Wed, 30 October 2024
Your Visitor Number :-   7238304
SuhisaverSuhisaver Suhisaver

ਕੀ ਹੋ ਸਕਦਾ ਹੈ? ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਧਰਤੀ ’ਤੇ ! -ਬਲਜਿੰਦਰ ਸੰਘਾ

Posted on:- 22-10-2015

suhisaver

ਪੰਜਾਬ ਵਿੱਚ ਅੱਗੇ ਜਾਂ ਆਉਣ ਵਾਲੇ ਦਿਨਾਂ ਵਿੱਚ ਕੀ ਹੋ ਸਕਦਾ ਹੈ? ਇਸਨੂੰ ਦੋ ਭਾਗਾਂ ਥੋੜੇ ਸਮੇਂ ਵਿਚ ਅਤੇ ਲੰਬੇ ਸਮੇਂ ਵਿਚ ਵੰਡਕੇ ਦੇਖੀਏ ਤਾਂ ਕਈ ਤਰ੍ਹਾਂ ਦੇ ਸਵਾਲ ਨਿਕਲਦੇ ਹਨ, ਥੋੜੇ ਸਮੇਂ ਵਿਚ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀ ਬੇਅਦਬੀ ਕਰਨ ਦੇ ਕੇਸ ਹੱਲ ਕਰ ਲਏ ਜਾਣਗੇ, ਬਰਗਾੜੀ ਪਿੰਡ ਵਾਲੇ ਕੇਸ ਨੂੰ ਜਾਂ ਕਿਸੇ ਹੋਰ ਇਕ ਕੇਸ ਨੂੰ ਦੂਸਿਆਂ ਨਾਲੋਂ ਵੱਖ ਹੱਲ ਕੀਤਾ ਜਾਵੇਗਾ, ਪਰ ਦੋਸ਼ੀ ਬੇਦੋਸ਼ੀ ਖਾਨਾ-ਪੂਰਤੀ ਲਈ ਫੜ੍ਹੇ ਜਾਣਗੇ। ਸਭ ਥਾਵਾਂ ਤੇ ਫੜ੍ਹੇ ਦੋਸ਼ੀਆਂ ਨੂੰ ਘੱਟ ਸੁਰੱਖਿਆ ਨਾਲ ਅਦਾਲਤਾਂ ਵਿਚ ਪੇਸ਼ ਕੀਤਾ ਜਾਵੇਗਾ ਤਾਂ ਕਿ ਉਹ ਜਜ਼ਬਾਤੀ ਸਿੱਖਾਂ ਦੀ ਪਹੁੰਚ ਵਿਚ ਰਹਿਣ ਤੇ ਅਸਿੱਧੇ ਢੰਗ ਨਾਲ ਕੋਸ਼ਿਸ਼ ਹੋਵੇਗੀ ਕਿ ਉਹਨਾਂ ਨੂੰ ਅਦਾਲਤਾਂ, ਥਾਣਿਆਂ ਵਿਚ ਹੀ ਰਾਹੇ-ਬਗਾਹੇ ਜਜ਼ਬਾਤੀਆਂ ਵੱਲੋਂ ਸੋਧ ਦਿੱਤਾ ਜਾਵੇਗਾ ਅਤੇ ਇਸਦੀਆਂ ਵੀਡੀਓ ਅਤੇ ਖ਼ੂਬ ਖ਼ਬਰਾਂ ਬਣਨ।

ਇਸ ਨਾਲ ਦੋ ਮਸਲੇ ਹੱਲ ਹੋਣਗੇ ਇਕ ਤਾਂ ਸਿੱਖਾਂ ਦਾ ਗੁੱਸਾ ਠੰਡਾ ਹੋਵੇਗਾ ਕਿ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਤੋਂ ਬਦਲਾ ਲੈ ਲਿਆ ਗਿਆ ਹੈ ਤੇ ਦੂਸਰਾ ਬਾਂਸ ਨਾ ਰਹਿਣ ਕਾਰਨ ਬੰਸਰੀ ਵੱਜਣੀ ਭਾਵ ਕਾਨੂੰਨੀ ਕਾਰਵਾਈ ਦੀ ਲੋੜ ਨਹੀਂ ਪਵੇਗੀ। ਇਹਨਾਂ ਵਿਚ ਇਕ-ਅੱਧੇ ਨੂੰ ਲੋੜ ਤੋਂ ਵੱਧ ਮਹੱਤਵ ਦੇ ਕੇ ਪੂਰੀ ਸੁਰੱਖਿਆ ਨਾਲ ਮੀਡੀਆ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਕਰਕੇ ਇਸ ਨਾਲ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨਾਲ ਨਜਿੱਠਣ ਲਈ ਕਈ ਘਾੜਤਾਂ-ਘੜੀਆਂ ਜਾਣਗੀਆਂ।

