ਸੂਰਜਾਂ ਦੇ ਕਾਤਲ,ਨੰਨੀਆਂ ਛਾਵਾਂ ਦੇ ਵਿਉਪਾਰੀ
ਈਸਟਰਨ ਯੂਨੀਵਰਸਿਟੀ ਮਾਸਕੋ ਦੇ ਕਾਮਰੇਡਾਂ ਦਾ ਚੰਡਿਆ,ਕਮਿਊਨਿਸਟ ਨਕਸਲਬਾੜੀ ਲਹਿਰ ਦਾ ਸਿਰਕੱਢ ਯੋਧਾ ਕਾਮਰੇਡ ਬਾਬਾ ਬੂਝਾ ਸਿੰਘ ਅਕਾਲੀ ਵਜ਼ਾਰਤ ਦੇ ਹੁੰਦਿਆਂ 27-28 ਜੁਲਾਈ ਦੀ ਰਾਤ ਨੂੰ ਨਾਈਮਾਜਰਾ ਦੇ ਪੁਲ ’ਤੇ ਝੂਠੇ ਪੁਲਿਸ ਮੁਕਾਬਲੇ ’ਚ ਮਾਰ ਦਿੱਤਾ ਗਿਆ ਸੀ।ਉਸ ਨਕਸਲਾਈਟ ਬਾਬੇ ਦੀ ਜ਼ਬਰ-ਤਸ਼ੱਦਦ,ਜੇਲ੍ਹਾਂ-ਥਾਣਿਆਂ,ਵਿਚਾਰਧਾਰਕ ਸਿਆਸੀ ਪ੍ਰਤੀਬੱਧਤਾ ਤੇ ਹੋਰ ਅਨੇਕਾਂ ਕੁਰਬਾਨੀਆਂ ਦੀ ਦਾਸਤਾਨ ਬੇਮਿਸਾਲ ਹੈ।ਸ਼ਾਇਦ ਉਸ ਇਨਸਾਨ ਦੀ ਮਹਾਨਤਾ ਤੇ ਵੋਟ-ਵਟੋਰੂ ਪਾਰਟੀਆਂ ਦੇ ਦੰਭੀ ਸ਼ੋਛਿਆਂ ਨੂੰ ਵੇਖਦੇ ਹੋਏ ਲੋਕਪੱਖੀ ਗੀਤਕਾਰ ਜਗਸੀਰ ਜੀਦਾ ਨੇ ਇਹ ਸਤਰਾਂ ਲਿਖੀਆਂ ਹੋਣਗੀਆਂ ਕਿ:-
ਬਾਬੇ ਬੂਝੇ ਜਿਹਾ ਬੋਹੜ ਜਿਨ੍ਹਾਂ ਵੰਡਿਆ,
ਉਹ ਨੰਨੀ ਛਾਂ ਦੇ ਰੁੱਖ ਵੰਡਦੇ।
ਸਾਡੇ ਸਮਿਆਂ ਦਾ ਕਿੱਡਾ ਵੱਡਾ ਸੱਚ ਸਮੋਇਆ ਹੋਇਆ ਹੈ ਇਹਨਾਂ ਸਤਰਾਂ ਵਿੱਚ ਜਿਸ ਯਥਾਰਥ ਨੂੰ ਹਰ ਉਹ ਇਨਸਾਨ ਸਮਾਜ ਵਿੱਚ ਪ੍ਰਤੱਖ ਦੇਖ ਸਕਦਾ ਹੈ ਜੋ ਜਿਊਂਦਾ-ਜਾਗਦਾ ਹੈ।ਨੰਨੀ ਛਾਂ ਦੇ ਦਮਗਜਿਆਂ ਦੇ ਉਹਲੇ-ਉਹਲੇ ਇਹ ਛਾਵਾਂ ਵੰਡਣ ਵਾਲਿਆਂ ਦੀ ਛਤਰ-ਛਾਇਆ ਹੇਠ ਅਨੇਕਾਂ ਮਾਸੂਮ ਬੱਚੀਆਂ ਜ਼ਬਰ,ਅਗਵਾ,ਬਲਾਤਕਾਰ,ਤੇ ਕਤਲ ਹੋ ਰਹੀਆਂ ਹਨ ਤੇ ਇਹਨਾਂ ਬਾਲੜੀਆਂ ਦੇ ਰੱਖਵਾਲੇ ਬੋਹੜ ਅੱਜ ਛਾਂਗੇ ਜਾ ਰਹੇ ਹਨ,ਵੱਢੇ ਜਾ ਰਹੇ ਹਨ।
