Thu, 21 November 2024
Your Visitor Number :-   7255258
SuhisaverSuhisaver Suhisaver

ਆਮ ਲੋਕ ਹਮਦਰਦੀ ਭਾਲਦੇ ਹਨ ਡਰਾਮੇ ਨਹੀਂ - ਗੁਰਚਰਨ ਪੱਖੋਕਲਾਂ

Posted on:- 26-01-2016

suhisaver

ਦੇਸ਼ ਦੇ ਆਗੂ ਜਦੋਂ ਜਨਤਾ ਨੂੰ ਝੂਠ ਦੇ ਲੌਲੀਪੌਪ ਦਿਖਾਉਂਦੇ ਹਨ ਅਤੇ ਆਪਣੀ ਰਾਜਨੀਤੀ ਦਾ ਕਬਾੜ ਰੂਪੀ ਗੱਡਾ ਤੋਰਨਾਂ ਸ਼ੁਰੂ ਕਰ ਲੈਂਦੇ ਹਨ। ਕਈ ਨੇਤਾਵਾਂ ਦਾ ਇਹ ਗੱਡਾ ਕਈ ਵਾਰ ਜਾਂ ਇੱਕ ਅੱਧੀ ਵਾਰ ਇੱਕ ਦੋ ਕਦਮ ਅੱਗੇ ਤੁਰ ਵੀ ਪੈਂਦਾ ਹੈ। ਇਸ ਨੀਤੀ ਤੇ ਤੁਰਦਿਆਂ ਹੀ ਉਹ ਅਗਲੀ ਵਾਰ ਹੋਰ ਵੱਡੇ ਝੂਠ ਪਰੋਸਣ ਲੱਗ ਜਾਂਦੇ ਹਨ, ਪਰ ਇਸ ਤਰ੍ਹਾਂ ਦੇ ਮੂਰਖ ਰਾਜਨੀਤਕ ਮੂਧੇ ਮੂੰਹ ਵੀ ਡਿੱਗਦੇ ਹਨ। ਇਸ ਤਰ੍ਹਾਂ ਕਿਉਂ ਵਾਪਰਦਾ ਹੈ ਆਉ ਵਿਚਾਰੀਏ। ਕੀ ਦੇਸ਼ ਦੇ ਲੋਕ ਮੂਰਖ ਹਨ ਜਾਂ ਰਾਜਨੀਤਕ ਲੋਕ ਮੂਰਖ ਹਨ? ਕੀ ਦੇਸ਼ ਦੇ ਲੋਕ ਰਿਆਇਤਾਂ ਭਾਲਦੇ ਹਨ ਜਾਂ ਕਿਰਤ ? ਕੀ ਰਾਜਨੀਤਕ ਲੋਕ ਗੁਰੂਆਂ ਪੀਰਾਂ ਵਾਂਗ ਲੋਕਾਂ ਨੂੰ ਕਿਰਤੀ ਬਨਾਉਣਾਂ ਚਾਹੁੰਦੇ ਹਨ ਜਾਂ ਮੰਗਤੇ? ਕੀ ਆਮ ਲੋਕ ਰਿਆਇਤਾਂ ਨਾਲ ਦੁਬਾਰਾ ਸਰਕਾਰ ਬਣਾਉਂਦੇ ਹਨ ਜਾਂ ਹਮਦਰਦੀ ਦਿਖਾਉਣ ਵਾਲਿਆਂ ਨੂੰ ਚੁਣਦੇ ਹਨ ?

