ਜ਼ਮੀਨੀ ਹਕੀਕਤਾਂ ਦੇ ਰੂਬਰੂ ਹੋਣ ਦਾ ਯਤਨ ਕਰੇ ਕੇਂਦਰ ਸਰਕਾਰ - ਹਰਜਿੰਦਰ ਸਿੰਘ ਗੁਲਪੁਰ
Posted on:- 19-06-2015
ਭਾਜਪਾ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਨੂੰ ਦੇਖ ਕੇ ਸਾਬਤ ਹੋ ਗਿਆ ਹੈ ਕਿ ਦੇਸ਼ ਦੀਆਂ ਦੋ ਪ੍ਰਮੁਖ ਰਾਜਸੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਦਰਮਿਆਨ ਨੀਤੀਆਂ ਦੇ ਮਾਮਲੇ ਨੂੰ ਲੈ ਕੇ ਕੋਈ ਵੀ ਬੁਨਿਆਦੀ ਫਰਕ ਨਹੀਂ ਹੈ।ਹਾਂ ਇੰਨਾ ਜ਼ਰੂਰ ਹੈ ਕਿ 'ਮੋਦੀ ਮਾਰਕਾ' ਭਾਜਪਾ ਸਰਕਾਰ ਕਾਂਗਰਸ ਵਾਲੀਆਂ ਨੀਤੀਆਂ ਨੂੰ ਲਾਗੂ ਕਰਨ ਦੇ ਮਾਮਲੇ ਵਿਚ ਕੁਝ ਜ਼ਿਆਦਾ ਹੀ ਉਲਾਰ ਦਿਖਾਈ ਦਿੰਦੀ ਹੈ।ਕਾਂਗਰਸ ਵੱਲੋਂ ਦੇਸ਼ ਦੀਆਂ ਚਿਰਕਾਲੀ ਨੀਤੀਆਂ ਵਿਚ ਜਿੱਥੇ ਬੜੇ ਸੁਖਮ ਢੰਗ ਨਾਲ ਬਦਲਾਵ ਕੀਤੇ ਜਾ ਰਹੇ ਸਨ ਉਹਨਾਂ ਤਬਦੀਲੀਆਂ ਨੂੰ ਭਾਜਪਾ ਵੱਲੋਂ ਜਲਦ ਤੋਂ ਜਲਦ ਅਮਲ ਵਿਚ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।ਚਿਰ ਤੋਂ ਲੰਬਿਤ ਪਏ ਸਰਮਾਏਦਾਰ ਪੱਖੀ ਅਤੇ ਲੋਕ ਵਿਰੋਧੀ ਬਿੱਲਾਂ ਨੂੰ ਕਨੂੰਨ ਦਾ ਦਰਜਾ ਦੇਣ ਲਈ ਦੇਸ਼ ਦੀਆਂ ਲੋਕਰਾਜੀ ਪਰੰਪਰਾਵਾਂ ਨੂੰ ਦਰ ਕਿਨਾਰ ਕਰ ਕੇ ਵਾਰ ਵਾਰ ਆਰਡੀਨੈਂਸ ਜਾਰੀ ਕਰਨ ਦਾ ਰੁਝਾਨ ਤੇਜ਼ ਹੁੰਦਾ ਜਾ ਰਿਹਾ ਹੈ।ਜਿਹਨਾਂ ਬਿੱਲਾਂ ਨੂੰ ਪਾਸ ਹੋਣ ਦੇ ਰਾਹ ਵਿਚ ਭਾਜਪਾ ਰੋੜੇ ਅਟਕਾਉਂਦੀ ਹੁੰਦੀ ਸੀ ਅੱਜ ਉਹੀ ਬਿਲ ਭਾਜਪਾ ਦੀ ਸਭ ਤੋਂ ਵੱਡੀ ਪਹਿਲ ਬਣੇ ਹੋਏ ਹਨ। ਭਾਰਤ ਦੀਆਂ ਸਾਬਕਾ ਸਰਕਾਰਾਂ ਨਾਲੋਂ ਵਖਰਾ ਚਲਦੇ ਹੋਣ ਦਾ ਭਰਮ ਸਿਰਜਣ ਲਈ ਆਏ ਦਿਨ ਕੋਈ ਨਾ ਕੋਈ ਸ਼ਗੂਫਾ ਛੱਡਿਆ ਜਾ ਰਿਹਾ ਹੈ ।
