Thu, 21 November 2024
Your Visitor Number :-   7253633
SuhisaverSuhisaver Suhisaver

ਪੇਸ਼ੇਵਾਰਾਨਾ ਪੱਤਰਕਾਰਤਾ ਦਾ ਭਵਿੱਖ ਖਤਰੇ 'ਚ ! - ਹਰਜਿੰਦਰ ਸਿੰਘ ਗੁਲਪੁਰ

Posted on:- 11-08-2015

suhisaver

ਜਿਉਂ ਜਿਉਂ ਆਮ ਲੋਕਾਂ ਦੀ ਪਹੁੰਚ ਸੋਸ਼ਲ ਮੀਡੀਆ ਤੱਕ ਵਧ ਰਹੀ ਹੈ, ਉਸੇ ਰਫਤਾਰ ਨਾਲ ਉਹਨਾਂ ਦੀ ਨਿਰਭਰਤਾ ਬਿਜਲਈ ਅਤੇ ਪ੍ਰਿੰਟ ਮੀਡੀਆ ਉੱਤੋਂ ਘਟਦੀ ਜਾ ਰਹੀ ਹੈ, ਜਿਸ ਦੇ ਫਲਸਰੂਪ ਪੱਤਰਕਾਰਤਾ ਦੇ ਭਵਿੱਖ ਉਤੇ  ਪ੍ਰਸ਼ਨ ਚਿੰਨ੍ਹ ਲਗਦਾ ਦਿਖਾਈ ਦੇ ਰਿਹਾ ਹੈ।ਪੇਸ਼ੇਵਰ ਪੱਤਰਕਾਰਤਾ ਦੀ ਦੁਨੀਆਂ ਤੇਜ਼ੀ ਨਾਲ ਬਦਲ ਰਹੀ ਹੈ।ਅਖਬਾਰਾਂ ਅਤੇ ਟੀ ਵੀ ਚੈਨਲਾਂ ਤੋਂ ਇਲਾਵਾ ਸਮਾਚਾਰ ਪ੍ਰਾਪਤੀ ਦੇ ਹੋਰ ਬਹੁਤ ਸਾਰੇ ਮਾਧਿਅਮ ਵਿਕਸਤ ਹੋ ਗਏ ਹਨ ਅਤੇ ਹੋ ਰਹੇ ਹਨ।ਪੇਸ਼ੇਵਾਰਾਨਾ ਪੱਤਰਕਾਰਾਂ ਲਈ ਇਹ ਸਥਿਤੀ ਬੇ-ਹੱਦ ਚਿਤਾ ਜਨਕ ਹੈ।ਸੂਚਨਾ ਤਕਨੀਕ ਦੇ ਇਸ ਯੁਗ ਵਿਚ ਸੂਚਨਾਵਾਂ ਅਤੇ ਸਮਾਚਾਰਾਂ ਦਾ ਪਰਵਾਹ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵਧ ਚੁੱਕਾ ਹੈ।ਇਸ ਪੇਸ਼ੇ ਦਾ ਅਕਾਰ ਦਿਨ ਬ ਦਿਨ ਸੁੰਘੜਦਾ ਜਾ ਰਿਹਾ ਹੈ।

ਇੰਡੀਆ ਟੂਡੇ ਦੇ ਮੈਨੇਜਿੰਗ ਡਾਇਰੈਕਟਰ ਰਹਿ ਚੁੱਕੇ ਦਿਲੀਪ ਮੰਡਲ ਅਨੁਸਾਰ,"ਦੋ ਸਾਲ ਤੋਂ ਬਾਅਦ ਇਸ ਦੇਸ਼ ਦੇ ਕਰੋੜਾਂ ਲੋਕ ਪੱਤਰਕਾਰਤਾ ਕਰ ਰਹੇ ਹੋਣਗੇ। 90 ਫੀਸਦ ਤੋਂ ਜ਼ਿਆਦਾ ਪੱਤਰਕਾਰ ਜਾ ਤਾਂ ਕੋਈ ਹੋਰ ਕੰਮ ਕਰਦੇ ਦਿਸਣਗੇ ਜਾਂ ਉਹਨਾਂ ਕੋਲ ਕੋਈ ਕੰਮ ਨਹੀਂ ਹੋਵੇਗਾ।ਦੂਜੇ ਸ਼ਬਦਾਂ ਵਿਚ ਉਹਨਾਂ ਦਾ ਰੁਜ਼ਗਾਰ ਦਾਅ ਤੇ ਲਗਿਆ ਹੋਇਆ ਹੈ"।

ਵਰਨਣਯੋਗ ਹੈ ਕਿ ਇੱਕ ਵਿਅਕਤੀ ਨੇ ਰਾਡਿਆ ਟੇਪ ਕਾਂਡ ਦੇ ਬਾਰੇ ਮੁੱਖ ਧਾਰਾ ਵਾਲਾ ਅਖਵਾਏ ਜਾਂਦੇ ਮੀਡੀਆ ਵਿਚ ਪਹਿਲੀ ਲਾਈਨ ਲਿਖੇ ਜਾਂ ਬੋਲੇ ਜਾਣ ਤੋਂ ਪਹਿਲਾਂ ਹੀ ਟੇਪ ਨੂੰ ਯੂ ਟਿਊਬ ਤੇ ਪਾ ਦਿੱਤਾ ਸੀ। ਨਤੀਜੇ ਵਜੋਂ ਇੱਕ ਪੱਤਰਿਕਾ ਵਿਚ ਪਹਿਲੀ ਵਾਰ ਇਹ ਸਟੋਰੀ ਛਪਣ ਤੋਂ ਵੀ ਪਹਿਲਾਂ ਲੱਖਾਂ ਲੋਕਾਂ ਨੂੰ ਪਤਾ ਸੀ ਕਿ ਰਾਡਿਆ ਟੇਪ ਕਾਂਡ ਹੋ ਚੁੱਕਾ ਹੈ।ਉਹ ਇਸ ਸਬੰਧੀ ਕਮੈਂਟ ਅਤੇ ਜਵਾਬੀ ਕਮੈਂਟ ਪੜ ਕੇ ਆਪਣਾ ਨਜ਼ਰੀਆ ਵੀ ਬਣਾ ਚੁੱਕੇ ਸਨ।ਉਹ ਜਾਣ ਚੁੱਕੇ ਸਨ ਕਿ ਕਾਰਪੋਰੇਟ ਪਬਲਿਕ ਰਿਲੇਸ਼ਨ ਦਾ ਤੰਤਰ ਇੰਨਾ ਮਜ਼ਬੂਤ ਹੋ ਚੁੱਕਾ ਹੈ ਕਿ ਉਹ ਮੰਤਰੀ ਮੰਡਲ ਵਿਚ ਕਿਸ ਨੂੰ ਸ਼ਾਮਲ ਕਰਨਾ ਹੈ ਤੇ ਕਿਸ ਨੂੰ ਨਹੀਂ ਤੋਂ ਇਲਾਵਾ ਇਹ ਤਹਿ ਕਰਨ ਦੇ ਵੀ ਸਮਰਥ ਹੈ ਕਿ ਕਿਸ ਮੰਤਰੀ ਕੋਲ ਕਿਹੜਾ ਵਿਭਾਗ ਹੋਵੇਗਾ।ਇਹ ਤਾਂ ਇੱਕ ਮਹਤਵ ਪੂਰਨ ਸਮਝੀ ਜਾਣ ਵਾਲੀ ਖਬਰ ਦਾ ਹਾਲ ਹੈ, ਨਹੀਂ ਤਾਂ ਅਖਬਾਰਾਂ ਅਤੇ ਟੀ ਵੀ ਉੱਤੇ ਨਸ਼ਰ ਹੋਣ ਵਾਲੀਆਂ ਜ਼ਿਆਦਾਤਰ ਸੂਚਨਾਵਾਂ ਦਾ ਇੰਟਰਨੈੱਟ ਨਾਲ ਜੁੜੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ।

ਜੇਕਰ ਰਾਡਿਆ ਟੇਪ ਨੂੰ ਯੂ ਟਿਊਬ ਉੱਤੇ ਪਾਉਣ ਵਾਲਾ ਸ਼ਖਸਸ ਵਾਕਿਆ ਹੀ ਪੱਤਰਕਾਰੀ ਕਰ ਰਿਹਾ ਸੀ ਤਾਂ ਇਹ ਮੰਨਣ ਵਿਚ ਕੋਈ ਹਰਜ ਨਹੀਂ ਕਿ ਭਾਰਤ ਵੀ ਕਰੋੜਾਂ ਪੱਤਰਕਾਰਾਂ ਦੇ ਯੁੱਗ ਵਿਚ ਪਰਵੇਸ਼ ਕਰ ਚੁੱਕਾ ਹੈ।ਪੂਰੀ ਦੁਨੀਆ ਵਿਸ਼ੇਸ਼ ਕਰ ਕੇ ਪੱਛਮੀ ਦੇਸ਼ਾਂ ਅੰਦਰ ਮਾਸ ਮੀਡੀਆ ਦੇ ਖੇਤਰ ਵਿਚ ਜੋ ਚੱਲ ਰਿਹਾ ਹੈ, ਉਸ ਨੇ ਭਾਰਤ ਨੂੰ ਵੀ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ।ਜਿਹੜੇ ਇਸ ਵਰਤਾਰੇ ਨਾਲ ਸਹਿਮਤ ਨਹੀਂ ਹਨ, ਜਦੋਂ ਉਹ ਜਾਗਣਗੇ ਤਾਂ ਸਭ ਕੁਝ ਬਦਲ ਚੁੱਕਾ ਹੋਵੇਗਾ।ਅੱਜ ਆਲਮ ਇਹ ਹੈ ਕਿ ਜਿਸ ਆਦਮੀ ਦੇ ਕੋਲ ਢਾਈ ਤਿੰਨ ਹਜ਼ਾਰ ਰੁਪਏ ਦਾ ਸਮਾਰਟ ਫੋਨ ਹੈ ਅਤੇ ਦਸ ਰੁਪਏ ਦਾ ਨੈੱਟ ਪੈਕ ਹੈ, ਉਹ ਆਪਣੇ ਆਲੇ ਦੁਆਲੇ ਦੀ ਕਿਸੀ ਸੂਚਨਾ ਜਾਂ ਖਬਰ ਨੂੰ ਲਿਖਤੀ ਤੌਰ ਤੇ ,ਫੋਟੋ ਜਾ ਵੀਡੀਓ ਰਾਹੀਂ ਦੇਸ਼ ਵਿਦੇਸ਼ ਵਿਚ ਰਹਿੰਦੇ ਕਰੋੜਾਂ ਲੋਕਾਂ ਤੱਕ ਪਹੁੰਚਾਉਣ ਦੀ ਸਮਰਥਾ ਰਖਦਾ ਹੈ।ਹੁਣ ਦੇਸ਼ ਦੁਨੀਆਂ ਦੀਆਂ ਕਈ ਸੂਚਨਾਵਾਂ ਇਸੇ ਤਰੀਕੇ ਨਾਲ ਸਾਡੇ ਕੋਲ ਪਹੁੰਚਣ ਲੱਗੀਆਂ ਹਨ ।ਰਵਾਇਤੀ ਪੱਤਰਕਾਰਾਂ ਵਾਸਤੇ ਇਹ ਸਥਿਤੀ ਕਾਫੀ ਚਣੌਤੀ ਪੂਰਨ ਹੈ ਕਿਉਂ ਕਿ ਕਰੋੜਾਂ ਆਪੇ ਬਣੇ ਪੱਤਰਕਾਰਾਂ ਦਰਮਿਆਨ ਉਹਨਾਂ ਲਈ ਕੁਝ ਵੱਖਰਾ ਕਰ ਕੇ ਆਪਣੀ ਹੋਂਦ ਨੂੰ ਬਚਾਏ ਰਖਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।

ਮਿਸਾਲ ਦੇ ਤੌਰ ਤੇ ਇੱਕ ਦੁਰਘਟਨਾ ਜਾਂ ਕਿਸੇ ਨੇਤਾ ਦੇ ਭਾਸ਼ਣ ਦਾ ਵੀਡੀਓ ਜਾਂ ਟਵੀਟ ਹਰ ਇੱਕ ਦੇ ਪਾਸ ਹੈ ਤਾਂ ਉਸ ਵਾਰੇ ਕੋਈ ਪੇਸ਼ੇਵਾਰ ਪੱਤਰਕਾਰ ਵਖਰੇ ਰੂਪ ਵਿਚ ਕਿਆ ਦੱਸੇਗਾ ਜਿਸ ਨੂੰ ਜਾਨਣ ਜਾ ਦੇਖਣ ਲਈ ਕਿਸੇ ਗਾਹਕ ਨੂੰ ਅਖਬਾਰ ਖਰੀਦਣਾ ਪਵੇ ਜਾ ਟੀ ਵੀ ਦੇਖਣਾ ਪਵੇ।ਕਿਸੇ ਇਕੱਤਰਤਾ ਦੌਰਾਨ ਸੈਂਕੜਿਆਂ ਦੀ ਭੀੜ ਨੂੰ ਲੱਖਾਂ ਦੀ ਭੀੜ ਦਸੱਣ ਦੇ ਦੌਰ ਦਾ ਵੀ ਹੁਣ ਲਗ ਭਗ ਅੰਤ ਹੋ ਚੁੱਕਾ ਹੈ।ਇਸ ਦੀ ਵਜਾਹ ਹੈ ਕਿ ਲੋਕ ਅਨੇਕ ਮਾਧਿਅਮਾਂ ਦੇ ਜ਼ਰੀਏ ਸਚ ਜਾਨਣ ਦੀ ਹਾਲਤ ਵਿਚ ਆ ਗਏ ਹਨ।

ਖਬਰਾਂ ਦੀ ਉਪਭੋਗਤਾ ਦਾ ਪਲੇਟਫਾਰਮ ਲਗਾਤਾਰ ਬਦਲ ਰਿਹਾ ਹੈ।ਅਖਬਾਰ ਵਿਕਰੇਤਾਵਾਂ ਦਾ ਕਹਿਣਾ ਕਿ 25 ਸਾਲ ਤੋਂ ਘੱਟ ਉਮਰ ਵਾਲੇ ਜ਼ਿਆਦਾਤਰ ਯੁਵਕਾਂ ਵਿਚ ਅਖਬਾਰ ਖਰੀਦਣ ਦਾ ਰੁਝਾਨ ਘਟ ਰਿਹਾ ਹੈ।ਇਸ ਦੇ ਬਾਵਯੂਦ ਇਸ ਵਰਗ ਨਾਲ ਸਬੰਧਤ ਲੋਕ ਦੇਸ਼ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਅਨਜਾਣ ਨਹੀਂ ਹਨ ਸਗੋਂ ਪੁਰਾਣੀ ਪੀੜੀ ਦੇ
ਮੁਕਾਬਲੇ ਵਧ ਜਾਗਰੂਕ ਹਨ।ਇਸ ਵਰਗ ਕੋਲ ਹਰ ਖੇਤਰ ਨਾਲ ਸਬੰਧਤ ਅੱਪ ਟੂ ਡੇਟ ਜਾਣਕਾਰੀ ਹੁੰਦੀ ਹੈ।ਫਰਕ ਸਿਰਫ ਇਹ ਹੈ ਕਿ ਇਹਨਾਂ ਨੇ ਜਾਣਕਾਰੀ ਹਾਸਲ ਕਰਨ ਦੇ ਸਰੋਤ ਬਦਲ ਲਏ ਹਨ।ਇਹਨਾਂ ਲੋਕਾਂ ਵਾਸਤੇ ਜਾਣਕਾਰੀ ਹਾਸਲ ਕਰਨ ਦਾ ਮਾਧਿਅਮ ਵੈੱਬ ਹੋ ਚੁੱਕਾ ਹੈ।ਪੂਰੀ ਦੁਨੀਆਂ ਦੇ ਨਾਲ ਨਾਲ ਭਾਰਤ ਵਿਚ ਵੀ ਅਜਿਹੇ ਲੋਕਾਂ ਦੀ ਸੰਖਿਆ ਵਧ ਰਹੀ ਹੈ।