ਲੋਕ ਸ਼ਾਤ ਹੋਣ ਲੱਗਣਗੇ ਤੇ ਫਿਰ ਪੰਜਾਬ ਵਿਚ ਹੱਥੋਂ ਗਈ ਸਿੱਖ ਵੋਟ ਦੀ ਆਉਣ ਵਾਲੀਆਂ ਚੋਣਾਂ ਵਿਚ ਪੂਰਤੀ ਲਈ ਸਿਰਸੇ ਵਾਲੇ ਸਾਧ ਬਾਰੇ ਇਹ ਪ੍ਰਚਾਰ ਕੀਤਾ ਜਾਵੇਗਾ ਕਿ ਉਹ ਖ਼ੁਦ ਚੱਲਕੇ ਅੰਮ੍ਰਿਤਸਰ ਮੁਆਫ਼ੀ ਮੰਗਣ ਆ ਰਿਹਾ ਹੈ। ਇਸ ਨਾਲ ਸਿੱਖ ਫਿਰ ਅੱਗੇ ਦੋ ਭਾਗਾਂ ਵਿਚ ਵੰਡੇ ਜਾਣਗੇ ਇੱਕ ਜਿਹੜੇ ਘਰ ਚੱਲਕੇ ਆਏ ਨੂੰ ਮੁਆਫ਼ੀ ਦੇ ਹੱਕ ਵਿਚ ਹੋਣਗੇ ਅਤੇ ਦੂਸਰੇ ਮੁਆਫ਼ੀ ਨਾ ਦੇਣ ਲਈ ਪ੍ਰਦਰਸ਼ਨ ਕਰਨਗੇ। ਪਰ ਮੁਆਫ਼ੀ ਦਿੱਤੀ ਜਾਵੇਗੀ ਤੇ ਪੰਜਾਬ ਵਿਚ ਉਸਦੇ ਪੈਰੋਕਾਰਾਂ ਅਤੇ ਅੱਧੇ ਸਿੱਖ ਫਿਰ ਮੌਜੂਦਾ ਸਰਕਾਰ ਦੇ ਹੱਕ ਵਿਚ ਹੋ ਜਾਣਗੇ। ਵੋਟ ਬੈਕ ਪਿਛਲੇ ਸਮੇਂ ਨਾਲੋਂ ਹੋਰ ਮਜ਼ਬੂਤ ਹੋਣ ਦੇ ਅਸਾਰ ਬਣ ਜਾਣਗੇ, ਕਿਉਂਕਿ ਇਹ ਪ੍ਰਚਾਰ ਜੋ਼ਰ ਫੜ੍ਹੇਗਾ ਕਿ ਬੇਅਦਬੀ ਸਬੰਧੀ ਰੋਸ ਵਿਚ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਪੂਰੇ ਸਹਿਯੋਗੀ ਨਹੀਂ ਰਹੇ।