ਪਹਿਲਾਂ ਭਾਜਪਾ ਨੇ ਸਰਕਾਰ ਬਣਾਉਣ ਲਈ ਸ਼ਗੂਫੇ ਛਡਣ ਦੀ ਖੇਡ ਖੇਡੀ ਅਤੇ
ਹੁਣ ਸਰਕਾਰ ਚਲਾਉਣ ਲਈ ਇਹ ਖੇਡ ਖੇਡੀ ਜਾ ਰਹੀ ਹੈ।ਭਾਵੇਂ ਹਲਕੇ ਪਧਰ ਦੀ ਡਰਾਮੇ ਬਾਜੀ
ਕਰਕੇ ਵਕਤ ਵੀ ਲੰਘਾਇਆ ਜਾ ਸਕਦਾ ਹੈ ਤੇ ਸਰਕਾਰ ਦੇ ਪੰਜ ਸਾਲ ਵੀ ਪੂਰੇ ਕੀਤੇ ਜਾ ਸਕਦੇ
ਹਨ ਪਰ ਜਿਹਨਾਂ ਵਾਅਦਿਆਂ ਦੀ ਚੋਗ ਦੇਸ਼ ਵਾਸੀਆਂ ਅੱਗੇ ਖਿਲਾਰ ਕੇ ਸਤਾ ਹਾਸਿਲ ਕੀਤੀ ਸੀ
ਉਹਨਾਂ ਨੂੰ ਹਰਗਿਜ ਪੂਰਾ ਨਹੀਂ ਕੀਤਾ ਜਾ ਸਕਦਾ।
ਵਿਦੇਸ਼ਾਂ ਵਿਚ ਜਾ ਕੇ ਆਪਣੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਖਿਲਾਫ਼ ਬੋਲਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਠਹਿਰਾਇਆ ਜਾ ਸਕਦਾ , ਅਜਿਹਾ ਕਰਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਦ ਬੁੱਤ ਵਿਸ਼ਵ ਪਧਰ ਤੇ ਨੀਵਾਂ ਹੋਇਆ ਹੈ। ਸੈਲਫੀਆਂ ਰਾਹੀਂ ਆਪਣਾ ਆਪ ਨਿਹਾਰਨ ਦੀ ਥਾਂ ਪ੍ਰਧਾਨ ਮੰਤਰੀ ਨੂੰ ਦੇਸ਼ ਵਾਸੀਆਂ ਦੀ ਮਾਨਸਿਕਤਾ ਦੇ ਸੀਸ਼ੇ ਅੰਦਰ ਝਾਤ ਮਾਰਨ ਵਲ ਤਵੱਜੋਂ ਦੇਣੀ ਚਾਹੀਦੀ ਹੈ।ਮੌਜੂਦਾ ਸਰਕਾਰ ਦੀ ਕੋਈ ਵੀ ਹੁਣ ਤੱਕ ਦੀ ਪ੍ਰਾਪਤੀ ਅਜਿਹੀ ਨਹੀਂ ਹੈ ਜਿਸ ਨੂੰ ਫਖਰ ਨਾਲ ਦੇਸ਼ ਵਾਸੀਆਂ ਸਾਹਮਣੇ ਪੇਸ਼ ਕੀਤਾ ਜਾ ਸਕੇ।