ਸਾਨੂੰ ਗੁੰਡਾਗਰਦੀ ਕਰਨ ਦੀ ਖੁੱਲ ਚਾਹੀਦੀ ਹੈ! - ਨਰਾਇਣ ਦੱਤ
Posted on:- 17-05-2015
ਇੱਕ ਅਜੀਬ ਕਿਸਮ ਦਾ ਵਰਤਾਰਾ ਅੱਖੀਂ ਵੇਖਣ ਨੂੰ ਮਿਲਿਆ ਕਿ ਸਮੁੱਚੇ ਖਾਸ ਕਰ ਮਾਲਵੇ ਅੰਦਰ ਸਰਕਾਰੀ / ਸਿਆਸੀ ਸਰਪ੍ਰਸਤੀ ਅਧੀਨ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਅਜਿਹਾ ਨਹੀਂ ਕਿ ਚੱਕਾ ਜਾਮ ਪਹਿਲੀ ਵਾਰ ਹੋਇਆ, ਸਗੋਂ ਇਸ ਲਈ ਕਿ ਵੱਖੋ-ਵੱਖ ਤਬਕਿਆਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਜਦੋਂ ਹਾਕਮ ਨਾਂ ਸੁਨਣ ਤਾਂ ਮਜਬੂਰੀ ਵੱਸ ਸੜਕ ਜਾਮ ਕਰਨਾ ਪੈਂਦਾ ਹੈ। ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਸਰਕਾਰਾਂ ਨੂੰ ਵਾਰ-ਵਾਰ ਚੇਤੇ ਕਰਵਾਇਆ ਜਾਂਦਾ ਹੈ ਕਿ ਸਮਾਂ ਰਹਿੰਦਿਆਂ ਗੱਲਬਾਤ ਰਾਹੀਂ ਮਸਲਾ ਹੱਲ ਕੀਤਾ ਜਾਵੇ। ਪਰ ਸਾਡੇ ਸੂਬੇ ਦੀ ਸਰਕਾਰ ਚਲਾ ਰਹੀ ਬਾਦਲਕਿਆਂ ਦੀ ਮਾਲਕੀ ਵਾਲੀ ਔਰਬਿਟ ਟਰਾਂਸਪੋਰਟ ਵੱਲੋਂ ਬਾਘਾਪੁਰਾਣਾ ਨਜ਼ਦੀਕ ਇਸ ਟਰਾਂਸਪੋਰਟ ਵਿੱਚ ਸਫਰ ਕਰ ਰਹੀਆਂ ਦੋ ਦਲਿਤ ਮਾਵਾਂ-ਧੀਆਂ ਨੂੰ ਸਿਆਸੀ ਗਰੂਰ ਦੇ ਚੱਲਦਿਆਂ ਸ਼ਰੇਆਮ ਚਲਦੀ ਬੱਸ ਵਿੱਚੋਂ ਧੱਕਾ ਦੇਕੇ ਹੇਠਾਂ ਸੁੱਟ ਦਿੱਤਾ ਗਿਆ, ਜਿਸ ਕਾਰਨ 13 ਸਾਲਾ ਅਰਸ਼ਦੀਪ ਕੌਰ ਦੀ ਮੌਤ ਹੋ ਗਈ ਅਤੇ ਮਾਂ ਗੰਭੀਰ ਰੂਪ’ਚ ਜਖਮੀ ਹੋ ਗਈ।
ਸਮੁੱਚੇ ਪੰਜਾਬ ਦੀਆਂ ਲੋਕ ਪੱਖੀ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੰਘਰਸ਼ ਸਦਕਾ ਬੱਸ ਦੇ ਡਰਾਈਵਰ ਕੰਡਕਟਰ ਸਮੇਤ ਚਾਰ ਵਿਅਕਤੀਆਂ ਉੱਪਰ ਅਰਸ਼ਦੀਪ ਕੌਰ ਦੇ ਕਤਲ ਦਾ ਪਰਚਾ ਦਰਜ ਕਰਨ ਦਾ ਕੌੜਾ ਘੁੱਟ ਭਰਨ ਲਈ ਮਜਬੂਰ ਹੋਣਾ ਪਿਆ।ਭਾਵੇਂ ਸਰਕਾਰੀ/ਹਕੂਮਤੀ ਮਸ਼ੀਨਰੀ ਦੇ ਦਬਾਅ ਨਾਲ ਅਰਸ਼ਦੀਪ ਕੌਰ ਦੇ ਕਤਲ ਦਾ ਸੌਦਾ 24 ਲੱਖ ਅਤੇ ਸਰਕਾਰੀ ਨੌਕਰੀ ਰਾਹੀਂ ਕਰਕੇ ਲਾਸ਼ ਦਾ ਸਸਕਾਰ ਰਾਤ ਦੇ ਘੁੱਪ ਹਨੇਰੇ ਵਿੱਚ ਕਰਕੇ ਭਰਮ ਪਾਲਿਆ ਕਿ ਇਸ ਨਾਲ ਔਰਬਿਟ ਘਰਾਣੇ ਵੱਲੋਂ ਲੋਕਾਂ ਨੂੰ ਬੱਸ ਹੇਠਾਂ ਦਰੜ ਕੇ ਮਾਰਨ,ਸ਼ਰੇਆਮ ਗੁੰਡਾਗਰਦੀ ਕਰਨ,ਸਵਾਰੀਆਂ ਨੂੰ ਜਲੀਲ ਕਰਨ ਆਦਿ ਉੱਪਰ ਪਰਦਾ ਪੈ ਜਾਵੇਗਾ। ਪਰ ਗੁੰਡਾਗਰਦੀ ਦੀ ਹਾਲੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਇਨ੍ਹਾਂ ਦੇ ਹੀ ਕੋੜਮੇ ਡੰਪੀ ਢਿੱਲੋਂ ਦੀ ਮਾਲਕੀ ਵਾਲੀ ਨਿਊ ਦੀਪ ਟਰਾਂਸਪੋਰਟ ਦੇ ਫਰੀਦਕੋਟ ਸ਼ਹਿਰ’ਚ ਦਾਖਲ ਹੋਣ ਤੋਂ ਰੋਕਣ ਲਈ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ ਨੇ ਘਿਰਾਉ ਕਰਨ ਦਾ ਸੱਦਾ ਦਿੱਤਾ ਤਾਂ ਇਸ ਟਰਾਂਸਪੋਰਟ ਦੇ ਮਾਲਕਾਂ ਨੇ ਪ੍ਰਸ਼ਾਸ਼ਨ ਦੀ ਸ਼ਹਿ ਨਾਲ ਵਿਦਿਆਰਥੀਆਂ ਨਾਲ ਜਾਣ ਬੁੱਝ ਕੇ ਟਕਰਾਉ ਲਿਆ ਸਿੱਟਾ ਵਿਦਿਆਰਥੀ ਆਗੂਆਂ ਉੱਪਰ ਬੱਸ ਮਾਲਕਾਂ ਦੀ ਹਾਜ਼ਰੀ’ਚ ਪੁਲਿਸ ਵੱਲੋਂ ਅੰਨ੍ਹਾ ਤਸ਼ੱਦਦ,ਉੱਪਰ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰਕੇ ਜੇਲ੍ਹਾਂ ‘ਚ ਡੱਕ ਦਿੱਤਾ।