ਸੋਸ਼ਲ ਮੀਡੀਆ ਦੇ ਰੂਪ ਵਿਚ ਫੇਸ ਬੁੱਕ, ਵਾਟਸ ਐਪ ,ਟਵਿਟਰ ਆਦਿ ਸੂਚਨਾਵਾਂ ਪ੍ਰਾਪਤ ਕਰਨ ਦੇ ਮੁਖ ਸਰੋਤ ਬਣਦੇ ਜਾ ਰਹੇ ਹਨ।ਸੋਸ਼ਲ ਮੀਡੀਆ ਦੇ ਮਹਤਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਤਾਂ ਇੱਕ ਪਾਸੇ ਹੁਣ ਤਾਂ ਕੰਪਨੀਆਂ ਵੀ ਕਈ ਵਾਰ ਆਪਣੀ ਜਾਣਕਾਰੀ ਸੋਸ਼ਲ ਮੀਡੀਆ ਤੇ ਪਾਉਣ ਲੱਗ ਪਈਆਂ ਹਨ।ਕਦੇ ਸਮਾਂ ਹੁੰਦਾ ਸੀ ਕਿ ਕੇਂਦਰ ਸਰਕਾਰ ਨਾਲ ਸਬੰਧਤ ਖਬਰਾਂ ਜਾ ਸੂਚਨਾਵਾਂ ਮੀਡੀਆ ਨੂੰ ਦੇਣ ਵਾਲੀ ਸੰਸਥਾ ਪ੍ਰੈੱਸ ਇਨਫਾਰਮੇਸ਼ਨ ਬਿਉਰੋ(ਪੀ ਆਈ ਬੀ)ਪੱਤਰਕਾਰਾਂ ਨੂੰ ਇੱਕ ਕਾਗਜ ਉੱਤੇ ਪ੍ਰੈੱਸ ਰਲੀਜ ਜਾਰੀ ਕਰਦੀ ਹੁੰਦੀ ਸੀ।ਪੱਤਰਕਾਰ ਆਪੋ ਆਪਣੇ ਅਖਬਾਰਾਂ ਰਾਹੀਂ ਦੂਸਰੇ ਦਿਨ ਉਸ ਜਾਣਕਾਰੀ ਨੂੰ ਆਵਾਮ ਤੱਕ ਪਹੁੰਚਾਉਂਦੇ ਹੁੰਦੇ ਸਨ।ਇਸ ਤਰ੍ਹਾਂ ਦੀ ਰਲੀਜ ਹੁਣ ਬੀਤੇ ਦੀ ਬਾਤ ਬਣ ਚੁੱਕੀ ਹੈ।ਹੁਣ ਪੀ ਆਈ ਬੀ ਵਲੋਂ ਪ੍ਰੈੱਸ ਰਲੀਜ ਨੂੰ ਆਪਣੀ ਵੈੱਬ ਸਾਇਟ ਤੇ ਅੱਪ ਲੋਡ ਕਰ ਦਿੱਤਾ ਜਾਂਦਾ ਹੈ।ਜਦੋਂ ਤੱਕ ਇਹ ਰਲੀਜ ਪੱਤਰਕਾਰਾਂ ਕੋਲ ਪਹੁੰਚਦੀ ਹੈ ਉਦੋਂ ਤੱਕ ਇਹ ਰਲੀਜ ਵਿਸ਼ਵ ਦੇ ਹਰ ਉਸ ਬੰਦੇ ਤੱਕ ਪਹੁੰਚ ਜਾਂਦੀ ਹੈ ਜਿਸ ਕੋਲ ਇੰਟਰਨੈੱਟ ਦੀ ਸਹੂਲਤ ਹੈ ਬਸ਼ਰਤੇ ਉਹ ਇਸ ਵਿਚ ਦਿਲ ਚਸਪੀ ਰਖਦਾ ਹੋਵੇ ।