ਮੇਕ ਇਨ ਇੰਡੀਆ ਦੇ ਲੋਕ ਲੁਭਾਊ ਨਾਅਰੇ ਨੂੰ ਮਜਦੂਰਾਂ ਅਤੇ ਕਿਸਾਨਾਂ ਦੇ ਗਲ ਅੰਗੂਠਾ ਦੇਣ ਵਾਲੇ ਕਨੂੰਨ ਬਣਾਉਣ ਦੇ ਬਾਵਯੂਦ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ। ਦੇਸ਼ ਨੂੰ ਲੁੱਟਣ ਦੇ ਖੁੱਲੇ ਸਦੇ ਦੇਣ ਤੇ ਵੀ ਅਜੇ ਤੱਕ ਪੂੰਜੀ ਨਿਵੇਸ਼ ਦੇ ਮਾਮਲੇ ਵਿਚ ਸਫਲਤਾ ਹਥ ਨਹੀਂ ਲੱਗੀ।ਭਾਰਤ ਚੀਨ ਵਰਗੇ ਗਵਾਂਢੀ ਦੇਸ਼ਾਂ ਨਾਲ ਸਬੰਧ ਸੁਧਰਨ ਦੀ ਥਾਂ ਪੇਚੀਦਗੀ ਵਲ ਨੂੰ ਵਧ ਰਹੇ ਹਨ ਜਿਸ ਦਾ ਕਾਰਨ ਸੰਵੇਦਨ ਸ਼ੀਲ ਮਸਲਿਆਂ ਪ੍ਰਤੀ ਕੂਟਨੀਤੀ ਤੋਂ ਸਖਣੀ ਸਰਕਾਰੀ ਪਹੁੰਚ ਜੁੰਮੇਵਾਰ ਹੈ ।ਸਰਕਾਰ ਨੂੰ ਸਰਹੱਦੀ ਵਿਵਾਦਾਂ ਦੇ ਮਾਮਲਿਆਂ ਵਿਚ ਮਿਆਮਾਰ ਵਾਲੀ ਫਜੀਅਤ ਤੋਂ ਭਵਿੱਖ ਵਿਚ ਬਚਣਾ ਚਾਹੀਦਾ ਹੈ।ਹਾਲਾਂ ਕਿ ਭਾਜਪਾ ਸਰਕਾਰ ਅਛੇ ਦਿਨ ਆਣੇ ਵਾਲੇ ਅਤੇ ਕਾਲੇ ਧਨ ਦੀ ਵਾਪਸੀ ਦੇ ਚੁਣਾਵੀ ਵਾਅਦਿਆਂ ਤੋਂ ਇਹਨਾਂ ਨੂੰ ਚੁਣਾਵੀ ਜੁਮਲੇ ਜਾਂ ਚੋਣ ਸਟੰਟ ਆਖ ਕੇ ਯੂ ਟਰਨ ਲੈ ਚੁੱਕੀ ਹੈ ਫੇਰ ਵੀ ਅਜਿਹਾ ਦਿਖਾਉਣ ਦੀ ਫਿਰਾਕ ਵਿਚ ਹੈ ਕਿ ਜਿਵੇਂ ਉਹ ਦੇਸ਼ ਵਾਸੀਆਂ ਵਾਸਤੇ ਕੁਝ ਬਹੁਤ ਹੀ ਨਿਵੇਕਲਾ ਕਰਨ ਵਿਚ ਵਿਅਸਥ ਹੋਵੇ। ਇਸ ਸਰਕਾਰ ਵਾਰੇ ਇੱਕ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਚੁੱਕੀ ਹੈ ਕਿ ਇਸ ਦੀ ਮੂਕ ਸਹਿਮਤੀ ਨਾਲ ਦੇਸ਼ ਅੰਦਰ ਬਹੁਲਵਾਦ ਨੂੰ ਹਰ ਪੱਖ ਤੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਪੰਦਰਾਂ ਅਗਸਤ ਨੂੰ ਲਾਲ ਕਿਲੇ ਦੀ ਫਸੀਲ ਤੋਂ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਭਾਸ਼ਣ ਦੇ ਉਹ ਅੰਸ਼ ਯਾਦ ਕਰੋ ਜਿਹਨਾਂ ਵਿਚ ਉਸ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਸੀ ਕਿ ਆਉ ਆਉਣ ਵਾਲੇ ਕੁਝ ਸਾਲਾਂ ਲਈ ਸੰਪਰਦਾਇਕਤਾ ਨੂੰ ਦਰ ਕਿਨਾਰ ਕਰ ਕੇ ਦੇਸ਼ ਦੇ ਚੰਗੇ ਭਵਿਖ ਵਾਸਤੇ ਮਿਲ ਜੁਲ ਕੇ ਕੰਮ ਕਰੀਏ।ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣ ਦੀਆਂ ਸੁਰਖੀਆਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਸੰਘ ਪਰਿਵਾਰ ਦੇ ਹੇਠ ਤੋਂ ਲੈ ਕੇ ਉਪਰ ਤੱਕ ਦੇ ਕਾਰਜਕਰਤਾਵਾਂ ਅਤੇ ਨੇਤਾਵਾਂ ਸਮੇਤ ਇਸ ਨਾਲ ਜੁੜੇ ਸਾਧਾਂ ਸਾਧਵੀਆਂ ਨੇ ਘੱਟ ਗਿਣਤੀਆਂ ਵਿਰੁੱਧ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਸੀ ।ਪੰਦਰਾਂ ਅਗਸਤ ਮੁੜ ਕੇ ਆਉਣ ਵਾਲਾ ਹੈ ਪ੍ਰੰਤੂ ਇਹ ਵਰਤਾਰਾ ਬੇਰੋਕ ਟੋਕ ਜਾਰੀ ਹੈ। ਲਗਦਾ ਹੈ ਇਸ ਤਰ੍ਹਾਂ ਦੀ ਜਹਿਰੀਲੀ ਬਿਆਨ ਬਾਜੀ ਸਰਕਾਰ ਦੇ ਸਮਾਨਾਂਤਰ ਚਲਦੀ ਰਹੇਗੀ ਕਿਓਂ ਕਿ ਮੌਜੂਦਾ ਭਾਜਪਾ ਨੂੰ ਇਸ ਵਿਚੋਂ ਹੀ ਆਪਣਾ ਭਵਿਖ ਉਜਵਲ ਦਿਖਾਈ ਦੇ ਰਿਹਾ ਹੈ। ਉਂਝ ਵੀ ਸੰਘ ਪਰਿਵਾਰ ਹਰ ਸ਼ੈ ਨੂੰ ਆਪਣੇ ਹੀ ਚਸ਼ਮੇ ਰਾਹੀਂ ਦੇਖਣ ਦਾ ਆਦੀ ਹੈ ।ਇਸ ਤਰ੍ਹਾਂ ਲਗਦਾ ਹੈ ਕਿ ਮੋਦੀ ਸਰਕਾਰ ਨੇ ਲੋਕ ਤੰਤਰਿਕ ਸਰੋਕਾਰਾਂ ਨੂੰ ਛੱਡ ਕੇ ਤਾਨਾਸ਼ਾਹੀ ਵਲ ਵਧਣਾ ਸ਼ੁਰੂ ਕਰ ਦਿੱਤਾ ਹੈ।ਨਰਿੰਦਰ ਮੋਦੀ ਬਹੁ ਕੌਮੀ ਅਤੇ ਬਹੁ ਭਾਂਤੀ ਦੇਸ਼ ਦੇ ਮੁਖੀ ਘੱਟ ਅਤੇ ਸੰਘ ਕਾਰਜਕਰਤਾ ਜ਼ਿਆਦਾ ਪ੍ਰਤੀਤ ਹੁੰਦੇ ਹਨ।