ਮਹਿਲਕਲਾਂ ਦੀ ਧਰਤੀ ’ਤੇ 1997 ’ਚ ਇਸੇ ਅਕਾਲੀ ਵਜ਼ਾਰਤ ਦੀ ਛਾਂ ਹੇਠ ਸਕੂਲ ਪੜ੍ਹਨ ਗਈ ਬੱਚੀ ਕਿਰਨਜੀਤ ਕੌਰ ਸਿਆਸੀ ਅਸਰ-ਰਸੂਖ ਵਾਲੇ ਕਾਕਿਆਂ ਦੁਆਰਾ ਅਗਵਾ ਕੀਤੀ ਗਈ, ਅਗਵਾ ਕਰਕੇ ਕਈ ਦਿਨ ਸਮੂਹਕ ਬਲਾਤਕਾਰ ਕੀਤਾ ਗਿਆ, ਬਲਾਤਕਾਰ ਕਰਕੇ ਮਾਰ ਦਿਤੀ ਗਈ ਤੇ ਬੋਰੀ ’ਚ ਬੰਨ੍ਹਕੇ ਆਪਣੇ ਹੀ ਖੇਤਾਂ ਵਿਚ ਦੱਬ ਦਿੱਤੀ ਗਈ।ਮੇਹਨਤੀ ਲੋਕਾਂ ਦੀਆਂ ਧੀਆਂ-ਭੈਣਾ ਦੀ ਆਬਰੂ ਦੀ ਰੱਖਿਆ ਕਰਨ ਵਾਲੇ ਤੇ ਕਿਰਨਜੀਤ ਕੌਰ ਦੇ ਮਾਪਿਆ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਏ ਲੋਕ ਆਗੂਆਂ ਨੂੰ ਹਕੂਮਤ ਨੇ ਝੂਠੀ ਉਮਰ ਕੈਦ ਦੀ ਸਜਾ ਦਿੱਤੀ।ਇਸੇ ਤਰ੍ਹਾਂ 24 ਸਤੰਬਰ, 2012 ਨੂੰ ਫਰੀਦਕੋਟ ਸ਼ਹਿਰ ਮੁਹੱਲਾ ਡੋਗਰ ਬਸਤੀ ’ਚ ਦਿਨ-ਦਿਹਾੜੇ ਨਿਸ਼ਾਨ ਸਿੰਘ ਨਾਂ(19) ਦਾ ਫਿਲਮੀ ਮਾਨਸਿਕਤਾ ਦਾ ਸ਼ਿਕਾਰ ਗੁੰਡਾ ਹੱਥਾਂ ’ਚ ਦਾਤਰ,ਰਾਡਾਂ ਤੇ ਪਿਸਤੌਲ ਫੜੀ 10-12 ਹੋਰ ਗੁੰਡਿਆਂ ਸਮੇਤ ਇਕ ਘਰ ਅੰਦਰ ਜਾ ਵੜਦਾ ਹੈ,ਉੱਥੇ ਦਸਵੀਂ ਜਮਾਤ ਦੀ ਵਿਦਿਆਰਥਣ ਸ਼ਰੂਤੀ ਨੂੰ ਬਾਂਹ ਤੋਂ ਫੜ ਕੇ ਲੈ ਜਾਣ ਲਈ ਖਿੱਚ-ਧੂਹ ਕਰਦਾ ਹੈ।