ਮਾਨਸਿਕਤਾ ਬਦਲਣ ਨਾਲ ਹੀ ਰੁਕਣਗੀਆਂ ਰੈਗਿੰਗ ਦੀਆਂ ਘਟਨਾਵਾਂ - ਗੁਰਤੇਜ ਸਿੰਘ
Posted on:- 29-05-2016
ਰੈਗਿੰਗ ਦਾ ਨਾਂਅ ਸੁਣਦੇ ਹੀ ਨਵੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਜੀਬ ਜਿਹੀ ਕੰਬਣੀ ਛਿੜ ਜਾਦੀ ਹੈ।ਰੈਗਿੰਗ ਅਕਸਰ ਹੀ ਸੀਨੀਅਰ ਵਿਦਿਆਰਥੀਆਂ ਦੁਆਰਾ ਨਵੇਂ ਵਿਦਿਆਰਥੀਆਂ ਦੀ ਕੀਤੀ ਜਾਦੀ ਹੈ।ਰੈਗਿੰਗ ਦਾ ਜਿਕਰ ਕਾਫੀ ਪੁਰਾਣਾ ਮਿਲਦਾ ਹੈ ਅਤੇ ਸਭ ਤੋਂ ਪਹਿਲਾਂ ਇਹ ਬ੍ਰਿਟਿਸ਼ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਪਾਈ ਗਈ ਜਿਸ ਤੋਂ ਬਾਅਦ ਇਹ ਕਿਸੇ ਬੀਮਾਰੀ ਵਾਂਗ ਪੂਰੀ ਦੁਨੀਆਂ ‘ਚ ਫੈਲੀ।ਅਜੋਕੇ ਸਮੇਂ ‘ਚ ਵੀ ਦੇਸ਼ ਅੰਦਰ ਕਈ ਸਿੱਖਿਆ ਸੰਸਥਾਵਾਂ ਤੋਂ ਰੈਗਿੰਗ ਦੀਆਂ ਖਬਰਾਂ ਆਈਆਂ ਹਨ ਜੋ ਡਿਜੀਟਲ ਸਮਾਜ ਦਾ ਮੂੰਹ ਚਿੜਾਉਦੀਆਂ ਹਨ ਅਤੇ ਨੀਵੀਂ ਮਾਨਸਿਕਤਾ ਨੂੰ ਪ੍ਰਗਟਾਉਦੀਆਂ ਹਨ।ਰੈਗਿੰਗ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ‘ਚ ਆਮ ਪਾਈ ਗਈ ਹੈ।ਦੇਸ਼ ਦੀਆਂ ਨਾਮਵਰ ਕਿੱਤਾਮੁਖੀ ਸਿਖਲਾਈ ਸੰਸਥਾਵਾਂ ਜਿੱਥੋਂ ਮਹਾਨ ਉੱਦਮੀ ਨਿੱਕਲਦੇ ਹਨ ਉੱਥੇ ਰੈਗਿੰਗ ਦੀਆਂ ਘਟਨਾਵਾਂ ਆਮ ਪਾਈਆਂ ਗਈਆਂ ਹਨ।ਆਮ ਸੰਸਥਾਵਾਂ ਦਾ ਕੀ ਹਾਲ ਹੋਵੇਗਾ ਇਹ ਬਿਆਨਣ ਦੀ ਲੋੜ ਨਹੀਂ ਹੈ।
ਨਵੇਂ ਵਿਦਿਆਰਥੀਆਂ ਨਾਲ ਸੱਭਿਅਕ ਤਰੀਕੇ ਨਾਲ ਸੀਨੀਅਰ ਵਿਦਿਆਰਥੀਆਂ ਦੁਆਰਾ ਜਾਣ ਪਹਿਚਾਣ ਕਰਨੀ ਜੋ ਉਨ੍ਹਾਂ ਨੂੰ ਦੁੱਖਦਾਈ ਨਾ ਲੱਗੇ ਉਸਨੂੰ ਰੈਗਿੰਗ ਨਹੀਂ ਮੰਨਿਆ ਜਾ ਸਕਦਾ।ਜਾਣ ਪਹਿਚਾਣ ਕਰਨੀ ਕੋਈ ਗੁਨਾਹ ਨਹੀਂ ਹੈ ਪਰ ਜਾਣ ਪਹਿਚਾਣ ਦੀ ਆੜ ‘ਚ ਸਰੀਰਕ ਮਾਨਸਿਕ ਕਸ਼ਟ ਪਹੁੰਚਾਉਣਾ ਰੈਗਿੰਗ ਮੰਨਿਆ ਜਾਦਾ ਹੈ।
ਰੈਗਿੰਗ ਦੇ ਕਾਰਨ ਬਹੁਤ ਹਨ ਜਿਸ ਕਾਰਨ ਜੂਨੀਅਰ ਬੱਚਿਆਂ ਨੂੰ ਡਰਾਇਆ ਧਮਕਾਇਆ ਜਾਦਾ ਹੈ।ਮਾਨਸਿਕ ਪੱਧਰ ‘ਤੇ ਕਮਜੋਰ ਲੋਕ ਹੀ ਅਜਿਹੇ ਕਦਮ ਉਠਾਉਦੇ ਹਨ।ਜਾਣ ਬੁੱਝ ਕੇ ਅਜਿਹੇ ਸ਼ਬਦਾਂ ਦਾ ਪ੍ਰਯੋਗ ਕਰਨਾ ਜੋ ਜੂਨੀਅਰ ਨੂੰ ਨੀਚਾ ਦਿਖਾਉਦੇ ਹੋਣ ਜਾਂ ਫਿਰ ਜਾਤੀਸੂਚਕ ਸ਼ਬਦਾਂ ਦੀ ਵਰਤੋ ਕਰਨੀ।ਮਾਨਸਿਕ ਕਿਰਿਆ ਦੇ ਨਾਲ ਸਰੀਰਕ ਯਾਤਨਾਵਾਂ ਦੇਣੀਆਂ ਵੀ ਰੈਗਿੰਗ ਦੇ ਅੰਤਰਗਤ ਆਉਦੀਆਂ ਹਨ।ਪਿਛਲੇ ਸਮੇਂ ਦਾ ਅਧਿਐਨ ਕਰਨ ਤੇ ਪਤਾ ਚਲਦਾ ਹੈ ਕਿ ਕਿਸ ਤਰ੍ਹਾਂ ਸੀਨੀਅਰ ਆਪਣੇ ਜੂਨੀਅਰਾਂ ਨੂੰ ਪੁਲਿਸ ਵਾਂਗ ਥਰਡ ਡਿਗਰੀ ਟਾਰਚਰ ਕਰਦੇ ਸਨ।ਜ਼ਬਰਦਤੀ ਨਸ਼ਿਆਂ ਦਾ ਸੇਵਨ ਕਰਨ ਲਈ ਉਕਸਾਉਣਾ ਅਤੇ ਨਸ਼ੇ ਸੇਵਨ ਕਰਕੇ ਜੂਨੀਅਰ ਨਾਲ ਮਾੜਾ ਵਿਵਹਾਰ ਕਰਨਾ ਅਤੇ ਮਾਰ ਕੁਟਾਈ ਕਰਨਾ।ਰੈਗਿੰਗ ਸਕੂਲ ਕਾਲਜ ਦੀ ਜਗ੍ਹਾ ਹੋਸਟਲਾਂ ਵਿੱਚ ਜ਼ਿਆਦਾ ਕੀਤੀ ਜਾਦੀ ਹੈ।ਰੈਗਿੰਗ ਦਾ ਕਰੂਪ ਚਿਹਰਾ ਉਸ ਸਮੇਂ ਨਜ਼ਰ ਆਉਦਾ ਹੈ ਜਦ ਮਾਰ ਕੁਟਾਈ ਕਰਕੇ ਕਿਸੇ ਵਿਦਿਆਰਥੀ ਦੀ ਮੌਤ ਹੋ ਜਾਦੀ ਹੈ ਜਾਂ ਤੰਗ ਆਕੇ ਕੋਈ ਵਿਦਿਆਰਥੀ ਖੁਦਕੁਸ਼ੀ ਕਰ ਲੈਦਾ ਹੈ।ਸਭ ਤੋਂ ਪਹਿਲਾਂ ਰੈਗਿੰਗ ਰੋਕੂ ਕਾਨੂੰਨ ਸੰਨ 1996 ‘ਚ ਤਾਮਿਲਨਾਡੂ ਵਿੱਚ ਸਾਹਮਣੇ ਆਇਆ ਉਸ ਤੋਂ ਬਾਅਦ ਕੇਰਲਾ,ਮਹਾਰਾਸਟਰ ਅਤੇ ਪੱਛਮੀ ਬੰਗਾਲ ‘ਚ ਇਹ ਕਾਨੂੰਨ ਹੋਂਦ ਵਿੱਚ ਆਏ।ਇਸ ਕਾਨੂੰਨ ਅਨੁਸਾਰ ਪੰਜ ਹਜ਼ਾਰ ਰੁਪਏ ਜੁਰਮਾਨਾ,ਦੋ ਸਾਲ ਕੈਦ ਜਾਂ ਦੋਵੇਂ ਅਤੇ ਕਿਸੇ ਸੰਸਥਾ ਵਿੱਚ ਵੀ ਦੁਬਾਰਾ ਦਾਖਲਾ ਨਾ ਦੇਣਾ।