ਇਹ ਕਿਹੋ ਜਿਹੀਆਂ ਭਾਵਨਾਵਾਂ ਨੇ! - ਮਨਦੀਪ
Posted on:- 07-07-2015
ਵਰਿੰਦਰ ਦੀਵਾਨਾ ’ਤੇ ਦਰਜ ਪਰਚਾ, ਫਿਰਕਾਪ੍ਰਸਤਾਂ ਦੀ ਕਮਜ਼ੋਰੀ ਦਾ ਇਜ਼ਹਾਰ
ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਚਹੇਤੇ ਨਰਿੰਦਰ ਮੋਦੀ ਦੇ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਦੇਸ਼ ਅੰਦਰ ਹਿੰਦੂ ਫਿਰਕੂ ਫਾਸ਼ੀਵਾਦੀ ਹਮਲਾ ਹੋਰ ਵੱਧ ਤੇਜੀ ਨਾਲ ਸਾਹਮਣੇ ਆ ਰਿਹਾ ਹੈ। ਨਰਿੰਦਰ ਦਾਭੋਲਕਰ, ਗੋਵਿੰਦ ਪਾਨਸਾਰੇ, ਅਵਿਜੀਤ ਰਾਏ ਵਰਗੇ ਤਰਕਸ਼ੀਲ ਤੇ ਅਗਾਂਹਵਧੂ ਬੁੱਧੀਜੀਵੀ ਇਸਦੇ ਸਿੱਧੇ ਹਮਲੇ ਦਾ ਸ਼ਿਕਾਰ ਹੋਏ ਹਨ। ਦੇਸ਼ ਅੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਕੂਮਤ ਦੇਸ਼ ਦੇ ਕੀਮਤੀ ਖਣਿਜ ਸ੍ਰੋਤਾਂ ਤੇ ਕਿਰਤ ਸ਼ਕਤੀ ਨੂੰ ਕੌਡੀਆਂ ਦੇ ਭਾਅ ਦੇਸੀ ਵਿਦੇਸ਼ੀ ਘਰਾਣਿਆਂ ਨੂੰ ਲੁਟਾਉਣ ਵਿਚ ਰੁਝੀ ਹੋਈ ਹੈ। ਦੇਸ਼ ਦੇ ਕਿਰਤੀ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਤੰਗੀਆਂ ਤੁਰਸ਼ੀਆਂ ਦਾ ਜੀਵਨ ਬਤੀਤ ਕਰ ਰਹੇ ਹਨ। ਦੂਜੇ ਪਾਸੇ ਇਹਨਾਂ ਕਿਰਤੀ ਲੋਕਾਂ ਦਾ ਧਿਆਨ ਦੇਸ਼ ਦੇ ਅਸਲੀ ਦੁਸ਼ਮਣਾਂ ਤੋਂ ਪਾਸੇ ਕਰਨ ਲਈ ਅਤੇ ਉਹਨਾਂ ਦੀ ਇਕਜੁਟਤਾ ਨੂੰ, ਭਾਈਚਾਰਕ ਸਾਂਝ ਨੂੰ ਤੋੜਣ ਲਈ ਫਿਰਕੂ ਪੱਤਾ ਖੇਡਿਆ ਜਾ ਰਿਹਾ ਹੈ। ਇਹ ਫਿਰਕੂ ਜ਼ਹਿਰ ਫੈਲਾਉਣ ਲਈ ਅੱਜ ਹਿੰਦੂ ਫਿਰਕੂ ਫਾਸ਼ੀਵਾਦ ਤੇ ਕਾਰਪੋਰੇਟ ਪੂੰਜੀ ਦੇਸ਼ ਦੇ ਲੋਕਾਂ ਉਪਰ ਵੱਡਾ ਹਮਲਾ ਬੋਲ ਰਹੀ ਹੈ। ਅੱਜ ਦੇਸ਼ ਦੇ ਕਿਰਤੀ ਲੋਕਾਂ ਅਤੇ ਉਹਨਾਂ ਨੂੰ ਜੱਥੇਬੰਦ ਕਰਨ ’ਚ ਜੁਟੀਆਂ ਹੋਈਆਂ ਜਨਤਕ/ਜਮਹੂਰੀ/ਤਰਕਸ਼ੀਲ ਤੇ ਇਨਕਲਾਬੀ ਸ਼ਕਤੀਆਂ ਦਾ ਮੁੱਖ ਕਾਰਜ ਹੈ ਕਿ ਇਸ ਫਿਰਕੂ ਫਾਸ਼ੀਵਾਦ ਤੇ ਦੇਸੀ ਵਿਦੇਸ਼ੀ ਕਾਰਪੋਰੇਟ ਪੂੰਜੀ ਦੇ ਸਾਂਝੇ ਅਤੇ ਵੱਡੇ ਹਮਲੇ ਖਿਲਾਫ ਜੱਦੋ-ਜਹਿਦ ਹੋਰ ਤਿੱਖੀ ਕੀਤੀ ਜਾਵੇ।
