Thu, 21 November 2024
Your Visitor Number :-   7252366
SuhisaverSuhisaver Suhisaver

ਨਾ-ਖੁਸ਼ਗਵਾਰ ਹਾਲਤਾਂ 'ਚੋਂ ਗੁਜ਼ਰ ਰਿਹਾ ਹੈ ਭਾਰਤ ! - ਹਰਜਿੰਦਰ ਸਿੰਘ ਗੁਲਪੁਰ

Posted on:- 05-10-2015

suhisaver

ਦੇਸ਼ ਦੀ ਹਾਲਤ ਦਿਨ-ਬ-ਦਿਨ ਚਿੰਤਾਜਨਕ ਬਣਦੀ ਜਾ ਰਹੀ ਹੈ।ਇੱਕੀਵੀਂ ਸਦੀ ਵਿਚ ਦਾਖਲ ਹੋਣ ਦੇ ਬਾਵਜੂਦ ਦੇਸ਼ ਦੀ ਮਾਨਸਿਕਤਾ ਸੰਨ 1947 ਦੇ ਆਸ ਪਾਸ ਪਹੁੰਚ ਰਹੀ ਹੈ।ਭਾਰਤ ਦੇ ਲੋਕ ਵਿਸ਼ਵ ਦੇ ਕਰੋੜਾਂ ਹੋਰ ਲੋਕਾਂ ਵਾਂਗ ਜੰਗਲੀ ਜੀਵਨ ਵਲ ਪਰਤਦੇ ਪ੍ਰਤੀਤ ਹੋ ਰਹੇ ਹਨ ।ਵਰਤਮਾਨ ਹਾਕਮਾਂ ਦੇ ਦੌਰ ਵਿਚ ਵਿਕਾਸ ਦਾ ਰੱਥ ਉਸ ਮਕਾਮ ’ਤੇ ਪਹੁੰਚ ਗਿਆ ਹੈ, ਜਿਥੇ ਬਹੁਲਵਾਦ ਦਾ ਆਤੰਕ ਆਪਣਾ ਜ਼ਹਿਰੀਲਾ ਫਣ ਬੜੀ ਤੇਜ਼ੀ ਨਾਲ ਚੁੱਕ ਰਿਹਾ ਹੈ।ਇਸ ਦੀ ਤਾਜ਼ਾ  ਉਦਾਹਰਣ ਇਹ ਹੈ ਕਿ ਦੇਸ਼ ਦੀ ਰਾਜਧਾਨੀ ਤੋਂ ਮਹਿਜ 40 ਮੀਲ ਦੂਰ ਦਾਦਰੀ ਦੇ ਨਜ਼ਦੀਕ ਪੈਂਦੇ ਇੱਕ ਪਿੰਡ ਵਿਚ 50 ਸਾਲਾ ਵਿਅਕਤੀ ਨੂੰ ਸਿਰ ਫਿਰੇ ਹਜੂਮ ਨੇ ਇਸ ਲਈ ਕੁੱਟ ਕੁੱਟ ਕੇ ਮਾਰ ਦਿੱਤਾ ਕਿਓਂ ਕਿ ਉਸ ਉੱਤੇ ਗਊ ਮਾਸ ਖਾਣ ਦਾ ਸ਼ੱਕ ਸੀ।ਹਾਲਾਂ ਕਿ ਪੁਲਸ ਵਲੋਂ ਕੀਤੀ ਗਈ ਮੁੱਢਲੀ ਤਹਿਕੀਕਾਤ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਇਸਹਾਕ ਮੁਹੰਮਦ ਅਤੇ ਉਸ ਦੇ ਪਰਿਵਾਰ ਦੁਆਰਾ ਗਊ ਮਾਸ ਖਾਣ ਦੀ ਅਫਵਾਹ ਪੂਰੀ ਤਰ੍ਹਾਂ ਬੇ-ਬੁਨਿਆਦ ਸੀ।

ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਰਾਤ ਨੂੰ ਦਸ ਵਜੇ ਦੇ ਕਰੀਬ ਸੌ ਤੋਂ ਵਧ ਲੋਕਾਂ ਦੇ ਹਜੂਮ ਨੇ ਉਹਨਾਂ ਦੇ ਘਰ ਉੱਤੇ ਹਮਲਾ ਕਰ ਕੇ ਉਸ ਦੇ ਅੱਬਾ ਨੂੰ ਪਰਿਵਾਰ ਦੀਆਂ ਅੱਖਾਂ ਸਾਹਮਣੇ ਕੋਹ ਕੋਹ ਕੇ ਮਾਰ ਦਿੱਤਾ ਅਤੇ ਉਸ ਦੇ ਨੌਜਵਾਨ ਭਾਈ ਨੂੰ ਅੱਧ ਮੋਇਆ ਕਰ ਦਿੱਤਾ ।

ਕੀ ਬੀਤਦੀ ਹੋਵੇਗੀ ਇਸ ਪੀੜਤ ਪਰਿਵਾਰ ਉੱਤੇ ਜਿਹੜਾ ਆਪਣੇ ਘਰ ਵਿਚ ਵੀ ਮਹਿਫੂਜ ਨਹੀਂ ਹੈ ।ਕੀ ਨਰਿੰਦਰ ਮੋਦੀ ਨੇ ਇਸੇ ਤਰ੍ਹਾਂ ਦੇ ਅੱਛੇ ਦਿਨਾਂ ਦਾ ਲਾਰਾ ਲਾ ਕੇ ਸਤਾ ਹਾਸਲ ਕੀਤੀ ਸੀ ? ਇਹ ਕਿਹੋ ਜਿਹਾ ਪਾਗਲਪਨ ਹੈ ਕਿ ਇੱਕ ਜੀਵ ਦੀ ਹੱਤਿਆ ਰੋਕਣ ਦੇ ਨਾਮ ਉੱਤੇ ਦੂਜੇ ਜੀਵ ਦੀ ਹੱਤਿਆ ਕਰਨ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ।ਸਿਤਮ ਜਰੀਫੀ ਇਹ ਕਿ ਦਾਦਰੀ ਦੇ ਸਥਾਨਕ ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਨਵਾਬ ਸਿੰਘ ਨੇ ਐਨ ਡੀ ਏ ਨਾਲ ਗੱਲ ਕਰਦਿਆਂ ਕਾਤਲਾਂ ਦਾ ਪੱਖ ਪੂਰਿਆ ਹੈ ।ਉਸ ਦਾ ਕਹਿਣਾ ਹੈ ਕਿ ਇਹ ਕੰਮ ਗਊ ਹੱਤਿਆ ਵਿਰੁਧ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਕੁਝ ਉਤਸ਼ਾਹੀ ਨੌਜਵਾਨਾਂ ਵਲੋਂ ਭਾਵੁਕ ਹੋ ਕੇ ਕੀਤਾ ਗਿਆ ਹੈ।

ਜੇ ਗਊ ਹਤਿਆ ਹੋਵੇਗੀ ਖੂਨ ਤਾਂ ਉਬਾਲਾ ਖਾਵੇਗਾ ਹੀ।ਜਿਸ ਤਰ੍ਹਾਂ ਸਥਾਨਕ ਭਾਜਪਾ ਨੇਤਾ ਕਾਤਲ ਹਜੂਮ ਦੀ ਪਿੱਠ ਪਿੱਛੇ ਖੜੇ ਹੋਣ ਦਾ ਸੰਕੇਤ ਦੇਣ ਲੱਗੇ ਹਨ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾਈ ਚੋਣਾਂ ਵਾਸਤੇ ਗਿਣੀ ਮਿਥੀ ਸਾਜ਼ਿਸ਼ ਤਹਿਤ ਬਿਸਾਤ ਵਿਛਣੀ  ਆਰੰਭ ਹੋ ਚੁੱਕੀ ਹੈ।