ਇਸ ਦੇ ਬਾਵਜੂਦ ਪ੍ਰਸ਼ਾਸ਼ਨ ਅਤੇ ਯੂਜੀਸੀ ਕੁੰਭਕਰਨੀ ਨੀਦ ਸੌਂ ਰਹੇ ਸਨ ਅਤੇ ਸੰਨ 2009 ਵਿੱਚ ਇਸ ਸੰਵੇਦਨਸ਼ੀਲ ਮਸਲੇ ‘ਤੇ ਸੰਜੀਦਾ ਹੋਏ ਕਿਉਂਕਿ ਸੰਨ 2009 ‘ਚ ਹਿਮਾਚਲ ਪ੍ਰਦੇਸ਼ ਦੇ ਇੱਕ ਮੈਡੀਕਲ ਕਾਲਜ ਵਿੱਚ ਪਹਿਲੇ ਸਾਲ ਦੇ ਵਿਦਿਆਰਥੀ ਅਮਨ ਕਾਚਰੂ ਦੀ ਸੀਨੀਅਰ ਵਿਦਿਆਰਥੀਆਂ ਦੁਆਰਾ ਕੀਤੀ ਮਾਰ ਕੁਟਾਈ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।ਉਸ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਦੇ ਨੇ ਇੱਕ ਟੌਲ ਫਰੀ ਨੰਬਰ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਸੀ ਤਾਂ ਜੋ ਪੀੜਿਤ ਦੀ ਸ਼ਿਕਾਇਤ ਮੌਕੇ ‘ਤੇ ਸੁਣੀ ਜਾ ਸਕੇ।ਉਸ ਤੋਂ ਬਾਅਦ ਯੂਜੀਸੀ ਵੀ ਹਰਕਤ ‘ਚ ਆਈ ਤੇ ਰੈਗਿੰਗ ਸਬੰਧੀ ਯੂਨੀਵਰਸਿਟੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ।ਨਵੇਂ ਵਿਦਿਆਰਥੀਆਂ ਤੋਂ ਐਫੀਡੈਵਿਟ ਉਨ੍ਹਾਂ ਦੇ ਮਾਪਿਆਂ ਤੋਂ ਵੀ ਹਸਤਾਖਰ ਕਰਕੇ ਲਿਆ ਜਾਣ ਲੱਗਾ ਕਿ ਉਹ ਭਵਿੱਖ ‘ਚ ਸਿੱਧੇ ਅਸਿੱਧੇ ਤੌਰ ‘ਤੇ ਕਿਸੇ ਦੀ ਰੈਗਿੰਗ ਨਹੀਂ ਕਰਨਗੇ ਅਗਰ ਉਹ ਦੋਸ਼ੀ ਪਾਏ ਜਾਦੇ ਹਨ ਤਾਂ ਆਈਪੀਸੀ ਅਤੇ ਯੂਜੀਸੀ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਤਕਨੀਕੀ ਸਿੱਖਿਆ ਵਿੱਚ ਯੂਜੀਸੀ ਦੇ ਰੈਗੂਲੇਸ਼ਨ 2009 ਦੇ ਅੰਤਰਗਤ ਸੈਕਸ਼ਨ 23 ਤੇ 10 ਦੇ ਏਆਈਸੀਟੀਈ ਐਕਟ 1987 ਅਨਸਾਰ ਬਣਦੀ ਕਾਰਵਾਈ ਹੋਵੇਗੀ।ਇਸੇ ਤਰ੍ਹਾਂ ਮੈਡੀਕਲ ਸਿੱਖਿਆ ਵਿੱਚ ਇੰਡੀਅਨ ਮੈਡੀਕਲ ਕੌਂਸਲ ਐਕਟ 1956 ਅਨਸਾਰ ਕਾਰਵਾਈ ਹੋਵੇਗੀ।