ਬਹੁਤ ਸਾਰੀਆਂ ਕੰਪਨੀਆਂ ਵੀ ਆਪਣੀ ਪ੍ਰੈੱਸ ਰਲੀਜ ਆਪਣੀ ਵੈੱਬ ਤੇ ਪਾਉਣ ਲੱਗ ਪਈਆਂ ਹਨ।ਟੀ ਵੀ ਉੱਤੇ ਜਿੰਨੇ ਵੀ ਸਮਾਚਾਰ ਚੈਨਲ ਚਲਦੇ ਹਨ, ਉਹਨਾਂ ਵਿਚ ਇੱਕ ਦੂਜੇ ਨੂੰ ਮਾਤ ਪਾਉਣ ਦੀ ਜ਼ਬਰਦਸਤ ਦੌੜ ਲੱਗੀ ਹੋਈ ਹੈ।ਹਰ ਚੈਨਲ ਖਬਰਾਂ ਨੂੰ ਸਨਸਨੀਖੇਜ ਬਣਾ ਕੇ ਪੇਸ਼ ਕਰਦਾ ਹੈ।ਅਸਲ ਵਿਚ ਇਹ ਖਬਰਾਂ ਨਹੀਂ ਇੱਕ ਤਰ੍ਹਾਂ ਦਾ ਮਨੋਰੰਜਨ ਹੁੰਦਾ ਹੈ।ਨਿਊਜ਼ ਰੂਮ ਵਿਚ ਖਬਰਾਂ ਦੀ ਪੇਸ਼ਕਾਰੀ ਨੂੰ ਇਸ ਤਰ੍ਹਾਂ ਦੀ ਸ਼ਕਲ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਨਾਲ ਵਧ ਤੋਂ ਵਧ ਟੀ ਵੀ ਦਰਸ਼ਕਾਂ ਨੂੰ ਟੀ ਵੀ ਅੱਗੇ ਬੰਨ ਕੇ ਰਖਿਆ ਜਾ ਸਕੇ।ਮਨੋਰੰਜਨ ਨਾਲ ਸਬੰਧਤ ਹੋਰ ਪ੍ਰੋਗਰਾਮਾਂ ਤੋਂ ਖਬਰਾਂ ਦਾ ਮਨੋਰੰਜਨ ਇਸ ਕਰ ਕੇ ਭਿੰਨ ਹੁੰਦਾ ਹੈ ਕਿ ਇਸ ਵਿਚ ਸ਼ਾਰਟ ਕੱਟ ਤਤਕਾਲੀ ਜਾਣਕਾਰੀ ਹੁੰਦੀ ਹੈ।ਜਿਹਨਾਂ ਲੋਕਾਂ ਨੇ ਵੈੱਬ ਨੂੰ ਸਮਾਚਾਰ ਦੇ ਪਹਿਲੇ ਸਰੋਤ ਵਜੋਂ ਪ੍ਰਵਾਨ ਕਰ ਲਿਆ ਹੈ ਉਹਨਾਂ ਲਈ ਟੀ ਵੀ ਸਮਾਚਾਰ ਦਾ ਬਤੌਰ ਸਮਾਚਾਰ ਮਹੱਤਵ ਖਤਮ ਹੋ ਚੁੱਕਾ ਹੈ।

ਵੈਬ ਸਾਇਟ ਉੱਤੇ ਖਬਰ ਦੇਖਣ ਲਈ ਬ੍ਰਾਡਬੈਂਡ ਦਾ ਫਰੀ ਹੋਣਾ ਭਾਵੇਂ ਨੈੱਟ ਨਿਉਟਰੈਲਿਟੀ ਦੇ ਨਾਮ ਤੇ ਭਾਰਤ ਦੇ ਵੱਡੇ ਸਮਾਚਾਰ ਅਤੇ ਟੀ ਵੀ ਸਮੂਹਾਂ ਦੀ ਸਾਂਝੀ ਲਾਬਿੰਗ ਦੀ ਵਜਾਹ ਨਾਲ ਹਾਲ ਦੀ ਘੜੀ ਟਲ ਗਿਆ ਹੈ ਪਰ ਮੀਡੀਆ ਕਾਰਪੋਰੇਸ਼ਨ ਇਸ ਨੂੰ ਕਦੋਂ ਕੁ ਤੱਕ ਰੋਕ ਸਕੇਗੀ,ਇਸ ਦਾ ਪਤਾ ਆਉਣ ਵਾਲੇ ਸਮੇਂ ਵਿਚ ਲਗੇਗਾ ।ਜਿਸ ਤਰ੍ਹਾਂ ਟੀ ਵੀ ਚੈਨਲ ਆਪਣੇ ਕਰੋੜਾਂ ਰੁਪਏ ਦੇ ਖਰਚਿਆਂ ਦੀ ਭਰਪਾਈ ਵਿਗਿਆਪਨਾਂ ਦੀ ਕਮਾਈ ਨਾਲ ਕਰਦੇ ਹਨ ਉਸੇ ਤਰ੍ਹਾਂ ਅਖਬਾਰ ਵੀ ਆਪਣੀ ਪ੍ਰੋਡਕਸ਼ਨ ਲਾਗਤ ਦੇ ਚੌਥਾਈ ਤੋਂ ਵੀ ਘੱਟ ਕੀਮਤ ਤੇ ਵੇਚੇ ਜਾਂਦੇ ਹਨ ਕਿਓਂ ਕਿ ਉਹਨਾਂ ਦੀ ਕਮਾਈ ਦਾ ਮੁਖ ਸਰੋਤ ਸਰਕੂਲੇਸ਼ਨ ਰੈਵੀਨਿਊ ਨਹੀਂ ਬਲਕਿ ਐਡ ਰੈਵੀਨਿਊ ਹੈ।