ਸੂਚਨਾ ਤਕਨੀਕ ਵਿਚ ਆਈ ਕਰਾਂਤੀ ਦੇ ਬਾਵਜੂਦ ਵੀ ਦੇਸ਼ ਅਫਵਾਹਾਂ ਦੇ ਦੌਰ ਚੋ ਗੁਜ਼ਰ ਰਿਹਾ ਹੈ।ਤਰਕ ਅਤੇ ਬੁਧੀ ਵਿਵੇਕ ਦੀ ਧਾਰਨਾ ਅਰਥ ਹੀਣ ਹੋ ਕੇ ਰਹਿ ਗਈ ਹੈ।ਇਸ ਤਰ੍ਹਾਂ ਦੀਆਂ ਘਟਨਾਵਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਅੰਦਰ ਆਏ ਦਿਨ ਹੁੰਦੀਆਂ ਰਹਿੰਦੀਆਂ ਹਨ।ਇਸ ਤੋਂ ਪਹਿਲਾਂ ਵਿਵਸਥਾ ਤੋਂ ਵੱਖਰੇ ਜਾਂ ਵਿਗਿਆਨ ਅਧਾਰਿਤ ਵਿਚਾਰ ਰੱਖਣ ਵਾਲੇ ਕਈ ਨਾਮਵਰ ਵਿਦਵਾਨਾਂ ਦੇ ਕਤਲ ਫਾਸ਼ੀ ਤਾਕਤਾਂ ਵਲੋਂ 'ਭਾਰਤ ਮਹਾਨ' ਦੀ ਸਰਜ਼ਮੀਨ ਉੱਤੇ ਹੋ ਚੁੱਕੇ ਹਨ ਜੋ ਰੁਕਣ ਦਾ ਨਾਮ ਨਹੀ ਲੈ ਰਹੇ।ਇਹਨਾਂ ਵਹਿਸ਼ੀ ਟੋਲਿਆਂ ਦੇ ਮਨਾਂ ਅੰਦਰ ਨਫਰਤ ਦੀ ਫਸਲ ਦੇ ਵਧਣ ਫੁਲਣ ਵਾਸਤੇ ਖਾਦ ਪਾਣੀ ਦਾ ਕੰਮ ਉਹਨਾਂ ਲੋਕਾਂ ਦੇ ਜ਼ਹਿਰੀਲੇ ਬੋਲ ਕਰਦੇ ਹਨ,ਜਿਹਨਾਂ ਨੂੰ ਸ਼ਾਇਦ ਰਖਿਆ ਹੀ ਇਸ ਕੰਮ ਵਾਸਤੇ ਹੈ।

ਬੜੀ ਸ਼ਰਮ ਦੀ ਗੱਲ ਹੈ ਕਿ ਧੱਕੇ ਨਾਲ ਡਿਜੀਟਲ ਬਣਾਏ ਜਾ ਰਹੇ ਦੇਸ਼ ਅੰਦਰ ਇੱਕ ਮਰੇ ਹੋਏ ਮਾਸ ਦਾ ਟੁਕੜਾ ਹਜ਼ਾਰਾਂ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਸਕਦਾ ਹੈ । ਬਹੁ ਗਿਣਤੀ ਦੇਸ਼ ਵਾਸੀਆਂ ਦਾ ਪਾਗਲਪਨ ,ਆਸਥਾ ਅਤੇ ਵਿਸ਼ਵਾਸ਼ ,ਗੈਰ ਵਿਗਿਆਨਕਤਾ ਅਤੇ ਬੁਧੀ ਹੀਣਤਾ ਉੱਤੇ ਅਧਾਰਿਤ ਹੁੰਦਾ ਜਾ ਰਿਹਾ ਹੈ। ਹਾਕਮਾਂ ਵਲੋਂ ਵਿਕਸਤ ਹੋਣ ਦੇ ਲੱਖ ਦਾਅਵੇ ਕਰਨ ਦੇ ਬਾਵਯੂਦ ਭਾਰਤ ਮਾਨਸਿਕ ਪੱਖੋਂ ਬਹੁਤ ਹੀ ਪਛੜਿਆ ਹੋਇਆ,ਇੱਕ ਗਰੀਬ ਅਤੇ ਥੁੜਾਂ ਮਾਰਿਆ ਦੇਸ਼ ਹੈ ਜਿਸ ਦੇ ਵਖ ਵਖ ਹਿੱਸਿਆਂ ਵਿਚੋਂ ਔਰਤਾਂ ਨੂੰ ਚੁੜੇਲਾਂ ਅਤੇ ਡੈਣਾਂ ਦੇ ਨਾਮ ਹੇਠ ਅੰਧ ਵਿਸ਼ਵਾਸੀ ਲੋਕਾਂ ਵਲੋਂ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਹੈ।

ਹਰ ਰੋਜ਼ ਹੋਣ ਵਾਲੇ ਬਲਾਤਕਾਰਾਂ ਦਾ ਕੋਈ ਹੱਦ ਬੰਨਾ ਹੀ ਨਹੀਂ ਹੈ।ਲੋਕਾਂ ਦੀ ਇਸ ਮਾਨਸਿਕਤਾ ਦਾ ਲਾਭ ਉਠਾ ਕੇ ਦੇਸ਼ ਦੀ ਗਲੀ ਗਲੀ ਵਿਚ ਠਗਾਂ ਨੇ ਡੇਰੇ ਬਣਾ ਲਏ ਹਨ।ਇਹ ਠੱਗ ਲੋਕਾਂ ਅਤੇ ਸਰਕਾਰ ਨੂੰ ਸ਼ਰੇਆਮ ਢੋਲ ਵਜਾ ਕੇ ਲੁੱਟ ਰਹੇ ਹਨ।ਕਰੋੜਾਂ ਵਿਚ ਖੇਡਣ ਵਾਲੇ ਇਹ 'ਸੱਜਣ ਠਗ' ਸਰਕਾਰ ਨੂੰ ਕਾਣੀ ਕੌਡੀ ਵੀ ਬਤੌਰ ਟੈਕਸ ਨਹੀਂ ਦਿੰਦੇ,ਜਿਸ ਦੇ ਇਵਜ ਵਿਚ ਸਰਕਾਰਾਂ ਇਹਨਾਂ ਨੂੰ ਆਪਣੇ ਹਥ ਠੋਕਿਆਂ ਵਜੋਂ ਵਰਤ ਰਹੀਆਂ ਹਨ ।ਅੱਜ ਹਰ ਤਰ੍ਹਾਂ ਦੇ ਪੁਠੇ ਸਿਧੇ ਹਥ ਕੰਡਿਆਂ ਰਾਹੀਂ ਘੱਟ ਗਿਣਤੀਆਂ ਨੂੰ ਭੈਅ ਭੀਤ ਕੀਤਾ ਜਾ ਰਿਹਾ ਹੈ।ਆਮ ਲੋਕਾਂ ਵਿਚਕਾਰ ਏਕੇ ਦੀ ਘਟ ਸਦਕਾ ਫਾਸ਼ੀਵਾਦੀ ਤਾਕਤਾਂ ਮਜਬੂਤ ਹੋ ਰਹੀਆਂ ਹਨ।ਰਾਜਨੀਤੀ ਹਮੇਸ਼ਾ ਵਾਂਗ ਇਹਨਾਂ ਤਾਕਤਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ।ਇਹਨਾਂ ਤਾਕਤਾਂ ਦਾ ਮਜਬੂਤ ਹੋਣਾ ਦੇਸ਼ ਵਾਸਤੇ ਵੱਡੀ ਚੁਣੌਤੀ ਹੈ।