ਕੇਂਦਰ ਸਰਕਾਰ ਦੀ ਕਾਰਜ ਸ਼ੈਲੀ ਤੋਂ ਫਾਸ਼ੀਵਾਦੀ ਰੁਝਾਨਾਂ ਦੀ ਪੁਸ਼ਟੀ ਹੁੰਦੀ ਹੈ ਜਿਸ ਨਾਲ ਭਾਜਪਾ ਦੇ ਵੀ ਕੁਝ ਆਗੂ ਇਤਫਾਕ ਨਹੀਂ ਰਖਦੇ।ਆਪਣੀ ਹੁਣ ਤੱਕ ਦੀ ਢਿੱਲੀ ਕਾਰਗੁਜਾਰੀ ਤੋਂ ਆਮ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਯਤਨ ਕੀਤੇ ਜਾ ਰਹੇ ਹਨ।ਜਦੋਂ ਵੀ ਕੋਈ ਚੋਣ ਆਉਂਦੀ ਹੈ ਤਾਂ ਜਾਤੀ ਅਧਾਰਿਤ ਗੋਲਬੰਦੀ ਨੂੰ ਉਤਸ਼ਾਹਿਤ ਕਰਨ ਲਈ ਭਾਜਪਾ ਸਭ ਤੋਂ ਅੱਗੇ ਹੁੰਦੀ ਹੈ।ਜਦੋਂ ਉਸ ਨੂੰ ਪਿਛੜੇ ਤਬਕਿਆਂ ਦੇ ਵਿਰੋਧੀ ਖੇਮੇ ਵਿਚ ਜਾਣ ਦਾ ਖਦਸ਼ਾ ਹੁੰਦਾ ਹੈ ਤਾਂ ਉਹਨਾਂ ਨੂੰ ਰਿਝਾਉਣ ਲਈ ਕਮਰਕੱਸੇ ਕਰ ਲੈਦੀ ਹੈ। ਜਾਣਕਾਰੀ ਅਨੁਸਾਰ ਬਿਹਾਰ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕੁਸ਼ਵਾਹਾ ਵੋਟਾਂ ਤੇ ਹਥ ਸਾਫ਼ ਕਰਨ ਲਈ ਰਾਸ਼ਟਰਵਾਦੀ ਪਾਰਟੀ ਅਖਵਾਉਣ ਵਾਲੀ ਭਾਜਪਾ ਨੇ ਅਸ਼ੋਕ ਸਮਰਾਟ ਨੂੰ ਕੁਸ਼ਵਾਹਾ ਜਾਤੀ ਨਾਲ ਸਬੰਧਿਤ ਸਾਬਿਤ ਕਰਨ ਦੀ ਘਿਨਾਉਣੀ ਖੇਡ ਖੇਡਣੀ ਆਰੰਭ ਕਰ ਦਿੱਤੀ ਹੈ।ਕੇਂਦਰ ਸਰਕਾਰ ਵੱਲੋਂ ਭੀਮ ਰਾਉ ਅੰਬੇਦਕਰ ਦਾ ਇੰਗਲੈਂਡ ਸਥਿਤ ਘਰ ਖਰੀਦਣ ਦੇ ਵੀ ਚਰਚੇ ਹਨ।ਅਸ਼ੋਕ ਸਮਰਾਟ ਦੀ 2320 ਵੀੰ ਸ਼ਤਾਬਦੀ ਲੰਘੀ 17 ਮਈ ਨੂੰ ਮਨਾਉਣ ਸਬੰਧੀ ਲਗਾਏ ਗਏ ਹੋਰਡਿੰਗਜ ਉੱਤੇ ਆਹਲਾ ਭਾਜਪਾ ਆਗੂਆਂ ਦੀਆਂ ਤਸਵੀਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਚੋਣ ਭਾਜਪਾ ਵੱਲੋਂ ਜੀਤਨ ਰਾਮ ਮਾੰਝੀ ਅਤੇ ਉਪੇਂਦਰ ਕੁਸ਼ਵਾਹਾ ਜਿਹੇ ਪਛੜੀਆਂ ਜਾਤੀਆਂ ਨਾਲ ਸਬੰਧਿਤ ਨੇਤਾਵਾਂ ਨੂੰ ਨਾਲ ਲੈ ਕੇ ਲੜੀ ਜਾਵੇਗੀ। ਮੁਦਾ ਹੀਣ ਰਾਜਨੀਤੀ ਬਿਹਾਰ ਸਮੇਤ ਪੂਰੇ ਦੇਸ਼ ਦਾ ਚਿੰਨ ਬਣ ਚੁੱਕੀ ਹੈ ਜਿਸ ਦਾ 'ਰੰਗ ਗੂੜਾ' ਕਰਨ ਲਈ ਲੁਕਵੇਂ ਰੂਪ ਵਿਚ ਸਰਕਾਰ ਚਲਾ ਰਿਹਾ ਸੰਘ ਪਰਿਵਾਰ ਬੇ ਤਾਬ ਹੈ।ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਮਰਹੂਮ ਸਮਰਾਟ ਅਸ਼ੋਕ ਚੱਕਰ ਦੇ ਰੂਪ ਵਿਚ ਪੂਰੇ ਦੇਸ਼ ਦਾ ਗੌਰਵ ਚਲਿਆ ਆ ਰਿਹਾ ਹੈ ਕੀ ਉਸ ਨੂੰ ਵੀ ਇੱਕ ਜਾਤੀ ਵਿਸੇਸ਼ ਵਿਚ ਕੈਦ ਕਰਨ ਦੀ ਤਿਆਰੀ ਚੱਲ ਰਹੀ ਹੈ ?ਹਾਂਜੀ ਇਹ ਸਹੀ ਹੈ।ਇਸ ਦੀ ਪੁਸ਼ਟੀ ਲਈ ਕੇਂਦਰੀ ਮੰਤਰੀ ਰਵੀ ਸ਼ੰਕਰ ਦੇ ਉਸ ਬਿਆਨ ਨੂੰ ਦੇਖਿਆ ਜਾ ਸਕਦਾ ਹੈ ਜਿਸ ਵਿਚ ਉਹਨਾਂ ਅਸ਼ੋਕ ਮਹਾਨ ਦੀ ਡਾਕ ਟਿਕਟ ਜਾਰੀ ਕਰਨ ਅਤੇ ਉਸ ਦਾ ਵਿਸ਼ਾਲ ਬੁੱਤ ਸਥਾਪਤ ਕਰਨ ਦੀ ਗੱਲ ਕਹੀ ਹੈ।ਕੀ ਅਜਿਹਾ ਕਰਕੇ ਸੰਘ ਪਰਿਵਾਰ ਅਸ਼ੋਕ ਦੀ ਥਾਂ ਕਿਸੇ ਹੋਰ ਨੂੰ ਸਥਾਪਤ ਕਰਨ ਦੀ ਸੂਖਮ ਚਾਲ ਤਾਂ ਨਹੀਂ ਚੱਲ ਰਿਹਾ ਕਿਓਂ ਕਿ ਅਖੀਰ ਵਿਚ ਉਹ ਬੋਧੀ ਬਣ ਗਿਆ ਸੀ?ਬੁਧ ਧਰਮ ਨੂੰ ਜਿਸ ਤਰ੍ਹਾਂ ਹਿੰਦੂ ਮੱਤ ਦੇ ਪੈਰੋਕਾਰਾਂ ਨੇ ਜਬਰ ਦਾ ਇਸ਼ਨਾ ਬਣਾਇਆ ਸੀ ਉਸ ਵਾਰੇ ਇਥੇ ਦਸਣ ਦੀ ਲੋੜ ਨਹੀਂ ਹੈ ਜੇ ਪਰਦੇ ਪਿਛੇ ਇਹੋ ਜਿਹੀ ਮਾਨਸਿਕਤਾ ਹੈ ਤਾਂ ਦੇਸ਼ ਨੂੰ ਟੁੱਟਣ ਤੋਂ ਕੋਈ ਤਾਕਤ ਨਹੀਂ ਬਚਾ ਸਕਦੀ।ਦਿੱਲੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਮੋਦੀ ਸਰਕਾਰ ਨੂੰ ਉਸ ਮਹਾਤਮਾ ਗਾਂਧੀ ਦੀ ਜੈਅੰਤੀ ਸਵਸ਼ ਅਭਿਐਨ ਦੇ ਨਾਮ ਹੇਠ ਮਨਾਉਣ ਦਾ ਹੇਜ ਜਾਗਿਆ ਸੀ ਜਿਸ ਦੇ ਕਾਤਲ ਨਥੂ ਰਾਮ ਗੌਡਸੇ ਦੀ ਯਾਦ ਵਿਚ ਮੰਦਰ ਬਣਾਉਣ ਦੇ ਬਿਆਨ ਸੰਘ ਪਰਿਵਾਰ ਨਾਲ ਜੁੜੇ ਲੋਕ ਗਾਹੇ ਬਗਾਹੇ ਦਿੰਦੇ ਰਹਿੰਦੇ ਹਨ।ਸਭ ਜਾਣਦੇ ਹਨ ਕਿ ਇਸ ਅਭਿਆਨ ਦਾ ਮਕਸਦ ਉਸ ਵਕਤ 'ਝਾੜੂ ਦੇ ਪਰਕੋਪ' ਨੂੰ ਠੱਲ ਪਾਉਣਾ ਸੀ।ਆਪਣੀ ਜੀਰੋ ਕਾਰਗੁਜਾਰੀ ਦੀ ਪਰਦਾ ਪੋਸ਼ੀ ਵਾਸਤੇ 21 ਜੂਨ ਦਾ ਦਿਨ ਯੋਗ ਅਭਿਆਨ ਦਿਵਸ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ।ਯੋਗਾ ਨਾਮਕ ਪਧਤੀ ਤੋਂ ਵਖਰੇ ਵਿਚਾਰ ਰਖਣ ਵਾਲਿਆਂ ਦੀ ਇਸ ਦਲੀਲ ਵਿਚ ਵਜਨ ਹੈ ਕਿ ਕੇਂਦਰ ਸਰਕਾਰ ਵੱਲੋਂ ਹਿੰਦੂ ਮਤ ਨਾਲ ਜੁੜੀਆਂ ਮਾਨਤਾਵਾਂ ਨੂੰ ਜਬਰਦਸਤੀ ਠੋਸਿਆ ਜਾ ਰਿਹਾ ਹੈ। ਇਹ ਜੱਗ ਹਸਾਈ ਨਹੀਂ ਤਾਂ ਹੋਰ ਕੀ ਹੈ ਕਿ ਯੋਗ ਨੂੰ ਲੈ ਕੇ 'ਅੱਲਾ' ਅਤੇ 'ਭਗਵਾਨ ਸ਼ਿਵ' ਦੇ ਨਾਮ ਤੇ ਰਾਜਨੀਤੀ ਕੀਤੀ ਜਾ ਰਹੀ ਹੈ।ਕੀ ਨਰਿੰਦਰ ਮੋਦੀ ਅਤੇ ਰਾਮ ਦੇਵ ਯੋਗ ਸਿਖਾਉਣ ਦੀ ਥਾਂ ਦੇਸ਼ ਵਾਸੀਆਂ ਨੂੰ ਢਿੱਡ ਭਰਨ ਦੇ ਤੌਰ ਤਰੀਕੇ ਸਿਖਾ ਸਕਦੇ ਹਨ?ਕਾਲੇ ਧਨ ਦੀ ਵਾਪਸੀ ਸਬੰਧੀ ਮੀਡੀਆ ਵੱਲੋਂ ਪੁਛਣ ਤੇ ਰਾਮ ਦੇਵ ਦੀ ਹਾਲਤ ਖਸਿਆਣੀ ਬਿੱਲੀ ਖੰਭਾ ਨੋਚੇ ਵਾਲੀ ਹੁੰਦੀ ਹੈ।ਇਸ ਮੁੱਦੇ ਨੂੰ ਹਵਾ ਵਿਚ ਉਡਾਉਣ ਲਈ ਯੋਗ ਦਾ ਅਡੰਬਰ ਰਚਿਆ ਜਾ ਰਿਹਾ ਹੈ।ਕੇਂਦਰ ਸਰਕਾਰ ਅਤੇ ਸੰਘ ਪਰਿਵਾਰ ਨੂੰ ਇਸ ਤਰ੍ਹਾਂ ਦੀ ਡਰਾਮੇਬਾਜੀ ਛੱਡ ਕੇ ਸਵਾਮੀ ਵਿਵੇਕਾ ਨੰਦ ਦੇ ਵਿਚਾਰਾਂ ਨੂੰ ਆਤਮਸਾਤ ਕਰਨ ਦੀ ਲੋੜ ਹੈ।ਉਹਨਾਂ ਕਿਹਾ ਸੀ ਕਿ ,"ਜਦ ਤੱਕ ਕਰੋੜਾਂ ਲੋਕ ਭੁਖ ਅਤੇ ਅਗਿਆਨਤਾ ਵਿਚ ਰਹਿੰਦੇ ਹਨ ਤਦ ਤੱਕ ਮੈ ਹਰ ਉਸ ਵਿਅਕਤੀ ਨੂੰ ਗਦਾਰ ਕਹਾਂਗਾ ਜੋ ਉਹਨਾਂ ਦੇ ਖਰਚੇ ਤੇ ਪੜਿਆ ਲਿਖਿਆ ਹੈ ਪਰ ਉਹਨਾਂ ਵਲ ਧਿਆਨ ਨਹੀਂ ਦਿੰਦਾ।"ਉਹਨਾਂ ਦੇ ਖਰਚੇ ਤੋਂ ਭਾਵ ਜਨਤਕ ਟੈਕਸ।ਇਸ ਲਈ 'ਹਵਾਈ ਗੋਲੇ'ਛਡਣ ਦੀ ਥਾਂ ਜ਼ਮੀਨੀ ਹਕੀਕਤਾਂ ਦੇ ਰੂਬਰੂ ਹੋਣ ਦੀ ਲੋੜ ਹੈ।ਹਵਾਈ ਦੌਰੇ ਬਹੁਤ ਹੋ ਚੁੱਕੇ ਹਨ।ਸਮੇਂ ਦੀ ਨਜਾਕਤ ਨੂੰ ਦੇਖਦਿਆਂ ਹੁਣ ਦੇਸ਼ ਵਾਸੀਆਂ ਨਾਲ ਕੀਤੇ ਵਾਅਦਿਆਂ ਵਲ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਦੇਸ਼ ਦੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਲਲਿਤ ਮੋਦੀ ਦੇ ਮਾਮਲੇ ਵਿਚ ਭਾਜਪਾ ਆਗੂਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ,ਵਸੁੰਦਰਾ ਰਾਜੇ ਮੁੱਖ ਮੰਤਰੀ ਰਾਜਸਥਾਨ ਅਤੇ ਉਹਨਾ ਦੇ ਲੜਕੇ ਦੁਸ਼ੰਅਤ ਉੱਤੇ ਸੰਗੀਨ ਦੋਸ਼ ਲਗਣ ਦੇ ਬਾਵਯੂਦ ਨਰਿਦਰ ਮੋਦੀ ਵੱਲੋਂ ਕੋਈ ਟਿਪਣੀ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।ਦੇਸ਼ ਵਾਸੀ ਜਾਨਣਾ ਚਾਹੁੰਦੇ ਹਨ ਕਿ ਸਾਬਕਾ ਪੀ ਐਮ ਮਨਮੋਹਣ ਸਿੰਘ ਦੇ ਘੱਟ ਬੋਲਣ ਦਾ ਮਖੌਲ ਉਡਾਉਣ ਵਾਲੇ ਮੌਜੂਦਾ ਪੀ ਐਮ ਕਿਓਂ ਚੁੱਪ ਹਨ।ਸੰਪਰਕ: 0061 469 976214
Joginder Singh
Undooni emergency laa k v sarmaidaran de hitan dee poorti kiti jaa skdi he