ਢਿੱਡੋਂ ਜਾਈ ਬੱਚੀ ਨੂੰ ਜਦੋਂ 10-12 ਹਥਿਆਰਬੰਦ ਗੁੰਡੇ ਖਿੱਚ-ਧੂਹ ਰਹੇ ਸਨ ਤਾਂ ਪਿਤਾ ਅਸ਼ਵਨੀ ਤੇ ਮਾਂ ਸੀਮਾਂ ਨੇ ਆਪਣੀ ਜਾਈ ਨੂੰ ਉਹਨਾਂ ਦਰਿੰਦਿਆਂ ਤੋਂ ਛੁਡਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।ਉਹ ਸ਼ਰੂਤੀ ਦੇ ਪਿਤਾ ਦੀ ਬਾਂਹ ਤੇ ਮਾਂ ਦੇ ਸਿਰ ’ਚ ਰਾਡਾਂ ਮਾਰਕੇ ਗੋਲੀਆਂ ਚਲਾਉਂਦੇ ਹੋਏ ਸ਼ਰੂਤੀ ਨੂੰ ਚੁੱਕ ਕੇ ਲੈ ਜਾਂਦੇ ਹਨ।ਉਹ ਪੁਲਿਸ ਪ੍ਰਸ਼ਾਸ਼ਨ ਸੁੱਤਾ ਪਿਆ ਰਹਿੰਦਾ ਹੈ ਜਿਹੜਾ ਇਕ ਦਿਨ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਦੇ ਆਗਮਨ ਪੁਰਬ ਮੇਲੇ ਤੇ ਅਮਨ-ਸ਼ਾਂਤੀ ਦੀ ਕਾਇਮੀ ਵਿੱਚ ਜੁੱਟਿਆ ਹੋਇਆ ਸੀ ਤੇ ਦੂਸਰੇ ਦਿਨ ਦੀ ਸਵੇਰ ਨੂੰ 9.45 ਤੇ ਸ਼ਰੂਤੀ ਨੂੰ ਅਮਨ-ਕਾਨੂੰਨ ਦੇ ਰਾਖਿਆਂ ਦੇ ਸਖਤ ਪ੍ਰਬੰਧ ਹੇਠੋਂ ਅਗਵਾ ਕਰ ਲਿਆ ਜਾਂਦਾ ਹੈ।ਇਹ ਉਹੀ ਪੁਲਿਸ ਪ੍ਰਸ਼ਾਸ਼ਨ ਹੈ ਜਿਸਦੀ ਕੁਤਾਹੀ ਕਾਰਨ 22 ਕੇਸ ਦਰਜ ਹੋਣ ਦੇ ਬਾਵਯੂਦ ਪਿਛਲੇ ਤਿੰਨ ਸਾਲ ਤੋਂ ਨਿਸ਼ਾਨ ਸਿੰਘ ਸ਼ਰੇਆਮ ਘੁੰਮ ਰਿਹਾ ਹੈ ਤੇ ਕਈ ਕੇਸਾਂ ’ਚੋਂ ਬਰੀ ਹੋਇਆ ਹੈ।ਇਹ ਉਹ ਪੁਲਿਸ ਪ੍ਰਸ਼ਾਸ਼ਨ ਵੀ ਹੈ ਜਿਸਦੇ ਕੋਲ 25 ਜੂਨ ਨੂੰ ਟਿਊਸ਼ਨ ਪੜ੍ਹਨ ਗਈ ਸ਼ਰੂਤੀ ਨੂੰ ਅਗਵਾ ਕਰਨ ਦੇ ਮਾਮਲੇ ’ਚ ਥਾਣਾ ਕੋਤਵਾਲੀ ਫਰੀਦਕੋਟ ਵਿਖੇ ਦੋਸ਼ੀ ਨਿਸ਼ਾਨ ਸਿੰਘ ਖਿਲਾਫ ਧਾਰਾ 376 ਤਹਿਤ ਮਾਮਲਾ ਦਰਜ ਸੀ।