***
ਬੇਟੀ ਕਿਰਨਜੀਤ ਕੌਰ ਦੀ ਸ਼ਹਾਦਤ ਸਿਰਫ ਜਬਰ-ਜੁਲਮ ਖਿਲਾਫ ਜਾਂ ਆਪਣੇ ਮਾਨ-ਸਨਮਾਨ ਨੂੰ ਬਚਾਉਣ ਦੀ ਹੀ ਪ੍ਰਤੀਕ ਨਹੀਂ, ਉਸਦੀ ਸ਼ਹਾਦਤ ਸਮੁੱਚੀ ਔਰਤ ਜਾਤੀ ਲਈ ਰਾਹ-ਦਸੇਰਾ ਹੈ। ਕਿਰਨਜੀਤ ਸਿਰਫ ਮਹਿਲਕਲਾਂ ਦੀ ਨਾ ਹੋ ਕੇ, ਪੂਰੇ ਪੰਜਾਬ ਦੀ ਧੀ ਹੈ।
ਕਿਰਨਜੀਤ ਜ਼ਬਰ-ਜੁਲਮ ਵਿਰੁੱਧ ਆਹਮੋ-ਸਾਹਮਣੇ ਟੱਕਰ ਲੈਣ ਵਾਲੀ ਪਹਿਲੀ ਧੀ ਹੈ।
ਐਕਸ਼ਨ ਕਮੇਟੀ ਅਤੇ ਜਨਤਕ ਜਥੇਬੰਦੀਆਂ ਦੇ ਸੰਘਰਸ਼ ਨੇ ਸਿਆਸੀ ਲੋਕਾਂ ਦਾ ਪਰਦਾਫਾਸ਼ ਕੀਤਾ ਹੈ, ਜਿਹਨਾਂ ਨੇ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਝੂਠੇ ਕੇਸਾਂ 'ਚ ਫਸਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਰਚੀਆਂ।
ਹੁਣ ਵੀ ਸਾਡੇ ਸਾਹਮਣੇ ਸਾਥੀ ਮਨਜੀਤ ਦੀ ਉਮਰ ਕੈਦ ਦੀ ਸਜਾ ਰੱਦ ਕਰਵਾਉਣ ਦੀ ਚੁਣੌਤੀ ਹੈ। ਜਿਹੜੀ ਲੋਕਾਂ ਦੇ ਸੰਘਰਸ਼ ਰਾਹੀਂ ਹੀ ਹੋਣੀ ਹੈ। ਕਿਰਨਜੀਤ ਦੀ ਬਰਸੀ ਔਰਤਾਂ ਉਪਰ ਹੁੰਦੇ ਜਬਰ ਵਿਰੋਧੀ ਦਿਨ ਦੀ ਪ੍ਰਤੀਕ ਹੈ। ਆਓ, ਨੈਤਿਕ ਪੱਖੋਂ ਗਿਰਾਵਟ ਵੱਲ ਜਾ ਰਹੇ ਸਮਾਜ ਨੂੰ ਬਚਾਉਣ ਲਈ ਹੋਰ ਤਕੜੇ ਸੰਘਰਸ਼ ਵਿੱਢੀਏ, ਇਹੋ ਬੇਟੀ ਕਿਰਨਜੀਤ ਨੂੰ ਸੱਚੀ ਸਰਧਾਂਜਲੀ ਹੋਏਗੀ। - ਡਾ: ਰਘਵੀਰ ਕੌਰ,
ਸਕੱਤਰ, ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ
***
ਪੰਜਾਬ/ਭਾਰਤ ਵਿੱਚ ਕਾਮੁਕ ਹਿੰਸਾ ਅਤੇ ਜਬਰ ਦਾ ਸ਼ਿਕਾਰ ਵੱਡੀ ਗਿਣਤੀ ਵਿੱਚ ਔਰਤਾਂ ਹੋ ਰਹੀਆਂ ਹਨ। ਸਮਾਜ ਵਿਰੋਧੀ ਅਨਸਰਾਂ ਨੇ ਕਿਰਨਜੀਤ ਕੌਰ ਨੂੰ ਵੀ ਇਸੇ ਹਿੰਸਾ ਦਾ ਸ਼ਿਕਾਰ ਬਣਾਇਆ ਸੀ ਪਰ ਉਹ ਬਹਾਦਰ ਲੜਕੀ ਮੌਤ ਦੇ ਮੂੰਹ ਪੈਣ ਤੱਕ ਲੜਦੀ ਰਹੀ। ਔਰਤਾਂ ਦੀ ਇੱਜ਼ਤ ਅਤੇ ਸਵੈ-ਮਾਣ ਲਈ ਲੜਨ ਵਾਲੀ ਇਹ ਲੜਕੀ ਅਣਖ ਦਾ ਪ੍ਰਤੀਕ ਬਣ ਚੁੱਕੀ ਹੈ। ਪੰਜਾਬ ਅੰਦਰ ਹਰ ਰੋਜ਼ ਕੁੜੀਆਂ ਵਿਰੋਧ ਵੀ ਕਰਦੀਆਂ ਹਨ ਤੇ ਮਰਦੀਆਂ ਵੀ ਹਨ। ਪਰ ਸ਼ਹੀਦ ਕਿਰਨਜੀਤ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਪਿਛਲੇ 19 ਸਾਲਾਂ ਤੋਂ ਜਿੰਨੀ ਜੁਅੱਰਤ, ਅਣਖ-ਗੈਰਤ ਅਤੇ ਇਨਕਲਾਬੀ ਢੰਗ ਨਾਲ ਇਸ ਕਤਲ ਦੇ ਵਿਰੋਧ ਵਜੋਂ ਸਰਗਰਮੀ ਕੀਤੀ ਹੈ, ਉਹ ਇਤਿਹਾਸਕ ਕੰਮ ਹੋ ਨਿਬੜਿਆ ਹੈ। ਕਮੇਟੀ ਨੇ ਪੰਜਾਬ ਦੇ ਲਤਾੜੇ ਤੇ ਡਿੱਗੇ ਹੋਏ ਲੋਕਾਂ ਨੂੰ ਖੜ੍ਹੇ ਕੀਤਾ ਹੈ। ਉਨ੍ਹਾਂ ਨੂੰ ਸੰਘਰਸ਼ਾਂ ਦੇ ਰਾਹ ਪਾਇਆ ਹੈ। ਔਰਤ ਦੀ ਇੱਜ਼ਤ, ਅਣਖ, ਆਜ਼ਾਦੀ ਤੇ ਬਰਾਬਰੀ ਲਈ ਲੜਨ ਵਾਲੀ ਕਮੇਟੀ ਦੇ ਯੋਧਿਆਂ ਨੂੰ ਸਲਾਮ। -ਅਜਮੇਰ ਸਿੱਧੂ
***
ਪੁਰਸ਼ ਪ੍ਰਧਾਨ ਸਮਾਜ ਵਿੱਚ ਇਸਤਰੀ ਸਦੀਆਂ ਤੋਂ ਬੇਇਨਸਾਫੀ ਅਤੇ ਜੁਲਮ ਦਾ ਸ਼ਿਕਾਰ ਰਹੀ ਹੈ। ਅੱਜ ਦੇ ਵਿਕਸਿਤ ਜਮਾਨੇ 'ਚ ਵੀ ਅਨੇਕ ਪੁਰਸ਼ ਆਪਣੀ ਸੋਚ ਬਦਲਣ ਤੋਂ ਇਨਕਾਰੀ ਹਨ। ਦੂਸੇ ਪਾਸੇ ਵਰਤਮਾਨ ਯੁੱਗ ਦੀ ਜਾਗ੍ਰਿਤ ਇਸਤਰੀ ਸਮਾਜ ਵਿੱਚ ਆਪਣੇ ਜਾਇਜ ਸਥਾਨ ਦੀ ਪ੍ਰਾਪਤੀ ਲਈ ਸੰਗਰਾਮ ਵਾਸਤੇ ਨਿੱਤਰ ਪਈ ਹੈ।
ਬੀਬੀ ਕਿਰਨਜੀਤ ਕੌਰ ਇਸ ਸੰਗਰਾਮ ਦੀ ਇੱਕ ਜਾਗਦੀ ਜੋਤ ਹੈ, ਜਿਸਨੂੰ ਕੋਈ ਜਬਰ ਜੁਲਮ ਬੁਝਾ ਨਹੀਂ ਸਕਦਾ।
ਕਿਰਨ ਦੀ ਕੁਰਬਾਨੀ ਦੇ ਨੂਰ ਦੀਆ ਕਿਰਨਾਂ, ਇਸਤਰੀ ਜਾਤੀ ਦੇ ਹਨੇਰੇ ਰਾਹਾਂ ਨੂੰ ਦੂਰ ਭਵਿੱਖ ਤੱਕ ਰੁਸ਼ਨਾਉਂਦੀਆਂ ਰਹਿਣਗੀਆਂ। -ਗੁਰਬਚਨ ਸਿੰਘ ਭੁੱਲਰ
ਸਾਬਕਾ ਸੰਪਾਦਕ, ਪੰਜਾਬੀ ਟ੍ਰਿਬਿਊਨ
***
ਬਹੁਤ ਸਾਰੇ ਲੋਕ ਦੀਆਂ ਬਰਸੀਆਂ ਅਤੇ ਵਰ੍ਹੇ ਮਨਾਏ ਜਾਂਦੇ ਹਨ ਪਰ ਬੇਟੀ, ਕਿਰਨਜੀਤ ਦੀ ਬਰਸੀ ਸਾਰਿਆਂ ਤੋਂ ਵੱਖਰੀ ਹੈ।
