੰਜਾਬ ਦੇ ਕੱਦਾਵਰ ਆਗੂ ਨਹੀਂ ਰਹੇ।ਨਵੀੰ ਪੀੜੀ ਨੇ ਤਾਂ ਉਹਨਾਂ ਦਾ ਨਾਮ ਵੀ ਉਹਨਾਂ ਦੇ 'ਆਪ' ਨਾਲ ਜੁੜਨ ਤੋਂ ਬਾਅਦ ਹੀ ਸੁਣਿਆ ਹੈ।ਅੰਦਰੂਨੀ ਰੌਲੇ ਗੌਲੇ ਨੂੰ ਪਿੱਛੇ ਛੱਡਦਿਆਂ ਆਪ ਵਲੋਂ ਬਾਘਾ ਪੁਰਾਣਾ ਵਿਖੇ ਕੀਤੇ ਕਿਸਾਨ ਇਕੱਠ ਨੇ ਬਹੁਤ ਕੁਝ ਸਾਫ ਕਰ ਦਿੱਤਾ ਹੈ।ਇੱਕ ਤਰ੍ਹਾਂ ਨਾਲ ਇਹ ਨਿਰੋਲ ਕਿਸਾਨ ਇਕੱਠ ਮਾਘੀ ਵਾਲੇ ਇਕੱਠ ਨਾਲੋਂ ਇਸ ਲਈ ਵੱਡਾ ਅਤੇ ਊਰਜਾਵਾਨ ਸੀ ਕਿਉਂ ਕਿ ਇਸ ਨਾਲ ਕਿਸੇ ਕਿਸਮ ਦੀ ਧਾਰਮਿਕ ਆਸਥਾ ਨਹੀਂ ਜੁੜੀ ਹੋਈ ਸੀ।ਜੇਕਰ 'ਆਪ' ਦੇ ਆਗੂ ਪੰਜਾਬ ਦਾ ਭਲਾ ਚਾਹੁੰਣ ਵਾਲੀਆਂ ਹੋਰ ਧਿਰਾਂ ਨਾਲ ਵੀ ਰਾਬਤਾ ਕਾਇਮ ਕਰ ਲੈਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਟ੍ਰਿਬਿਊਨ ਸਮੂਹ ਦੇ ਮੁੱਖ ਸੰਪਾਦਕ ਹਰੀਸ਼ ਖਰੇ ਨੇ 'ਪੰਜਾਬ ਵਿੱਚ ਚੱਲ ਰਹੀ ਮਹਾਂ ਸਰਕਸ...' ਦੇ ਅਨੁਵਾਨ ਹੇਠ ਲਿਖੇ ਆਪਣੇ ਲੇਖ ਵਿੱਚ ਇਹ ਭਾਵ ਪੂਰਤ ਟਿੱਪਣੀ ਕੀਤੀ ਹੈ ਕਿ," ਕੁਝ ਵੀ ਹੋਵੇ ਆਪਣੇ ਵਲੋਂ ਖੜੇ ਕੀਤੇ ਸਾਰੇ ਭੰਬਲਭੂਸੇ ਦੇ ਬਾਵਯੂਦ 'ਆਪ' ਦੇ ਹਜੂਮ ਨੇ ਇੱਕ ਗੱਲ ਯਕੀਨੀ ਬਣਾ ਦਿੱਤੀ ਹੈ ਕਿ ਬਾਦਲਾਂ ਦੀ ਰਾਜ ਸਤਾ ਹੁਣ ਦਿਨਾਂ ਦੀ ਮਹਿਮਾਨ ਹੈ।ਇਹ ਆਪਣੇ ਆਪ ਵਿੱਚ ਕੋਈ ਛੋਟੀ ਪਰਾਪਤੀ ਨਹੀਂ"।ਸੰਪਰਕ: 0061 470605255
Harjindermeet Singh
ਟੁੱਟੀ ਭੱਜੀ ਦਾ ਪੱਤਣ ਮੇਲਾ 😀 ਵਿਚਾਲੇ ਕਾਮਰੇਡ ਹੁਣ ਵਿਧਾਨ ਸਭਾ ਚੋਣਾਂ ਚੋਂ ਇਨਕਲਾਬ ਭਾਲ ਰਹੇ ਹਨ