ਫਿਰਕੂ ਫਾਸ਼ੀਵਾਦ ਤੇ ਦੇਸੀ ਵਿਦੇਸ਼ੀ ਕਾਰਪੋਰੇਟ ਪੂੰਜੀ ਦਾ ਲੁੱਟ ਅਤੇ ਜਬਰ ਦਾ ਵਰਤਾਰਾ ਦੇਸ਼ ਤੇ ਦੁਨੀਆਂ ਪੱਧਰ ’ਤੇ ਵਾਪਰ ਰਿਹਾ ਹੈ। ਇਸਨੇ ਆਰਥਿਕ ਤੇ ਰਾਜਨੀਤਿਕ ਖੇਤਰ ਦੇ ਨਾਲ ਨਾਲ ਸਾਹਿਤ, ਕਲਾ, ਸਿੱਖਿਆ, ਸੱਭਿਆਚਾਰ ਆਦਿ ਉੱਤੇ ਵੀ ਆਪਣਾ ਹਮਲਾ ਵਿਢਿਆ ਹੋਇਆ ਹੈ। ਇਸਦੇ ਨਾਲ ਹੀ ਜਿੱਥੇ ਦੇਸ਼ ਅੰਦਰ ਮੋਦੀ ਹਕੂਮਤ ਦੇ ਸੱਤਾ ’ਚ ਆਉਣ ਨਾਲ ਹਿੰਦੂ ਫਿਰਕੂ ਫਾਸ਼ੀਵਾਦ ਆਪਣਾ ਫਨ ਚੁੱਕ ਰਿਹਾ ਹੈ ਉੱਥੇ ਦੇਸ਼ ਅੰਦਰ ਖੇਤਰੀ ਪੱਧਰ ਤੇ ਕਾਰਜਸ਼ੀਲ ਫਿਰਕੂ ਜੱਥੇਬੰਦੀਆਂ ਵੀ ਸਰਗਰਮ ਹੋਣ ਲੱਗੀਆਂ ਹਨ। ਭਾਵੇਂ ਇਹਨਾਂ ਵਿਚੋਂ ਜ਼ਿਆਦਾਤਰ ਘੱਟਗਿਣਤੀ ਅਤੇ ਕੌਮੀ ਮੁੱਦਿਆਂ ਨੂੰ ਅਧਾਰ ਬਣਾਕੇ ਸਿਆਸਤ ਕਰਨ ਦੀ ਗੱਲ ਕਰਦੀਆਂ ਹਨ ਪਰ ਇਹਨਾਂ ਦੀ ਵਿਚਾਰਧਾਰਾ ਅਤੇ ਸਿਆਸਤ ਮੂਲ ਰੂਪ ’ਚ ਫਿਰਕੂ ਫਾਸ਼ੀਵਾਦੀ ਹੀ ਹੈ ਜੋ ਧਰਮ ਅਧਾਰਿਤ ਕੌਮ ਮੁਕਤੀ ਦੇ ਨਾਮ ਹੇਠ ਅਗਾਂਹਵਧੂ ਸ਼ਕਤੀਆਂ ਅਤੇ ਆਮ ਲੋਕਾਂ ਦੇ ਜਾਨ ਮਾਲ ਦਾ ਘਾਣ ਕਰਦੀਆਂ ਹਨ।
ਇਸੇ ਤਰ੍ਹਾਂ ਪੰਜਾਬ ਅੰਦਰ ਸਰਗਰਮ ਧਾਰਮਿਕ ਜੱਥੇਬੰਦੀਆਂ ਦੇ ਰੋਲ ਦਾ ਸਵਾਲ ਭਾਵੇਂ ਲਗਾਤਾਰ ਬਹਿਸ ਵਿਚਾਰ ਦਾ ਸਵਾਲ ਬਣਿਆ ਚੱਲਿਆ ਆ ਰਿਹਾ ਹੈ ਪਰ ਇਸਦੇ ਮੌਜੂਦਾ ਲੋਕ ਅਤੇ ਲੋਕਪੱਖੀ ਸ਼ਕਤੀਆਂ ਵਿਰੋਧੀ ਅਤੇ ਦੇਸੀ ਵਿਦੇਸ਼ੀ ਹਾਕਮਾਂ ਪੱਖੀ ਕਿਰਦਾਰ ਤੋਂ ਦੇਖਿਆ ਜਾ ਸਕਦਾ ਹੈ ਕਿ ਇਹ ਵਰਤਾਰਾ ਦੇਸ਼ ਦੇ ਕਿਰਤੀ ਲੋਕਾਂ ਲਈ ਬੇਹੱਦ ਖਤਰਨਾਕ ਹੈ। ਇਸਦਾ ਇਜ਼ਹਾਰ ਕਈ ਪੱਧਰ ਤੇ ਸਮੇਂ ਸਮੇਂ ਤੇ ਹੁੰਦਾ ਰਹਿੰਦਾ ਹੈ। ਪਿਛਲੇ ਦਿਨੀਂ ਸ਼ੋਸ਼ਲ ਮੀਡੀਆਂ ਤੇ ਵਰਿੰਦਰ ਦੀਵਾਨਾ ਦੇ ਕੇਸ ਸਬੰਧੀ ਫਿਰਕੂ ਫਾਸ਼ੀਵਾਦੀਆਂ ਦੇ ਪੈਰੋਕਾਰਾਂ ਦੁਆਰਾ ਵਿਚਾਰਾਂ ਦੀ ਅਜਾਦੀ ਦਾ, ਤਰਕ ਦਾ ਗਲਾ ਘੁੱਟਣ ਦਾ ਇਜਹਾਰ ਸਾਹਮਣੇ ਆਇਆ। ਇਸ ਕੇਸ ਦੇ ਸੰਦਰਭ ਵਿਚ ਕੁਝ ਜ਼ਰੂਰੀ ਫਿਕਰਮੰਦੀਆਂ ਵੱਲ ਧਿਆਨ ਦੇਣ ਦੀ ਲੋੜ ਹੈ।
ਪਿਛਲੇ ਦਿਨੀਂ ਵਰਿੰਦਰ ਦੀਵਾਨਾ ਵੱਲੋਂ ਫੇਸਬੁਕ ਉਪਰ ਪਾਈ ਇਕ ਪੋਸਟ (ਜਿਸਦਾ ਜ਼ਿਕਰ ਅੱਗੇ ਹੈ) ਦੇ ਅਧਾਰ ਤੇ ਪਿੰਡ ਦੀਵਾਨਾ ਦੇ ਕੁਝ ਕੱਟੜਪੰਥੀਆਂ ਵੱਲੋਂ ਪਹਿਲਾਂ ਵਰਿੰਦਰ ਦੀਵਾਨਾ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਥਾਣਾ ਟੱਲੇਵਾਲ ਵਿਖੇ ਉਸ ਉਪਰ IPC ਦੀ ਧਾਰਾ 4/5 ਤਹਿਤ 295 A// 506 ਦਾ ਪਰਚਾ ਦਰਜ ਕਰਵਾ ਦਿੱਤਾ ਗਿਆ।
