ਆ ਸਿਤਮਗਰ ਮਿਲ ਕੇ ਆਜ਼ਮਾਏਂ... - ਐਸ ਸੁਰਿੰਦਰ
Posted on:- 08-04-2016
ਆ ਸਿਤਮਗਰ ਮਿਲ ਕੇ ਆਜ਼ਮਾਏਂ ਜੌਹਰ ਅਪਨਾ
ਤੂੰ ਖੰਜ਼ਰ ਆਜ਼ਮਾ ਲੇ, ਆਜ਼ਮਾ ਲੂੰਗਾ ਮੈਂ ਜਿਗਰ ਅਪਨਾ
ਪੰਡਤ ਜਵਾਹਰ ਲਾਲ ਨਹਿਰੂ ਨੇ ਪ੍ਰਧਾਨ ਮੰਤਰੀ ਬਣਦੇ ਸਾਰ ਹੀ ਆਪਣੇ ਤੇਵਰ ਬਦਲ ਲਏ , ਜਦੋਂ ਪੰਡਤ ਜੀ ਨੂੰ ਦੇਸ਼ ਆਜ਼ਾਦ ਹੋਣ ਤੋਂ ਪਹਿਲਾ ਕਾਂਗਰਸੀ ਲੀਡਰਾਂ ਵੱਲੋਂ ਸਮੇਂ -ਸਮੇਂ ਤੇ ਸਿੱਖ ਕੌਮ ਨਾਲ ਕੀਤੇ ਵਾਅਦੇ ਯਾਦ ਕਰਵਾਏ ਗਏ ਤਾਂ , ਪੰਡਤ ਜੀ ਨੇ ਬੜੀ ਬੇਪਰਵਾਹੀ ਨਾਲ ਕਿਹਾ , ਅਬ ਸਮਾਂ ਬਦਲ ਗਿਆ ਹੈ । ਓਹ ਅਕਸਰ ਕਹਿੰਦੇ ਸਨ , ਜਬ ਭੀ ਕੋਈ ਸਿੱਖੋਂ ਕੀ ਬਾਤ ਕਰਤਾ ਹੈ , ਮੈਂ ਅਪਨੇ ਕਾਨ ਬੰਦ ਕਰ ਲੇਤਾ ਹੂੰ ।ਰਾਜਗੱਦੀ ਸਦਾ ਨਹੀਂ ਰਹਿੰਦੀ , ਪਰ ਮੌਕੇ ਤੇ ਜ਼ੁਰੱਅਤ ਦਿਖਾਣ ਵਾਲਾ ਇਤਿਹਾਸ ਵਿੱਚ ਆਪਣਾ ਨਾਂ ਕਰ ਜਾਂਦਾ ਹੈ । ਇਤਿਹਾਸ ਗੈ਼ਰਤਮੰਦਾਂ , ਗੱਦਾਰਾਂ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ ।ਅਗਰ ਸਿੱਖ ਪਾਕਿਸਤਾਨ ਨਾਲ ਟਕਰਾਉਣ ਤਾਂ ਓਹ ਦੇਸ਼ ਭਗਤ ਹਨ । ਅਗਰ ਭਾਰਤ ਕੋਲੋਂ ਆਪਣੇ ਬੁਨਿਆਦੀ ਹੱਕ ਮੰਗਣ ਤਾਂ ਓਹ ਅੱਤਵਾਦੀ ਗਰਦਾਨੇ ਜਾਂਦੇ ਹਨ । ਦਿੱਲੀ ਦੇ ਤਖ਼ਤ ਤੇ ਬੈਠੀ ਮਨੂਵਾਦੀ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ , ਜਿੱਥੇ ਡਾਂਗ ਨਾਲ ਕੰਮ ਸੂਤ ਨਹੀਂ ਆਉਂਦਾ ਉੱਥੇ ਮਸਾਲੇਦਾਰ ਸ਼ਬਦਾਂ ਦੀ ਵਰਤੋਂ ਕਰ ਕੇ ਕੰਮ ਸਿੱਧਾ ਕਰੋ ।
