ਰਾਜਨਾਥ ਜੀ, ਜੇਕਰ ਬਾਬਾ ਸਾਹਿਬ ਹੁੰਦੇ ਤਾਂ…
Posted on:- 29-11-2015
ਮਾਨਯੋਗ ਰਾਜਨਾਥ ਸਿੰਘ ਜੀ,
“ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ ਤਾਂ ਦੇਸ਼ ਛੱਡ ਕੇ ਨਹੀਂ ਜਾਂਦੇ।” ਜਦੋਂ ਤੋਂ ਤੁਹਾਡੀ ਕਹੀ ਇਹ ਸਤਰ ਸੁਣੀ ਹੈ, ਉਦੋਂ ਤੋਂ ਸੋਚ ਰਿਹਾ ਹਾਂ ਕਿ ਬਾਬਾ ਸਾਹਿਬ ਹੁੰਦੇ ਤਾਂ ਕੀ ਕੀ ਕਰਦੇ। ਤੁਸੀਂ ਠੀਕ ਕਿਹਾ ਜਦੋਂ ਉਹ ਉਦੋਂ ਨਹੀਂ ਗਏ, ਜਦੋਂ ਉਨ੍ਹਾਂ ਦੇ ਸਮਾਜ ਨੂੰ ਤਾਲਾਬ ਤੋਂ ਪਾਣੀ ਤੱਕ ਨਹੀਂ ਪੀਣ ਦਿੱਤਾ ਗਿਆ ਤਾਂ ਹੁਣ ਕਿਵੇਂ ਚਲੇ ਜਾਂਦੇ। ਅਸੀ ਸਭ ਭੁੱਲ ਗਏ ਕਿ ਇਹ ਬਾਬਾ ਸਾਹਿਬ ਦਾ ਸੰਵਿਧਾਨਵਾਦ ਹੈ ਕਿ ਜਾਤੀ ਦੇ ਨਾਮ ਉੱਤੇ ਵੰਚਿਤ ਅਤੇ ਨਪੀੜੇ ਜਾਣ ਬਾਅਦ ਵੀ ਐਡਾ ਵੱਡਾ ਦਲਿਤ ਸਮਾਜ ਸੰਵਿਧਾਨ ਨੂੰ ਹੀ ਆਪਣੀ ਮੁਕਤੀ ਦਾ ਰਸਤਾ ਮੰਨਦਾ ਹੈ। ਇਹ ਸੰਵਿਧਾਨ ਦੀ ਸਾਮਾਜਿਕ ਮਨਜੂਰੀ ਦਾ ਸਭ ਤੋਂ ਵੱਡਾ ਉਦਾਹਰਣ ਹੈ। ਦਲਿਤ ਰਾਜਨੀਤਕ ਚੇਤਨਾ ਵਿੱਚ ਸੰਵਿਧਾਨ ਧਰਮ ਨਹੀਂ ਹੈ ਸਗੋਂ ਉਸਦੇ ਹੋਣ ਦਾ ਪ੍ਰਮਾਣ ਹੈ।
ਖੈਰ ਮੈਂ ਇਹ ਸੋਚ ਰਿਹਾ ਹਾਂ ਕਿ ਬਾਬਾ ਸਾਹਿਬ ਹੁੰਦੇ ਤਾਂ ਕੀ ਕੀ ਕਰਦੇ। ਇਸ ਹਿਸਾਬ ਤੋਂ ਮੈਂ ਇੱਕ ਸੂਚੀ ਤਿਆਰ ਕੀਤੀ ਹੈ।
ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ ਤਾਂ ਸੌ ਚੋਣ ਹਾਰ ਜਾਂਦੇ ਅਤੇ ਕਦੇ ਆਪਣੇ ਵਿਰੋਧੀ ਨੂੰ ਨਹੀਂ ਕਹਿੰਦੇ ਕਿ ਪਾਕਿਸਤਾਨ ਭੇਜ ਦਿੱਤੇ ਜਾਓਗੇ। ਆਪਣੀ ਜਾਨ ਦੇ ਦਿੰਦੇ ਮਗਰ ਕਿਸੇ ਕਮਜੋਰ ਪਲ ਵਿੱਚ ਵੀ ਨਹੀਂ ਕਹਿੰਦੇ ਕਿ ਖਾਣ-ਪੀਣ ਉੱਤੇ ਬਹੁਗਿਣਤੀ ਦਾ ਫੈਸਲਾ ਸਵੀਕਾਰ ਕਰੋ ਵਰਨਾ ਪਾਕਿਸਤਾਨ ਭੇਜ ਦਿੱਤੇ ਜਾਓਗੇ। ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ ਤਾਂ ਕਦੇ ਨਹੀਂ ਕਹਿੰਦੇ ਕਿ ਮੇਰੀ ਭਗਤੀ ਕਰੋ। ਮੈਨੂੰ ਹੀਰੋ ਦੀ ਤਰ੍ਹਾਂ ਪੂਜੋ। ਉਹ ਸਾਫ਼ ਸਾਫ਼ ਕਹਿੰਦੇ ਕਿ ਭਗਤੀ ਤੋਂ ਆਤਮਾ ਦੀ ਮੁਕਤੀ ਹੋ ਸਕਦੀ ਹੈ ਮਗਰ ਰਾਜਨੀਤੀ ਵਿੱਚ ਭਗਤੀ ਤੋਂ ਤਾਨਾਸ਼ਾਹੀ ਪੈਦਾ ਹੁੰਦੀ ਹੈ ਅਤੇ ਰਾਜਨੀਤੀ ਦਾ ਪਤਨ ਹੁੰਦਾ ਹੈ। ਬਾਬਾ ਸਾਹਿਬ ਕਦੇ ਵਿਅਕਤੀ ਪੂਜਾ ਦਾ ਸਮਰਥਨ ਨਾ ਕਰਦੇ। ਇਹ ਹੋਰ ਗੱਲ ਹੈ ਕਿ ਉਨ੍ਹਾਂ ਦੀ ਵੀ ਵਿਅਕਤੀ ਪੂਜਾ ਅਤੇ ਨਾਇਕ ਵੰਦਨਾ ਹੋਣ ਲੱਗੀ ਹੈ। ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ ਤਾਂ ਕਦੇ ਨਹੀਂ ਕਹਿੰਦੇ ਕਿ ਧਰਮ ਜਾਂ ਧਰਮ ਗ੍ਰੰਥ ਦੀ ਸੱਤਾ ਰਾਜ ਜਾਂ ਰਾਜਨੀਤੀ ਉੱਤੇ ਥੋਪੀ ਜਾਵੇ। ਉਨ੍ਹਾਂ ਨੇ ਤਾਂ ਕਿਹਾ ਸੀ ਕਿ ਗ੍ਰੰਥਾਂ ਦੀ ਸੱਤਾ ਖ਼ਤਮ ਹੋਵੇਗੀ ਉਦੋਂ ਆਧੁਨਿਕ ਭਾਰਤ ਦੀ ਉਸਾਰੀ ਹੋ ਸਕੇਗੀ।ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ ਤਾਂ ਕਦੇ ਨਹੀਂ ਕਹਿੰਦੇ ਕਿ ਤਾਰਕਿਕਤਾ ਉੱਤੇ ਭਾਵੁਕਤਾ ਹਾਵੀ ਹੋਵੇ। ਉਹ ਬੁੱਧੀਜੀਵੀ ਵਰਗ ਤੋਂ ਵੀ ਉਮੀਦ ਕਰਦੇ ਸਨ ਕਿ ਭਾਵੁਕਤਾ ਅਤੇ ਖੁਮਾਰੀ ਤੋਂ ਪਰੇ ਹੋਕੇ ਸਮਾਜ ਨੂੰ ਦਿਸ਼ਾ ਦਿਓ ਕਿਉਂਕਿ ਸਮਾਜ ਨੂੰ ਇਹ ਬੁੱਧੀਜੀਵੀਆਂ ਦੇ ਛੋਟੇ ਜਿਹੇ ਸਮੂਹ ਤੋਂ ਹੀ ਮਿਲਦੀ ਹੈ। ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ ਤਾਂ ਕਦੇ ਨਹੀਂ ਕਹਿੰਦੇ ਕਿ ਦੇਸ਼ ਛੱਡ ਕੇ ਨਾ ਜਾਓ। ਜਰੂਰ ਕਹਿੰਦੇ ਕਿ ਨਵੇਂ ਮੌਕਿਆਂ ਦੀ ਤਲਾਸ਼ ਹੀ ਇੱਕ ਨਾਗਰਿਕ ਦਾ ਆਰਥਕ ਕਰਤੱਵ ਹੈ। ਇਸ ਲਈ ਕੋਲੰਬੀਆ ਜਾਓ ਅਤੇ ਕੈਲੇਫੋਰਨੀਆ ਜਾਓ। ਉਨ੍ਹਾਂ ਨੇ ਕਿਹਾ ਵੀ ਹੈ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਨੈਤਿਕਤਾ ਅਤੇ ਆਰਥਿਕਤਾ ਵਿੱਚ ਟਕਰਾਓ ਹੁੰਦਾਂ ਹੈ, ਆਰਥਿਕਤਾ ਜਿੱਤ ਜਾਂਦੀ ਹੈ। ਜੋ ਦੇਸ਼ ਛੱਡ ਕੇ ਐਨ. ਆਰ. ਆਈ. ਰਾਸ਼ਟਰਵਾਦੀ ਬਣੇ ਘੁੰਮ ਰਹੇ ਹਨ ਉਹ ਇਸਦੇ ਸਭ ਤੋਂ ਵਡੇ ਪ੍ਰਮਾਣ ਹੈ। ਉਨ੍ਹਾਂ ਨੇ ਦੇਸ਼ ਪ੍ਰਤੀ ਕੋਰੀ ਨੈਤਿਕਤਾ ਅਤੇ ਭਾਵੁਕਤਾ ਦਾ ਤਿਆਗ ਕਰਕੇ ਪਲਾਇਨ ਕੀਤਾ ਅਤੇ ਆਪਣਾ ਭਲਾ ਕੀਤਾ। ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ ਤਾਂ ਕਦੇ ਨਹੀਂ ਕਹਿੰਦੇ ਕਿ ਪਤਨੀ ਨੂੰ ਪਰਿਵਾਰ ਸੰਭਾਲਨਾ ਚਾਹੀਦਾ ਹੈ। ਕੀ ਪਹਿਨਣਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਿਹਾ ਸੀ ਕਿ ਪਤੀ ਪਤਨੀ ਵਿਚਕਾਰ ਇੱਕ ਦੋਸਤ ਵਰਗੇ ਸੰਬੰਧ ਹੋਣੇ ਚਾਹੀਦੇ ਹਨ। ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ ਤਾਂ ਕਦੇ ਨਹੀਂ ਕਹਿੰਦੇ ਕਿ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਹੈ। ਭਾਰਤ ਹਿੰਦੁਆਂ ਦਾ ਹੈ। ਜੋ ਹਿੰਦੂ ਹਿੱਤ ਦੀ ਗੱਲ ਕਰੇਗਾ ਉਹੀ ਦੇਸ਼ ਉੱਤੇ ਰਾਜ ਕਰੇਗਾ। ਉਹ ਜਰੂਰ ਅਜਿਹੇ ਨਾਹਰਿਆਂ ਦੇ ਖਿਲਾਫ ਬੋਲਦੇ। ਖੁੱਲਕੇ ਬੋਲਦੇ। ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ ਤਾਂ ਕਦੇ ਨਹੀਂ ਕਹਿੰਦੇ ਕਿ ਕਿਸ ਵਿਰੋਧੀ ਦਾ ਬਾਈਕਾਟ ਕਰੋ। ਜਿਵੇਂ ਕਿ ਕੁੱਝ ਅਗਿਆਨੀ ਉਤਸ਼ਾਹੀ ਜਮਾਤ ਨੇ ਆਮੀਰ ਖਾਨ ਦੇ ਸੰਦਰਭ ਵਿੱਚ ਉਨ੍ਹਾਂ ਦੀਆਂ ਫਿਲਮਾਂ ਅਤੇ ਸਨੈਪਡੀਲ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਡਾਕਟਰ ਅੰਬੇਦਕਰ ਅੱਖ ਮਿਲਾਕੇ ਬੋਲ ਦਿੰਦੇ ਕਿ ਇਹੀ ਛੁਆ ਛੂਤ ਹੈ। ਇਹੀ ਬਹੁਗਿਣਤੀ ਹੋਣ ਦਾ ਹੈਂਕੜ ਜਾਂ ਬਹੁਗਿਣਤੀ ਬਨਣ ਦਾ ਸੁਭਾਅ ਹੈ। ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ ਤਾਂ ਜਿਵੇਂ ਹੀ ਇਹ ਕਹਿੰਦੇ ਕਿ ਧਰਮ ਅਤੇ ਧਰਮ ਗਰੰਥਾਂ ਦੀ ਸਰਵਉੱਚਤਾ ਖ਼ਤਮ ਹੋਣੀ ਚਾਹੀਦੀ ਹੈ। ਹਿੰਦੁਤਵ ਵਿੱਚ ਕਿਸੇ ਦਾ ਵਿਅਕਤੀਗਤ ਵਿਕਾਸ ਹੋ ਹੀ ਨਹੀਂ ਸਕਦਾ। ਇਸ ਵਿੱਚ ਸਮਾਨਤਾ ਦੀ ਸੰਭਾਵਨਾ ਹੀ ਨਹੀਂ ਹੈ। ਬਾਬਾ ਸਾਹਿਬ ਨੇ ਹਿੰਦੁਤਵ ਦਾ ਇਸਤੇਮਾਲ ਨਹੀਂ ਕੀਤਾ। ਅੰਗਰੇਜ਼ੀ ਦੇ ਹਿੰਦੁਇਜ਼ਮ ਦਾ ਕੀਤਾ ਹੈ। ਉਨ੍ਹਾਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੈਕੁਲਰ ਨਹੀਂ ਲਿਖਿਆ ਤਾਂ ਹਿੰਦੁਤਵ ਵੀ ਨਹੀਂ ਲਿਖਿਆ। ਬਾਬਾ ਸਾਹਿਬ ਨੇ ਹਿੰਦੂ ਧਰਮ ਦਾ ਤਿਆਗ ਕਰ ਦਿੱਤਾ ਲੇਕਿਨ ਸਮਾਜ ਵਿੱਚ ਕਦੇ ਧਰਮ ਦੀ ਭੂਮਿਕਾ ਨੂੰ ਨਕਾਰਿਆ ਨਹੀਂ। ਹੈਰਾਨੀ ਹੈ ਕਿ ਸੰਸਦ ਵਿੱਚ ਉਨ੍ਹਾਂ ਦੀ ਐਨੀ ਚਰਚਾ ਹੋਈ ਮਗਰ ਧਰਮ ਨੂੰ ਲੈ ਕੇ ਉਨ੍ਹਾਂ ਦੇ ਵਿਚਾਰਾਂ ਉੱਤੇ ਕੁਝ ਨਹੀਂ ਕਿਹਾ ਗਿਆ। ਸ਼ਾਇਦ ਵਕਤਾ ਡਰ ਗਏ ਹੋਣਗੇ। ਗ੍ਰਹਿਮੰਤਰੀ ਜੀ, ਤੁਸੀ ਵੀ ਜਾਣਦੇ ਹੋ ਕਿ ਅੱਜ ਬਾਬਾ ਸਾਹਿਬ ਅੰਬੇਦਕਰ ਹੁੰਦੇ ਅਤੇ ਹਿੰਦੂ ਧਰਮ ਦੀ ਖੁੱਲੀ ਆਲੋਚਨਾ ਕਰਦੇ ਤਾਂ ਉਨ੍ਹਾਂ ਦੇ ਨਾਲ ਕੀ ਹੁੰਦਾ। ਲੋਕ ਲਾਠੀ ਲੈ ਕੇ ਉਨ੍ਹਾਂ ਦੇ ਘਰ ਉੱਤੇ ਹਮਲਾ ਕਰ ਦਿੰਦੇ। ਟਵੀਟਰ ਉੱਤੇ ਉਨ੍ਹਾਂ ਨੂੰ ਸੈਕੁਲਰ ਕਿਹਾ ਜਾਂਦਾ। ਨੇਤਾ ਕਹਿੰਦੇ ਕਿ ਡਾਕਟਰ ਅੰਬੇਦਕਰ ਨੂੰ ਸ਼ਰਧਾ ਦਾ ਖਿਆਲ ਕਰਨਾ ਚਾਹੀਦਾ ਸੀ। ਟਵੀਟਰ ਉੱਤੇ ਹੈਸ਼ਟੈਗ ਚੱਲਦਾ avoid Amedkar । ਬਾਬਾ ਸਾਹਿਬ ਤਾਂ ਦੇਸ਼ ਛੱਡ ਕੇ ਨਹੀਂ ਜਾਂਦੇ ਮਗਰ ਉਨ੍ਹਾਂ ਨੂੰ ਪਾਕਿਸਤਾਨ ਭੇਜਣ ਵਾਲੇ ਬਹੁਤ ਆ ਜਾਂਦੇ। ਤੁਸੀ ਵੀ ਜਾਣਦੇ ਹੋ ਉਹ ਕੌਣ ਲੋਕ ਹਨ ਜੋ ਪਾਕਿਸਤਾਨ ਭੇਜਣ ਦੀ ਟਰੈਵਲ ਏਜੰਸੀ ਚਲਾਉਂਦੇ ਹਨ ! ਨਿਊਜ਼ ਚੈਨਲਾਂ ਉੱਤੇ ਐਂਕਰ ਉਨ੍ਹਾਂ ਨੂੰ ਦੇਸ਼ ਧ੍ਰੋਹੀ ਦੱਸ ਰਹੇ ਹੁੰਦੇ।