ਜ਼ਰਾ ਸੋਚੋ! ਜੇਕਰ  ਫੇਸ ਬੁੱਕ ਤੇ ਖਬਰਾਂ ਦਿੱਤੀਆਂ ਜਾਣ ਲੱਗ ਪੈਣ ਅਤੇ ਫੇਸ ਬੁੱਕ ਦੇਖਣ ਦਾ ਬ੍ਰਾਡਬੈਂਡ  ਖਰਚਾ ਜ਼ੀਰੋ ਹੋਵੇ ਤਾਂ ਪੱਤਰਕਾਰ ਕਿਧਰ ਜਾਣਗੇ।ਭਾਵੇਂ ਜਾਣਕਾਰੀ ਅਨੁਸਾਰ ਫੇਸਬੁੱਕ ਪ੍ਰਬੰਧਕ ਇੱਕ ਦੋ ਸਮਾਚਾਰ ਏਜੰਸੀਆਂ ਨਾਲ ਸਮਝੌਤਾ ਕਰ ਸਕਦੇ ਹਨ ਜਿਸ ਨਾਲ ਉਹ ਵਿਗਿਆਪਨ ਸਾਂਝਾ ਕਰਨਗੇ ਜਾ ਉਹਨਾਂ ਤੋਂ ਖਬਰਾਂ ਖਰੀਦ ਲੈਣਗੇ।ਇਸ ਤਰ੍ਹਾਂ ਕਿਸੀ ਇੱਕ ਬਜ਼ਾਰ ਵਿਚ ਦਰਜਨਾਂ ਅਖਬਾਰਾਂ ਅਤੇ ਚੈਨਲਾਂ ਦੀ ਜਗਾਹ ਇੱਕ ਜਾ ਦੋ ਖਬਰ ਵਿਕਰੇਤਾ ਰਹਿ ਜਾਣਗੇ ਜਿਹਨਾਂ ਦਾ ਮਾਲ ਫੇਸਬੁੱਕ ਤੇ ਵਿਕੇਗਾ।ਖਬਰ ਉਪਭੋਗਤਾਵਾਂ ਲਈ ਇਸ ਦਾ ਮਤਲਬ ਇਹ ਹੋਇਆ ਕਿ ਸਮਾਚਾਰ ਜਾਨਣ ਦਾ ਉਹਨਾਂ ਦਾ ਖਰਚਾ ਸਿਫਰ ਹੋ ਜਾਵੇਗਾ ਜਿਸ ਦੇ ਬਦਲੇ ਉਹ ਵਿਗਿਆਪਨ ਦੇਖਣਗੇ ਅਤੇ ਮਾਲ ਖਰੀਦਣਗੇ।ਫੇਸ ਬੁੱਕ ਤੇ ਗਾਹਕਾਂ ਦੀ ਮਨੋ ਅਵਸਥਾ ਅਨੁਸਾਰ ਜਾਣਕਾਰੀ ਮੁਹਈਆ ਕੀਤੀ ਜਾਵੇਗੀ।ਇਸ ਸਮੁਚੇ ਵਰਤਾਰੇ ਨੂੰ ਮੀਡੀਆ ਮੰਡੀ ਉੱਤੇ ਕਬਜ਼ੇ ਦੀ ਕਵਾਇਦ ਵਜੋਂ ਦੇਖਣਾ ਉਚਿਤ ਹੋਵੇਗਾ।

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