ਅਨੇਕਾਂ ਸਵਾਲ ਬਣ ਸਕਦੇ ਹਨ ਅਨੇਕਾਂ ਉੱਤਰ ਦਿੱਤੇ ਜਾ ਸਕਦੇ ਹਨ ਪਰ ਕਸਵੱਟੀ ਦਾ ਉੱਤਰ ਸਿਰਫ ਸੱਚ ਹੀ ਹੁੰਦਾ ਹੈ ਦਲੀਲਾਂ ਨਹੀਂ। ਪੰਜਾਬ ਦੇ ਲੋਕਾਂ ਨੇ ਵੀ ਦੇਸ਼ ਦੇ ਲੋਕਾਂ ਵਾਂਗ ਹਰ ਚੋਣ ਵਿੱਚ ਨਵੀਆਂ ਪੈੜਾਂ ਪਾਈਆਂ ਹਨ, ਨਵੇਂ ਇਤਿਹਾਸ ਸਿਰਜੇ ਹਨ, ਨਵੀਆਂ ਸਰਕਾਰਾਂ ਨਵੇਂ ਨੇਤਾ ਦਿੱਤੇ ਹਨ। ਹੰਕਾਰੀ ਹਰਾਏ ਜਾਂਦੇ ਹਨ ਨਿਮਰਤਾ ਵਾਲੇ ਜਾਂ ਨਿਮਰਤਾ ਦਾ ਪਖੰਡ ਕਰਨ ਵਾਲੇ ਵੀ ਜਿੱਤਦੇ ਰਹੇ ਹਨ। ਵਰਤਮਾਨ ਅਕਾਲੀ ਸਰਕਾਰ ਜੋ ਦੁਬਾਰਾ ਜਿੱਤਣ ਦਾ ਦਾਅਵਾ ਕਰਦੀ ਹੈ ਦੇ ਜਿੱਤਣ ਦਾ ਕਾਰਨ ਵੀ ਨਿਮਰਤਾ ਜ਼ਿਆਦਾ ਕੰਮ ਘੱਟ ਸੀ।

ਜਦ 2007 ਅਤੇ 2012 ਵਿੱਚ ਕਾਂਗਰਸ ਅਤੇ ਅਮਰਿੰਦਰ ਸਿੰਘ ਆਪਣੇ ਆਪ ਨੂੰ ਜਿੱਤਿਆ ਸਮਝਕੇ ਆਪਣਿਆਂ ਦੀ ਹੀ ਲੱਤਾਂ ਛਾਂਗ ਰਿਹਾ ਸੀ ਤਦ ਬਾਦਲ ਪਿਉ ਪੁੱਤ ਦੀ ਜੋੜੀ ਨੇ ਨਿਮਰਤਾ ਦਾ ਵਿਖਾਵਾ ਅਤੇ ਤਿਕੜਮਾਂ ਦਾ ਜਾਲ ਵਿਛਾ ਦਿੱਤਾ ਸੀ। ਇਹ ਆਗੂ ਇਸ ਜਿੱਤ ਲਈ ਸੰਤ ਭੇਸ਼ ਵਿੱਚੋਂ ਦੋ ਠੱਗ ਵਪਾਰੀ ਬਨਾਰਸ ਦੇ ਠੱਗਾਂ ਮੂਹਰੇ ਵੀ ਨਿਮਰਤਾ ਅਤੇ ਸਮਝੌਤੇ ਦੀ ਖੇਡ ਖੇਡਕੇ ਅਤੇ ਜਾਲ ਵਿਛਾਕੇ ਨੇਤਾ ਜੀ ਜਿੱਤ ਵੱਲ ਤੁਰ ਪਏ ਸਨ ਅਤੇ ਬਾਕੀ ਕਸਰ ਨੋਟਾਂ ਦੀ ਬਰਸਾਤ ਕਰਕੇ ਡੱਡੂ ਰੂਪੀ ਵੋਟਾਂ ਨੂੰ ਵੀ ਆਪਣੇ ਜਾਲ ਵਿੱਚ ਫਾਹ ਲਿਆ ਸੀ।
                  
