ਨਰਿੰਦਰ ਮੋਦੀ ਆਰ.ਐੱਸ.ਐੱਸ. ਦਾ ਪੱਕਾ ਮੈਂਬਰ ਹੈ। ਉਸਦੇ ਸਿਆਸੀ ਜੀਵਨ-ਪੰਧ ਅਤੇ ਵਿਚਾਰਧਾਰਾ ਨੂੰ ਉਸਦੀ ਆਰ.ਐੱਸ.ਐੱਸ. ਪ੍ਰਤੀ ਵਚਨਬੱਧਤਾ ਨੇ ਤਰਾਸ਼ਿਆ ਹੈ। ਜਦੋਂ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ, ਓਦੋਂ 2002 ਵਿਚ ਉਸਦੀ ਹਕੂਮਤ ਵਲੋਂ 2000 ਮੁਸਲਮਾਨਾਂ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੂੰ ਕਤਲ ਕਰਵਾਉਣ ਅਤੇ ਵੀਹ ਹਜ਼ਾਰ ਤੋਂ ਵੱਧ ਮੁਸਲਮਾਨਾਂ ਨੂੰ ਉਜਾੜਨ ਤੇ ਬਰਬਾਦ ਕਰ ਦੇਣ ਕਾਰਨ ਯੂ.ਕੇ. ਵਿਚ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉਹੀ ਮੋਦੀ ਹੁਣ 12 ਨਵੰਬਰ ਨੂੰ ਇਸ ਧਰਤੀ ’ਤੇ ਆ ਰਿਹਾ ਹੈ। ਆਓ ਮੰਗ ਕਰੀਏ ਕਿ ਫਾਸ਼ਿਸਟ ਮੋਦੀ ਇੱਥੋਂ ਦਫ਼ਾ ਹੋ ਜਾ।ਮੁਲਕ ਦੀ ਕੇਂਦਰ ਸਰਕਾਰ ਦਾ ਪ੍ਰਧਾਨ ਮੰਤਰੀ ਬਣਕੇ ਮੋਦੀ ਨੇ ਆਰ.ਐੱਸ.ਐੱਸ., ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਹਿੰਦੂ ਮੂਲਵਾਦੀ ਜਥੇਬੰਦੀਆਂ ਨੂੰ ਮਨਮਾਨੀਆਂ ਕਰਨ ਦੀ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਸਰਕਾਰ ਬਣਾ ਲੈਣ ਦੇ ਸਮੇਂ ਤੋਂ ਹੀ ‘ਹਿੰਦੂਵਾਦ ਦੀ ਰੱਖਿਆ ਕਰਨ’ ਦੇ ਨਾਂ ਹੇਠ ਧਾਰਮਿਕ ਘੱਟਗਿਣਤੀਆਂ ਅਤੇ ਦਲਿਤਾਂ ਨੂੰ ਗਿਣੇ-ਮਿੱਥੇ ਢੰਗ ਨਾਲ ਤਰ੍ਹਾਂ-ਤਰ੍ਹਾਂ ਦੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਿੰਦੂਤਵੀ ਹਜ਼ੂਮਾਂ ਵਲੋਂ ਬਹੁਤ ਸਾਰੇ ਚਰਚ ਸਾੜਕੇ ਸੁਆਹ ਕਰ ਦਿੱਤੇ ਗਏ। ਮੁਜ਼ੱਫ਼ਰਨਗਰ (ਯੂ.