ਇਸ ਸਖਤੀ ਕਾਰਨ ਰੈਗਿੰਗ ਕੇਸਾਂ ਨੂੰ ਕਾਫੀ ਠੱਲ ਪਈ।ਇੱਕ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੀ ਰਿਪੋਰਟ ਅਨੁਸਾਰ ਸੰਨ 2009-10 ਵਿੱਚ ਦੇਸ਼ ਅੰਦਰ ਰੈਗਿੰਗ ਦੇ 164 ਮਾਮਲੇ ਸਾਹਮਣੇ ਆਏ ਜਿਨ੍ਹਾਂ ਚੋਂ 19 ਮੌਤਾਂ ਹੋਈਆਂ।ਯੂਜੀਸੀ ਦੀ ਇੱਕ ਰਿਪੋਰਟ ਅਨੁਸਾਰ ਸੰਨ 2013-14 ਵਿੱਚ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ 1183 ਰੈਗਿੰਗ ਦੇ ਮਾਮਲੇ ਸਾਹਮਣੇ ਆਏ ਅਤੇ ਸਿਰਫ 66 ਕੇਸਾਂ ‘ਚ ਪੁਲਿਸ ਦੁਆਰਾ ਐਫਆਈਆਰ ਲਿਖੀ ਗਈ।ਲੋਕ ਸਭਾ ‘ਚ ਕੇਂਦਰੀ ਸਿੱਖਆ ਮੰਤਰੀ ਸਮ੍ਰਿਤੀ ਈਰਾਨੀ ਨੇ ਦੱਸਿਆ ਕਿ ਸੰਨ 2014-15 ਵਿੱਚ ਦੇਸ਼ ਅੰਦਰ ਰੈਗਿੰਗ ਦੇ 30 ਕੇਸ ਸਾਹਮਣੇ ਆਏ।ਅੰਕੜਿਆਂ ਦਾ ਅਧਿਐਨ ਰੈਗਿੰਗ ਦੇ ਘਟਾਅ ਨੂੰ ਦਰਸਾਉਦਾ ਹੈ ਜੋ ਨਵੇਂ ਵਿਦਿਆਰਥੀਆਂ ਲਈ ਕਾਫੀ ਰਾਹਤ ਭਰਿਆ ਮਹੌਲ ਸਿਰਜਣ ‘ਚ ਲਾਹੇਵੰਦ ਸਾਬਿਤ ਹੋ ਸਕਦਾ ਹੈ।ਕਾਨੂੰਨ ਦੀ ਸਖਤੀ ਤੇ ਯੂਜੀਸੀ ਦੇ ਦਿਸ਼ਾ ਨਿਰਦੇਸ਼ਾਂ ਨੇ ਵੀ ਰੈਗਿੰਗ ਰੂਪੀ ਅਜਗਰ ਨੂੰ ਮਾਰਨ ਲਈ ਆਪਣਾ ਬਣਦਾ ਯੋਗਦਾਨ ਪਾਇਆ ਹੈ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਕਾਨੂੰਨ ਹਮੇਸ਼ਾਂ ਲੋਕਾਂ ਦੀ ਭਲਾਈ ਲਈ ਹੁੰਦੇ ਹਨ ਪਰ ਸਾਡੇ ਮੁਲਕ ਵਿੱਚ ਕਾਨੂੰਨਾਂ ਦੀ ਦੁਰਵਰਤੋ ਬਹੁਤ ਕੀਤੀ ਜਾਦੀ ਹੈ ਤਾਂ ਫਿਰ ਰੈਗਿੰਗ ਰੋਕੂ ਕਾਨੂੰਨ ਇਸ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ।ਵੱਡਿਆਂ ਦਾ ਸਤਿਕਾਰ ਕਰਨਾ ਸਾਡੀ ਸੰਸਕ੍ਰਿਤੀ ਹੈ ਅਤੇ ਸੀਨੀਅਰ ਦੀ ਇੱਜ਼ਤ ਕਰਨਾ ਜੂਨੀਅਰ ਦਾ ਫਰਜ਼ ਹੁੰਦਾ ਹੈ।