ਸਹਿਨਸ਼ਾਹੀ ਦੇ ਆਲਮ ਵਿੱਚ ਵਿਚਰਦੇ ਅਮਰਿੰਦਰ ਸਿੰਘ ਕੋਲ ਆਮ ਲੋਕਾਂ ਦੇ ਨਾਲ ਹਮਦਰਦੀ ਕਰਨ ਦਾ ਝੂਠਾ ਡਰਾਮਾ ਵੀ ਨਾ ਹੋ ਸਕਿਆ ਜਿਸ ਨਾਲ ਉਹਨਾਂ ਦੇ ਜਿੱਤ ਦੇ ਸੁਪਨੇ ਨੂੰ ਭਾਰੀ ਸੱਟ ਵੱਜੀ। ਆਮ ਲੋਕਾਂ ਦੇ ਆਮ ਪ੍ਰਤੀਨਿਧਾਂ ਦੀ ਬਜਾਇ ਅਮੀਰ ਰਾਜਨੀਤਕ ਚਮਚਿਆਂ ਦੇ ਵਿੱਚ ਰਹਿਣ ਵਾਲਾ ਅਮਰਿੰਦਰ ਸਿੰਘ ਉਹਨਾਂ ਦੀ ਅਮੀਰ ਸਲਾਹਾਂ ਨੇ ਭੁੰਝੇ ਲਾ੍ਹ ਕੇ ਰੱਖ ਦਿੱਤਾ ਹੈ। ਬਾਦਲ ਨੇ ਹਾਰ ਕਬੂਲ ਕੇ ਚੋਣਾਂ ਤੋਂ ਬਾਅਦ ਅਫਰੀਕੀ ਮੁਲਕਾਂ ਦਾ ਮੂੰਹ ਕਰ ਲਿਆ ਸੀ ਅਤੇ ਨਤੀਜੇ ਆਉਣ ਤੋਂ ਪਹਿਲਾਂ ਹਾਰ ਕਬੂਲੀ ਬੈਠਿਆ ਨੇ ਆਪਣੇ ਘਰ ਗੁਰਬਾਣੀ ਦਾ ਉਟ ਆਸਰਾ ਲੈਦਿਆ ਅਖੰਡ ਪਾਠ ਰਖਵਾ ਲਿਆ ਅਤੇ ਆਪਣੀ ਕਿਸਮਤ ਅਨੰਤ ਕੁਦਰਤ ਦੇ ਹਵਾਲੇ ਕਰ ਦਿੱਤੀ ਸੀ। ਜਿਸ ਵਕਤ ਅਖੰਡਪਾਠ ਦੇ ਸੰਪੂਰਨ ਹੋਣ ਤੇ ਅਰਦਾਸ ਹੋ ਰਹੀ ਸੀ ਉਸ ਵਕਤ ਤੱਕ ਹਾਰ ਦੀ ਹਨੇਰੀ ਅਲੋਪ ਅਤੇ ਜਿੱਤ ਦੇ ਬੱਦਲ ਵਰ ਪਏ ਸਨ।