ਦੀਵਾਨਾ ਪਿੰਡ ਦੇ ਇਕ ਕੱਟੜਪੰਥੀ ਅਨਸਰ ਵੱਲੋਂ ਪੁਲਿਸ ਰਿਪੋਰਟ ’ਚ ਦਰਜ ਕਰਵਾਇਆ ਗਿਆ ਕਿ ਉਹ ਪਿੰਡ ਦਾ ਸਧਾਰਨ ਜੱਟ ਵਾਸੀ ਹੈ, ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਸਿੱਖ ਜਾਗ੍ਰਿਤੀ ਮੰਚ ਸੰਸਥਾ ਦਾ ਪਿੰਡ ਇਕਾਈ ਦਾ ਖਜ਼ਾਨਚੀ ਹੈ। ਉਸਨੇ ਰਿਪੋਰਟ ਵਿਚ ਲਿਖਵਾਇਆ ਕਿ ਵਰਿੰਦਰ ਕੁਮਾਰ ਨੇ ਸ਼ੋਸ਼ਲ ਮੀਡੀਆ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਸਹਿਬਾਨ, ਸਿੱਖ ਇਤਿਹਾਸ ਅਤੇ ਸਿੱਖ ਕਕਾਰ ਬਾਰੇ ਅਪਸ਼ਬਦ ਅਪਲੋਡ ਕੀਤੇ ਹਨ। ਉਸਨੇ ਵਿਸ਼ੇਸ਼ ਤੌਰ ਤੇ ਦਰਜ ਕਰਵਾਇਆ ਕਿ ਵਰਿੰਦਰ ਦੀਵਾਨਾ ਨੇ ਗੁਰੂ ਗ੍ਰੰਥ ਸਾਹਿਬ ਦਾ ਇਹ ਕਹਿ ਕੇ ਅਪਮਾਨ ਕੀਤਾ ਕਿ ‘ਇਕ ਕਿਤਾਬ ਨੂੰ ਰੁਮਾਲਿਆ ਵਿੱਚ ਲਪੇਟੀਦਾ ਹੋਰ ਕਿਤਾਬ ਨੂੰ ਹੱਥ ਨਹੀਂ ਲਾਈਦਾ’।
ਉਸਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਜੋਤ ਮੰਨਿਆ ਜਾਂਦਾ ਹੈ ਅਤੇ ਸਿਰਫ ਰੁਮਾਲੇ ਹੀ ਗੁਰੂ ਗ੍ਰੰਥ ਸਾਹਿਬ ਲਈ ਵਰਤੇ ਜਾਂਦੇ ਹਨ। ਕਿਸੇ ਹੋਰ ਧਰਮ ਵਿਚ ਰੁਮਾਲਿਆਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ। ਅਤੇ ਇਨ੍ਹਾਂ ਕੁਮੈਂਟਾ ਦਾ ਹਰੇਕ ਸਿੱਖ ਅਤੇ ਪਿੰਡ ਵਾਸੀ ਨੇ ਦੁੱਖ ਮਨਾਇਆ ਹੈ। ਅਖੇ ਪਿੰਡ ਦੇ ਸੂਝਵਾਨ ਵਿਅਕਤੀ ਅਤੇ ਪੰਚਾਇਤ ਨੇ ਜਦੋਂ ਵਰਿੰਦਰ ਕੁਮਾਰ ਨੂੰ ਬੁਲਾਇਆ ਤਾਂ ਉਸਨੇ ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ, ਗੁਰੂ ਹਰਕ੍ਰਿਸ਼ਨ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਰਿੰਦਰ ਕੁਮਾਰ ਇਸ ਤਰ੍ਹਾਂ ਕਰਕੇ ਪਿੰਡ ਦੀ ਭਾਈਚਾਰਕ ਸਾਂਝ ਖਤਮ ਕਰਨ ਅਤੇ ਹਿੰਦੂ ਸਿੱਖ ਏਕਤਾ ਭੰਗ ਕਰਨੀ ਚਾਹੁੰਦਾ ਹੈ।