ਅਜੋਕੇ ਸਮੇਂ ਅੰਦਰ ਜਬਰਦਸਤੀ ਵਾਲਾ ਰੁਝਾਨ ਕਾਫੀ ਹੱਦ ਤੱਕ ਘਟ ਗਿਆ ਤੇ ਚੰਦ ਲੋਕ ਹੀ ਅਜਿਹਾ ਕਰਦੇ ਹਨ।ਬਲਕਿ ਹੁਣ ਤਾਂ ਕਾਨੂੰਨ ਦੀ ਸਖਤੀ ਕਾਰਨ ਸੀਨੀਅਰ ਡਰਦੇ ਹਨ ਕਿਤੇ ਉਨ੍ਹਾਂ ਦੀ ਸ਼ਿਕਾਇਤ ਨਾ ਹੋ ਜਾਵੇ ਤੇ ਸਾਰੀ ਜ਼ਿੰਦਗੀ ਇਸਦੀ ਭੇਟ ਨਾ ਚੜ ਜਾਵੇ।ਕਈ ਜਗ੍ਹਾ ਜੂਨੀਅਰ ਵਿਦਿਆਰਥੀਆਂ ਨੇ ਝੂਠੀ ਸ਼ਿਕਾਇਤ ਕਰਕੇ ਸੀਨੀਅਰ ਵਿਦਿਆਰਥੀਆਂ ਨੂੰ ਵਖਤ ਖੜਾ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਜੂਨੀਅਰਾਂ ਨੂੰ ਸਿਰਫ ਹੋਸਟਲ ‘ਚ ਰੌਲਾ ਪਾਉਣ ਤੋਂ ਵਰਜਿਆ ਸੀ ਕਿਉਂਕਿ ਸੀਨੀਅਰ ਬੱਚਿਆਂ ਦੇ ਇਮਤਿਹਾਨ ਚੱਲ ਰਹੇ ਸਨ।ਕੀ ਹੋਸਟਲ ਅੰਦਰ ਪੇਪਰਾਂ ਦੇ ਦਿਨਾਂ ‘ਚ ਰੌਲਾ ਨਾ ਪਾਉਣ ਬਾਰੇ ਕਿਸੇ ਨੂੰ ਵਰਜਣਾ ਗੁਨਾਹ ਹੈ ਤੇ ਇਸੇ ਨੂੰ ਅਧਾਰ ਬਣਾ ਕੇ ਸ਼ਿਕਾਇਤ ਕਰਨੀ ਇਸ ਕਾਨੂੰਨ ਦੀ ਕਿੰਨੀ ਵੱਡੀ ਦੁਰਵਰਤੋ ਹੈ।ਸੀਨੀਅਰ ਵੀ ਸਿੱਧਾ ਵਰਜਣ ਦੀ ਬਜਾਇ ਆਪਣੇ ਅਧਿਆਪਕਾਂ ਤੱਕ ਪਹੁੰਚ ਕਰਨ ਤੇ ਅਧਿਆਪਕਾਂ ਦਾ ਫਰਜ਼ ਹੈ ਕਿ ਉਹ ਨਵੇ ਬੱਚਿਆਂ ਨੂੰ ਜਰੂਰ ਸਮਝਾਉਣ ਕਿ ਆਪਣੇ ਸੀਨੀਅਰਾਂ ਨਾਲ ਕਿਸ ਤਰ੍ਹਾਂ ਵਰਤਾਉ ਕਰਨਾ ਹੈ।ਇਹ ਠੀਕ ਹੈ ਸਖਤੀ ਜਰੂਰੀ ਹੈ ਪਰ ਉਸ ਸਖਤੀ ਦੀ ਆੜ ਹੇਠ ਦੂਜਿਆਂ ਦਾ ਬਿਨਾਂ ਕਿਸੇ ਗੁਨਾਹ ਦੇ ਨੁਕਸਾਨ ਕਰਨਾ ਵੀ ਤਾਂ ਜਾਇਜ ਨਹੀਂ ਹੈ।ਇਸ ਲਈ ਬਹੱਦ ਜਰੂਰੀ ਹੈ ਕਿ ਸਿਰਫ ਸ਼ਿਕਾਇਤਕਰਤਾ ਦੇ ਪੱਖ ਨੂੰ ਹੀ ਨਾ ਵਿਚਾਰਿਆ ਜਾਵੇ ਸਗੋਂ ਦੋਸ਼ੀ ਦਾ ਵੀ ਪੱਖ ਜਰੂਰ ਸੁਣਿਆ ਜਾਵੇ।