ਕੀ ਇਹ ਚੰਗਾ ਨਹੀਂ ਹੈ ਕਿ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨਹੀਂ ਹਨ। ਉਨ੍ਹਾਂ ਦੇ ਨਾ ਹੋਣ ਨਾਲ ਹੀ ਤਾਂ ਕਿਸੇ ਵੀ ਸ਼ਰਧਾ ਦੀ ਔਕਾਤ ਸੰਵਿਧਾਨ ਤੋਂ ਜ਼ਿਆਦਾ ਹੋ ਜਾਂਦੀ ਹੈ। ਕਿਸੇ ਵੀ ਧਰਮ ਨਾਲ ਜੁੜੇ ਸੰਗਠਨ ਧਰਮ ਦੇ ਆਧਾਰ ਉੱਤੇ ਦੇਸਭਗਤੀ ਦਾ ਪ੍ਰਮਾਣ ਪੱਤਰ ਵੰਡਣ ਲੱਗਦੇ ਹਨ। ਵਿਅਕਤੀ ਪੂਜਾ ਹੋ ਰਹੀ ਹੈ। ਭੀੜ ਵੇਖਕੇ ਪ੍ਰਸ਼ਾਸਨ ਸੰਵਿਧਾਨ ਭੁੱਲ ਜਾਂਦਾ ਹੈ ਅਤੇ ਧਰਮ ਅਤੇ ਜਾਤੀ ਦੀ ਆਲੋਚਨਾ ਉੱਤੇ ਕੋਈ ਕਿਸੇ ਨੂੰ ਗੋਲੀ ਮਾਰ ਦਿੰਦਾ ਹੈ।ਪਰ ਤੁਹਾਡੇ ਬਿਆਨ ਤੋਂ ਇੱਕ ਨਵੀਂ ਸੰਭਾਵਨਾ ਪੈਦਾ ਹੋਈ ਹੈ। ਬਾਬਾ ਆਦਮ ਦੇ ਜਮਾਨੇ ਤੋਂ ਨਿਬੰਧ ਲਿਖਾਈ ਦਾ ਇੱਕ ਸਨਾਤਨ ਵਿਸ਼ਾ ਰਿਹਾ ਹੈ। ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ। ਤੁਹਾਡੇ ਭਾਸ਼ਣ ਤੋਂ ਹੀ ਆਈਡੀਆ ਆਇਆ ਕਿ ਵਿਦਿਆਰਥੀਆਂ ਨੂੰ ਨਵੇਂ ਨਿਬੰਧ ਲਿਖਣ ਨੂੰ ਕਿਹਾ ਜਾਵੇ। ਜੇਕਰ ਮੈਂ ਡਾਕਟਰ ਅੰਬੇਦਕਰ ਹੁੰਦਾ ਜਾਂ ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੁੰਦੇ।ਆਸ ਹੈ ਕਿ ਤੁਸੀਂ ਮੇਰੇ ਪੱਤਰ ਨੂੰ ਪੜ੍ਹਕੇ ਅੰਬੇਦਕਰ ਭਾਵ ਨਾਲ ਸਵਾਗਤ ਕਰੋਗੇ। ਮੁਸਕੁਰਾਉਂਗੇ। ਅੰਬੇਦਕਰ ਭਾਵ ਉਹ ਭਾਵ ਹੈ ਜੋ ਭਾਵੁਕਤਾ ਦੀ ਜਗ੍ਹਾ ਤਾਰਕਿਕਤਾ ਨੂੰ ਪ੍ਰਮੁੱਖ ਮੰਨਦਾ ਹੈ। ਤੁਹਾਡਾ
ਰਵੀਸ਼ ਕੁਮਾਰ
ਰਵੀਸ਼ ਕੁਮਾਰ ਦੇ ਬਲਾਗ ‘ਕਸਬਾ’ ਤੋਂ ਧੰਵਾਦ ਸਹਿਤ ।
ਅਨੁਵਾਦ: ਮਨਦੀਪ
ਈ-ਮੇਲ: [email protected]