ਭਾਰਤ ਪਾਕਿ ਵੰਡ ਸਮੇਂ ਵੀ ਫਿਰਕੂ ਅਨਸਰਾਂ ਨੇ ਲੋਕਾਂ ਦੀ ਸਦੀਆਂ ਤੋਂ ਚੱਲੀ ਆ ਰਹੀ ਸਮਾਜਿਕ ਸਾਂਝ ਨੂੰ ਤੋੜਨ ਅਤੇ ਵਖੱ ਵੱਖ ਫਿਰਕਿਆਂ ਵਿਚ ਨਫਰਤ ਫੈਲਾਉਣ ਦੀ ਗਰਜ ਨਾਲ ਮੰਦਰਾਂ ਅੰਦਰ ਗਊ ਮਾਸ ਅਤੇ ਮਸੀਤਾਂ ਅੰਦਰ ਸੂਰ ਦਾ ਮਾਸ ਸੁੱਟ ਕੇ ਲਖਾਂ ਲੋਕਾਂ ਨੂੰ ਬਲਦੀ ਦੇ ਬੁਥੇ ਧੱਕਿਆ ਸੀ।ਮਨੁਖਤਾ ਵਿਰੋਧੀ ਇਹ ਤਾਕਤਾਂ ਅੱਜ ਫੇਰ ਉਹੀ ਪ੍ਰੀਕਿਰਿਆ ਦੁਹਰਾਉਣ ਦੀ ਤਾਕ ਵਿਚ ਹਨ ਤਾਂ ਕਿ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਚਿਰਕਾਲੀ ਸੁਪਨਾ ਪੂਰਾ ਕੀਤਾ ਜਾ ਸਕੇ।ਸਮਾਜਿਕ ਵੰਡੀਆਂ ਪਾਉਣ ਦੀ ਇਹ ਖੂਨੀ ਖੇਡ ਝਾੜ ਖੰਡ ਤੋਂ ਲੈ ਕੇ ਬਾਰਾ ਬੰਕੀ ਤੱਕ ਖੇਡੀ ਜਾ ਰਹੀ ਹੈ।ਇਹ ਫਿਰਕੂ ਤਾਕਤਾਂ ਅੱਜ ਖੂੰਖਾਰ ਮੁਦਰਾ ਵਿਚ ਆ ਚੁੱਕੀਆਂ ਹਨ।ਮੁਸਲਮਾਨਾਂ ਖਿਲਾਫ਼ ਫਿਰਕੂ ਦੰਗੇ ਕਰਾਉਣ ਲਈ ਨਕਾਬ ਪਾ ਕੇ ਧਾਰਮਿਕ ਸਥਾਨਾਂ ਦੇ ਅੰਦਰ ਮਾਸ ਸੁੱਟਣ ਦੀਆਂ ਘਟਨਾਵਾਂ ਹੋ ਰਹੀਆਂ ਹਨ।ਕੁਝ ਦਿਨਾਂ ਤੋਂ ਸੋਸ਼ਿਲ ਮੀਡੀਆ ਉੱਤੇ ਇੱਕ ਤਸਵੀਰ ਘੁੰਮ ਰਹੀ ਹੈ ਜਿਸ ਵਿਚ ਬੁਰਕਾ ਧਾਰੀ  ਇੱਕ ਗੈਰ ਮੁਸਲਿਮ ਨੌਜਵਾਨ ਨੂੰ ਰੰਗੇ ਹਥੀਂ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਜੋ ਇੱਕ ਮਸਜਿਦ ਅੰਦਰ ਮਾਸ ਸੁੱਟ ਰਿਹਾ ਸੀ।


ਹਾਲ ਹੀ ਵਿਚ ਝਾੜ ਖੰਡ ਦੇ ਕਈ ਸ਼ਹਿਰਾਂ ਵਿਚ ਇੱਕ ਸਾਥ ਮੰਦਰਾਂ ਅੰਦਰ ਮਾਸ ਸੁੱਟਣ ਦਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ।ਪੁਲਸ ਤਫਤੀਸ਼ ਕਰ ਰਹੀ ਹੈ ਕਿ ਕੋਈ ਜਾਣ ਬੁਝ ਕੇ ਸ਼ਰਾਰਤ ਤਹਿਤ ਇਹ ਕਰ ਕਰ ਰਿਹਾ ਹੈ ਜਾ ਇਹ ਸਭ ਕਿਝ ਸੰਗਠਿਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ।ਪੁਲਸ ਇਹ ਵੀ ਤਫਤੀਸ਼ ਕਰ ਰਹੀ ਹੈ ਕਿ ਫਿਰਕੂ ਸਦਭਾਵਨਾ ਵਿਗਾੜਨ ਪਿਛੇ ਕੀ ਮਕਸਦ ਹੋ ਸਕਦਾ ਹੈ।ਕੀ ਇਹ ਬਿਹਾਰ ਚੋਣਾਂ ਦੇ ਮੱਦੇ ਨਜ਼ਰ ਤਾਂ ਨਹੀਂ ਕੀਤਾ ਜਾ ਰਿਹਾ? ਰਾਂਚੀ ਸਥਿਤ ਕਾਲੀ ਮੰਦਰ ਦੇ ਬਾਹਰ ਗਊ ਦੀ ਚਮੜੀ ਮਿਲੇ ਜਾਣ ਉਪਰੰਤ ਦੋ ਫਿਰਕਿਆਂ ਦਰਮਿਆਨ ਤਣਾਅ ਵਾਲਾ ਮਹੌਲ ਬਣ ਗਿਆ ਅਤੇ ਗੱਲ ਹਿੰਸਕ ਝੜਪਾਂ ਤੱਕ ਜਾ ਪਹੁੰਚੀ ਸੀ।ਗਾਂਧੀ ਵਾਦੀ ਸਮਾਜਿਕ ਕਾਰਜ ਕਰਤਾ ਹਿਮਾਂਸ਼ੂ ਕੁਮਾਰ ਅਨਸਰ ,"ਛਤੀਸ ਗੜ ਦੇ ਆਦਿਵਾਸੀਆਂ ਵਲੋਂ ਦਹਾਕਿਆਂ ਤੋਂ ਖੇਤੀ ਵਾਸਤੇ ਬੈਲ ਅਤੇ ਗਾਂ ਦਾ ਇਸਤੇ ਮਾਲ ਕੀਤਾ ਕੀਤਾ ਜਾਂਦਾ ਰਿਹਾ ਹੈ ।ਕੁਝ ਆਦਿਵਾਸੀ ਸਥਾਨਕ ਬਜ਼ਾਰ ਵਿਚ ਗਾਂ ਅਤੇ ਬੈਲ ਲਿਆ ਕੇ ਖਰੀਦੋ ਫਰੋਖਤ ਦਾ ਕੰਮ ਵੀ ਕਰਦੇ ਹਨ ।ਜਦ ਤੋਂ ਇਸ ਰਾਜ ਅੰਦਰ ਭਾਜਪਾ ਦੀ ਸਰਕਾਰ ਬਣੀ ਹੈ ,ਬਜਰੰਗ ਦਲ ਵਾਲੇ ਆਦਿਵਾਸੀਆਂ ਤੇ ਹਮਲਾ ਕਰਕੇ ਗਾਂ ਬੈਲ ਖੋਹ ਲੈਂਦੇ ਹਨ ਅਤੇ ਵੇਚ ਦਿੰਦੇ ਹਨ ।ਇਸ ਤਰ੍ਹਾਂ ਗਰੀਬ ਆਦਿਵਾਸੀਆਂ ਦੀ ਵੱਡੇ ਪੱਧਰ ਤੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ।ਮੇਰੇ ਦੁਆਰਾ ਪੁਲਸ ਦੇ ਉੱਚ ਅਧਿਕਾਰੀਆਂ ਦੇ ਨੋਟਿਸ ਵਿਚ ਇਹ ਸਭ ਕੁਝ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ।ਮੈਨੂੰ ਅਜਿਹੇ ਅਨੇਕਾਂ ਮਾਮਲਿਆਂ ਦੀ ਸਬੂਤਾਂ ਸਹਿਤ ਜਾਣਕਾਰੀ ਹੈ"। ਉਹਨਾਂ ਦਾ ਕਹਿਣਾ ਹੈ ਕਿ ਫਾਸੀਵਾਦੀ ਸਰਕਾਰ ਬਣਾਉਣ ਵਾਸਤੇ ਵੋਟਾਂ ਪਾਉਣ ਦਾ ਫਲ ਵੀ ਦੇਸ਼ ਵਾਸੀਆਂ ਨੂੰ ਹੀ ਭੁਗਤਣਾ ਪਵੇਗਾ। ਇਸਹਾਕ ਮੁਹੰਮਦ ਵਾਲੀ ਘਟਨਾ ਪਹਿਲੀ ਅਤੇ ਅੰਤਿਮ ਨਹੀਂ ਹੈ।