ਪੀ.) ਵਿਚ ਹਿੰਦੂ ਫਾਸ਼ੀਵਾਦੀ ਗਰੋਹਾਂ ਨੇ 40 ਤੋਂ ਵੱਧ ਮੁਸਲਮਾਨ ਗਿਣੀ-ਮਿੱਥੀ ਵਿਉਂਤ ਅਨੁਸਾਰ ਕਤਲ ਕਰ ਦਿੱਤੇ ਅਤੇ 40 ਹਜ਼ਾਰ ਤੋਂ ਵੱਧ ਮੁਸਲਮਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਉਜਾੜਕੇ ਬੇਘਰ ਕਰ ਦਿੱਤਾ ਗਿਆ। ਹਿੰਦੂਤਵੀ ਹੁਕਮਰਾਨਾਂ ਨੇ ਕਈ ਸੂਬਿਆਂ ਅੰਦਰ ਬੀਫ਼ ਖਾਣ ਉਪਰ ਪਾਬੰਦੀ ਲਗਾ ਦਿੱਤੀ ਹੈ ਜੋ ਕਿ ਇਹੀ ਪ੍ਰੋਟੀਨ ਵਾਲਾ ਸਸਤਾ ਖਾਣਾ ਹੈ ਜੋ ਗ਼ਰੀਬ ਬੰਦੇ ਦੀ ਪਹੁੰਚ ਵਿਚ ਹੈ। ਇਸ ਪਾਬੰਦੀ ਦੇ ਪੱਜ, 28 ਸਤੰਬਰ 2015 ਨੂੰ ਦਾਦਰੀ (ਯੂ.ਪੀ.) ਵਿਚ ਹਿੰਦੂਤਵੀ ਗਰੋਹਾਂ ਦੇ ਹਜ਼ੂਮ ਨੇ ਝੂਠੀ ਅਫ਼ਵਾਹ ਫੈਲਾਕੇ ਇਕ ਮੁਸਲਮਾਨ ਪਰਿਵਾਰ ਦੇ ਮੁਖੀ ਨੂੰ ਬੇਰਹਿਮੀ ਨਾਲ ਕੁੱਟ-ਕੁੱਟਕੇ ਮਾਰ ਦਿੱਤਾ ਕਿ ਉਸਦੇ ਪਰਿਵਾਰ ਨੇ ਆਪਣੇ ਘਰ ਵਿਚ ਬੀਫ਼ ਬਣਾਇਆ ਸੀ। ਸ਼ਿਮਲਾ (ਹਿਮਾਚਲ ਪ੍ਰਦੇਸ) ਅਤੇ ਜੰਮੂ (ਜੰਮੂ-ਕਸ਼ਮੀਰ) ਵਿਚ ਹਿੰਦੂ ਫਾਸ਼ੀਵਾਦੀ ਹਜ਼ੂਮਾਂ ਨੇ ਦੋ ਮੁਸਲਮਾਨ ਟਰੱਕ ਡਰਾਈਵਰਾਂ ਨੂੰ ਇਹ ਕਹਿਕੇ ਕੁੱਟ-ਕੁੱਟਕੇ ਮਾਰ ਦਿੱਤਾ ਅਤੇ ਚਾਰ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਕਿ ਉਹ ਆਪਣੇ ਟਰੱਕਾਂ ਵਿਚ ਬੁੱਚੜਖ਼ਾਨਿਆਂ ਲਈ ਗਊਆਂ ਢੋਂਦੇ ਹਨ। ਫ਼ਰੀਦਾਬਾਦ ( ਹਰਿਆਣਾ) ਦੇ ਇਕ ਪਿੰਡ ਵਿਚ ਉੱਚ ਜਾਤੀ ਹਿੰਦੂਆਂ ਨੇ ਇਕ ਦਲਿਤ ਪਰਿਵਾਰ ਦੇ ਘਰ ਨੂੰ ਅੱਗ ਲਾਕੇ ਇਕ ਬੱਚਾ ਅਤੇ ਇਕ ਨੌ ਮਹੀਨੇ ਦੀ ਬੱਚੀ ਜਿਊਂਦੇ ਸਾੜ ਦਿੱਤੇ।