ਹਾਕਮਾਂ ਦੇ ਇਸ ਵਹਿਸ਼ੀ ਕਾਰੇ ਵਿਰੱਧ ਪੰਜਾਬ ਦੀਆਂ ਸਮੁੱਚੀਆਂ ਜਨਤਕ ਸੰੰਘਰਸ਼ਸ਼ੀਲ ਜਥੇਬੰਦੀਆਂ ਇੱਕ ਮੰਚ ਉੱਪਰ ਇਕੱਠੀਆਂ ਹੋਈਆਂ ਅਤੇ ਅੋਰਬਿਟ ਬੱਸ ਦੇ ਮਾਲਕ ਸੂਬੇ ਦੇ ਉੱਪ ਮੰਤਰੀ ਦੇ ਅਸਤੀਫੇ,ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਬਦਲੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਅਸਤੀਫੇ,ਅੋਰਬਿਟ ਬੱਸ ਦੇ ਮਾਲਕ ਉੱਪਰ ਕਤਲ ਦਾ ਪਰਚਾ ਦਰਜ ਕਰਨ,ਔਰਬਿਟ ਬੱਸਾਂ ਦੀ ਰਜਿਸਟਰੁਸ਼ਨ ਰੱਦ ਕਰਨ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ। 12 ਮਈ ਸਮੁੱਚੇ ਪੰਜਾਬ ਅੰਦਰ ਡੀ.ਸੀ. ਦਫਤਰਾਂ ਦੇ ਘਿਰਾਉ ਕਰਨ ਦੇ ਸੱਦੇ ਨੂੰ ਸੂਬੇ ਭਰ ਵਿੱਚੋਂ ਵਿਸ਼ਾਲ ਹੁੰਗਾਰਾ ਮਿਲਿਆ।ਇਸੇ ਦੌਰਾਨ ਹੀ ਮੁਕਤਸਰ ਵਿਖੇ ਬਾਦਲਕਿਆਂ ਦੇ ਕੋੜਮੇ ਦੀ ਮਾਲਕੀ ਵਾਲੀ ਨਿਊ ਦੀਪ ਟਰਾਂਸਪੋਰਟ ਦੇ ਕੰਡਕਟਰ ਨੇ ਦੋ ਦਲਿਤ ਸਕੀਆਂ ਭੈਣਾਂ ਨਾਲ ਛੇੜਛਾੜ ਕੀਤੀ।ਜਦ ਇੱਕ ਜਾਗਦੀ ਜਮੀਰ ਵਾਲੇ ਅੰਗਹੀਣ ਵਿਅਕਤੀ ਨੇ ਬੱਸ ਕੰਡਕਟਰ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨਾਲ ਨਾਂ ਸਿਰਫ ਬਦਸਲੂਕੀ ਹੀ ਕੀਤੀ ਸਗੋਂ ਉਸ ਦੀ ਜ਼ੁਬਾਨਬੰਦੀ ਲਈ ਸ਼ਰੇਆਮ ਧਮਕੀ ਵੀ ਦਿੱਤੀ।ਕੁੱਝ ਦਿਨ ਪਹਿਲਾਂ ਇਹੀ ਡਿੰਪੀ ਢਿੱਲੋਂ ਸ਼ਰੇਆਮ ਧਮਕੀ ਭਰੇ ਲਹਿਜ਼ੇ ’ਚ ਐਲਾਨ ਕਰਦਾ ਹੈ ਕਿ ਪ੍ਰਾਈਵੇਟ ਬੱਸਾਂ ਦੀ ਰਾਖੀ ਨਿੱਜੀ ਸੈਨਾਵਾਂ ਰਾਹੀ ਕੀਤੀ ਜਾਵੇਗੀ। ਦੋਵੇਂ ਸਕੀਆਂ ਭੈਣਾਂ ਜਦੋਂ ਆਪਣੇ ਨਾਲ ਹੋਈ ਵਧੀਕੀ ਬਾਰੇ ਮੀਡੀਆ ਸਮੇਤ ਉੱਚ ਅਧਿਕਾਰੀਆਂ ਕੋਲ ਗਈਆਂ ਤਾਂ ਪ੍ਰਸ਼ਾਸ਼ਨ ਨੇ ਹਰ ਹੀਲੇ ਇਸ ਘਟਨਾ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਮੀਡੀਆ ਅਤੇ ਵਿਦਿਆਰਥੀ ਆਗੂਆਂ ਦੇ ਧਿਆਨ ’ਚ ਆਉਣ ਕਰਕੇ ਬੱਸ ਦੇ ਡਰਾਈਵਰ ਕੰਡਕਟਰ ਉੱਪਰ ਪਰਚਾ ਦਰਜ ਕਰਨਾ ਪੈ ਗਿਆ। ਸੱਤਾ ਦੇ ਨਸ਼ੇ’ਚ ਗੜੁੱਚ ਇਸ ਟਰਾਂਸਪੋਰਟ ਦੇ ਮਾਲਕ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਜਿਸ ਨੇ ਬੜੀ ਕਾਹਲੀ ਨਾਲ ਬਠਿੰਡਾ ਵਿਖੇ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਬਠਿੰਡਾ ਵਿਖੇ ਮੀਟਿੰਗ ਸੱਦ ਕੇ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਗਿਆ। ਲੋਕ ਹਮਾਇਤ ਤੋਂ ਸੱਖਣੇ ਸਾਧਨ ਸੰਪੰਨ ਇਨ੍ਹਾਂ ਮਾਲਕਾਂ ਦਾ ਰਵੱਈਆ ਵੱਖਰੀ ਕਿਸਮ ਦਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ। ਹਰ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਸਾਰੇ ਰਸਤੇ/ਚੌਂਕ/ਨਹਿਰਾਂ/ਡਰੇਨਾਂ ਉੱਪਰ ਬੱਸਾਂ ਟੇਢੀਆਂ ਕਰਕੇ ਬੰਦ ਕਰ ਦਿੱਤੇ। ਜਿਸ ਦਾ ਸਿੱਟਾ ਇਹ ਨਿੱਕਲਿਆ ਕਿ ਪੈਪਸੂ ਅਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਵੀ ਦਿਨ ਭਰ ਬੰਦ ਰਹੀਆਂ। ਜਿਹੜੇ ਟਰਾਂਸਪੋਰਟਰ ਸੰਘਰਸ਼ਸ਼ੀਲ ਲੋਕਾਂ ਜਾਂ ਪੈਪਸੂ/ਰੋਡਵੇਜ ਦੇ ਕਾਮਿਆਂ ਵੱਲੋਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਕੀਤੇ ਜਾਂਦੇ ਹੱਕੀ ਸੰਘਰਸ਼ਾਂ ਵੇਲੇ ਸੰਘ ਪਾੜ-ਪਾੜ ਕੇ ਵਿਰੋਧ ਹੀ ਨਹੀਂ ਸਗੋਂ ਸੰਘਰਸ਼ ਦੇ ਵਿਰੁੱਧ ਜਿਸਮਾਨੀ ਰੂਪ’ਚ ਸਾਹਮਣੇ ਆਉਣੋਂ ਨਹੀਂ ਬਾਜ਼ ਆਉਂਦੇ। ਉਹੀ ਟਰਾਂਸਪੋਰਟਰ ਸ਼ਰੇਆਮ ਗੱਡੀਆਂ’ਚ ਦਿਨ ਭਰ ਸਰਕਾਰੀ/ਹਕੂਮਤੀ ਸਰਪ੍ਰਸਤੀ ਹੇਠ ਕੀਤੇ ਜਾਮ ਦੀ ਨਿਗਰਾਨੀ ਕਰ ਰਹੇ ਜਾਪੇ। ਇਸ ਜਾਮ ਨੂੰ ਪ੍ਰਸਾਸ਼ਨ ਦੀ ਸਰਪ੍ਰਸਤੀ ਇਸ ਕਦਰ ਸੀ ਕਿ ਜਿਹੜਾ ਪ੍ਰਸ਼ਾਸ਼ਨ ਕੁਝ ਸਮੇਂ ਲਈ ਸੰਘਰਸ਼ਸ਼ੀਲ ਲੋਕਾਂ ਵੱਲੋਂ ਕੀਤੇ ਜਾਮ ਮੌਕੇ ਸਵਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੀ ਬੂਦੁਹਾਈ ਪਾਕੇ ਜਾਮ ਜਲਦੀ ਖੋਲਣ ਲਈ ਹਰ ਹੀਲਾ ਵਰਤਦਾ ਹੈ।ਜਬਰ ਤਸ਼ੱਦਦ/ਡੰਡਾ ਵਰਾਉਣ ਤੋਂ ਵੀ ਗੁਰੇਜ ਨਹੀਂ ਕਰਦਾ। ਪਰ ਅੱਜ ਪੂਰਾ ਦਿਨ ਇਸੇ ਪ੍ਰਸ਼ਾਸ਼ਨ ਨੂੰ ਸਵਾਰੀਆਂ ਨੂੰ ਪੇਸ਼ ਆ ਰਹੀ ਕੋਈ ਮੁਸ਼ਕਲ ਨਹੀਂ ਦਿਸੀ। ਸਗੋਂ ਸਾਰਾ ਦਿਨ ਟਰਾਂਸਪੋਰਟਰਾਂ ਦੇ ਬੰਦ ਨੂੰ ਮੂਕ ਦਰਸ਼ਕ ਬਣਕੇ ਵੇਖਦਾ ਰਿਹਾ। ਅਸਲ ਵਿੱਚ ਜਦੋਂ ਤੋਂ ਰਾਉ-ਮਨਮੋਹਣ ਸਿੰਘ ਜੋੜੀ ਵੱਲੋਂ ਲਾਗੂ ਕੀਤੀਆ ਜਾ ਰਹੀਆਂ ਨਵੀਆਂ ਸਨਅਤੀ ਅਤੇ ਆਰਥਿਕ ਨੀਤੀਆਂ ਲਾਗੂ ਕੀਤੀਆਂ ਹਨ ਜਿਸ ਨਾਲ ਜਨਤਕ ਖੇਤਰ ਦੇ ਹੋਰਨਾਂ ਅਦਾਰਿਆਂ ਸਮੇਤ ਟਰਾਂਸਪੋਰਟ ਅਦਾਰੇ ਨੂੰ ਪ੍ਰਾਈਵੇਟ ਖੇਤਰ ਦੇ ਹਵਾਲੇ ਕੀਤਾ ਜਾ ਰਿਹਾ ਹੈ। ਜਿਸ ਦਾ ਮਕਸਦ ਅੰਨਾਂ ਮੁਨਾਫਾ ਕਮਾਉਣਾ ਹੁੰਦਾ ਹੈ ਇਹੀ ਕੁੱਝ ਪੰਜਾਬ ਵਿੱਚ ਟਰਾਂਸਪੋਰਟ ਦੇ ਖੇਤਰ ਵਿੱਚ ਵਾਪਰ ਰਿਹਾ ਹੈ। ਪੈਪਸੂ ਅਤੇ ਪੰਜਾਬ ਰੋਡਵੇਜ ਨੂੰ ਇਨ੍ਹਾਂ ਨੀਤੀਆਂ ਕਾਰਨ ਹੀ ਤਬਾਹੀ ਦੇ ਕੰਢੇ ‘ਤੇ ਧੱਕ ਦਿੱਤਾ ਹੈ। ਪ੍ਰਾਈਵੇਟ ਟਰਾਂਸਪੋਰਟ ਖੂਬਮਾਲੋ-ਮਾਲ ਹੋ ਰਹੇ ਹਨ। 