ਇਹ ਵਰਤਾਰਾ ਇੱਕ ਯੋਜਨਾਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ।ਕਿਸੇ ਵੀ ਚੋਣ ਤੋਂ ਪਹਿਲਾਂ ਅਚਾਨਕ ਇਸ ਵਿਚ ਤੇਜੀ ਆ ਜਾਂਦੀ ਹੈ ਤਾਂ ਕਿ ਇੱਕ ਖਾਸ ਵਿਚਾਰਧਾਰਾ ਦੀ ਰਾਜਨੀਤੀ ਨੂੰ ਲਾਭ ਪਹੁੰਚਾਇਆ ਜਾ ਸਕੇ।ਇਸ ਦੀਆਂ ਗੋਂਦਾ 'ਨਰੰਗੀ ਰੰਗ' ਵਾਲੇ ਮੁਖ ਦਫਤਰ ਵਿਚ ਗੁੰਦੀਆਂਆਂ ਜਾਂਦੀਆਂ ਹਨ ਤਾਂ ਕਿ ਜਾਤੀ ਅਧਾਰਿਤ ਗੋਲਬੰਦੀ ਦੇ ਸਹਾਰੇ ਚੋਣਾਂ  ਜਿੱਤੀਆਂ ਜਾ ਸਕਣ।'ਲੋਕ ਸੰਘਰਸ਼' ਨਾਮਕ ਹਿੰਦੀ ਪੱਤ੍ਰਿਕਾ ਅਨੁਸਾਰ ਹਿੰਦੂ ਬਣਨ ਦੀ ਚਾਹ ਵਿਚ ਸੰਬੂਕ ਰਿਸ਼ੀ ਦੇ ਕਤਲ ਨੂੰ ਭੁੱਲ ਕੇ ਬੁੰਦੇਲ ਖੰਡ ਦੇ ਹਮੀਰ ਪੁਰ ਜ਼ਿਲ੍ਹੇ ਨਾਲ ਸਬੰਧਤ ਇੱਕ ਮੰਦਰ ਜਾ ਰਹੇ ਬਜ਼ੁਰਗ ਦਲਿਤ ਨੂੰ ਅਗੜੀ ਜਾਤੀ ਦੇ ਇੱਕ ਸਖਸ਼ ਨੇ ਮੰਦਰ ਜਾਣ ਤੋਂ ਰੋਕਿਆ।ਜਦੋਂ ਉਹ ਨਾ ਰੁਕਿਆ ਤਾਂ ਪਹਿਲਾਂ ਤਾਂ ਉਸ ਦੇ ਸਿਰ ਵਿਚ ਕੁਹਾੜੀ ਮਾਰੀ ਅਤੇ ਫੇਰ ਉਸ ਨੂੰ ਜ਼ਿੰਦਾ ਜਲਾ ਦਿੱਤਾ ਗਿਆ।ਆਸ ਪਾਸ ਦੇ ਲੋਕਾਂ ਨੇ ਕਾਫੀ ਦੇਰ ਬਾਅਦ ਉਸ ਨੂੰ ਫੜਿਆ  ਅਤੇ ਪੁਲਸ ਨੂੰ ਸੂਚਨਾ ਦਿੱਤੀ।ਜਲਾਲਪੁਰ ਥਾਣੇ ਦੇ ਮੁਖੀ ਰਾਮਾ ਸ਼੍ਰੀ ਯਾਦਵ ਅਨੁਸਾਰ ਦੋਸ਼ੀ ਨੂੰ ਹੱਤਿਆ ਦੀ ਧਾਰਾ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸੇ ਤਰ੍ਹਾਂ ਦੀਆਂ ਘਟਨਾਵਾਂ ਨਾਲ ਮਿਲਦੀਆਂ ਜੁਲਦੀਆ ਹੋਰ ਘਟਨਾਵਾਂ ਦਾ ਉਲੇਖ ਲੇਖ ਦੀ ਸੀਮਤਾਈ ਕਾਰਨ ਨਹੀਂ ਹੋ ਸਕਦਾ। ਅਜੀਬ ਗੱਲ ਹੈ ਕਿ ਜਿਸ ਮੰਨੂ ਸਿਮਰਤੀ ਨੇ ਭਾਰਤੀ ਸਮਾਜ ਦੇ ਵਿਹੜੇ ਵਿਚ ਸੇਹ  ਦਾ ਤੱਕਲਾ ਗੱਡਿਆ ਹੋਇਆ ਹੈ ਉਸੇ ਮਨੂੰ ਸਿਮਰਤੀ ਦੇ ਅਧਿਆਏ-5 ਪਦ-35 ਅਨੁਸਾਰ ਜਿਹੜਾ ਵਿਅਕਤੀ ਮਾਸ ਨਹੀਂ ਖਾਂਦਾ ਉਹ 'ਇੱਕੀ ਜਨਮ ਤੱਕ ਪਸ਼ੂ ਜੂਨ ਵਿਚ ਵਿਚਰਦਾ ਹੈ'।ਹੈ ਨਾ ਕਮਾਲ ! ਜਦੋਂ ਘੱਟ ਗਿਣਤੀਆਂ ਦਾ ਕਤਲ ਕਰਨਾ ਹੋਵੇ ਤਾਂ ਗਊ ਹਮਾਰੀ ਮਾਤਾ ਦਾ ਨਾਅਰਾ ਬੁਲੰਦ ਕਰੋ, ਉਂਝ ਭਾਰਤ ਵਿਦੇਸ਼ਾਂ ਨੂੰ ਮਾਸ ਦੀ ਸਪਲਾਈ ਕਰਨ ਵਾਲਾ ਵੱਡਾ ਸਪਲਾਇਰ ਹੈ।

ਦਲਿਤ ਸਮਾਜ ਦੇ ਜਿਹੜੇ ਹਿੱਸੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਨੂੰ ਭੁੱਲ ਕੇ ਹਿੰਦੂਤਵਵਾਦੀਆਂ ਵਲੋਂ ਸਨਮਾਨ ਮਿਲਣ ਦੀ ਇੱਛਾ ਲੈ ਕੇ ਉਹਨਾਂ ਵਲ ਅਗਸਰ ਹੋ ਰਹੇ ਹਨ, ਉਹਨਾਂ ਵਾਸਤੇ ਹੀ ਇਹ ਖਤਰੇ ਦੀ ਘੰਟੀ ਹੈ।ਇਹ ਇਬਾਰਤ ਕੰਧ ਤੇ ਲਿਖੀ ਹੋਈ ਸਪਸ਼ਟ ਦਿਖਾਈ ਦੇ ਰਹੀ ਹੈ ਕਿ ਜੇਕਰ ਇਹਨਾਂ ਤਾਕਤਾਂ ਦਾ ਰਾਹ ਨਾ ਰੋਕਿਆ ਗਿਆ ਤਾਂ ਇਹ ਦੇਸ਼ ਦਾ ਐਨਾ ਨੁਕਸਾਨ ਕਰ ਦੇਣਗੀਆਂ ਜਿਸ ਦੀ ਭਰਪਾਈ ਸੈਂਕੜੇ ਸਾਲ ਤੱਕ ਨਹੀਂ ਹੋ ਸਕੇਗੀ।ਸਮੇਂ ਦੀ ਲੋੜ ਹੈ ਕਿ ਦਲਿਤਾਂ ,ਘੱਟ ਗਿਣਤੀਆਂ ,ਪ੍ਰਗਤੀਸ਼ੀਲ ਅਤੇ ਬੁੱਧੀਮਾਨ ਲੋਕਾਂ ਸਮੇਤ ਧਰਮ ਨਿਰਪੱਖ ਸ਼ਕਤੀਆਂ ਨੂੰ ਨਾਗਪੁਰੀ ਵਿਚਾਰਧਾਰਾ ਦਾ ਹਰ ਪੱਧਰ ਉੱਤੇ ਵਿਰੋਧ ਕਰਨਾ ਚਾਹੀਦਾ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