ਇਸ ਤੋਂ ਬਿਨਾਂ ਹੋਰ ਵੀ ਕਈ ਰਾਜਨੀਤਕ ਮਸਲੇ ਮੌਜੂਦਾ ਪੰਜਾਬ ਸਰਕਾਰ ਹੱਲ ਕਰਨ ਦਾ ਸਿਹਰਾ ਲਵੇਗੀ। ਕਿਸਾਨਾਂ ਦੇ ਅੰਦੋਲਨ ਦਾ ਮਸਲਾ ਇਸ ਬੇਅਦਬੀ ਮਸਲੇ ਨਾਲ ਬੜਾ ਸੋਹਣਾ ਅਤੇ ਸਮੇਂ ਸਿਰ ਸਰਕਾਰ ਨਜਿੱਠ ਚੁੱਕੀ ਹੈ। ਇਹ ਤਾਂ ਸਨ ਥੋੜੇ ਸਮੇਂ ਦੇ ਪ੍ਰਭਾਵ ਜੋ ਪੰਜਾਬ ਦੇ ਅੰਦਰੂਨੀ ਹਨ। ਲੰਬੇ ਸਮੇਂ ਦੇ ਪ੍ਰਭਾਵ ਜੋ ਸਿੱਖਾਂ ਦੇ ਅਕਸ ਨੂੰ ਪੂਰੀ ਦੁਨੀਆਂ ਅਤੇ ਭਾਰਤ ਸਰਕਾਰ ਦੀਆਂ ਨਜ਼ਰਾਂ ਵਿਚ ਖ਼ਰਾਬ ਕਰਨਗੇ ਉਹ ਹਨ ਪੰਜਾਬ ਪੁਲਿਸ ਜਾਂ ਭਾਰਤੀ ਸਿੱਖ ਫੋਜ਼ੀਆਂ ਦੇ ਜਜ਼ਬਾਤੀ ਰੋਂਅ ਵਿਚ ਆਕੇ ਜਾਂ ਨਕਲੀ ਢੰਗ ਨਾਲ ਬਣਾਕੇ ਸ਼ੋਸ਼ਲ ਮੀਡੀਏ ਵਿਚ ਘੁੰਮਦੀਆਂ ਵੀਡੀਓ ਕਿ ਅਸੀਂ ਭਾਰਤ ਸਰਕਾਰ ਨੂੰ ਚਿਤਵਾਨੀ ਦਿੰਦੇ ਹਾਂ ਅਤੇ ਹੋਰ ਭੱਦੀ ਸ਼ਬਦਾਵਲੀ। ਇਹਨਾਂ ਨੂੰ ਅਧਾਰ ਬਣਕੇ ਲੰਬੇ ਸਮੇਂ ਵਿਚ ਸਿੱਖਾਂ ਦੇ ਪੁਲਿਸ ਅਤੇ ਫੌਜ ਕੋਟੇ ਹੋਰ ਹੇਠਾ ਸਰਕ ਜਾਣਗੇ। ਸੰਵੇਦਨਸ਼ੀਲ ਅਤੇ ਉੱਚੇ ਔਹੁਦੇ ਦੀਆਂ ਨੌਕਰੀਆਂ ਹੱਥੋ ਨਿਕਲ ਜਾਣਗੀਆਂ ਅਤੇ ਨਿਕਲ ਰਹੀਆਂ ਹਨ।

ਲੱਗ ਰਹੇ ਰੋਸ ਧਰਨਿਆਂ ਦਾ ਪ੍ਰਭਾਵ ਪਹਿਲਾਂ ਹੀ ਆਰਥਿਕ ਤੰਗੀ ਵਿਚੋਂ ਲੰਘ ਰਹੇ ਪੰਜਾਬ ਦੇ ਆਮ ਆਦਮੀ ਚਾਹੇ ਉਹ ਸਿੱਖ ਹੈ, ਹਿੰਦੂ ਹੈ ਜਾਂ ਕੋਈ ਹੋਰ ਪੈ ਰਿਹਾ ਹੈ ਜੋ ਲੰਬਾ ਪ੍ਰਭਾਵ ਛੱਡੇਗਾ। ਨਵੇਂ ਬਿਜ਼ਨਸ ਖੋਲਣ੍ਹ ਵਾਲੇ ਸੌ ਵਾਰ ਸੋਚਣਗੇ ਕਿ ਇਹ ਪੰਜਾਬ ਵਿਚ ਹੋਣ ਜਾਂ ਪੰਜਾਬ ਤੋਂ ਬਾਹਰ। ਹੋਰ ਬਹੁਤ ਸਾਰੇ ਕਾਰਨ ਅਤੇ ਪ੍ਰਭਾਵ ਨਵੇਂ ਪੈਦਾ ਹੋਣਗੇ, ਪਰ ਅਜੇ ਏਨਾ ਹੀ। ਹੁਣ ਉਪਰੋਤਕ ਦਾ ਸਿੱਧੇ ਢੰਗ ਨਾਲ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਮੈਂ ਸਿੱਖਾਂ ਦੇ ਅੰਦੋਲਨ ਨੂੰ ਗਲਤ ਕਹਿ ਰਿਹਾ ਹਾਂ, ਅਜਿਹਾ ਬਿਲਕੁਲ ਨਹੀਂ ਹੈ। ਇਹ ਸਭ ਜੋ ਹੋਇਆ ਇਸਦਾ ਦੁੱਖ ਹਰ ਉਸ ਮਨੁੱਖ ਨੂੰ ਹੈ ਜੋ ਚਾਹੇ ਸਿੱਖ ਹੈ ਚਾਹੇ ਹਿੰਦੂ ਜਾਂ ਮੁਸਲਮਾਨ ਪਰ ਉਹ ਆਪਣੇ ਅਤੇ ਦੂਸਰਿਆਂ ਦੇ ਧਰਮ ਦਾ ਸਤਿਕਾਰ ਕਰਦਾ ਹੈ। ਸਭ ਤੋਂ ਵੱਡੀ ਗੱਲ ਇਸ ਰੋਸ ਅੰਦੋਲਣ ਦੀ ਇਹ ਹੈ ਇਸ ਵਿਚ ਰਾਜਨੀਤਕ ਚੌਧਰ ਚਮਮਾਉਣ ਵਾਲਿਆਂ ਦੀ ਥਾਂ ਪ੍ਰਚਾਰਕ ਅਤੇ ਆਮ ਸਿੱਖਾਂ ਨੇ ਅਗਵਾਈ ਕੀਤੀ।