ਧੀਆਂ ਨਾਲ ਜ਼ਿਆਦਤੀ ਤਾਂ ਮੁਗਲਾਂ ਵੇਲੇ ਦੀ ਹੁੰਦੀ ਸੀ, ਪਰ ਆਪਣੇ ਹੀ ਪਿੰਡ ਦੇ ਜੋਰਾਵਰਾਂ ਵੱਲੋਂ ਚਿੱਟੇ ਦਿਨ ਖੇਤਾਂ 'ਚ ਲਿਜਾ ਕੇ ਉਸ ਨਾਲ ਬਲਾਤਕਾਰ ਕਰਨਾ, ਕਤਲ ਕਰਕੇ ਖੇਤਾਂ 'ਚ ਦੱਬ ਦੇਣਾ, ਇਹੋ ਜਿਹੇ ਕੁਲਹਿਣਾ ਕੰਮ ਨਾਲ ਪੂਰਾ ਪੰਜਾਬ ਉਬਲ ਉੱਠਿਆ।
ਪੰਜਾਬ ਦੀ ਇਸ ਧੀ ਦੇ ਅੰਤਿਮ ਅਰਦਾਸ ਮੌਕੇ 1 ਲੱਖ ਲੋਕਾਂ ਦਾ ਇਕੱਠ ਦੱਸਦਾ ਸੀ ਕਿ ਸਰਕਾਰ ਦਾ ਇੱਕ ਇੱਕ ਵਿਅਕਤੀ ਅਜਿਹੇ ਕਾਂਡ ਲਈ ਜਿੰਮੇਵਾਰ ਹੈ।
ਅਫਸੋਸ ਉਸ ਬੱਚੀ ਨੂੰ ਮੌਤ ਬਾਅਦ ਵੀ ਇਨਸਾਫ ਨਾ ਮਿਲਿਆ ਪਰ ਜਦੋਂ ਵੀ ਉਸਦੇ ਨਾਂਅ ਦੀ ਚਰਚਾ ਹੋਵੇਗੀ ,ਪੰਜਾਬ 'ਚੋਂ ਨਿਆਂ ਦੀ ਹੂਕ ਉਸੇ ਤਰ੍ਹਾਂ ਉਠਦੀ ਰਹੇਗੀ, ਜਿਸ ਤਰ੍ਹਾਂ ਉਸਦੀ ਅੰਤਿਮ ਅਰਦਾਸ ਮੌਕੇ ਉੱਠੀ ਸੀ।-ਜਤਿੰਦਰ ਪਨੂੰ
ਸੰਪਾਦਕ ਨਵਾਂ ਜ਼ਮਾਨਾ
***
ਸ਼ਹੀਦ ਬੀਬੀ ਕਿਰਨਜੀਤ ਕੌਰ ਅੱਜ ਪੰਜਾਬ ਦੋ ਲੋਕ ਸੰਘਰਸ਼ਾਂ ਦੀ ਅਜਿਹੀ ਪ੍ਰਤੀ ਬਣ ਗਈ ਹੈ,ਜਿਸ ਨੇ ਭਵਿੱਖੀ ਲੋਕ ਸੰਘਰਸ਼ਾਂ ਦੇ ਪਿੜ ਨੂੰ ਮਘਾਈ ਰੱਖਣਾ ਹੈ।ਜਬਰ-ਜੁਲਮ ਦੇ ਮੌਜੁਦਾ ਦੌਰ ਵਿੱਚ ਇਸਤਰੀ ਮੁਕਤੀ ਦੀ ਲੜਾਈ ਲਈ ‘ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸਨ ਕਮੇਟੀ’ ਵੱਲੋਂ ਹੁਣ ਤੱਕ ਲੜਿਆ ਸੰਘਰਸ਼ ਨਾਂ ਸਿਰਫ ਮਿਸਾਲੀ ਹੈ,ਸਗੋਂ ਭਵਿੱਖੀ ਸੰਘਰਸ਼ਾਂ ਲਈ ਰਾਹ ਦਸੇਰਾ ਵੀ ਹੈ।ਪਿਛਲੇ ਦਿਨੀਂ ਜਿਸ ਸਾਜਿਸ਼ੀ ਤਰੀਕੇ ਨਾਲ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਨਾਂ ਅੱਗਿਉਂ ਸ਼ਹੀਦ ਕਿਰਨਜੀਤ ਕੌਰ ਸ਼ਬਦ ਹਟਾਏ ਗਏ ਸਨ,ਇਸ ਸਾਜਿਸ਼ ਵਿਰੱਧ ਲੜਾਈ ਵਿੱਚ ਅਦਾਰਾ ‘ਹੁਣ’ ਹਮਾਇਤ ਕਰਦਾ ਹੋਇਆ ਸ਼ਰੀਕ ਹੁੰਦਾ ਹੈ।
‘ਜਾਣ ਦੇ ਹਾਂ ‘ਸ਼ੀਲ’ ਇੱਕ ਦਿਨ ਜਮਾਨਾ ਉਹ ਆਏਗਾ
ਤਿਤਲੀਆਂ ਦੇ ਕਾਤਲਾਂ ਨੂੰ ਵਕਤ ਫਾਂਸੀ ਲਾਏਗਾ।
-ਸੁਸ਼ੀਲ ਦੁਸਾਂਝ
ਸੰਪਾਦਕ ‘ਹੁਣ’