ਇਸ ਬਿਆਨ ਦੇ ਅਧਾਰ ਤੇ ਵਰਿੰਦਰ ਦੀਵਾਨਾ ਉਪਰ ਪਰਚਾ ਦਰਜ ਕਰਵਾਇਆ ਗਿਆ। ਪਰੰਤੂ ਅਸਲ ਵਿਚ ਇਹ ਮਾਮਲਾ ਦੋ ਵਿਚਾਰਧਰਾਵਾਂ, ਫਿਰਕੂ ਫਾਸ਼ੀਵਾਦੀ ਵਿਚਾਰਧਾਰਾ ਅਤੇ ਲੋਕਪੱਖੀ ਵਿਚਾਰਧਾਰਾ ਵਿਚਕਾਰ ਵਿਰੋਧ ਦਾ ਮਾਮਲਾ ਹੈ। ਇਹ ਕੱਟੜ ਫਿਰਕਾਪ੍ਰਸਤ ਸਧਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੈਸ਼ ਕਰਕੇ ਧਰਮ ਦੇ ਨਾਮ ਦੇ ਫਿਰਕੂ ਦੰਗੇ ਕਰਵਾਉਣ, ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ, ਧਰਮ ਨੂੰ ਰਾਜਨੀਤੀ ਦੇ ਪੱਖ ’ਚ ਭੁਗਤਾਉਣ, ਵਿਰੋਧੀ ਵਿਚਾਰਾਂ ਦਾ ਗਲਾ ਘੁੱਟਣ, ਲੋੜ ਪੈਣ ਤੇ ਅਗਾਂਹਵਧੂ ਵਿਚਾਰਾਂ ਅਤੇ ਵਿਅਕਤੀ ਦਾ ਕਤਲੇਆਮ ਰਚਾਉਣ ਆਦਿ ਦੀਆਂ ਕਾਰਵਾਈਆਂ ਅਕਸਰ ਕਰਦੇ ਰਹਿੰਦੇ ਹਨ। ਇਹ ਵਰਤਾਰਾ ਸੰਸਾਰ ਵਿਆਪੀ ਹੈ। ਅਸੀਂ ਹਿੰਦੂ ਫਾਸ਼ੀਵਾਦੀਆਂ ਤੋਂ ਲੈ ਕੇ ਤਾਲੀਬਾਨੀ ਦਹਿਸ਼ਤਗਰਦਾਂ ਤੱਕ ਦੀਆਂ ਘਿਣਾਉਣੀਆਂ ਕਾਰਵਾਈਆਂ ਨੂੰ ਦੇਖ ਸਕਦੇ ਹਾਂ ਅਤੇ ਇਹ ਕੱਟੜ ਸਿੱਖ ਫਿਰਕਾਪ੍ਰਸਤ ਵੀ ਇਸੇ ਜੁਮਰੇ ਵਿਚ ਆਉਂਦੇ ਹਨ।
ਇਹਨਾਂ ਦਾ ਧਰਮ ਵਿਚਲੇ ਸਦਾਚਾਰਕ, ਕਿਰਤ ਕਰਨ, ਸੰਵਾਦ ਰਚਾਉਣ, ਜਬਰ ਜੁਲਮ ਖਿਲਾਫ ਲੜਨ ਆਦਿ ਵਰਗੇ ਸੰਕਲਪਾਂ ਨਾਲ ਦੂਰ ਤੱਕ ਦਾ ਵੀ ਰਿਸ਼ਤਾ ਨਹੀਂ ਹੈ। ਇਨ੍ਹਾਂ ਫਿਰਕਾਪ੍ਰਸਤਾਂ ਦੀਆਂ ਧਰਮ ਦੇ ਨਾਮ ਤੇ ਦੁਕਾਨਾਂ ਖੋਹਲੀਆਂ ਹੋਈਆਂ ਹਨ। ਸੱਤਰਵਿਆਂ ਵੇਲੇ ਭਗੌੜੇ ਹੋਏ ਤੇ ਹੁਣ ਵਿਦੇਸ਼ਾਂ ’ਚ ਦੁਬਕੇ ਬੈਠੇ ਖਾੜਕੂ ਇਨਹਾਂ ਨੂੰ ਆਰਥਿਕ ਸਿਆਸੀ ਖੁਰਾਕ ਮੁਹਇਆ ਕਰਵਾਉਂਦੇ ਰਹਿੰਦੇ ਹਨ। ਅਤੇ ਇਹ ਵਿਚਾਰੀਆਂ ਕੋਮਲ ਭਾਵਨਾਵਾਂ ਆਪਣਾ ਦਾਣਾ ਪਾਣੀ ਚੱਲਦਾ ਰੱਖਣ ਲਈ ਕੋਈ ਨਾ ਕੋਈ ਕੰਟਰੋਵਰਸੀ/ਵਿਵਾਦ ਭਾਲਕੇ ਅਕਸਰ ਆਪਣੇ ਵਿਦੇਸ਼ੀ ਬੈਠੇ ਅਕਾਵਾਂ ਦਾ ਸ਼ੁਕਰਾਨਾ ਵਟੋਰਦੀਆਂ ਰਹਿੰਦੀਆਂ ਹਨ। ਕਿੰਨੀਆਂ ਅਜੀਬੋ ਗਰੀਬ ਨੇ ਇਹ ਭਾਵਨਾਵਾਂ ਜਿਹੜੀਆਂ ‘ਇਕ ਕਿਤਾਬ ਨੂੰ ਰੁਮਾਲਿਆ ਵਿਚ ਲਪੇਟੀਦਾ ਹੋਰ ਕਿਤਾਬ ਨੂੰ ਹੱਥ ਨਹੀਂ ਲਾਈਦਾ’ ਕਹਿਣ ਤੇ ਕੁਰਲਾ ਉਠੀਆਂ। ਉਂਝ ਬਹੁਤ ਚਲਾਕ ਨੇ ਇਹ ਭਾਵਨਾਵਾਂ ਜਿਹੜੀਆਂ ਭੋਲੇ ਭਾਲੇ ਲੋਕਾਂ ਨੂੰ ਬੁੱਧੂ ਬਣਾਕੇ ਰੱਖਣਾ ਚਾਹੁੰਦੀਆਂ ਹਨ। ਇਹ “ਮਹਾਨ” ਆਤਮਾਵਾਂ ਤਰਕ ਤੋਂ ਤ੍ਰਭਕਦੀਆਂ ਹਨ।
