ਪੰਜਾਬ ਦੀਆਂ ਉੱਜੜੀਆਂ ਗੁਲਜ਼ਾਰਾਂ ਵਿੱਚ ਬਹਾਰਾਂ ਲੋਚਦਾ ਧਰਮਵੀਰ ਗਾਂਧੀ - ਗੁਰਚਰਨ ਪੱਖੋਕਲਾਂ
Posted on:- 07-09-2016
ਵਰਤਮਾਨ ਸਮੇਂ ਜਦ ਪੰਜਾਬ ਦੀ ਆਰਥਿਕ ਹਾਲਤ ਲੱਖਾਂ-ਕਰੋੜਾਂ ਦੀ ਕਰਜ਼ਾਈ ਹੋਕੇ ਮੰਗਤੀ ਬਣ ਚੁੱਕੀ ਹੈ, ਜਦ ਪੰਜਾਬ ਦੀ ਰੀੜ ਦੀ ਹੱਡੀ ਕਿਸਾਨੀ ਅੰਨਾਂ ਅੰਨ ਉਪਜਾਉਣ ਦੇ ਬਾਵਜੂਦ ਖੁਦਕੁਸ਼ੀਆਂ ਕਰ ਰਹੀ ਹੈ, ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਦਰਿਆ ਵੱਲ ਧੱਕੀ ਜਾ ਰਹੀ ਹੈ, ਪੰਜਾਬ ਦੀ ਮਜ਼ਦੂਰ ਜਮਾਤ ਡੰਗ ਟਪਾਊ ਰੋਜਗਾਰ ਭਾਲਦੀ ਫਿਰ ਰਹੀ ਹੈ, ਪੰਜਾਬ ਦੇ ਰਾਜ ਕਰਦੇ ਅਤੇ ਵਿਰੋਧੀ ਧਿਰ ਪੰਜਾਬ ਦੇ ਅਸਲੀ ਦੁੱਖ ਦਰਦ ਬਿਆਨਣ ਦੀ ਥਾਂ ਜੱਭਲੀਆਂ ਮਾਰ ਰਹੇ ਹਨ ਪਰ ਇਹੋ ਜਿਹੇ ਸਮੇਂ ਤੇ ਵੀ ਇੱਕ ਬਜ਼ੁਰਗ ਡਾਕਟਰ ਧਰਮਵੀਰ ਗਾਂਧੀ ਪੰਜਾਬ ਦੇ ਦੁੱਖਾਂ ਦਾ ਇਲਾਜ ਕਰਨ ਲਈ ਸੋਚਦਿਆਂ ਹੋਇਆਂ ਭਾਈ ਘਨੱਈਏ ਦੇ ਵਾਰਿਸ਼ ਟਟੋਲਦਾ ਫਿਰਦਾ ਹੈ।
ਪਾਪ ਦੀ ਜੰਝ ਦੇ ਰਾਹੀਂ ਲੁਟੇਰੇ ਰਾਜਨੀਤਕ ਪੰਜਾਬ ਲੁੱਟਣ ਦੀਆਂ ਸਕੀਮਾਂ ਬਣਾਈ ਜਾ ਰਹੇ ਹਨ, ਪਰ ਪੰਜਾਬ ਦੇ ਵਿਰਲੇ ਲੋਕਾਂ ਵਿੱਚੋਂ ਇਹ ਬਜ਼ੁਰਗ ਜਾਗਦੇ ਰਹੋ ਜਾਗਣ ਦਾ ਵੇਲਾ ਦੇ ਹੋਕੇ ਮਾਰ ਰਿਹਾ ਹੈ। ਪੰਜਾਬ ਦੇ ਸੂਰਮੇ ਪੁੱਤ ਨੇ ਅੱਜ ਚੰਡੀਗੜ ਦੀਆਂ ਪੱਥਰ ਦਿਲ ਇਮਾਰਤਾਂ ਵਿੱਚੋਂ ਇੱਕ ਲਲਕਾਰਾ ਦੁਨੀਆਂ ਦੇ ਸਮੁੱਚੇ ਪੰਜਾਬੀਆਂ ਨੂੰ ਮਾਰਿਆ ਹੈ ਜਿਸ ਵਿੱਚ ਪੰਜਾਬ ਦੇ ਬੁੱਕਲ ਦੇ ਸੱਪਾਂ ਦਿੱਲੀ ਦੇ ਲੁਟੇਰੇ ਧਾੜਵੀ ਟੋਲੇ ਨੂੰ ਵੰਗਾਰਨ ਦੀ ਲਲਕਾਰ ਹੈ, ਪੰਜਾਬ ਦੀ ਅਣਖ , ਮਾਣ, ਇੱਜ਼ਤ, ਸੋਚ ਸੰਵਾਰਨ ਦਾ ਹੋਕਾ ਹੈ।
ਲੋਕਤੰਤਰ ਦੇ ਜਮਾਨੇ ਵਿੱਚ ਹਰ ਇਨਕਲਾਬ ਹਰ ਵਿਵਸਥਾ ਹਰ ਨਵੀਂ ਸੋਚ ਸਮੂਹ ਲੋਕਾਂ ਦੇ ਸਹਿਯੋਗ ਨਾਲ ਹੀ ਤੁਰਦੀ ਹੈ। ਅਰਾਜਕਤਾ ਵਾਦੀ ਅੰਦੋਲਨ ਭਾਵੇਂ ਕੁਝ ਸਿਰਾਂ ਤੇ ਕੱਫਣ ਬੰਨਣ ਵਾਲੇ ਲੋਕ ਵੀ ਕਰ ਸਕਦੇ ਹਨ ਜਿੰਹਨਾਂ ਦਾ ਅੰਤ ਕਤਲੋ ਗਾਰਦ ਵਿੱਚ ਅਹੂਤੀ ਦੇਣ ਤੇ ਸਮਾਪਤ ਹੋ ਜਾਂਦਾ ਹੈ, ਪਰ ਅਸਲੀ ਇਨਕਲਾਬ ਤਾਂ ਬਹੁਮੱਤ ਸਿਰਾਂ ਦੇ ਜੁੜਨ ਤੇ ਹੀ ਪੈਦਾ ਹੁੰਦਾ ਹੈ ਅਤੇ ਧਰਮਵੀਰ ਵੀ ਇਸ ਰਾਹ ਦਾ ਰਾਹੀ ਹੈ। ਭਰ ਜਵਾਨੀ ਵਿੱਚ ਲੁਧਿਆਣੇ ਦੀਆਂ ਗਰੀਬ ਬਸਤੀਆਂ ਵਿੱਚ ਵਿਚਰਦਿਆਂ ਤੱਪੜਾਂ, ਬੋਰੀਆਂ, ਵਿੱਚ ਸੌਣਾਂ ਸਵੇਰੇ ਉੱਠਕੇ ਰੇਲਵੇ ਲਾਈਨਾਂ ਤੇ ਮੈਦਾਨੇ ਜੰਗ ਜਾਂਦਿਆਂ ਦੀਆਂ ਅਨੇਕਾਂ ਦਿਲਚਸਪ ਘਟਨਾਵਾਂ ਵਿੱਚੋਂ ਗੁਜ਼ਰਦਿਆਂ ਲੋਕ ਸੇਵਾ ਵਿੱਚ ਹੋਲ ਟਾਈਮਰ ਦੇ ਤੌਰ ਤੇ ਵੀ ਕੰਮ ਕਰਨ ਦੇ ਤਜਰਬਿਆਂ ਨਾਲ ਲੈਸ ਇਹ ਸੂਰਮਾ ਪੁੱਤ ਡਾਕਟਰੀ ਦੀ ਉੱਚ ਡਿਗਰੀ ਹਾਸਲ ਕਰਕੇ ਵੀ ਲੋਕ ਸੇਵਾ ਨਹੀਂ ਭੁੱਲਿਆਂ ਹੈ। ਤਿੰਨ ਤਿੰਨ ਸੌ ਰੁਪਏ ਉ ਪੀ ਡੀ ਦੀ ਫੀਸ ਲੈਣ ਵਾਲੇ ਪਟਿਆਲੇ ਵਰਗੇ ਮਹਿੰਗੇ ਸ਼ਹਿਰ ਵਿੱਚ ਵੀ ਤੀਹ ਰੁਪਏ ਫੀਸ ਲੈਕੇ ਗਰੀਬਾਂ ਨੂੰ ਫਰੀ ਸੇਵਾ ਦੇਕੇ ਕਈਆਂ ਨੂੰ ਤਾਂ ਪੱਲਿਉ ਵੀ ਕਿਰਾਏ ਭਾੜੇ ਦੇ ਪੈਸੇ ਦੇਕੇ ਤੋਰਨ ਵਾਲਾ ਇਹ ਫਕੀਰਾਂ ਵਰਗਾ ਮਨੁੱਖ ਟੈਸਟ ਲਿਖਦਿਆਂ ਲੈਬਾਂ ਵਾਲਿਆਂ ਨੂੰ ਇਹ ਵੀ ਲਿਖ ਦਿੰਦਾ ਹੈ ਕਿ ਡਾਕਟਰਾਂ ਨੂੰ ਦਿੱਤਾ ਜਾਣ ਵਾਲਾ ਕਮਿਸ਼ਨ ਮਰੀਜ ਨੂੰ ਵਾਪਸ ਕੀਤਾ ਜਾਵੇ। ਪੈਸੇ ਦੇ ਭੁੱਖੇ ਜਮਾਨੇ ਵਿੱਚ ਕਮਿਊਨਿਸਟ ਬਿਰਤੀਆਂ ਦਾ ਮਾਲਕ ਗੁਰੂਆਂ ਪੀਰਾਂ ਦੀ ਵਿਰਾਸਤ ਉੱਪਰ ਅਥਾਹ ਭਰੋਸਾ ਰੱਖਦਾ ਹੈ। ਪੰਜਾਬ ਦੀ ਗੱਲ ਛੇੜਦਿਆਂ ਹਮੇਸਾਂ ਇਸ ਗਲ ਦੀ ਗਵਾਹੀ ਦਿੰਦਾ ਹੈ ਕਿ ਪੰਜਾਬ ਸਦਾ ਗੁਰੂਆਂ ਦੇ ਨਾਂ ਤੇ ਹੀ ਵਸਦਾ ਹੈ ਅਤੇ ਵਸਦਾ ਰਹੇਗਾ। ਅੰਨਾਂ ਅੰਦੋਲਨ ਵਿੱਚ ਹਿੱਸਾ ਲੈਣ ਤੁਰ ਗਿਆ ਇਹ ਬੰਦਾ ਆਪਣਾ ਹਸਪਤਾਲ ਹੀ ਬੰਦ ਕਰਕੇ ਸਮੁੱਚੇ ਹਿੰਦੋਸਤਾਨ ਦਾ ਭਲਾ ਚਾਹੁਣ ਵਾਲੇ ਇਸ ਸੰਘਰਸ਼ ਵਿੱਚ ਸਾਥੀ ਜਾ ਬਣਿਆ ਸੀ। ਅੰਨਾਂ ਅੰਦੋਲਨ ਉਸ ਸਮੇਂ ਬਗਾਵਤ ਦਾ ਰੂਪ ਸੀ ਭਾਵੇਂ ਕਿ ਬਾਅਦ ਵਿੱਚ ਇਹ ਕੁਝ ਗਦਾਰਾਂ ਦੇ ਲਾਲਚਾਂ ਦੀ ਭੇਂਟ ਚੜ ਗਿਆ ਪਰ ਇਸ ਅੰਦੋਲਨ ਸਮੇਂ ਵਗਦੇ ਦਰਿਆਂ ਵਿੱਚੋਂ ਪੰਜਾਬੀਆਂ ਨੂੰ ਭਵਿੱਖ ਲਈ ਇੱਕ ਹੀਰੇ ਦੇ ਰੂਪ ਵਿੱਚ ਇਸ ਡਾਕਟਰ ਨੂੰ ਪੰਜਾਬ ਦੀ ਝੋਲੀ ਜ਼ਰੂਰ ਦੇ ਗਿਆ ਸੀ। ਜਦ ਅੰਦੋਲਨ ਦੇ ਗਦਾਰ ਲੋਕ ਸਭ ਨੂੰ ਗਦਾਰੀ ਦੇ ਰੰਗ ਵਿੱਚ ਰੰਗਣ ਲੱਗੇ ਸਨ ਤਦ ਇਸ ਹੀਰੇ ਉੱਪਰ ਉਹਨਾਂ ਗੱਦਾਰਾਂ ਦਾ ਕੋਈ ਰੰਗ ਨਾਂ ਚੜਿਆਂ ਸੀ। ਹੀਰੇ ਕਦੇ ਵਪਾਰੀਆਂ ਲਲਾਰੀਆਂ ਦੇ ਮੁਥਾਜ ਨਹੀਂ ਹੁੰਦੇ ਇਹਨਾਂ ਦੀ ਚਮਕ ਕਦੇ ਰੰਗਾਂ ਨਾਲ ਖਤਮ ਨਹੀਂ ਕੀਤੀ ਜਾ ਸਕਦੀ ਹੁੰਦੀ। ਸੋ ਇਹੋ ਜਿਹੇ ਹੀਰੇ ਦੀ ਸੰਭਾਲ ਲਈ ਪੰਜਾਬੀਆਂ ਦੇ ਘੱਟੋ ਘੱਟ ਇੱਕ ਕਰੋੜ ਲੋਕਾਂ ਦੇ ਸਮਰਥਨ ਦੀ ਲੋੜ ਹੈ ਪਰ ਜੇ ਪੰਜਾਬੀ ਹੀਰਿਆਂ ਦੀ ਥਾਂ ਰੋੜਾਂ ਜਾਂ ਪੈਰਾਂ ਨੂੰ ਜ਼ਖਮੀ ਕਰਨ ਵਾਲੇ ਕੱਚ ਦੀ ਰਾਖੀ ਹੀ ਬੈਠੇ ਰਹੇ ਤਾਂ ਇਹ ਪੰਜਾਬੀਆਂ ਅਤੇ ਪੰਜਾਬੀਅਤ ਦੀ ਬਦਕਿਸਮਤੀ ਹੀ ਹੋਵੇਗੀ ਜਾਂ ਫਿਰ ਕੁਦਰਤ ਦੀ ਕੋਈ ਪੰਜਾਬ ਦੀ ਧਰਤੀ ਨੂੰ ਸਜ਼ਾ ਵੀ ਹੋ ਸਕਦੀ ਹੈ। ਸਿਆਣੇ ਕਹਿੰਦੇ ਨੇ ਕੁਦਰਤ ਹਮੇਸਾਂ ਕੁਝ ਕਰਨ ਵਾਲਿਆਂ ਦੀ ਹੁੰਦੀ ਹੈ ਅਤੇ ਪੰਜਾਬੀ ਮੂਲ ਰੂਪ ਵਿੱਚ ਕਰਮਸ਼ੀਲ ਜੁਝਾਰੂ ਕਿਰਤਾਂ ਦੇ ਵਾਰਸ ਹਨ ਅਤੇ ਆਸ ਵੀ ਹੈ ਕਿ ਵਕਤਾਂ ਦੀ ਨਜਾਕਤ ਨੂੰ ਸਮਝਦਿਆਂ ਜ਼ਰੂਰ ਨਵੀਆਂ ਪੁਲਾਘਾਂ ਪੁੱਟਣਗੇ ਅਤੇ ਕੁਝ ਨਵਾਂ ਸਿਰਜਣਗੇ। ਪੰਜਾਬ ਦੇ ਵਰਤਮਾਨ ਹਾਲਤਾਂ ਵਿੱਚ ਰਾਜ ਕਰਦੇ ਲੋਕ ਅਣਗਿਣਤ ਸਾਲਾਂ ਤੱਕ ਰਾਜ ਕਰਨ ਦੇ ਦਮਗਜੇ ਮਾਰਦੇ ਹਨ ਪਰ ਪੰਜਾਬੀ ਅਮਰੀਕਾ ਕੈਨੇਡਾ ਅਤੇ ਵਿਦੇਸ਼ਾਂ ਵੱਲ ਕਿਉਂ ਉੱਜੜਨ ਨੂੰ ਤਿਆਰ ਬੈਠਾ ਹੈ ਇਸਦਾ ਕੋਈ ਇਲਾਜ ਨਹੀਂ ਦੱਸਦੇ। ਪੰਜਾਬ ਦਾ ਹਰ ਕੰਮ ਕਰਨ ਵਾਲਾ ਅਫਸਰ ਸ਼ਾਹੀ ਦਾ ਭਿ੍ਰਸ਼ਟ ਢਿੱਡ ਭਰਨ ਲਈ ਕਿਉਂ ਮਜਬੂਰ ਹੈ? ਦੂਜਿਆਂ ਦੀਆਂ ਰਾਖੀਆਂ ਕਰਨ ਵਾਲੇ ਪੰਜਾਬੀਆਂ ਦਾ ਇੱਕ ਛੋਟਾ ਹਿੱਸਾ ਨਸ਼ਿਆਂ ਦੀ ਪੂਰਤੀ ਲਈ ਚੈਨੀਆਂ, ਗਹਿਣੇ ਖੋਹਣ ਕਿਉਂ ਲੱਗਿਆ ਹੈ? ਕਿਉਂ ਬੈਕਾਂ ਲੁੱਟ ਰਿਹਾ ਹੈ?ਕਿਉਂ ਏਟੀਐਮ ਮਸੀਨਾਂ ਪੁੱਟ ਰਿਹਾ ਹੈ? ਨਸ਼ਿਆਂ ਦੇ ਸਮਗਲਰ ਲੋਕਾਂ ਅਤੇ ਜੋਕਾਂ ਨੂੰ ਧਮਕੀਆਂ ਦੇ ਰਹੇ ਹਨ ਕਮਜ਼ੋਰੀ ਕਿੱਥੇ ਹੈ? ਵਿਰੋਧੀ ਧਿਰਾਂ ਚੋਣਾਂ ਜਿੱਤਣ ਲਈ ਹੀ ਦਮਗਜੇ ਮਾਰ ਰਹੀਆਂ ਹਨ ਪਰ ਪੰਜਾਬ ਦੇ ਦੁੱਖਾਂ ਦੀ ਗਲ ਕਿਉਂ ਨਹੀਂ ਕਰ ਰਹੇ? ਪੰਜਾਬ ਦੇ ਸਿਰ ਚੜੇ ਕਰਜ਼ਿਆਂ ਤੇ ਗੁੰਮਰਾਹ ਕਿਉਂ ਕਰ ਰਹੇ ਹਨ? ਪੰਜਾਬ ਦੀ ਆਰਥਿਕਤਾ ਦਾ ਕੋਈ ਇਲਾਜ ਕਿਉਂ ਨਹੀਂ ਦੱਸ ਰਹੇ? ਪੰਜਾਬ ਉਦਯੋਗਿਕ ਕੂੜਾ ਕਰਕਟ ਦੀ ਮੰਡੀ ਕਿਉਂ ਬਣਾਇਆ ਜਾ ਰਿਹਾ ਹੈ? ਪੰਜਾਬੀ ਨੌਜਵਾਨੀ ਦੀ ਸੋਚ ਕਿਰਤਾਂ ਦੀ ਥਾਂ ਖਪਤਕਾਰੀ ਵੱਲ ਕਿਉਂ ਧੱਕੀ ਜਾ ਰਹੀ ਹੈ? ਇਸ ਸਮੁੱਚੇ ਢਾਚੇਂ ਵਿੱਚ ਦੇਸ ਦੇ ਵਿੱਚ ਵਿਚਰ ਰਹੇ ਕੁਹਾੜੇ ਦੇ ਦਸਤੇ ਪੰਜਾਬ ਦੇ ਰਾਜਨੀਤਕ ਲੋਕ ਹੀ ਬਣੇ ਹੋਏ ਹਨ ਜਿਹਨਾਂ ਨੂੰ ਸਵੈ ਸਵਾਰਥ ਤੋਂ ਉੱਪਰ ਕੁਝ ਦਿਖਾਈ ਨਹੀਂ ਦਿੰਦਾਂ। ਪੰਜਾਬ ਨੂੰ ਵਰਤਮਾਨ ਸਮੇਂ ਰਾਜਸੱਤਾ ਦੇ ਏਜੰਟ ਧਾਰਮਿਕ ਝੂਠੇ ਰਹਿਬਰਾਂ ਦੀ ਥਾਂ ਆਰਥਿਕਤਾ ਦੇ ਜਾਣੂ ਗਿਆਨ ਵਾਨ ਸੱਚੇ ਧਾਰਮਿਕ ਆਗੂਆਂ ਦੀ ਜ਼ਰੂਰਤ ਹੈ, ਜੋ ਸੋਨੇ ਦੇ ਮਹਿਲ ਮੰਦਰ ਧਾਰਮਿਕ ਸਥਾਨ ਬਨਾਉਣ ਦੀ ਥਾਂ ਸਾਦੇ ਲੋਕ ਸੇਵਾ ਦੇ ਅਦਾਰੇ ਚਲਾਉਣ ਦੇ ਦਮ ਭਰਨ ਵਾਲੇ ਤਿਆਗੀ , ਨੀਵੇਂ ਰਹਿਣ ਵਾਲੇ ਉੱਚੀ ਸੋਚ ਵਾਲੇ ਲੋਕ ਹੁੰਦੇ ਹਨ। ਪੰਜਾਬ ਨੂੰ ਵਰਤਮਾਨ ਸਮੇਂ ਜਾਗਰੂਕ ਲੋਕਾਂ ਦੇ ਇਨਕਲਾਬ ਦੀ ਲੋੜ ਹੈ, ਜੋ ਇਮਾਨਦਾਰ ਰਾਜਸੱਤਾ ਦੀ ਬਦੌਲਤ ਹੀ ਸੰਭਵ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਰਾਜਸੱਤਾ ਬਿਨਾਂ ਤਾਂ ਧਰਮ ਵੀ ਨਹੀ ਚਲ ਸਕਦਾ ਫਿਰ ਦੂਸਰੇ ਚੰਗੇ ਕੰਮ ਵੀ ਇਮਾਨਦਾਰ ਰਾਜਸੱਤਾ ਬਿਨਾਂ ਸੰਭਵ ਹੀ ਨਹੀਂ ਹਨ। ਜੁਝਾਰੂ ਪੰਜਾਬੀਉ ਉੱਠੋ ਤੁਰੋ ਇਮਾਨਦਾਰ ਤਿਆਗੀ ਚੰਗੇ ਬੰਦਿਆਂ ਦੀ ਰਾਜਸੱਤਾ ਸਥਾਪਤ ਕਰਨ ਵੱਲ ਤਾਂ ਕਿ ਪੰਜਾਬ ਦੇ ਭਵਿੱਖ ਨੂੰ ਚੰਗਾਂ ਮੋੜਾ ਦਿੱਤਾ ਜਾ ਸਕੇ। ਚੰਗੇ ਲੋਕਾਂ ਦਾ ਪਹਿਰਾ ਹੀ ਰਾਜਨੀਤਕਾਂ ਉੱਪਰ ਕੁੰਡਾਂ ਰੱਖ ਸਕਦਾ ਹੈ ਅਤੇ ਵਰਤਮਾਨ ਸਮਾਂ ਇਹੋ ਮੰਗ ਕਰਦਾ ਹੈ।ਸੰਪਰਕ: +91 94177 27245