ਅੱਖਾਂ ਮੀਟਣ ਨਾਲ ਕਬੂਤਰ ਨੇ ਬਿੱਲੀ ਕੋਲੋਂ ਬੱਚ ਨਹੀਂ ਜਾਣਾ । ਗੁਰੂ ਕਲਗੀਧਰ ਨੇ ਕਿਹਾ ਸੀ ਸਿੰਘਾਂ ਨੇ ਸਾਸ਼ਤਰ ਅਭਿਆਸ ਦੇ ਨਾਲ ਰਾਜਨੀਤੀ ਵੀ ਸਿੱਖਣੀ ਹੈ । ਰਣਤੱਤੇ ਵਿੱਚ ਸਿੰਘਾਂ ਦੇ ਹੱਥ ਕਿੱਦਾਂ ਦੇ ਹਨ , ਸਾਰਾ ਜੱਗ ਜਾਣਦਾ ਹੈ । ਅਫ਼ਸੋਸ ਅਸੀਂ ਟੇਬਲ ਦੀ ਜੰਗ ਸਦਾ ਹਾਰਦੇ ਰਹੇ ਹਾਂ । ਕੁਝ ਆਪਣੀਆਂ ਨਲਾਇਕੀਆਂ ਕਰਕੇ ਕੁਝ ਗੱਦਾਰਾਂ ਨੂੰ ਆਪਣੇ ਕੌਮੀ ਆਗੂ ਬਣਾ ਕੇ ।
ਦੁਸ਼ਮਣ ਕੋਲ ਸਾਡੀ ਘੇਰਾਬੰਦੀ ਕਰਨ ਦੇ ਬੜੇ ਤਰੀਕੇ ਹਨ । ਬੋਧਿਕ ਤੌਰ ਤੇ ਸਾਡਾ ਗਿਆਨ ਰਾਈ ਦੇ ਦਾਣੇ ਜਿਤਨਾ ਹੈ । ਬੋਧਿਕ ਤੌਰ ਤੇ ਗਿਆਨਵਾਨ ਕੌਮ ਗੁਲਾਮੀ ਦੇ ਸੰਗਲ ਤੋੜ ਦਿੰਦੀ ਹੈ । ਅੱਜ ਸਾਨੂੰ ਨਾ ਇਤਿਹਾਸ ਪੜ੍ਹਨ ਦਾ ਸ਼ੋਕ ਹੈ , ਨਾ ਵਿਰਾਸਤ ਨਾਲ ਜੁੜਨ ਦਾ । ਸਾਡੀ ਇਸ ਕਮਜ਼ੋਰੀ ਦਾ ਦੁਸ਼ਮਣ ਲਾਹਾ ਲੈ ਰਿਹਾ ਹੈ । ਅੱਜ ਸਾਨੂੰ ਦੁਸ਼ਮਣ ਪਿੱਛੇ ਨਹੀਂ ਧੱਕ ਰਿਹਾ ਅਸੀਂ ਖ਼ੁਦ ਪਿੱਛੇ ਜਾ ਰਹੇ ਹਾਂ ।
ਸਾਡੇ ਕੋਲ ਵਿਦਵਾਨਾਂ ਦੀ ਕਮੀ ਨਹੀਂ ਹੈ , ਲੇਕਿਨ ਸਾਡਾ ਹਰ ਅਦਾਰਾ ਸਿਆਸਤ , ਮੌਕਾਪ੍ਰਸਤ ਲੋਕਾਂ ਦੀ ਜਕੜ ਵਿੱਚ ਹੈ । ਇੱਕ ਪਾਸੇ ਅਸੀਂ ਵਿਚਾਰ ਤੇ ਤਰਕ ਦਾ ਪੱਲਾ ਛੱਡ ਦਿੱਤਾ ਹੈ । ਦੂਜੇ ਪਾਸੇ ਅਸੀਂ ਸਮੱਸਿਆ ਤੇ ਚਿੰਤਨ ਕਰਨਾ ਛੱਡ ਦਿੱਤਾ ਹੈ । ਅਸੀਂ ਘਟਨਾ ਵਾਪਰ ਜਾਣ ਤੋਂ ਬਾਅਦ ਦੋ - ਦਿਨ ਦਾ ਮਾਤਮ ਕਰਕੇ ਇਵੇਂ ਸਭ ਭੁੱਲ - ਭੁੱਲਾ ਜਾਂਦੇ ਹਾਂ , ਜਿਵੇਂ ਕੁਝ ਵਾਪਰਿਆ ਹੀ ਨਹੀਂ ਸੀ । ਇਹ ਸਾਡੇ ਬੌਧਿਕ ਨਿਘਾਰ ਦੀ ਨਿਸ਼ਾਨੀ ਹੈ ।