ਹਿੰਦੂਤਵ ਫਾਸ਼ੀਵਾਦੀਆਂ ਵਲੋਂ ਆਪਣੇ ਨਾਲੋਂ ਵੱਖਰੇ ਸਿਆਸੀ ਤੇ ਸਭਿਆਚਾਰਕ ਵਿਚਾਰਾਂ ਦੇ ਧਾਰਨੀਆਂ ਦਾ ਸਿਲਸਿਲੇਵਾਰ ਢੰਗ ਨਾਲ ਸਫ਼ਾਇਆ ਕਰਵਾਇਆ ਜਾ ਰਿਹਾ ਹੈ। ਮਹਾਰਾਸ਼ਟਰ ਤੋਂ ਅਗਾਂਹਵਧੂ ਆਗੂ ਗੋਵਿੰਦ ਪਾਨਸਰੇ ਅਤੇ ਕਰਨਾਟਕਾ ਤੋਂ ਮਸ਼ਹੂਰ ਲੇਖਕ ਪ੍ਰੋਫੈਸਰ ਐੱਮ.ਐੱਮ. ਕਲਬੁਰਗੀ ਨੂੰ ਇਸ ਸਾਲ ਕ੍ਰਮਵਾਰ ਫਰਵਰੀ ਅਤੇ ਅਗਸਤ ਵਿਚ ‘ਬੇਪਛਾਣ’ ਬੰਦੂਕਧਾਰੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਦਿੱਤਾ ਗਿਆ। ਇਸ ਸਮੁੱਚੇ ਵਰਤਾਰੇ ਦੇ ਵਿਰੋਧ ਵਿਚ ਲਗਾਤਾਰ ਰੋਸ-ਵਿਖਾਵੇ ਹੋ ਰਹੇ ਹਨ। ਇਨ੍ਰਾਂ ਰੋਸ-ਵਿਖਾਵਿਆਂ ਦੇ ਹਿੱਸੇ ਵਜੋਂ, ਕਈ ਦਰਜਨ ਉੱਘੇ ਲੇਖਕਾਂ ਅਤੇ ਕਲਾਕਾਰਾਂ ਨੇ ਆਪਣੇ ਵੱਕਾਰੀ ‘ਸਾਹਿਤ ਅਕਾਦਮੀ ਸਨਮਾਨ’ ਵਾਪਸ ਕਰਦੇ ਹੋਏ ਇਨ੍ਹਾਂ ਕਤਲਾਂ ਅਤੇ ਧਾਰਮਿਕ ਘੱਟਗਿਣਤੀਆਂ ਤੇ ਵੱਖਰੇ ਸਿਆਸੀ ਖ਼ਿਆਲਾਂ ਪ੍ਰਤੀ ਵਧ ਰਹੀ ਅਸਹਿਣਸ਼ੀਲਤਾ ਦੇ ਖ਼ਿਲਾਫ਼ ਤਿੱਖਾ ਰੋਸ ਜ਼ਾਹਰ ਕੀਤਾ ਹੈ ਜੋ ਲਗਾਤਾਰ ਜਾਰੀ ਹੈ।ਪਹਿਲੇ ਦਿਨ ਤੋਂ ਹੀ ਮੋਦੀ ਆਲਮੀ ਕਾਰਪੋਰੇਟ ਸਰਮਾਏਦਾਰੀ ਦੇ ਮੁਖੀਆਂ ਨਾਲ ਗੁਪਤ ਸਮਝੌਤੇ ਕਰਨ ਲਈ ਬਦੇਸ਼ੀ ਦੌਰਿਆਂ ’ਤੇ ਨਿਕਲਿਆ ਹੋਇਆ ਹੈ। ਅਜਿਹੇ ਸੈਂਕੜੇ ਇਕਰਾਰਨਾਮੇ ਕਰਕੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਮੁਲਕ ਦੇ ਕੁਦਰਤੀ ਵਸੀਲਿਆਂ, ਸਸਤੀ ਕਿਰਤ ਅਤੇ ਸਥਾਨਕ ਮਾਲੀ ਵਸੀਲਿਆਂ ਨੂੰ ਧਾੜਵੀਆਂ ਵਾਂਗ ਲੁੱਟਣ ਦੀ ਖੁੱਲ੍ਹ ਦਿੱਤੀ ਗਈ ਹੈ। ਜ਼ਮੀਨ ਉਪਰ ਕਾਰਪੋਰੇਟਾਂ ਦੇ ਕਬਜ਼ੇ ਕਰਵਾਉਣ ਅਤੇ ਕੁਦਰਤੀ ਵਸੀਲਿਆਂ ਤੇ ਸਸਤੀ ਕਿਰਤ ਸ਼ਕਤੀ ਦੀ ਲੁੱਟਮਾਰ ਦਾ ਰਾਹ ਪੱਧਰਾ ਕਰਨ ਵਾਲੇ ਕਾਨੂੰਨ ਬਣਾਉਣ ਲਈ ਬਹੁਤ ਸਾਰੇ ਬਿੱਲ ਲਿਆਂਦੇ ਗਏ ਹਨ ਜਿਨ੍ਹਾਂ ਦਾ ਇਕੋਇਕ ਮਨੋਰਥ ਬਹੁਕੌਮੀ ਕਾਰਪੋਰੇਸ਼ਨਾਂ ਦੀ ਸੇਵਾ ਕਰਨਾ ਹੈ। ਪਹਿਲੇ ਕਾਨੂੰਨਾਂ ਵਿਚ ਰੱਦੋਬਦਲ ਦੀਆਂ ਤਜਵੀਜ਼ਾਂ ਨਵਉਦਾਰਵਾਦ ਦੇ ਸਭ ਤੋਂ ਵਹਿਸ਼ੀ ਚਿਹਰੇ ਦੀਆਂ ਪ੍ਰਤੀਕ ਹਨ। ਇਹ ਤਬਦੀਲੀਆਂ ਹਿੰਦੁਸਤਾਨ ਦੇ 80% ਕਿਰਤੀਆਂ ਦੇ ਹੱਕ ਖੋਹ ਲੈਣਗੀਆਂ, ਕਰੋੜਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਬੇਦਖ਼ਲ ਕਰ ਦੇਣਗੀਆਂ ਅਤੇ ਕੰਪਨੀਆਂ ਨੂੰ ਆਪਣੇ ਮੁਨਾਫ਼ੇ ਲਈ ਦਰਿਆਵਾਂ ਨੂੰ ਦੂਸ਼ਿਤ ਕਰਨ ਅਤੇ ਜੰਗਲਾਂ ਨੂੰ ਤਬਾਹ ਕਰਨ ਦੀ ਪੂਰੀ ਖੁੱਲ੍ਹ ਦੇ ਦੇਣਗੀਆਂ।ਵੱਖ-ਵੱਖ ਖੇਤਰਾਂ ਦੇ 15 ਕਰੋੜ ਕਿਰਤੀਆਂ ਨੇ 2 ਸਤੰਬਰ ਨੂੰ ਮੋਦੀ ਦੀ ਨਵੀਂ ਕਿਰਤ ਨੀਤੀ ਵਿਰੁੱਧ ਇਕ ਦਿਨ ਦੀ ਹੜਤਾਲ ਕਰਕੇ ਰੋਸ ਪ੍ਰਗਟਾਇਆ ਜੋ ਹਿੰਦੁਸਤਾਨ ਦੇ ਇਤਿਹਾਸ ਦੀ ਇਕ ਸਭ ਤੋਂ ਵੱਡੀ ਹੜਤਾਲ ਸੀ। ਛੱਤੀਸਗੜ੍ਹ, ਝਾਰਖੰਡ, ਉੜੀਸਾ ਅਤੇ ਬਿਹਾਰ ਵਿਚ ਜੋ ਦਹਿ-ਲੱਖਾਂ ਆਦਿਵਾਸੀ ਕਾਰਪੋਰੇਸ਼ਨਾਂ ਵਲੋਂ ਜ਼ਮੀਨ ਹੜੱਪੇ ਜਾਣ ਦਾ ਬਹਾਦਰੀ ਨਾਲ ਟਾਕਰਾ ਕਰ ਰਹੇ ਹਨ ਉਨ੍ਹਾਂ ਉਪਰ ਕੇਂਦਰ ਤੇ ਸੂਬਾਈ ਸਰਕਾਰਾਂ ਵਲੋਂ ਬੇਤਹਾਸ਼ਾ ਜਬਰ ਢਾਹਿਆ ਜਾ ਰਿਹਾ ਹੈ। ਸਤੰਬਰ 2009 ਤੋਂ ਹਕੂਮਤ ਨੇ ਕੇਂਦਰੀ ਅਤੇ ਪੂਰਬੀ ਹਿੰਦੁਸਤਾਨ ਦੇ ਖਣਿਜਾਂ ਨਾਲ ਭਰਪੂਰ ਇਲਾਕਿਆਂ ਵਿਚ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ‘ਓਪਰੇਸ਼ਨ ਗ੍ਰੀਨ ਹੰਟ’ ਦੇ ਨਾਂ ਹੇਠ ਇਕ ਮੁਕੰਮਲ ਯੁੱਧ ਛੇੜਿਆ ਹੋਇਆ ਹੈ।