2007 ਵਿੱਚ ਸੱਤਾ ਸੰਭਾਲਣ ਵਾਲੀ ਅੋਰਬਿਟ ਟਰਾਂਪੋਰਟ ਜਿਸ ਕੋਲ ਉਸ ਸਮੇਂ 4 ਬੱਸਾਂ ਦੀ ਫਲੀਟ ਸੀ ਅੱਜ ਕੱਲ੍ਹ ਸੈਂਕੜੇ ਬੱਸਾਂ ਦੀ ਫਲੀਟ ਦੀ ਮਾਲਕ ਬਣੀ ਹੋਈ ਹੈ।ਇਹ ਮੁਨਾਫਾ ਹਰ ਜਾਇਜ/ਨਜਾਇਜ ਢੰਗ ਤਰੀਕਾ ਅਪਣਾਕੇ ਹੀ ਹਾਸਲ ਕੀਤਾ ਜਾ ਸਕਦਾ ਹੈ ਜੋ ਸ਼ਰੇਆਮ ਗੁੰਡਾਗਰਦੀ/ਧੱਕੇਸ਼ਾਹੀ,ਸੀਨਾਜੋਰੀ ਰਾਹੀਂ ਸਾਹਮਣੇ ਆ ਰਿਹਾ ਹੈ। ਹੁਣ ਜਦੋਂ ਮੋਗਾ ਕਾਂਡ ਵਾਪਰਨ ਤੋਂ ਬਾਅਦ ਸ਼ੰਘਰਸ਼ਸ਼ੀਲ ਲੋਕਾਂ ਨੇ ਗੁੰਡਾਗਰਦੀ ਦੇ ਇਸ ਵਰਤਾਰੇ ਨੂੰ ਇੱਕਜੁੱਟ ਲੋਕ ਤਾਕਤ ਨਾਲ ਠੱਲਣ ਦਾ ਫੈਸਲਾ ਲਿਆ ਹੈ ਤਾਂ ਇਨ੍ਹਾਂ ਨੂੰ ਆਪਣੇ ਰਸਤੇ ਵਿੱਚ ਸਭ ਤੋਂ ਵੱਡਾ ਅੱਖ ’ਚ ਰੋੜਾ ਸਮਝਦਿਆਂ ਮਰਦੇ ਨੂੰ ਤਿਣਕੇ ਦਾ ਸਹਾਰਾ ਵਾਲੀ ਕਹਾਵਤ ਵਾਂਗ ਹਕੂਮਤੀ/ਸਰਕਾਰੀ ਸਰਪ੍ਰਸਤੀ ਦੇ ਆਸਰੇ ਠੁੰਮਣਾ ਦੇਣ ਦਾ ਭਰਮ ਪਾਲਿਆ ਹੈ। ਅਸਲ ਵਿੱਚ ਸਰਕਾਰੀ/ਹਕੂਮਤੀ ਸਰਪ੍ਰਸਤੀ ਹੇਠ ਚੱਲ ਰਹੀ ਪ੍ਰਾਈਵੇਟ ਟਰਾਂਸਪੋਰਟ ਦੀ ਅੰਨ੍ਹਾ ਮੁਨਾਫਾ ਕਮਾਉਣ ਦੀ ਹੋੜ ਹਰ ਕਿਸਮ ਦਾ ਜਾਇਜ਼/ਨਾਜਾਇਜ਼/ਗੁੰਡਾਗਰਦੀ ਵਰਗੇ ਢੰਗ ਨਾਲ ਹੀ ਪੂਰੀ ਹੋ ਸਕਦੀ ਹੈ।ਇਸ ਸਮੁੱਚੇ ਵਰਤਾਰੇ ਬਾਰੇ ਗੱਲ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਖਤਰਨਾਕ ਸਰਕਾਰੀ/ਹਕੂਮਤੀ ਛਤਰਛਾਇਆ ਹੇਠ ਪਲ ਰਹੇ ਲੋਕ ਵਿਰੋਧੀ ਵਰਤਾਰੇ ਨੂੰ ਠੱਲਣ ਲਈ ਹੋਰ ਅਸਰਦਾਇਕ ਸਾਂਝੇ ਲੋਕ ਸਘਰਸ਼ਾਂ ਦੇ ਪਿੜ ਬੰਨਣ ਦੀ ਲੋੜ ਹੈ। ਸੰਪਰਕ: +91 96460 10770