ਸਦਭਾਵਨਾ, ਸਾਂਝ ਅਤੇ ਸੰਯਮ ਨਾਲ ਸੌੜੀ ਸਿਆਸਤ ਨੂੰ ਨਜਿੱਠਣ ਦੀ ਲੋੜ - ਵਰਗਿਸ ਸਲਾਮਤ
Posted on:- 03-04-2016
ਪੰਜਾਬ ‘ਚ ਤਰਸੇਵਿਆਂ ਬਾਅਦ ਪਰਤੀ ਅਮਨ ਅਤੇ ਸ਼ਾਂਤੀ ਨੂੰ ਨਜ਼ਰ ਲੱਗ ਗਈ ਅਤੇ ਫਿਰਕੂ ਸਦਭਾਵਨਾ ਫਿਰ ਭਾਰੀ ਦਬਾਵਾਂ ਹੇਠ ਆ ਗਈ। ਮਹੌਲ ਵਿਸਫੋਟਕ ਬਣਾਇਆ ਜਾ ਰਿਹਾ ਹੈ।ਇਸ ਨੂੰ ਲਾਂਬੂ ਲਾਉਣ ਵਾਲੀਆਂ ਦੇਸੀ ਵਿਦੇਸ਼ੀ ਅਜੰਸੀਆਂ ਡੂੰਗੀ ਸਾਜ਼ਿਸ਼ ਤਹਿਤ ਪੂਰੀ ਤਰ੍ਹਾਂ ਸਰਗਰਮ ਅਤੇ ਹੱਥ ‘ਚ ਮਾਚਿਸ ਫੜੀ ਪੱਬਾਂ ਭਾਰ ਹਨ।ਦੂਜੇ ਪਾਸੇ 2017 ਨੂੰ ਵਿਧਾਨ ਸਭਾ ਚੋਣਾਂ ਨੂੰ ਫੋਕਸ ਤੰਗ ਰਾਜਸੀ ਹਿੱਤਾਂ ਵਾਲੀਆਂ ਪਿਛਾਖੜੀ ਤਾਕਤਾਂ ਵੀ ਸਰਗਰਮ ਹਨ ਜੋ ਵਿਗੜੀ ਸਥਿਤੀ ਨੂੰ ਵਰਤਣ ਲਈ ਹਰ ਹੱਥਕੰਡਾਂ ਹੱਥਗੋਲੇ ਵਾਂਗ ਵਰਤਣ ਲਈ ਤਿਆਰ ਦਰ ਤਿਆਰ ਹਨ।ਐਸੀ ਸਥਿਤੀ ਤੋਂ ਹਰ ਵਰਗ ਪ੍ਰਭਾਵਿਤ ਵੀ ਹੁੰਦਾ ਹੈ ਤੇ ਆਹਤ ਵੀ ਹੁੰਦਾ ਹੈ।
ਉਸ ਦੇਸ਼ ਅਤੇ ਸੂਬੇ ਦੀ ਹਾਲਤ ਬੜੀ ਨਾਜ਼ੂਕ ਬਣ ਜਾਂਦੀ ਹੈ । ਸੁਭਾਵਿਕ ਹੈ ਕਿ ਅਜਿਹੇ ਅਸੁੱਰਖਿਅਤ ਮਹੌਲ ‘ਚ ਵਿਕਾਸ ਰੁੱਕ ਜਾਂਦਾ ਹੈ ਅਤੇ ਆਰਥਿਕਤਾ ਡਿਗ ਜਾਂਦੀ ਹੈ। ਅਜਿਹੇ ਰੋਜ਼ਮਰਾ ਹਾਲਾਤ ‘ਚ ਰੋਜ਼ ਕਮਾਉਣ ਅਤੇ ਰੋਜ਼ ਪਕਾਉਣ ਵਾਲਿਆਂ ਦਾ ਬੁਰਾ ਹਾਲ ਹੁੰਦਾ ਹੈ।
ਪੰਜਾਬ ਜੋ ਕਦੇ ਸਪਤਸਿੰਧੂ ਸੀ, ਫਿਰ ਪੰਜ ਆਬ ਹੋ ਗਿਆ। ਜੋ ਅੱਜ ਵਕਤ ਦੇ ਥਪੇੜਿਆਂ ਨੂੰ ਸਹਿੰਦੇ ਸਹਿੰਦੇ ਹੁਣ ਭਾਵੇਂ ਤਿੰਨਾਬ ਹੀ ਰਿਹ ਗਿਆ ਹੈ ਪਰ ਅੱਜ ਵੀ ਉਸਨੇ ਬਹਾਦੁਰੀ , ਸਾਂਝ, ਸੰਯਮ ਅਤੇ ਪਹਿਲਕਦਮੀ ਦੀ ਪੈੜ ਨਹੀਂ ਛੱਡੀ ਅਤੇ ਕਦੇ ਛੱਡੇਗਾ ਵੀ ਨਹੀਂ। ਪੰਜਾਬ ਹੁਣ ਜਿਸ ਦੌਰ ‘ਚੋਂ ਲੰਘਿਆ ਜਾਂ ਲੰਘ ਰਿਹਾ ਹੈ। ਉਹ ਗੰਦੀ , ਕਮੀਨੀ ਅਤੇ ਬੇਸਮਝੀ ਦੀ ਨਾਕਾਰਾਤਮਕ ਰਾਜਨੀਤੀ ਦੀ ਕੁਚਾਲ ਹੈ।ਸ਼ਾਇਦ ਇਕ ਵਾਰ ਫਿਰ ਅਸੀ ਕਰਾਹੇ ਪੈ ਜਾਂਦੇ, ਸ਼ਾਇਦ ਫਿਰ ਅਸੀ ਉਸ ਨਾਮੁਕਵੀਂ ਕਾਲ਼ੀ ਅਤੇ ਕੁਲੈਹਣੀ ਰਾਤ ਵੱਲ ਤੁਰ ਪੈਂਦੇ ਜਿਸ ਰਾਤ ਬਾਰੇ ਸੋਚ ਕਿ ਵੀ ਪਰਿਵਾਰਕ ਅਤੇ ਸਮਾਜਿਕ ਭਾਈਚਾਰਕ ਸ੍ਹੋਜੀ ਵਾਲਾ ਵਿਅਕਤੀ ਰੂਹ ਤੱਕ ਕੰਬ ਜਾਂਦਾ ਹੈ।ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੇ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ, ਅਜ਼ਾਦੀ ਦੇ ਘੋਲ ਵੇਲੇ ਅਤੇ ਅਜ਼ਾਦੀ ਤੋਂ ਬਾਅਦ ਹੁਣ ਤੱਕ ਵੀ ਕਦੇ ਪਿੱਠ ਨਹੀਂ ਦਿਖਾਈ।ਸਮੇਂ ਸਮੇਂ ਇਸ ਦੇਸ਼ ‘ਚ ਘੁਸਪੈਠ ਕਰਕੇ ਆਪਣਾ ਰਾਜ ਕਾਇਮ ਕਰਨ ਦੀ ਨਿਯਤ ਅਤੇ ਨੀਤੀ ਨਾਲ ਆਉਣ ਵਾਲੇ ਸਿਕੰਦਰਾਂ, ਮੁਗਲਾਂ ਆਦਿ ਨਾਲ ਸਭ ਤੋਂ ਪਹਿਲਾਂ ਸਪਤਸਿੰਧੂਆਂ ਜਾਂ ਪੰਜਾਬੀਆਂ ਨੇ ਹੀ ਲੋਹਾ ਲਿਆ।ਹੁਣੇ ਜਿਹੇ ਜਿਸ ਮਹਾਂਪੰਜਾਬ ਨੇ ਕਾਬਲ ਤੋਂ ਦਿੱਲੀ ਤੱਕ ਤੇਜ਼ ਭੂਚਾਲ ਦੇ ਝੱਟਕੇ ਸਹੇ ਹਨ ਅਤੇ ਬਹੁਤ ਜਾਨ ਮਾਲ ਦਾ ਨੁਕਸਾਨ ਵੀ ਝੱਲਿਆ ਹੈ। ਉਸੇ ਹੀ ਧਰਤੀ ਨੇ 1947 ‘ਚ ਫਿਰਕਾਪ੍ਰਸਤੀ ਦੀ ਸਿਆਸਤ ਕਾਰਨ ਦੋ ਦੇਸ਼ਾਂ ਦੀ ਵੰਡ ‘ਚ ਲੱਗਭਗ 10 ਲੱਖ ਜਾਨਾਂ ਗਵਾਈਆਂ ,40 ਲੱਖ ਲੋਕ ਜ਼ਖਮੀ ਹੋਏ ਅਤੇ 25 ਕਰੋੜ ਲੋਕਾਂ ਹਿਜ਼ਰਤ ਦੀ ਮਾਰ ਝੱਲੀ। 