ਮੋਦੀ ਦੀ ਨਿਗਰਾਨੀ ਹੇਠ ਪਿਛਾਖੜੀ ਹਿੰਦੂਤਵੀ ਮੂਲਵਾਦ ਨੇ ਮੁਲਕ ਦੀਆਂ ਔਰਤਾਂ ਦੇ ਖ਼ਿਲਾਫ਼ ਹੁਣ ਤਕ ਦੀ ਸਭ ਤੋਂ ਘਿਣਾਉਣੀ ਹਿੰਸਾ ਸ਼ੁਰੂ ਕੀਤੀ ਹੋਈ ਹੈ। ਤਰ੍ਹਾਂ-ਤਰ੍ਹਾਂ ਦੀਆਂ ਹਿੰਦੂਤਵੀ ਜਥੇਬੰਦੀਆਂ ‘ਬਲਾਤਕਾਰਾਂ ਦੀ ਮਹਾਂਮਾਰੀ’ ਉਪਰ ਖ਼ੁਸ਼ੀ ਮਨਾਉਂਦੀਆਂ ਹਨ। ਇਨ੍ਹਾਂ ਸਾਰੇ ਮੁੱਦਿਆਂ ਉਪਰ ਮੋਦੀ ਨੇ ਜੀਭ ਨੂੰ ਤਾਲਾ ਲਾ ਰੱਖਿਆ ਹੈ। ਇਨ੍ਹਾਂ ਜੁਰਮਾਂ ਉਪਰ ਕਾਬੂ ਤਾਂ ਕੀ ਪਾਉਣਾ ਸੀ ਉਹ ਤਾਂ ਨਿਖੇਧੀ ਕਰਨ ਲਈ ਵੀ ਤਿਆਰ ਨਹੀਂ।ਸਰਕਾਰੀ ਹਥਿਆਰਬੰਦ ਤਾਕਤਾਂ ਵਲੋਂ ਗ਼ੈਰਅਦਾਲਤੀ ਢੰਗਾਂ ਨਾਲ ਮੌਤ ਦੀਆਂ ਸਜ਼ਾਵਾਂ, ਪਿੰਡਾਂ ਤੇ ਫ਼ਸਲਾਂ ਦੀ ਲੁੱਟਮਾਰ ਤੇ ਸਾੜ ਫੂਕ ਆਮ ਗੱਲ ਹੈ। ਹਿੰਦੁਸਤਾਨ ਦੀਆਂ ਜੇਲ੍ਹਾਂ ਲੱਖਾਂ ਸਿਆਸੀ ਕੈਦੀਆਂ ਨਾਲ ਭਰੀਆਂ ਹੋਈਆਂ ਹਨ ਜੋ ਜ਼ਿਆਦਾਤਰ ਗ਼ਰੀਬ ਕਿਸਾਨ ਦੇ ਮਜ਼ਦੂਰ ਹਨ। ਕੈਮਰੋਨ ਐਂਡ ਕੰਪਨੀ ਇਸ ਬੁੱਚੜ ਨੂੰ ਲਾਡ ਲਡਾਉਣ ਲਈ ਕਿਉਂ ਪੱਬਾਂ ਭਾਰ ਹੋਈ ਪਈ ਹੈ?
ਆਓ ਮੰਗ ਕਰੀਏ:
* ਮੁਸਲਿਮ, ਈਸਾਈ ਤੇ ਹੋਰ ਘੱਟਗਿਣਤੀਆਂ ਅਤੇ ਦਲਿਤਾਂ ਉਪਰ ਹਮਲੇ ਬੰਦ ਕਰੋ।* ਬੁੱਧੀਜੀਵੀਆਂ, ਲੇਖਕਾਂ ਅਤੇ ਕਲਾਕਾਰਾਂ ਦੇ ਕਤਲ ਤੇ ਉਨ੍ਹਾਂ ਉਪਰ ਹਮਲੇ ਬੰਦ ਕਰੋ।* ਹਿੰਦੁਸਤਾਨ ਦੀ ਹਕੂਮਤ ਆਪਣੇ ਹੀ ਲੋਕਾਂ ਵਿਰੁੱਧ ਛੇੜਿਆ ਯੁੱਧ - ‘ਓਪਰੇਸ਼ਨ ਗ੍ਰੀਨ ਹੰਟ’ - ਖ਼ਤਮ ਕਰੇ।* ਹਿੰਦੁਸਤਾਨ ਦੀਆਂ ਜੇਲ੍ਹਾਂ ਵਿਚ ਸਾੜੇ ਜਾ ਰਹੇ ਲੱਖਾਂ ਸਿਆਸੀ ਕੈਦੀ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ।
ਇੰਡੀਅਨ ਵਰਕਰਜ਼ ਐਸੋਸੀਏਸ਼ਨ (ਕੇਂਦਰੀ ਜਥੇਬੰਦਕ ਕਮੇਟੀ), ਗਰੇਟ ਬ੍ਰਿਟੇਨ
ਲੇਖ ਪਾਲ (ਜਨਰਲ ਸਕੱਤਰ), ਚਰਨ ਅਟਵਾਲ (ਪ੍ਰਧਾਨ)