ਚਾਪਲੂਸੀਆਂ ਦੇ ਸਹਾਰੇ ਡੋਗਰੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਅੰਦਰ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੋ ਗਏ ਸਨ । ਇਹ ਲੂਣ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਖਾਂਦੇ ਸੀ , ਲੇਕਿਨ ਤਾਬਿਆਦਾਰ ਅੰਗਰੇਜ਼ਾਂ ਦੇ ਸਨ । ਇਹ ਡੋਗਰੇ ਸਾਡੀਆਂ ਹੋਰ ਕਮਜ਼ੋਰੀਆਂ ਵਾਂਗ ਸਿੱਖ ਰਾਜ ਦੇ ਡੁੱਬਣ ਦਾ ਇੱਕ ਵੱਡਾ ਕਾਰਨ ਬਣੇ । ਬੜੀ ਹੈਰਾਨੀ ਹੁੰਦੀ ਹੈ ਡੋਗਰੇ ਸਿੱਖ ਰਾਜ ਦੀਆਂ ਅੰਦਰੋਂ - ਅੰਦਰੀਂ ਜੜ੍ਹਾਂ ਵੱਡ ਰਹੇ ਸਨ , ਖਾਲਸਾ ਰਾਜ ਦੇ ਸੂਹੀਆਂ ਨੂੰ ਭਿਣਕ ਤੱਕ ਨਾ ਲੱਗੀ । ਅੱਜ ਡੋਗਰਿਆਂ ਦੀ ਔਲਾਦ ਭਰ ਜਵਾਨ ਹੋ ਚੁੱਕੀ ਹੈ । ਅਫ਼ਸੋਸ ਕੌਮ ਦੀ ਸੋਚ ਵਿੱਚ ਬਹੁਤ ਵੱਡਾ ਨਿਘਾਰ ਆ ਚੁੱਕਾ ਹੈ । ਅਸੀਂ ਤਾਰੀਖ਼ ਕੋਲੋਂ ਕੋਈ ਸਬਕ ਨਹੀਂ ਸਿੱਖਿਆ ।
ਅੱਜ ਵੀ ਚੰਗੇ ਵਿਦਵਾਨਾਂ ਦੀ ਯੋਗ ਰਾਏ ਨਾ ਲੈਣ ਕਰਕੇ ਕੁਰਬਾਨੀ ਕਰਨ ਵਾਲਿਆਂ ਨੂੰ ਪਿੱਛੇ ਸੁੱਟ ਕੇ ਅਸੀਂ ਆਪਣੀ ਹੋਣੀ ਆਪ ਸਿਰਜ ਰਹੇ ਹਾਂ । ਅਜਿਹਾ 1947 ਵਿੱਚ ਵਾਪਰ ਚੁੱਕਾ ਹੈ । ਜੇਕਰ ਸਿੱਖ ਲੀਡਰਸ਼ਿੱਪ ਦੀ ਕਮਾਨ ਉਸ ਵੇਲੇ ਸਿਰਦਾਰ ਕਪੂਰ ਸਿੰਘ ਵਰਗੇ ਦੂਰ - ਅੰਦੇਸ਼ ਦਰਵੇਸ਼ ਕੋਲ ਹੁੰਦੀ ਤਾਂ ਸਿੱਖਾਂ ਦੀ ਤਕਦੀਰ ਤੇ ਤਸਵੀਰ ਹੋਰ ਹੋਣੀ ਸੀ । ਭਾਰਤ ਪਾਕਿਸਤਾਨ ਵਿਚਕਾਰ ਬਣਨ ਵਾਲਾ ਤੀਜਾ ਦੇਸ਼ ਸੰਸਾਰ ਦਾ ਫੌਜੀ , ਆਰਥਿਕ ਤੌਰ ਤੇ ਇੱਕ ਮਜ਼ਬੂਤ ਦੇਸ਼ ਹੁੰਦਾ । ਬਿਨ੍ਹਾਂ ਸ਼ੱਕ ਸਿੱਖ ਕੌਮ ਗੱਦਾਰ , ਮੌਕਾਪ੍ਰਸਤ ਆਗੂਆਂ ਦੀ ਗੱਦਾਰੀ ਦਾ ਦੁਖਾਂਤ ਭੋਗ ਰਹੀ ਹੈ । ਅੱਖਾਂ ਮੀਟ ਕੇ ਦੁਸ਼ਮਣ ਤੇ ਯਕੀਨ ਕਰੀਂ ਜਾਣਾ ਕਿੱਥੋਂ ਦੀ ਅਕਲਮੰਦੀ ਹੈ । ਅਸੀਂ ਅੱਜ ਤੱਕ ਐਹੋ ਹੀ ਕੀਤਾ ਹੈ । ਸਾਡੀ ਸੂਝ ਦੀ ਅੱਖ ਅਜੇ ਤਕ ਨਹੀਂ ਖੁੱਲ੍ਹੀ ।
1947 ਦੀ ਵੰਡ ਵੇਲੇ ਸਿੱਖ ਲੀਡਰਸ਼ਿੱਪ ਨੇ ਡੋਗਰਿਆਂ ਦਾ ਇਤਿਹਾਸ ਮੁੜ ਕੇ ਦੁਹਰਾ ਦਿੱਤਾ । ਉਹ ਰਵਾਇਤ ਅਜੇ ਤੱਕ ਖਤਮ ਨਹੀਂ ਹੋਈ । ਹਾਕਮ ਤਾਂ ਐਹੋ ਚਾਉਂਦਾ ਹੈ । ਸਿੱਖ ਗੁਰਦੁਆਰਿਆਂ ਵਿੱਚ ਅਖੰਡ ਪਾਠ ਕਰਨ , ਕੀਰਤਨ ਕਰਨ ਲੇਕਿਨ ਆਜ਼ਾਦ ਰਿਆਸਤ ਦੀ ਗੱਲ ਨਾ ਕਰਨ ।
ਅੱਜ ਜਿਹੜੇ ਲੋਕ ਘੱਟ ਗਿਣਤੀ (ਦੇਸ਼ ਦੀਆਂ ਹੋਰ ਘੱਟ ਗਿਣਤੀ ਕੌਮਾਂ ਵੀ ਨਾਲ਼ ) ਸਿੱਖਾਂ ਨੂੰ ਭਾਰਤ ਮਾਤਾ ਦੀ ਜੈ , ਬੰਦੇ ਮਾਤਰਮ , ਜੈ ਬਜਰੰਗੀ ਦਾ ਨਾਅਰਾ ਲਾਉਂਣ ਲਈ ਆਖਦੇ ਹਨ । ਸ਼ਾਇਦ ਓਹ ਭੁੱਲ ਗਏ ਹਨ , ਖਾਲਸੇ ਦਾ ਪਿਤਾ ਗੁਰੂ ਗੋਬਿੰਦ ਸਿੰਘ , ਮਾਤਾ ਸਾਹਿਬ ਕੌਰ ਹੈ । ਸਿੱਖਾਂ ਨੇ 1947 ਤੋਂ ਬਾਅਦ ਭਾਰਤ ਮਾਤਾ ਦੀ ਰਾਖੀ ਲਈ ਦੇਸ਼ ਦੀਆਂ ਸਰਹੱਦਾਂ ਤੇ ਪਾਣੀ ਵਾਂਗੂੰ ਖ਼ੂਨ ਡੋਲਿਆ ਹੈ । ਅਸੀਂ ਡੋਗਰੇ ਨਹੀਂ ਹਾਂ ਜੋ ਖਾਂਦੇ ਰਣਜੀਤ ਸਿੰਘ ਦਾ ਸੀ , ਯਾਰੀ ਅੰਗਰੇਜ਼ਾਂ ਨਾਲ ਲਾਈ ਬੈਠੇ ਸੀ । ਲੋਕਾਂ ਨੂੰ ਭਾਰਤ ਮਾਤਾ ਦੀ ਜੈ ਕਹਿਣ ਵਾਲਿਆਂ ਦਾ 1947 ਤੋਂ ਬਾਅਦ ਦਾ ਇਤਿਹਾਸ ਭ੍ਰਿਸ਼ਟਾਚਾਰ , ਦਲ ਬਦਲੂਆਂ ਦਾ ਇਤਿਹਾਸ ਹੈ । ਬੀਤੇ ਤੇ ਝਾਤੀ ਮਾਰ ਲਵੋ । ਅੱਖਾਂ ਦੇ ਨਾਲ ਦਿਮਾਗ ਵੀ ਖੁੱਲ੍ਹ ਜਾਵੇਗਾ ।
ਆਪਣਾ ਨਿਆਰਾਪਨ ਗੁਆ ਕੇ ਅਸੀਂ ਸਦਾ ਲਈ ਮਨੂਵਾਦੀ ਸਮੁੰਦਰ ਵਿੱਚ ਗਰਕ ਹੋ ਜਾਵਾਂਗੇ । ਆਪਣੀ ਵਿਲੱਖਣਤਾ ਗੁਆ ਕੇ ਸਿੱਖੀ ਦੀ ਹੌਂਦ ਹੀ ਖਤਮ ਹੋ ਜਾਂਦੀ ਹੈ । ਗੁਰੂ ਸਾਹਿਬ ਨੇ ਸਾਨੂੰ ਗ਼ੈਰਤ ਨਾਲ ਜੀਣਾ ਦੱਸਿਆ ਹੈ । ਬੇਗ਼ੈਰਤ ਰੋਜ਼ ਮਰਦਾ ਹੈ । ਗ਼ੈਰਤਮੰਦ ਇੱਕੋਂ ਵਾਰ ਮਰਦਾ ਹੈ । ਸਿੱਖ ਕੌਮ ਸ਼ਹੀਦਾਂ ਦੀ ਨਰਸਰੀ ਹੈ ।
ਗੁਰੂ ਕਲਗੀਧਰ ਨੇ ਕਿਹਾ ਸੀ , ਨਾਂ ਕਿਸੇ ਦਾ ਹੱਕ ਰੱਖੋ , ਨਾ ਆਪਣਾ ਹੱਕ ਛੱਡੋ । ਫੈ਼ਸਲਾ ਅਸੀਂ ਕਰਨਾ ਹੈ ਕਿ ਭੇਡ ਵਾਂਗੂੰ ਆਪਣੀ ਖੱਲ ਲਹਾਉਂਣੀ , ਹੈ ਜਾਂ ਫਿਰ ਸ਼ੇਰ ਵਾਂਗ ਦਹਾੜਨਾ ਹੈ ?
ਦੂਸਰਿਆਂ ਨੂੰ ਭਾਰਤ ਮਾਤਾ ਦੀ ਜੈ ਕਹਿਣ ਵਾਲੇ ਇਹ ਗੱਲ ਬੜੀ ਛੇਤੀ ਭੁੱਲ ਜਾਂਦੇ ਹਨ , ਜਦੋਂ ਵੀ ਨਾਦਰ , ਬਾਬਰ ਚੜ੍ਹਕੇ ਆਉਂਦਾ ਹੈ । ਇਹ ਦੁੱਧ ਪੀਣੇ ਮਜਨੂੰ ਸੌਂ ਜਾਂਦੇ ਹਨ । ਉਦੋਂ ਇਨ੍ਹਾਂ ਨੂੰ ਦਸ਼ਮੇਸ਼ ਪਿਤਾ ਦਾ ਖਾਲਸਾ ਯਾਦ ਆਉਂਦਾ ਹੈ ।
ਜਦੋਂ ਗਜ਼ਨੀ ਤੇ ਤੈਮੂਰ ਸ਼ਾਹ ਭਾਰਤ ਮਾਤਾ ਦੀ ਬੋਟੀ - ਬੋਟੀ ਕਰ ਰਹੇ ਸਨ , ਤ੍ਰਿਸ਼ੂਲ ਕਿਤੇ ਲੁਕ ਗਿਆ ਸੀ । ਭਾਰਤ ਮਾਤਾ ਉਦੋਂ ਕੁਰਲਾ ਰਹੀ ਸੀ , ਪਰ ਭਾਰਤ ਮਾਤਾ ਦੇ ਇਹ ਕਪੁੱਤਰ ਉਦੋਂ ਗੁਪਤਵਾਸ ਹੋ ਗਏ ਸਨ ।