ਹੁਣ ਗੱਲ ਆਉਂਦੀ ਹੈ ਕਿ ਇਸ ਮਸਲੇ ਨੂੰ ਇੱਥੋਂ ਤੱਕ ਲਿਜਾਕੇ ਪੰਜਾਬ ਦਾ ਹਰ ਪੱਖ ਤੋਂ ਨੁਕਸਾਨ ਕਰਨ ਲਈ ਜ਼ਿੰਮੇਵਾਰ ਕੌਣ ਹੈ ਤਾਂ ਸਪੱਸ਼ਟ ਹੈ ਕਿ ਜਿ਼ੰਮੇਵਾਰੀ ਉਸ ਰਾਜ ਜਾਂ ਖਿੱਤੇ ਦੀ ਸਰਕਾਰ ਦੀ ਸਿੱਧੇ ਰੂਪ ਵਿਚ ਬਣਦੀ ਹੈ। ਲੋਕ ਸੜਕਾਂ ਤੇ ਕਿਉਂ ਨਿਕਲਦੇ ਹਨ, ਪ੍ਰਦਰਸ਼ਨ ਕਿਉਂ ਕਰਦੇ ਹਨ ? ਕਾਰਨ ਸਪੱਸ਼ਟ ਹੈ ਜਦੋਂ ਲੋਕਾਂ ਦਾ ਸਰਕਾਰ ਦੇ ਨਿਆਂ ਪ੍ਰਬੰਧ ਵਿਚੋਂ ਵਿਸ਼ਵਾਸ਼ ਉੱਠ ਜਾਵੇ ਜਾਂ ਫਿਰ ਵਾੜ ਹੀ ਖੇਤ ਨੂੰ ਖਾਣ ਵਾਲੀ ਹੋਵੇ। ਮੇਰੇ ਇਹ ਵਿਚਾਰ ਕੋਈ ਸੱਚੀ ਭਵਿੱਖਬਾਣੀ ਨਹੀਂ ਬਲਕਿ ਜੋ ਹਮੇਸ਼ਾਂ ਹੁੰਦਾ ਆਇਆ ਤੇ ਹੁਣ ਹੋ ਰਿਹਾ ਹੈ ਉਸ ਤੇ ਅਧਾਰਿਤ ਹਨ। ਇਹ ਸਭ ਕੁਝ ਲਿਖਣ ਪਿੱਛੇ ਮੇਰੀ ਕੋਸਿ਼ਸ਼ ਇਹੀ ਹੈ ਸਾਨੂੰ ਇਹ ਸਭ ਚਾਲਾਂ ਸਮੇਂ ਸਿਰ ਸਮਝਣੀਆਂ ਚਾਹੀਦੀਆਂ ਹਨ ਅਤੇ ਬੜੀ ਸੋਚ, ਸਮਝ ਅਤੇ ਆਪਸੀ ਭਾਈਚਾਰਕ ਸਾਂਝ ਦਾ ਖਿ਼ਆਲ ਰੱਖਦੇ ਹੋਏ ਬਿਨਾਂ ਆਪਣਾ ਅਕਸ ਵਿਗਾੜੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਦੇ ਸਾਰਥਿਕ ਯਤਨ ਕਰਨੇ ਚਾਹੀਦੇ ਹਨ।