ਇਹ ਸਦੀਵੀ ਸੱਚ ਹੈ ਰੈਗਿੰਗ ਦੇ ਕੁਝ ਮਾਲਿਆਂ ਨੂੰ ਛੱਡ ਕੇ ਅੱਜ ਜ਼ਿਆਦਾਤਰ ਕੇਸ ਝੂਠੇ ਨਿੱਕਲਦੇ ਹਨ ਤੇ ਸਿਰਫ ਝੂਠੀ ਸ਼ਾਨ ਲਈ ਅਜਿਹਾ ਕੁਝ ਕੀਤਾ ਜਾਦਾ ਹੈ।ਰੈਗਿੰਗ ਰੋਕੂ ਕਾਨੂੰਨ ‘ਚ ਸਖਤੀ ਦੇ ਦੂਜੇ ਪੱਖ ਨੂੰ ਵੀ ਵਿਚਾਰਨ ਦੀ ਅਹਿਮ ਲੋੜ ਹੈ।ਦੋਸ਼ੀਆਂ ਖਿਲਾਫ ਸਖਤੀ ਦੇ ਨਾਲ ਝੂਠੇ ਕੇਸ ਥੋਪਣ ਵਾਲਿਆਂ ਖਿਲਾਫ ਵੀ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕਾਰਵਾਈ ਪਾਰਦਰਸ਼ੀ ਢੰਗ ਨਾਲ ਹੋਣੀ ਲਾਜ਼ਮੀ ਹੈ।ਸੀਨੀਅਰ ਤੇ ਜੂਨੀਅਰਾਂ ਨੂੰ ਵੀ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ ਅਖੌਤੀ ਘਮੰਡ ਕਰਕੇ ਕਿਸੇ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਸਗੋਂ ਹੋਸਟਲਾਂ ਵਿੱਚ ਭਾਈਚਾਰਕ ਮਹੌਲ ਸਿਰਜਿਆ ਜਾਵੇ।ਹੋਸਟਲਾਂ ‘ਚ ਹੁੰਦੀ ਰੈਗਿੰਗ ਰੋਕਣ ਲਈ ਠੋਸ ਉਪਰਾਲੇ ਕੀਤੇ ਜਾਣ।ਜੂਨੀਅਰਾਂ ਦੀ ਆਮਦ ਸਮੇਂ ਸੀਨੀਅਰ ਵਿਦਿਆਰਥੀਆਂ ਨੂੰ ਕੁਝ ਦਿਨਾਂ ਲਈ ਘਰ ਭੇਜ ਦਿੱਤਾ ਜਾਵੇ ਜਾਂ ਜੂਨੀਅਰਾਂ ਦਾ ਬਲਾਕ ਅਲੱਗ ਕੀਤਾ ਜਾਵੇ।ਤਜਰਬੇਕਾਰ ਵਾਰਡਨ ਦੀ 24 ਘੰਟੇ ਹੋਸਟਲ ‘ਚ ਸ਼ਮੂਲੀਅਤ ਹੋਵੇ ਅਤੇ ਇਹ ਜਿੰਮੇਵਾਰੀ ਕਿਸੇ ਅਧਿਆਪਕ ਨੂੰ ਸੌਂਪੀ ਜਾਣੀ ਚਾਹੀਦੀ ਹੈ ਪਰ ਕਾਲਜਾਂ ਦੇ 90 ਫੀਸਦੀ ਹੋਸਟਲਾਂ ਵਿੱਚ ਕੰਮ ਚਲਾਊ ਅਤੇ ਘੱਟ ਪੜੇ ਲਿਖੇ ਵਾਰਡਨਾਂ ਦੀ ਤਾਇਨਾਤੀ ਹੈ ਜੋ ਇਸ ਮੁਸ਼ਕਿਲ ਨੂੰ ਹੋਰ ਵਧਾਉਦੀ ਹੈ।ਅਗਰ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਰੈਗਿੰਗ ਹੋਵੇਗੀ ਹੀ ਨਹੀਂ ਤਾਂ ਇਸਦੇ ਕਾਨੂੰਨ ਦੀ ਦੁਰਵਰਤੋ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।