ਧੱਕੇਸ਼ਾਹੀ ਦਾ ਕਿੱਡਾ ਨੰਗਾ ਨਾਚ ਹੈ ਕਿ 23 ਜੂਨ ਨੂੰ ਸ਼ਰੂਤੀ ਦੇ ਘਰ ਪੈਟਰੋਲ ਬੰਬ ਸੁੱਟਣ,25 ਜੂਨ ਨੂੰ ਲੜਕੀ ਨੂੰ ਅਗਵਾ ਕਰਨ ਤੇ 20 ਸਤੰਬਰ ਨੂੰ ਨਿਸ਼ਾਨ ਸਿੰਘ ਦੀ ਮਾਂ ਨਵਜੋਤ ਕੌਰ ਦੁਆਰਾ ਸ਼ਰੂਤੀ ਦੇ ਘਰ ਜਾ ਕੇ ਨਿਸ਼ਾਨ ਸਿੰਘ ਖਿਲਾਫ ਦਰਜ ਕੇਸ ਵਾਪਸ ਲੈਣ ਦੀ ਧਮਕੀ ਦੇਣ ਦੇ ਬਾਵਯੂਦ 24 ਸਤੰਬਰ ਨੂੰ ਸ਼ਰੇਆਮ ਸ਼ਰੂਤੀ ਨੂੰ ਘਰੋਂ ਅਗਵਾ ਕਰ ਲਿਆ ਜਾਂਦਾ ਹੈ ਤੇ ਪੁਲਿਸ ਪ੍ਰਸ਼ਾਸ਼ਨ 24 ਸਤੰਬਰ ਤੋਂ ਅੱਜ ਤੱਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕਿਆ।ਇਸ ਵਰਤਾਰੇ ਨੂੰ ਕੀ ਕਿਹਾ ਜਾਵੇ ਨਾਲਾਇਕੀ ਜਾਂ ਮਿਲੀਭੁਗਤ? ਉਂਝ ਜਾਣਕਾਰੀ ਲਈ ਦੱਸ ਦੇਈਏ ਕਿ ਫੇਸਬੁੱਕ ’ਤੇ ਨਸ਼ਰ ਹੋਈਆਂ ਤਸਵੀਰਾਂ ਤੇ ਪ੍ਰਸ਼ਾਸ਼ਨ ਦਾ ਹੁਣ ਤੱਕ ਦਾ ਵਤੀਰਾ ਮਿਲੀਭੁਗਤ ਨੂੰ ਹੀ ਜ਼ਾਹਰ ਕਰਦਾ ਹੈ।
ਇਕਬਾਲ
ਮੈਂ ਸ਼ਰੂਤੀ ਵਾਲੇ ਕੇਸ ਦੇ ਨਾਲ ਵਿਰੋਧ ਦਾ ਝੰਡਾ ਬਰਦਾਰ ਹਾਂ, ਪਰ ਅਜਿਹੀਆਂ ਘਟਨਾਵਾਂ ਸਿਰਫ ਅੱਜ ਹੀ ਵਾਪਰੀਆਂ ?? ਸਰਕਾਰੀ ਰੇਸ਼ੋ ੮ ਮਾਮਲੇ ਰੋਜ ਦੀ ਹੈ | ਇਸ ਔਰਤ ਦੇ ਮਸਲੇ ਤੋਂ ਬਿਨਾਂ ਵੀ ਹੋਰ ਮਾਮਲੇ ਹਨ ਜੋ ਉਠਾਉਣ ਵਾਲੇ ਹਨ (ਪਰ ਕਦੇ ਆਵਾਜ ਨਹੀਂ ਉਠਦੀ) ਇਹ ਸੰਘਰਸ਼ ਕਮੇਟੀਆਂ ਦੀ ਬੋਲਤੀ ਸਿਰਫ ਮਧ ਵਰਗ ਤੱਕ ਹੀ ਕਿਉਂ ਸੀਮਤ ਹੋ ਜਾਂਦੀ ਹੈ ????