ਸਰਕਾਰ ਬਨਾਉਣ ਦੇ ਸੁਪਨੇ ਵਾਲਾ ਅਮਰਿੰਦਰ ਮੂਧੇ ਮੂੰਹ ਪਿਆ ਸੀ ਉਸਦੇ ਸਿਪਾਹ ਸਲਾਰ ਕਾਂਗੜ , ਬਠਿੰਡੇ, ਦਿੱਲੀ, ਪਟਿਆਲੇ ਵਿੱਚ ਜੋ ਸੜਕਾਂ ਦੇ ਠੇਕੇ ਦੇਣ ਦੇ ਵਾਅਦੇ ਕਰ ਰਹੇ ਸਨ ਖੁਦ ਵੀ ਹਾਰ ਗਏ। ਅਸਲ ਵਿੱਚ ਬਾਦਲ ਸਰਕਾਰ ਦੀ ਨਕਾਮੀਆਂ ਦੇ ਜੋਰ ਤੇ ਆਪਣੇ ਆਪ ਜਿੱਤ ਆਉਣ ਦੀ ਉਡੀਕ ਵਾਲੇ ਕਾਂਗਰਸੀ ਇਹ ਸਮਝ ਨਹੀਂ ਸਕੇ ਕਿ ਲੋਕ ਨਿਮਰਤਾ ਅਤੇ ਨੀਵੇਂ ਪਾਸੇ ਵੱਲ ਤੁਰਦੇ ਹਨ । ਉੱਚੇ ਵੱਲ ਪਾਣੀ ਵਰਗੇ ਲੋਕ ਕਦੇ ਵੀ ਨਹੀਂ ਜਾਂਦੇ ਅਤੇ ਹੰਕਾਰੀ ਉੱਪਰ ਤਾਂ ਰੱਬ ਦੇ ਕਹਿਰ ਵਾਂਗ ਵਰਦੇ ਹਨ। ਵੱਡਾ ਬਾਦਲ ਆਪਣੀ ਗਰੀਬੀ ਅਤੇ ਜ਼ਿੰਦਗੀ ਦੇ ਅੰਤਲੇ ਆਖਰੀ ਸਾਲਾਂ ਦਾ ਵਾਸਤਾ ਪਾ ਰਿਹਾ ਸੀ ਅਮਰਿੰਦਰ ਖੂੰਡਾਂ ਚੁੱਕ ਕੇ ਬਜ਼ੁਰਗ ਬਾਦਲ ਨੂੰ ਕੁੱਟਣ ਦੇ ਦਮਗਜੇ ਮਾਰ ਰਿਹਾ ਸੀ। ਆਮ ਲੋਕ ਤਾਂ ਦੁਸਮਣ ਦੇ ਘਰ ਵੀ ਸੱਥਰ ਜਾਂ ਗਰੀਬੀ ਆ ਜਾਵੇ ਤਾਂ ਹਮਦਰਦੀ ਕਰਨ ਤੁਰ ਪੈਂਦੇ ਹਨ ਹੰਕਾਰੀ ਅਮੀਰ ਬੇ ਇੱਜ਼ਤੀ ਕਰਕੇ ਕੁਝ ਵੀ ਦੇਵੇ ਤਦ ਵੀ ਇਨਕਾਰ ਕਰ ਦਿੰਦੇ ਹਨ।
                      
ਅਸਲ ਵਿੱਚ ਆਮ ਲੋਕ ਗੁਰੂ ਨਾਨਕ ਦੇ ਵਾਰਿਸ਼ ਹੁੰਦੇ ਹਨ, ਇਹ ਹਮੇਸਾਂ ਭਾਈ ਲਾਲੋ ਦੀ ਰੋਟੀ ਖਾਂਦੇ ਹਨ  ਕਿਸੇ ਅਮੀਰ ਦੀ ਖੂਨ ਰੰਗੀ ਸਰਾਬ ਵੀ ਨਹੀਂ ਲੈਂਦੇ ਵਿਕਾਊ ਟੋਲਾ ਜੋ ਮਰਜ਼ੀ ਕਰਦਾ ਫਿਰੇ ਪਰ ਵਿਕਾਊ ਟੋਲਾ ਆਮ ਬੰਦਾ ਨਹੀਂ ਹੁੰਦਾ। ਸੋ ਅਸਲ ਵਿੱਚ ਲੋਕ ਵੋਟ ਪਾਉਣ ਦੇ ਦੋ ਵੱਡੇ ਕਾਰਨ ਅਤੇ ਮਕਸਦ ਹੁੰਦੇ ਹਨ ਪਹਿਲਾ ਤਾਂ ਇਹ ਉਸਨੂੰ ਵੋਟ ਜੋ ਇਹਨਾਂ ਨੂੰ ਅਸਲੀ ਹਮਦਰਦ ਦਿਖਾਈ ਦੇਣ ਲੱਗ ਪਵੇ ਅਤੇ ਦੂਸਰਾ ਪਹਿਲੀ ਵਾਰ ਆਇਆ ਸਭ ਤੋਂ ਵੱਡਾ ਗੱਪੀ ਲੀਡਰ ਹੋਵੇ। ਝੂਠੇ ਲੀਡਰ ਨੂੰ ਜਾਣੇ ਅਣਜਾਣੇ ਉਸਦੀ ਅਸਲੀਅਤ ਨੰਗੀ ਕਰ ਦਿੰਦੇ ਹਨ ਉਸਨੂੰ ਪੰਜ ਸਾਲ ਲਈ ਕੁਰਸੀ ਤੇ ਬਿਠਾਕਿ ਕਿਉਂਕਿ ਗਧੇ ਲੀਡਰ ਨੇ ਤਾਂ ਗਧਿਆਂ ਵਾਂਗ ਹੀ ਹੀਂਗਣਾਂ ਹੁੰਦਾ ਸੇਰਾਂ ਵਾਲੀ ਦਹਾੜ ਉਸਦੇ ਮੂੰਹੋਂ ਕਿਵੇਂ ਨਿਕਲਣੀ ਹੈ। ਗਧੇ ਲੀਡਰ ਦੇ ਕੰਮ ਵੀ ਮੂਰਖਤਾ ਪੂਰਨ ਹੀ ਹੁੰਦੇ ਹਨ ਜੋ ਅਗਲੀ ਵਾਰ ਉਸਨੂੰ ਕੁਰਸੀ ਤੋਂ ਧੱਕਾ ਦੇਕੇ ਸਿੱਟਣ ਲਈ ਆਮ ਲੋਕਾਂ ਕੋਲ ਬਹਾਨਾ ਬਣ ਜਾਂਦੀ ਹੈ। ਜੇ ਕਦੀ ਕੋਈ ਸੱਚਾ ਹਮਦਰਦ ਲੀਡਰ ਜਿੰਨਾਂ ਚਿਰ ਲੋਕਾਂ ਦੇ ਦੁੱਖਾਂ ਵਿੱਚ ਦੁੱਖੀ ਹੁੰਦਾ ਦਿਖਾਈ ਦਿੰਦਾ ਰਹਿੰਦਾ ਹੈ ਉਸਨੂੰ ਜਿਤਾਉਂਦੇ ਰਹਿੰਦੇ ਹਨ ਇਸਦੀ ਉਦਾਹਰਣ ਮਮਤਾ ਬੈਨਰਜੀ ਬਿਹਾਰੀ ਬਾਬੂ ਨਤੀਸ਼ ਕੁਮਾਰ ਮਨੋਹਰ ਪਾਰੀਕਰ ਅਤੇ ਜੋਤੀ ਬਾਸੂ ਵਰਗੇ ਕਈ ਹਨ ਪਰ ਜਦ ਕੋਈ ਇਹਨਾਂ ਵੱਲ ਹਮਦਰਦੀ ਦੀ ਥਾਂ ਹੰਕਾਰੀ ਹੋ ਜਾਂਦਾ ਹੈ ਤਦ ਇਹ ਉਸਨੂੰ ਵੀ ਪਟਕਾ ਮਾਰਦੇ ਹਨ। ਸੋ ਪੰਜਾਬ ਦੇ ਲੀਡਰੋ ਆਮ ਲੋਕਾਂ ਕੋਲ ਝੂਠ ਬੋਲਣ ਦੀ ਥਾਂ ਉਹਨਾਂ ਦੇ ਦੁੱਖਾਂ ਵਿੱਚ ਹਮਦਰਦੀ ਕਰਨ ਦੀ ਕੋਸਿਸ ਕਰੋ।