ਉਂਝ ਇਹ ਕਿੰਨੀਆਂ ਨੀਚ ਭਾਵਨਾਵਾਂ ਨੇ ਜਿਹੜੀਆਂ ਕਿ ਇਕ ਤਰਕ ਦੀ ਗੱਲ ਕਰਨ ਵਾਲੀ ਅਵਾਜ ਦੀ ਸਰਕਾਰੀ ਨੌਕਰੀ ਖੋਹ ਕੇ ਉਸਨੂੰ ਰੋਜੀ ਰੋਟੀ ਤੋ ਆਹਰੀ ਕਰਕੇ ਰੱਖਣ ’ਚ ਹੀ ਸਤੁੰਸ਼ਟੀ ਹਾਸਲ ਕਰਨੀ ਚਾਹੁੰਦੀਆਂ ਨੇ। ਕਿੰਨੀਆਂ ਸ਼ੈਤਾਨ ਨੇ ਇਹ ਭਾਵਨਾਵਾਂ ਜਿਹਨਾਂ ਨੇ ਰਾਤੋ ਰਾਤ ਧਰਮਾਂ, ਜਾਤਾਂ, ਗੋਤਾਂ ਤੋਂ ਉੱਚੇ ਉਠੇ ਇਨਕਲਾਬੀ ਨੌਜਵਾਨ ਵਰਿੰਦਰ ਦੀਵਾਨਾ ਨੂੰ ਵਰਿੰਦਰ “ਕੁਮਾਰ” ਬਣਾ ਦਿੱਤਾ। ਕੀ ਇਹਨਾਂ ਭਾਵਨਾਵਾਂ ਨੂੰ ਉਦੋਂ ਆਪਣੇ ਆਪ ਤੇ ਗਿਲਾਨੀ ਨਹੀਂ ਹੁੰਦੀ ਹੋਣੀ ਜਦੋਂ ਇਹ ਸਵੇਰ ਵੇਲੇ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਗੁਰੂ ਘਰ ਜਾ ਕੇ ਸੁਮੱਤ ਬਖਸ਼ਣ ਦੀ ਦੁਆ ਕਰਦੀਆਂ ਹੋਣਗੀਆਂ ? ਜਾਂ ਕੀ ਇਹਨਾਂ ਨੂੰ ਇਹੀ ਸੁਮੱਤ ਬਖਸ਼ੀ ਜਾਂਦੀ ਹੈ ਕਿ ਤੁਸੀਂ ਪੁਲਿਸ ਰਿਪੋਰਟ ’ਚ ਕਿਵੇਂ ਵਰਿੰਦਰ ਦੀਵਾਨਾ ਨੂੰ ਕੁਮਾਰ ਬਣਾ ਦੇਣਾ ਹੈ, ਕਿਵੇਂ ਇਸਨੂੰ ਹਿੰਦੂ ਸਿੱਖ ਏਕਤਾ ਦਾ ਮੁੱਦਾ ਬਣਾ ਕੇ ਡਾਲਰ ਬਟੋਰਨੇ ਹਨ ਤੇ ਭਾਈਚਾਰਕ ਏਕਤਾ ਨੂੰ ਲਾਂਬੂ ਲਾਉਣਾ ਹੈ ?
ਇਹ ਭਾਵਨਾਵਾਂ ਐਨੀਆਂ ਕੋਮਲ ਹਨ ਕਿ ਵਰਿੰਦਰ ਵਲੋਂ ਕੀਤੇ ਕੁਮੈਂਟ (ਜਦਕਿ ਉਸ ਵਿਚ ਕੋਈ ਮੰਦਭਾਵਨਾਂ ਨਹੀਂ ਦਿਖਦੀ ਬਲਕਿ ਉਸਨੇ ਪਾਖੰਡਵਾਦ ਦਾ ਹੀ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ) ਤੋਂ ਭੜਕ ਜਾਂਦੀਆਂ ਹਨ ਪਰ ਜਦੋਂ ਦੇਸ਼ ਦੇ ਕਰੋੜਾਂ ਕਰੋੜ ਮਜ਼ਦੂਰ ਭੁੱਖੇ ਮਰਦੇ ਹਨ, ਲੱਖਾਂ ਕਿਸਾਨ ਖੁਦਕਸ਼ੀਆਂ ਕਰਦੇ ਹਨ, ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇਜਤਾਂ ਰੁਲਦੀਆਂ ਹਨ, ਕਰੋੜਾਂ ਹੱਥਾਂ ਨੂੰ ਰੁਜਗਾਰ ਨਹੀਂ ਮਿਲਦਾ, ਕਰੋੜਾਂ ਬੱਚੇ ਪੜਨ ਲਿਖਣ ਦੀ ਉਮਰੇ ਬਾਲ ਮਜਦੂਰੀ ਕਰਦੇ ਹਨ, ਮਹਿੰਗਾਈ, ਭ੍ਰਿਸ਼ਟਾਚਾਰ ਤੋਂ ਲੋਕ ਦੁਖੀ ਹੁੰਦੇ ਹਨ ਤਾਂ ਇਨ੍ਹਾਂ ਦੀਆਂ ਭਾਵਨਾਵਾਂ ਡਾਲਰਾਂ ਦੀ ਝਾਕ ’ਚ ਲਾਲਾਂ ਟਪਕਾ ਰਹੀਆਂ ਹੁੰਦੀਆਂ ਹਨ, ਕਿਸੇ ਸਿਆਸੀ ਚੌਧਰੀ ਦੀ ਚਮਚਾਗਿਰੀ ਕਰ ਰਹੀਆਂ ਹੁੰਦੀਆਂ ਹਨ, ਕੰਟਰੋਵਰਸੀ ਲੱਭਣ ਲਈ ਹਲਕੀਆਂ ਫਿਰਦੀਆਂ ਰਹਿੰਦੀਆਂ ਹਨ ਜਾਂ ਫਿਰ ਬੰਦ ਕਮਰਿਆਂ ’ਚ ਗੁਰੂ ਦੇ ਚਰਨੀ ਲੱਗੀਆਂ ਹੁੰਦੀਆਂ ਹਨ।