ਅਬਦਾਲੀਆਂ , ਗਜ਼ਨੀਆਂ ਦੇ ਨਾਲ ਗੁਰੂ ਕਾ ਖਾਲਸਾ ਹੀ ਮੱਥਾ ਲਾਉਂਦਾ ਆਇਆ ਹੈ । ਭਾਰਤ - ਪਾਕਿ , ਚੀਨ ਨਾਲ ਹੋਈਆਂ ਜੰਗਾਂ ਇਸ ਗੱਲ ਦੀ ਮਿਸਾਲ ਹੈ । ਬਹੁਤਾ ਦੂਰ ਜਾਣ ਦੀ ਲੋੜ ਨਹੀਂ ਸਾਰਾਗੜ੍ਹੀ ਦਾ ਇਤਿਹਾਸ ਪੜ੍ਹ ਲੈਣਾ । ਸਾਡੇ ਕਰਾਰੇ ਹੱਥਾਂ ਦਾ ਪਤਾ ਲੱਗ ਜਾਵੇਗਾ ।
ਭਾਰਤ ਮਾਤਾ ਦੀ ਜੈ ਕਹਿਣ ਵਾਲੇ ਸ਼ਾਇਦ ਜਿਹਲਮ ਦੇ ਰਾਜੇ ਅੰਬੀ ਨੂੰ ਭੁੱਲ ਗਏ ਹਨ । ਜਿਸ ਨੇ ਵਿਦੇਸ਼ੀ ਧਾੜਵੀ ਨੂੰ ਭਾਰਤ ਮਾਤਾ ਤੇ ਹਮਲਾ ਕਰਨ ਦਾ ਸੱਦਾ ਦਿੱਤਾ ਸੀ । ਸ਼ਾਇਦ ਉਹ ਸਰਦਾਰ ਹਰੀ ਸਿੰਘ ਨਲੂਆ ਨੂੰ ਭੁੱਲ ਗਏ , ਜਿਸ ਨੇ ਦੱਰਾ ਖ਼ੈਬਰ ਬੰਦ ਕਰਕੇ ਵਿਦੇਸ਼ੀ ਧਾੜਵੀਆਂ ਦਾ ਰਸਤਾ ਸਦਾ ਲਈ ਬੰਦ ਕਰ ਦਿੱਤਾ ।
ਭਾਰਤ ਦੀ ਸਰਜ਼ਮੀਨ ਤੇ ਜੇਕਰ ਕਲਗੀਆਂ ਵਾਲੇ ਦਾ ਖਾਲਸਾ ਪੈਂਦਾ ਨਾਂ ਹੋਇਆ ਹੁੰਦਾ , ਬਿਨ੍ਹਾਂ ਸ਼ੱਕ ਭਾਰਤ ਇੱਕ ਇਸਲਾਮੀ ਰਿਆਸਤ ਹੁੰਦਾ । ਲਾਲ ਕਿਲ੍ਹੇ ਤੇ ਤਿਰੰਗੇ ਦੀ ਥਾਂ ਹੈਦਰੀ ਝੰਡਾ ਲਹਿਰਾਉਂਦਾ ਹੁੰਦਾ ।
ਦੁਨੀਆਂ ਦੀਆਂ ਦੂਜੀਆਂ ਕੌਮਾਂ ਦੇ ਇਤਿਹਾਸ ਸਿਆਹੀ ਨਾਲ ਲਿਖੇ ਗਏ ਹਨ । ਸਿੱਖ ਕੌਮ ਦਾ ਇਤਿਹਾਸ ਖ਼ੂਨ ਨਾਲ ਲਿਖਿਆ ਗਿਆ ਹੈ । ਤਾਰੀਖ਼ ਝੂਠ ਨਹੀਂ ਬੋਲਦੀ । ਪੜ੍ਹ ਕੇ ਵੇਖ ਲਵੋ । ਸਿੱਖਾਂ ਦੇ ਸਿਰਾਂ ਦੇ ਮੁੱਲ ਸਮੇਂ ਦੇ ਜਾਬਰ ਹਾਕਮ ਪਾਉਂਦੇ ਰਹੇ ਹਨ । ਸਿੱਖ ਨਹੀਂ ਮੁੱਕੇ , ਸਿੱਖਾਂ ਨੂੰ ਮੁਕਾਣ ਵਾਲੇ ਮੁੱਕ ਗਏ ।