ਦੁੱਖੀ ਵਿਅਕਤੀ ਨਾਲ ਸੱਚੀ ਹਮਦਰਦੀ ਕਰਨ ਦੀ ਕੁਦਰਤੀ ਕਲਾ ਵਾਲਾ ਵਿਅਕਤੀ ਕਦੇ ਮਾੜਾ ਹੋ ਹੀ ਨਹੀਂ ਸਕਦਾ ਪਰ ਜੇ ਇਹ ਹਮਦਰਦੀ ਝੂਠੀ ਵੀ ਹੋਵੇ ਉਹ ਵੀ ਵਕਤੀ ਤੌਰ ਤੇ ਕਿਸੇ ਦੁੱਖੀ ਦਾ ਸਹਾਰ ਬਣਦੀ ਹੈ ਅਤੇ ਵਕਤੀ ਫਾਇਦਾ ਕਰਨ ਵਾਲੇ ਨੂੰ ਵੀ ਦੇ ਹੀ ਜਾਂਦੀ ਹੈ। ਆਮ ਲੋਕ ਭਰਿਸ਼ਟ ਨਹੀਂ ਹਨ ਉਹ ਕਿਰਤ ਭਾਲਦੇ ਹਨ। ਮੰਗਕੇ ਖਾਣਾ ਗੁਰੂਆਂ ਦੇ ਨਾਂ ਤੇ ਵਸਦੇ ਪੰਜਾਬੀਆਂ ਨੂੰ ਸ਼ਰਮ ਅਤੇ ਮਿਹਣੇ ਵਾਲੀ ਗਲ ਹੈ। ਪੰਜਾਬ ਦੇ ਵਿੱਚ ਕਾਂਗਰਸੀਉ ਅਕਾਲੀਉ ਅਤੇ ਆਮ ਆਦਮੀ ਦਾ ਮਖੌਟਾ ਪਹਿਨੀ ਆਗੂਉ ਸੱਚੇ ਅਤੇ ਅਸਲ ਰਹਿਮ ਦਿਲ ਹਮਦਰਦ ਆਗੂ ਬਣੋ ਨਹੀਂ ਤਾਂ ਅਗਲੀ ਵਾਰ ਤੁਹਾਨੂੰ ਮਖਮਲੀ ਕੱਪੜਿਆਂ ਵਿੱਚ ਫਿਰਦਿਆਂ ਨੂੰ ਵੀ ਨੰਗਾਂ ਕਰਨ ਦੀ ਜਾਚ ਆਮ ਲੋਕਾਂ ਕੋਲ ਹੈ ਜਿਸਦੇ ਕਾਰਨ ਤੁਹਾਡੀ ਅਸਲੀਅਤ ਦਾ ਨੰਗਾਪਣ ਸ਼ਰੇਆਮ ਗਲੀਆਂ ਬਜਾਰਾਂ ਵਿੱਚ ਰੁਲਦਾ ਦਿਖਾਈ ਦੇਵੇਗਾ। ਆਮ ਲੋਕ ਝੂਠੇ ਨੇਤਵਾਂ ਦੀਆਂ ਰਿਆਇਤਾਂ ਦੇ ਸਹਾਰੇ ਨਹੀ ਕੁਦਰਤ ਅਤੇ ਅਨੰਤ ਖੁਦਾਈ ਤਾਕਤ ਦੇ ਸਹਾਰੇ ਜਿਉਂਦੇ ਹਨ ਅਤੇ ਸਦਾ ਇਸ ਤਰ੍ਹਾਂ ਹੀ ਤੁਹਾਡੇ ਵੱਡੇ ਪੇਟ ਵੀ ਭਰਦੇ ਰਹਿਣਗੇ। ਬਾਦਸ਼ਾਹੀ ਦੇਣੀ ਅਤੇ ਖੋਹਣੀ ਆਮ ਲੋਕਾਂ ਦੀ ਖੇਡ ਹੈ।

ਸੰਪਰਕ: +91 94177 27245

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