69 ਸਾਲਾਂ ਦੀ ਅਜ਼ਾਦੀ ਦੇ ਬਾਅਦ ਵੀ ਇਸ ਸਿਆਸਤ ਤੋਂ ਪਿੱਛਾ ਨਹੀਂ ਛੁੱਟਿਆ ਬਲਕਿ ਇਸ ਦਾ ਕਰੂਰ ਰੂਪ ਹੋਰ ਕਰੂਰ ਹੀ ਵਿੱਖਿਆ ਹੈ ਜਿਸਨੇ ਪੰਜਾਬ ਨੂੰ 84 ਦੇ ਜ਼ਖਮ ਦਿੱਤੇ ਲਗਭਗ 5000 ਲੋਕ ਮਹਿਜ਼ ਵੱਡਾ ਦਰਖਤ ਡੇਗਣ ਦੇ ਵਿਰੋਧ ਕਰਕੇ ਹੀ ਮਾਰ ਦਿੱਤੇ ਗਏ। ਪਾਕਿਸਤਾਨ ਵਾਂਗ ਧਰਮ ਅਧਾਰਿਤ ਰਾਜ ਖਾਲ਼ਿਸਤਾਨ ਕਾਇਮ ਕਰਨ ਦੇ ਅੰਨੇ ਜਨੂੰਨ ਚ ਅੱਤਵਾਦ ਦੀ ਵੀਹ ਸਾਲ ਲੰਮੀ ਕਾਲ਼ੀ ਅਤੇ ਕੁਲੈਹਣੀ ਰਾਤ ਨੇ ਆਪਣੀ ਬੁੱਕਲ਼ ‘ਚ ਲੈ ਕੇ ਕਈ ਤਸ਼ਦਦ ਕੀਤੇ। ਲਗਭਗ 25 ਹਜ਼ਾਰ ਜਾਨਾਂ ਗਈਆਂ ਅਤੇ ਅਤੇ ਫਿਰ ਲੱਖਾਂ ਲੋਕਾਂ ਪੰਜਾਬ ‘ਚੋ ਹਿਜ਼ਰਤ ਕਰ ਗਏ।ਅੱਤਵਾਦ ਦੀ ਵੀਹ ਸਾਲ ਲੰਮੀ ਕਾਲ਼ੀ ਅਤੇ ਕੁਲੈਹਣੀ ਰਾਤ ‘ਚ ਜਿਥੇ ਅਸੀ ਬਹਤੁ ਕੁਝ ਗਵਾਇਆ ਓਥੇ ਬਾਅਦ ‘ਚ ਹੁਣ ਤੱਕ ਲੰਮੀ ਸਵੇਰ ‘ਚ ਵੀ ਸਮੇ ਦੀਆਂ ਸਰਕਾਰਾਂ ਨੇ ਕੋਈ ਬਹੁਤਾ ਸਬਕ ਨਹੀਂ ਲਿਆ , ਬਲਕਿ ਉਸ ‘ਤੇ ਸਿਆਸਤ ਕਰ ਕਰਕੇ ਆਪਣੇ ਸਿਆਸੀ ਲਾਹਿਆਂ ਕਾਰਨ ਦੇਸ਼ ਨੂੰ ਫਿਰਕਿਆਂ ਦੀ ਸਿਆਸਤ ਦੀ ਦਲਦਲ ‘ਚ ਡੇਗਣ ਦੀ ਕੋਸ਼ਿਸ਼ ਕੀਤੀ ਅਤੇ ਇਕ ਅਸੁਰਖਿਅਤ , ਅਣਸੁਖਾਵਾਂ ਅਤੇ ਆਪਹੁੱਦਰਾ ਮਹੌਲ ਬਣਾ ਦਿੱਤਾ । ਕੁਝ ਸਮੇਂ ਤੋਂ ਅਸ਼ਾਂਤ ਮਹੌਲ ਤੋਂ ਬਾਅਦ ਹੁਣ ਕੁਝ ਪੈਰਾਂ ਭਾਰ ਹੋ ਰਿਹਾ ਹੈ।ਬਰਗਾੜੀ ਸਮੇਤ ਵੱਖ ਵੱਖ ਥਾਵਾਂ ‘ਤੇ ਪਾਕ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਹੁਰਰਮਤੀ ਮੁੰਬਈ ਹੋਏ ਸੀਰੀਅਲ ਬਲਾਸਟ ਵਾਂਗ ਲੜੀਬੱਧ ਤਰੀਕੇ ਨਾਲ ਸੋਚੀ ਸਮਝੀ ਸਾਜਿਸ਼ ਤਹਿਤ ਹੋਈ ਹੈ।ਜਿੱਥੇ ਸਿੱਖ ਕੌਮ ਦੇ ਜਜ਼ਬਾਤ ਨੂੰ ਠੇਸ ਲੱਗੀ ਓੱਥੇ ਹਿੰਦੂ, ਮੁਸਲਿਮ , ਈਸਾਈ ਭਾਈਚਾਰਕ ਸਾਂਝ ਦੇ ਹਾਮੀਦਾਰਾਂ ਦੇ ਦਿਲ ਵੀ ਟੁੱਟੇ ਸਿੱਟੇ ਵੱਜੋਂ ਲੋਕ ਭੜਕੇ, ਥਾਂ ਥਾਂ ਰੋਸ ਮਾਰਚ , ਬਾਜ਼ਾਰ ਬੰਦ ਅਤੇ ਧੱਰਨਿਆਂ ਆਦਿ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ।ਸ਼ਰਕਾਰ ਭਾਵੇਂ ਕੇਂਦਰ ਦੀ ਹੋਵੇ ਜਾਂ ਸਟੇਟ ਦੀ ਜਦੋਂ , ਜਿੱਥੇ ਅੱਤੇ ਜਿਵੇਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜਿਥੇ ਇਸ ਦੀ ਜ਼ਿੰਮੇਵਾਰ ਸੂਬਾ ਸਰਕਾਰ ਹੈ ਉੱਥ ਕੇਂਦਰ ਸਰਕਾਰ ਵੀ ਉਨੀ ਹੀ ਜਿੰਮੇਵਾਰ ਹੁੰਦੀ ਹੈ।ਕਿਉਂਕੀ ਲੋਕਾਂ ਨੂੰ ਰਾਜ ਪ੍ਰਬੰਧ ਤਾਂ ਦੋਹਾਂ ਹੀ ਦੇਣਾ ਹੈ। 17 -18 ਮਹੀਨਿਆਂ ‘ਚ ਭਾਜਪਾ ਅਤੇ ਭਾਜਪਾ ਭਾਈਆਂ ਨੇ ਦੇਸ਼ ‘ਚ ਜੋ ਅਸਹਣਸ਼ੀਲਤਾ , ਘੱਟ ਗਿਣਤੀਆਂ ਨੂੰ ਡਰਾਉਣਾ, ਦਬਾਉਣਾ ਅਤੇ ਧਾਰਮਿਕ ਕੱਟੜਵਾਦ ਦੀਆਂ ਘਟਨਾਵਾਂ ਲੋਕਾਂ ਦੇ ਨੱਕ ਮੂੰਹ ਨੂੰ ਆ ਗਈਆਂ ਹਨ, ਲੋਕ ਅੱਛੇ ਦਿਨਾਂ ਨੂੰ ਪੱਛਤਾਅ ਰਹੇ ਹਨ।ਜਿਸ ਤਰ੍ਹਾਂ ਯੂ. ਪੀ. ਏ. 2 ਕੇਂਦਰ ‘ਚ ਦੂਜੀ ਟਰਮ ਵੇਲੇ ਲੋਕਾਂ ਦੇ ਮਨਾਂ ਤੋਂ ਉੱਤਰੀ ਸੀ ਠੀਕ ਉਸੇ ਤਰ੍ਹਾਂ ਪੰਜਾਬ ‘ਚ ਅਕਾਲੀ ਸਰਕਾਰ ਦੇ ਦੂਜੀ ਵਾਰ ਆਉਣ ਤੋਂ ਬਾਅਦ ਗੁੰਡਾਗਰਦੀ , ਮਾਰਕਟਾਈ , ਲੁੱਟਾਂ ਖੋਹਾਂ ਅਤ ਬੇਹੁਰਮਤੀ ਦੀਆਂ ਘਟਨਾਵਾਂ ਵਧੀਆਂ। ਇਸ ਮਹੀਨੇ ਜੋ ਪੰਜਾਬ ‘ਚ ਵਾਪਰਿਆ ਹੈ।ਉਸ ਵਿਚੋਂ ਜੋ ਗੰਦੀ ਸਿਆਸਤ ਦੀ ਬੂ ਆਈ। ਜਿਸ ਨੂੰ ਲੋਕ ਛੇਤੀ ਹੀ ਮਹਿਸੂਸ ਕਰ ਗਏ।ਕਿਸਾਨ ਆਪਣੀ ਕਿਸਾਨੀ ਦੀ ਹੋਂਦ ਨੂੰ ਬਚਾਉਂਦਾ ਸੜਕਾਂ ਅਤੇ ਰੇਲਾਂ ‘ਤੇ ਅੱਠ ਦਿਨ ਰੁਲਿਆ , ਝੋਨਾਂ ਮੰਡੀਆਂ ‘ਚ ਸਰਕਾਰੀ ਬੋਰੀਆਂ ਉਡੀਕਦਾ ਰੁਲ-ਸੁੱਕ ਰਿਹਾ । ਖੁਦਕੁਸੀਆਂ ਦਾ ਸਿਲਸਿਲਾ ਰੁੱਕ ਨਹੀਂ ਰਿਹਾ। ਆਪ ਪਾਰਟੀ ਜਿਸ ਨੇ ਪਹਿਲਾਂ ਹੀ ਮਾਲਵੇ ਦੀ ਧਰਤੀ ਲੋਕਸਭਾ ਚੋਣਾ ‘ਚ ਹਲਾਈ ਸੀ, ਦੀਆਂ ਪ੍ਰਭਾਵਸ਼ਾਲੀ ਰੈਲੀਆਂ ਨੇ ਅਕਾਲੀ ਦਲ ਦੀ ਨੀਂਦ ਘੱਟਾ ਦਿੱਤੀ ਸੀ ਸਿੱਟੇ ਵੱਜੋਂ ਅਕਾਲੀ ਦਲ ਦੀ ਮਾਈਕਰੋ ਪਲਾਨ ਪਾਲਟਿਕਸ ਨੇ ਬਿਨਾਂ ਗਰਾਉਂਡ ਲੈਵਲ ਨੂੰ ਸਮਝੇ ਆਪਣੇ ਧਿਆਨ ਭਟਕਾਉੁ ਰਾਜਨੀਤੀ ਪੈਂਤਰੇ ਹੇਠ, ਧਰਮ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ।ਲੋਕ ਹੈਰਾਨ ਰਹਿ ਗਏ ਕਿ ਜਿਸ ਬਾਬੇ ਦਾ ਪੰਜਾਬਭਰ ‘ਚ ਪੂਰਾ ਵਿਰੋਧ ਹੈ।ਪਹਿਲਾਂ ਉਸਦੀ ਫਿਲਮ ਰਲ਼ੀਜ਼ ਹੋ ਗਈ ਫਿਰ ਉਸ ਨੂੰ ਰਾਤੋ ਰਾਤ ਮੂਆਫੀ ਦੇ ਦਿੱਤੀ,ਇਸ ਪਿੱਛੇ ਦੀ ਰਾਜਨੀਤੀਕ ਚਾਲ ਸਮਝ ਕਿ ਜਿਸ ਨਾਲ ਸਿੱਖ ਕੌਮ ਨੂੰ ਅਸਿਹ ਧੱਕਾ ਲੱਗਾ।ਅੱਜੇ ਇਹ ਮਸਲਾ ਸਿੱਧਾ ਹੋਣ ਦਾ ਨਾ ਨਹੀਂ ਸੀ ਲੈ ਰਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਜਗਾ੍ਹ ਜਗਾ੍ਹ ਪਾਵਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਲੜੀਬੱਧ ਪ੍ਰੋਗਰਾਮ ਹੇਠ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਛੇੜ ਕੇ ਫਿਰਕੂ ਅੱਗ ਭੜਕਾਉਣ ਦੀ ਕੋਸ਼ਿਸ਼ ਕੀਤੀ ਅਤੇ ਅਜੇ ਕਰ ਰਿਹਾ ਹੈ । ਖਲਾਰੇ ਨੂੰ ਸਮੇਟਣ ਲਈ ਵੱਡੇ ਬਾਦਲ ਸਾਹਿਬ ਨੇ ਕਮਾਨ ਆਪਣੇ ਹੱਥ ਲ਼ਈ ,ਕੁਝ ਠੰਡ ਠੰਡੌਲਾ ਤਾਂ ਹੋਇਆ ਪਰ ਤੀਰ ਕਮਾਨ ‘ਚ ਵਾਪਸ ਨਹੀਂ ਆ ਸਕਦਾ।ਅੱਜ ਦੇ ਅਤਿ ਆਧੁਨਿਕ ਅਤੇ ਤੇਜ਼ ਤਰਾਰ ਸ਼ੋਸ਼ਲ ਮੀਡੀਏ ਦੇ ਸ਼ਰਾਰਤੀ ਲੋਕਾਂ ਨੇ ਜਿੱਥੇ ਬਹੁਤ ਭੜਕਾਊ ਮਹੌਲ ਉਸਾਰਨ ‘ਚ ਕਸਰ ਨਹੀਂ ਛੱਡੀ ਓਥੇ ਲੇਖਕਾਂ , ਵਿਦਵਾਨਾਂ, ਟੀ.ਵੀ. ਅਤੇ ਅਖਬਾਰਾਂ ਆਦਿ ਨੇ ਲੋਕਾਂ ਨੂੰ ਇਕਜੁੱਟ ਰੱਖ ਕੇ ਅਸਲੀਅਤ ਤੋਂ ਜਾਣੂ ਕਰਵਾਇਆ।ਸਾਂਝੀ ਵਾਰਤਾ ਦੀਆਂ ਅਸਲੀ ਅਤੇ ਦਿਲੋਂ ਹਾਮੀਦਾਰ ਖੱਬੇ ਖਿਆਲੀ ਪਾਰਟੀਆਂ ਨੇ ਸਾਂਝੇ ਮੋਰਚੇ ਦੇ ਬੈਨਰ ਹੇਠ ਆਪਣੇ ਸਾਰੇ ਘੋਲ ਅਤੇ ਕੰਮ ਛੱਡ ਕੇ ਜਗਾ ਜਗਾ ਸਦਭਾਵਨਾ , ਸਾਂਝ ਅਤੇ ਸਮਝ ਨੂੰ ਬਣਾਈ ਰੱਖਣ ਲਈ ਰੈਲੀਆਂ, ਕਨਵੈਨਸ਼ਨਾਂ ਅਤੇ ਸੈਮੀਨਾਰਾਂ ਰਾਹੀ ਲੋਕਾਂ ਇਕਜੁਟ ਅਤੇ ਜਾਗਰੂਪ ਕੀਤਾ। ਤਲਵਾਰਾਂ , ਬਰਛਿਆਂ ਅਤੇ ਬੰਦੂਕਾਂ ਨਾਲ ਕੀਤੇ ਜਾ ਰਹੇ ਵਿਖਾਵਿਆਂ ਦਾ ਖੁਲ ਕੇ ਵਿਰੋਧ ਕੀਤਾ ।ਦੇਸ਼ ਦੀ ਤਾਜ਼ਾ ਸਥਿਤੀ ਨੂੰ ਸਮਝਣ ਦੀ ਲੋੜ ਇਹ ਵੀ ਹੈ ਕਿ ਦੇਸ਼ ਦੀ ਕੁੱਲ ਵੋਟ ਦੇ 31 ਫੀਸਦੀ ਨਾਲ ਬਣੀ ਭਾਜਪਾ ਸਰਕਾਰ 800 ਸਾਲਾਂ ਬਾਅਦ ਹਿੰਦੂ ਰਾਜ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਸ਼ਾਇਦ ਦੇਸ਼ ਨੂੰ 800 ਸਾਲ ਹੀ ਪਿੱਛੇ ਲੈ ਜਾਣਾਂ ਚਾਹੰਦੀਆਂ ਹਨ।ਉਸਨੂੰ ਪਹਿਲਾਂ ਦਿੱਲੀ ਅਤੇ ਹੁਣ ਬਿਹਾਰ ਤੋਂ ਦੋਂਵੇਂ ਕੰਨ ਫੜ ਕੇ ਸਬਕ ਲੈਣਾ ਚਾਹੀਦਾ ਹੈ।