ਕਈ ਸਵਾਲਾਂ ਦਾ ਜਵਾਬ ਅਜੇ ਕਿਸੇ ਕੋਲ ਨਹੀਂ ਕਿ ਕਦੋਂ ਤੱਕ ਪੰਜਾਬ ਵਿਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਜਿਹਨਾਂ ਦਾ ਹੱਲ ਹੀ ਕੋਈ ਨਹੀਂ ਲੱਭ ਰਿਹਾ। ਸ਼ਾਤ ਮਈ ਰੋਸ ਹੁੰਦੇ ਹਨ ਪਰ ਅਸ਼ਾਤ ਕਰਨ ਦੀ ਤਾਂ ਕੋਸਿ਼ਸ਼ ਸਰਕਾਰ ਵੀ ਕਰਦੀ ਹੈ ਪਰ ਸਥਾਈ ਹੱਲ ਕੱਢਣ ਦੀ ਗੱਲ ਹਮੇਸ਼ਾ ਹਵਾ ਵਿਚ ਲਟਕ ਜਾਂਦੀ ਹੈ ਅਤੇ ਇੱਕ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਦੂਸਰਾ ਸਾਹਮਣੇ ਲਿਆਂਦਾ ਜਾਂਦਾ ਹੈ। ਹੁਣ ਚੱਲ ਰਹੇ ਅੰਦੋਲਨ ਨੇ ਇਹ ਗੱਲ ਤਾਂ ਸਪੱਸ਼ਟ ਕਰ ਦਿੱਤੀ ਹੈ ਕਿ ਤਖ਼ਤ ਸਹਿਬਾਨਾਂ ਦੇ ਜੱਥੇਦਾਰ ਜਿਹਨਾਂ ਨੇ ਇਹੋ ਜਿਹੇ ਸਮੇਂ ਵਿਚ ਅਗਵਾਈ ਕਰਨੀ ਹੁੰਦੀ ਹੈ ਉਹ ਸਿੱਖ ਭਾਈਚਾਰੇ ਵਿਚ ਆਪਣਾ ਵਿਸ਼ਵਾਸ ਗਵਾ ਚੁੱਕੇ ਹਨ, ਜਦੋਂ ਤੱਕ ਉਹ ਆਪਣਾ ਵਿਸ਼ਵਾਸ ਬਹਾਲ ਨਹੀਂ ਕਰਦੇ, ਜੋ ਰਾਜਨੀਤਕ ਦਬਾਅ ਤੋਂ ਬਾਹਰ ਆਏ ਬਿਨਾਂ ਅਸੰਭਵ ਹੈ ਉਨ੍ਹਾਂ ਚਿਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਅਤੇ ਪੰਜਾਬ ਲਹੂ-ਲੁਹਾਨ ਹੁੰਦਾ ਰਹੇਗਾ। ਜਿਹਨਾਂ ਸਰਕਾਰਾਂ ਨੂੰ ਰਾਜ ਭਾਗ ਦੀ ਭੁੱਖ ਲੋੜ ਤੋਂ ਵੱਧ ਲੱਗ ਜਾਵੇ ਉਹ ਹਮੇਸ਼ਾ ਚਾਹੁੰਦੀਆਂ ਹਨ ਕਿ ਲੋਕਾਂ ਵਿਚ ਧਰਮ, ਜਾਤ ਅਤੇ ਹੋਰ ਢੰਗਾਂ ਨਾਲ ਹਮੇਸ਼ਾ ਟਕਰਾ ਬਣਿਆ ਰਹੇ। ਲੋੜ ਹੈ ਜਾਗਣ ਦੀ, ਸੁਚੇਤ ਹੋਣ ਦੀ।

ਸੰਪਰਕ: 001 403 680 3212

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