ਦੁਨੀਆਂ ਦੇ ਇਤਿਹਾਸ ’ਚ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ ਜਦੋਂ ਇਹ ਕੱਟੜ ਫਿਰਕੂ ਫਾਸ਼ੀਵਾਦੀ ਹਮੇਸ਼ਾਂ ਲੋਕਪੱਖੀ ਵਿਅਕਤੀਆਂ ਅਤੇ ਸ਼ਕਤੀਆਂ ਨੂੰ ਖਤਮ ਕਰਨ ’ਚ ਮੋਹਰੀ ਰਹੇ ਅਤੇ ਰਹਿੰਦੇ ਆ ਰਹੇ ਹਨ। ਇਹ ਸਦਾ ਸਰਮਾਏਦਾਰ ਅਤੇ ਸਾਮਰਾਜੀ ਤਾਕਤਾਂ ਦੇ ਹੱਥਠੋਕੇ ਬਣਕੇ ਉਹਨਾਂ ਦੇ ਪੱਖ ’ਚ ਭੁਗਤਦੇ ਆਏ ਹਨ। ਇਹ ਇਤਿਹਾਸ ਦੇ ਉਹਨਾਂ ਬੌਣੇ ਅਨਸਰਾਂ ਦੀਆਂ ਸੰਤਾਨਾਂ ਹਨ ਜਿਹੜੀਆਂ ਲੋਕ ਮੁਕਤੀ ਲਈ ਕੁਰਬਾਨ ਹੋਣ ਵਾਲੇ ਨੌਜਵਾਨ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਸਦਾ ਜ਼ਹਿਰ ਉਗਲਦੀਆਂ ਰਹਿੰਦੀਆਂ ਹਨ। ਅਤੇ ਇਹਨਾਂ ਨੇ ਇਤਿਹਾਸ ’ਚ ਕਈ ਵਾਰ ਅਜਿਹੀਆਂ ਹਰਕਤਾਂ ਕੀਤੀਆਂ ਹਨ ਅਤੇ ਸਦਾ ਮੂੰਹ ਦੀ ਖਾਧੀ ਹੈ।
ਵਰਿੰਦਰ ਦੀਵਾਨਾ ਉਪਰ ਦਰਜ ਇਹ ਕੇਸ ਸੋਚੀ ਸਮਝੀ ਸਕੀਮ ਤਹਿਤ ਦਰਜ ਹੋਇਆ ਹੈ। ਵਰਿੰਦਰ ਸਦਾ ਹਰ ਕਿਸਮ ਦੀ ਫਿਰਕਾਪ੍ਰਸਤੀ ਖਿਲਾਫ ਬੋਲਦਾ ਆ ਰਿਹਾ ਹੈ। ਉਸਨੇ ਇਤਿਹਾਸਕ ਹਵਾਲਿਆਂ ਤਹਿਤ ਇਨ੍ਹਾਂ ਫਿਰਕਾਪ੍ਰਸਤ ਤਾਕਤਾਂ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਅਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੀਵਾਨਾਂ ਵੱਲੋਂ ਬਹੁਤ ਸਾਰਾ ਲੋਕਪੱਖੀ ਸਾਹਿਤ ਲੋਕਾਂ ਤੱਕ ਲਿਜਾਣ ’ਚ ਆਪਣੀ ਅਹਿਮ ਭੂਮਿਕਾ ਨਿਭਾਈ। ਵਰਿੰਦਰ ਤੇ ਉਸਦੇ ਸਾਥੀ ਨੌਜਵਾਨਾਂ ਨੂੰ ਸਿਖਿਅਤ ਕਰਨ ਲਈ ਪਿੰਡ ਵਿਚ ਲਾਈਬ੍ਰੇਰੀ ਚਲਾਉਂਦੇ ਹਨ, ਪਿੰਡ ਵਿਚ ਅਗਾਂਹਵਧੂ ਸੈਮੀਨਰ, ਨਾਟਕ ਮੇਲੇ, ਬੱਚਿਆਂ ਦੇ ਉਸਾਰੂ ਮੁਕਾਬਲੇ, ਪਿੰਡ ਦੇ ਵਿਕਾਸ ਦੇ ਕੰਮ ਰਲ ਮਿਲ ਕੇ ਕਰਦੇ ਹਨ ਅਤੇ ਪੰਜਾਬ ਪੱਧਰੇ ਲੋਕਪੱਖੀ ਕਿਸਾਨਾਂ/ਮਜਦੂਰਾਂ/ਮੁਲਾਜਮਾਂ/ਨੌਜਵਾਨਾਂ/ਵਿਦਿਆਰਥੀਆਂ ਦੇ ਹੱਕੀ ਸੰਘਰਸ਼ਾਂ ’ਚ ਸ਼ਾਮਲ ਹੁੰਦੇ ਹਨ। ਲੋਕਾਂ ਉਪਰ ਹੁੰਦੇ ਜਬਰ ਖਿਲਾਫ ਅਵਾਜ ਉਠਾਉਂਦੇ ਹਨ। ਇਹਨਾਂ ਨੇ ਪਿੰਡ ਦੇ ਕਈ ਨੌਜਵਾਨਾਂ ਨੂੰ ਫਿਰਕੂ ਸੋਚ ਤੋਂ ਇਨਕਲਾਬੀ ਸੋਚ ਦੇ ਧਾਰਨੀ ਬਣਾਇਆ। ਪਿੰਡ ਦੇ ਫਿਰਕਾਪ੍ਰਸਤਾਂ ਨੂੰ ਵਿਸ਼ੇਸ਼ ਹਦਾਇਤਾਂ ਤਹਿਤ ਵਰਿੰਦਰ ਉਪਰ ਨਜਰ ਰੱਖਣ ਅਤੇ ਉਸਨੂੰ ਕਿਸੇ ਨਾ ਕਿਸੇ ਕੇਸ ਵਿਚ ਫਸਾਉਣ ਦੇ ਮਨਸੂਬੇ ਤਾਂ ਪਹਿਲਾਂ ਹੀ ਤਿਆਰ ਹੋ ਚੁੱਕੇ ਸਨ ਬਸ ਉਹ ਮੌਕੇ ਦੀ ਤਾਕ ਵਿਚ ਸਨ। ਅਤੇ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਹੈ।
ਪਰ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਵਰਿੰਦਰ ਨੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੋਈ ਅਪਸ਼ਬਦ ਨਹੀਂ ਵਰਤਿਆ। ਜ਼ਰਾ ਉਸਦੇ ਕਹੇ ਤੇ ਗੌਰ ਕਰੋ। ਉਸਨੇ 22 ਜੁਲਾਈ ਨੂੰ ਇਹ ਪੋਸਟ ਪਾਈ ਸੀ।
ਆਪਣੇ ਸਮੇਂ ਦੇ ਮਹਾਨ ਵਿਦਵਾਨਾਂ ਕਰਾਤੀਕਾਰੀਆਂ ਦੇ ਫਲਸਫ਼ੇ ਨੂੰ ਕੈਦ ਕਰਨਾ
ਸਿਰਫ਼ ਇੱਕ ਪੁਸਤਕ ਨੂੰ ਹੀ ਰੁਮਾਲਿਆਂ ਵਿੱਚ ਲਪੇਟੀ ਦਾ, ਹੋਰ ਕਿਤਾਬਾਂ ਨੂੰ ਹੱਥ ਨਹੀਂ ਲਾਈਦਾ
ਆਪਣੇ ਸਮੇਂ ਦੇ ਬੁੱਧੀਜੀਵੀਆਂ ਦੀਆਂ ਲਿਖਤਾਂ ਦਾ ਮੁੱਲ ਨਹੀਂ ਪਾਉਦੀਆਂ ਇਹ ਗੱਲਾਂ
ਮਾਰਕਸ ਦੇ ਲਿਖੇ ਨੂੰ ਰੱਟੀ ਜਾਣਾ ਸਹੀ ਨਹੀਂ
ਪੜੋ ਵਿਚਾਰੋ ਤੇ ਇਸਦੀ ਮੱਦਦ ਨਾਲ ਨਵੇਂ ਵਿਚਾਰ ਬਣਾਓ
ਗਾਂ ਨੂੰ ਇੱਕ ਪਸ਼ੂ ਕਹਿਣ ਤੇ ਭਾਵਨਾਵਾਂ ਭੜਕ ਸਕਦੀਆਂ ਨੇ ਇੱਥੇ
( ਵਿਚਾਰਾ ਦੇ ਵਖਰੇਵੇ ਵਿੱਚ ਕਲਮ
ਦੀ ਥਾਂ ਲੋਕਾਂ ਦੇ ਹੱਥ ਡਾਂਗਾਂ ਅਤੇ ਸੋਟੇ ਨੇ ,
science ਦੇ ਤਜੁਰਬਿਆਂ ਤਰੀਕਿਆਂ
ਦੀ ਥਾਂ ਮਿਥਿਹਾਸਾਂ ਦੇ ਰੱਟੇ ਅਤੇ ਘੋਟੇ ਨੇ ,
ਇੱਕ ਦੂਜੇ ਨੂੰ ਪਿਆਰ ਦੀ ਲੜ੍ਹੀ ਪ੍ਰੋਣ
ਦੀ ਥਾਂ ਪਾਉਂਦੇ ਵੰਡੀਆਂ ਅਤੇ ਟੋਟੇ ਨੇ ,
ਕੀ ਕਰੀਏ ,
ਇਹ ਪੰਛੀ ਇਕੱਲਾ ਹੈ ,
ਇਹਦੇ ਮਗਰ ਸ਼ਿਕਾਰੀ ਬਹੁਤੇ ਨੇ # Brar)
ਇਸ ਪੋਸਟ ਵਿਚ ਕੁਝ ਵੀ ਅਜਿਹਾ ਨਹੀਂ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੋਵੇ। ਪਰ ਕੱਟੜਪੰਥੀਆਂ ਲਈ ਇਹ ਉਨ੍ਹਾਂ ਦੀ ਸੋਚ ਲਈ ਨਸੀਹਤ ਬਰਾਬਰ ਹੈ। ਦੂਸਰਾ ਰਿਪੋਰਟ ਵਿਚ ਸੋਚੇ ਸਮਝੇ ਤਰੀਕੇ ਨਾਲ ਵਰਿੰਦਰ ਦੇ ਨਾਮ ਨੂੰ ਵਰਿੰਦਰ ਕੁਮਾਰ ਲਿਖਕੇ, ਦਲਾਲ ਮੀਡੀਆ ਰਾਹੀਂ ਇਸ ਨੂੰ ਵਧਾ ਚੜਾ ਕੇ ਪੇਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਆਦਿ ਸ਼ਬਦ ਵਰਤਕੇ ਇਸ ਮਾਮਲੇ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ। ਭਾਈਚਾਰਕ ਸਾਂਝ ਨੂੰ ਖੁਦ ਲਾਂਬੂ ਲਾਉਣ ਵਾਲੇ ਭਾਈਚਾਰਕ ਸਾਂਝ ਦੇ ਅਲੰਬਰਦਾਰ ਬਣ ਰਹੇ ਹਨ। ਹਿੰਦੂਆਂ ਖਿਲਾਫ ਅੱਤ ਦੀ ਗੰਦੀ ਸ਼ਬਦਾਵਲੀ ਵਰਤਣ ਵਾਲੇ ਇਹ ਸੱਜਣ ਅੱਜ ਹਿੰਦੂ ਸਿੱਖ ਏਕਤਾ ਦੀ ਦੁਹਾਈ ਪਾ ਰਹੇ ਹਨ। ਦੁਹਾਈ ਹੀ ਨਹੀਂ ਪਾ ਰਹੇ ਸਗੋਂ ਇਸ ਮਸਲੇ ਨੂੰ ਇਕ ਹਿੰਦੂ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਦਾ ਮੁੱਦਾ ਬਣਾ ਰਹੇ ਹਨ।
ਕੱਟੜ ਫਿਰਕਾਪ੍ਰਸਤਾਂ ਦੁਆਰਾ ਪੈਦਾ ਕੀਤਾ ਜਾ ਰਿਹਾ ਫਿਰਕੂ ਤਣਾਅ, ਵਿਚਾਰ ਪ੍ਰਗਟ ਕਰਨ ਦੀ ਮਨੁੱਖੀ ਅਜ਼ਾਦੀ ਉਪਰ ਦਮਨ ਉਨ੍ਹਾਂ ਦੀ ਕਮਜ਼ੋਰੀ ਦਾ ਹੀ ਪ੍ਰਤੀਕ ਹੈ। ਪੰਜਾਬ ਦੇ ਅਮਨਪਸੰਦ ਲੋਕਾਂ ਨੂੰ ਇਹਨਾਂ ਧਰਮ ਦੇ ਬੁਰਕੇ ਹੇਠ ਛੁਪੇ ਫਿਰਕੂ ਜਨੂੰਨੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
Amarjit singh Khalsa
ਜਿਸ ਨੇ ਵੀ ਐਫ਼ ਆਈ ਆਰ ਕਰਵਾਈਹੈ ਬਿਲਕੁਲ ਸਹੀ ਕੀਤਾ,ਜੋ ਦਿਨ ਰਾਤ ਸਿੱਖ ਧਰਮ ਦੀਆਂ ਮਰਿਆਦਾਵਾਂ ਖਿਲਾਫ਼ ਊਲ ਜਲੂਲ ਬਕਦੇ ਸਨ ਹੁਣ ਸਿਰੀ ਗੁਰੂ ਗਰੰਥ ਸਾਹਿਬ ਖ਼ਿਲਾਫ ਟਿੱਪਣੀਆਂ ਰਨ ਲੱਗ ਪਏ।ਉਹ ਭਰਾਵੋ ਜਦੋਂ ਥੋਡਾ ਸਿੱਖ ਧਰਮ ਨਾਲ ਕੋਈ ਲੈਣਾਂ ਦੇਣਾਂ ਹੀ ਨਹੀ ਫਿਰ ਕਾਹਤੋਂ ਉਸ ਵਾਰੇ ਆਪਣੀ ਰਾਇ ਦੇਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਂਵਾਂ ਨੂੰ ਠੇਸ ਪਹੁੰਚਾਉਦੇ ਹੋ ।ਤੁਸੀ ਆਪਣੀ ਗਲੀ ਸੜੀ ਮਾਰਕਸਵਾਦੀ ਵਿਚਾਰਧਾਰਾ ਦਾ ਪਰਚਾਰ ਕਰੀ ਜਾਓ,ਉਹਦੇ ਸੋਹਲੇ ਗਾਈ ਜਾਓ,ਸਿੱਖ ਨੂੰ ਜੇ ਆਪਣੀਆਂ ਮਰਿਆਦਾਵਾਂ ਚ ਕੁਛ ਗਲਤ ਲੱਗਾ ਉਹ ਖ਼ੁਦ ਠੀਕ ਕਰ ਲੈਣਗੇ ਥੋਨੂੰ ਚਿੰਤਾ ਕਰਨ ਦੀ ਜਰੂਰਤ ਨਹੀ।ਸਿੱਖਾਂ ਨੇ ਕਦੀ ਤੁਹਾਂਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਸਾਰੇ ਦੇਸ਼ਾਂ ਚ ਫੇਲ ਹੋ ਚੁੱਕੀ ਮਰੀ ਹੋਈ ਮਾਰਕਸਵਾਦੀ ਵਿਚਾਰਧਾਰਾ ਨੂੰ ਬਾਦਰੀ ਦੇ ਬੱਚੇ ਵਾਂਗੂ ਕਿਉਂ ਚੁੱਕੀ ਫਿਰਦੇ ਹੋ?