ਅਸਿਹਣਸ਼ੀਲਤਾ ‘ਚ ਦੇਸ਼ ਨੂੰ ਬੰਦੇ ਮਾਰਨ ਦੀ ਪ੍ਰਯੋਗਸ਼ਾਲਾ ਨਾ ਬਣਾਈਏ।ਅੱਜ ਅੱਜ ਜੇ ਅਸਿਹਣਸ਼ੀਲਤਾ ਨੂੰ ਫੋਕਸ ਕਰੀਏ ਤਾਂ ਜਿਥੇ ਦੇਸ਼ ਦੀ ਅਜਾਦੀ ‘ਚ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ ਉੱਥੇ ਅੱਜ ਵੀ ਪੰਜਾਬ ਦੇ ਅਗਾਂਵਧੂ , ਤਰਕਪਸੰਦ ਅਤੇ ਲੋਕਪੱਖੀ ਵਿਦਵਾਨਾਂ , ਲੇਖਕਾਂ , ਸਾਹਿਤਕਾਰਾਂ ਬੁੱਧੀਜੀਵੀਆਂ ਅਤੇ ਖੱਬੇਖਿਆਲੀ ਲੋਕਾਂ ਸ਼ਹਿਰ ਸ਼ਹਿਰ ਰੋਸ਼ ਪ੍ਰਦਰਸ਼ਨ ਕਰਕੇ ਇਹਨਾਂ ਪਿਛਾਂ ਖਿੱਚੁ ਤਾਕਤਾਂ ਦਾ ਇੱਕਲਾ ਵਿਰੋਧ ਹੀ ਨਹੀਂ ਕੀਤਾ।ਸਗੋਂ ਦੇਸ਼ ਭਰ ‘ਚੋਂ ਲਗਭੱਗ 30-35 ਵੱਡੇ ਲੇਖਕਾਂ ਰੋਸ ਵੱਜੋਂ ਦੇਸ਼ ਦੇ ਵੱਡੇ ਸਨਮਾਨ ਰਾਸ਼ੀ ਸਮੇਤ ਵਾਪਿਸ ਕਰਨ ਦੀ ਪਹਿਲਕਦਮੀ ਕੀਤੀ ।ਪੰਜਾਬ ‘ਚ ਸਾਹਿਤ ਦੇ ਵੱਡੇ ਹਸਤਾਖਰ ਦਲੀਪ ਕੌਰ ਟੀਵਾਣਾ, ਸੁਰਜੀਤ ਪਾੱਤਰ ਅਤੇ ਅਜਮੇਰ ਔਲਖ ਸਮੇਤ ਸ਼ਾਇਦ ਸਭ ਤੋਂ ਵੱਧ ਅੱਠ ਸਾਹਿਤਕਾਰਾਂ ਆਪਣੇ ਸਨਮਾਨ ਰਾਸ਼ੀਆਂ ਸਹਿਤ ਵਾਪਸ ਕਰਕੇ ਉੱਕਤ ਕਲਮਾਂ ਦੇ ਹੱਕ ‘ਚ ਸ਼ਲਾਘਾਯੋਗ ਕੰਮ ਕੀਤਾ।ਹਮੇਸ਼ਾ ਤੋਂ ਸੱਤਾਧਾਰੀਆਂ ਨੂੰ ਸ਼ੀਸ਼ਾ ਵਿਖਾਉੁਣ ਵਾਲੀ ਖੱਬੀ ਸੋਚ ਦੇ ਹਾਮੀਦਾਰਾਂ ਅਤੇ ਭਾਈਚਾਰਕ ਸਾਂਝ ਅਤੇ ਪਿਆਰ ਦੇ ਪਹਿਰੇਦਾਰਾਂ ਪੰਜਾਬ ਨੂੰ ਹੋਣ ਵਾਲੇ ਬਹੁਤ ਵੱਡੇ ਨੁਕਸਾਨ ਤੋ ਬਚਾਇਆ ਅਤੇ ਸੌੜੀ ਸਿਆਸਤ ਤੋਂ ਬਚਣ ਦਾ ਹੌਕਾ ਦੇ ਰਹੇ ਹਨ ..ਬਾਰ ਬਾਰ ਹਮ ਏਕ ਹੀ ਗ਼ਲਤੀ ਕਰਤੇ ਰਹੇ
ਧੂਲ ਚੇਹਰੇ ਪੇ ਥੀ ਹਮ ਆਈਨਾ ਸਾਫ ਕਰਤੇ ਰਹੇ