Wed, 30 October 2024
Your Visitor Number :-   7238304
SuhisaverSuhisaver Suhisaver

ਦੁਫਾੜ ਵੱਲ ਵਧ ਚੁੱਕੀ ਆਮ ਆਦਮੀ ਪਾਰਟੀ - ਮੁਖਤਿਆਰ ਪੂਹਲਾ

Posted on:- 26-04-2015

suhisaver

ਆਮ ਆਦਮੀ ਪਾਰਟੀ ਅੰਦਰ ਹੋ ਰਹੇ ਘਟਨਾ ਵਿਕਾਸ ਨੇ ਦੇਸ਼ ਦੇ ਸਿਆਸੀ ਹਲਕਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਜਦੋਂ ਇਸ ਪਾਰਟੀ ਦੇ ਅੰਦਰੋਂ ਅੰਦਰੀਂ ਰਿੱਝ ਪੱਕ ਰਹੀ ਖਿੱਚੜੀ ਬਾਹਰ ਆ ਗਈ ਹੈ। ਇਸ ਖਿਚੜੀ ਨੂੰ ਉਬਾਲਣ ਲਈ ਝੋਕਾ ਲਾਉਣ ਅਤੇ ਇਸ ਨੂੰ ਬੇਸੁਆਦੀ ਬਨਾਉਣ ’ਚ ‘ਆਪ’ ਅੰਦਰ ਭਾਰੂ ਕੇਜਰੀਵਾਲ ਗੁੱਟ ਨੇ ਪ੍ਰਮੁੱਖ ਰੋਲ ਅਦਾ ਕੀਤਾ ਹੈ। ਲੋਕਾਂ ਨੂੰ ਸਵਰਾਜ ਮੁਹੱਈਆ ਕਰਨ ਅਤੇ ਪਾਰਟੀ ਅੰਦਰ ਜਮਹੂਰੀਅਤ ਦਾ ਪਸਾਰਾ ਕਰਨ ਦੀ ਡੌਂਡੀ ਪਿੱਟਣ ਵਾਲੇ ਇਸ ਧੜੇ ਦਾ ਹੀਜ ਪਿਆਜ ਉਸ ਸਮੇਂ ਨੰਗਾ ਹੋ ਗਿਆ ਜਦੋਂ ਇਸ ਨੇ ਆਪਣੇ ਵਿਚਾਰਾਂ ਨਾਲ ਅਸਹਿਮਤੀ ਪ੍ਰਗਟ ਕਰਨ ਵਾਲੇ ਆਗੂਆਂ ਨੂੰ ਪਾਰਟੀ ’ਚੋ ਬਾਹਰ ਕੱਢਣ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ। ਪਿਛਲੇ ਸਮੇਂ ਅੰਦਰ ਪਾਰਟੀ ਦੀ ਕੌਮੀ ਕਾਰਜਕਾਰਨੀ ਅਤੇ ਕੌਮੀ ਕੌਂਸਲ ਦੀਆਂ ਮੀਟਿੰਗਾਂ ਸਮੇਂ ਇਸ ਧੜੇ ਨੇ ਆਪਣੇ ਵਿਰੁੱਧ ਵਿਚਾਰ ਰੱਖਣ ਵਾਲੇ ਪਾਰਟੀ ਦੇ ਕੁੱਝ ਬਾਨੀ ਆਗੂਆਂ ਨੂੰ ਪਾਰਟੀ ਦੇ ਅਹਿਮ ਅਹੁਦਿਆਂ ਤੋਂ ਬਰਖਾਸਤ ਕਰ ਕੇ ਇਹ ਦਰਸਾ ਦਿੱਤਾ ਕਿ ਇਸ ਪਾਰਟੀ ਦੀ ਲੀਡਰਸ਼ਿੱਪ ਵੀ ਬਾਕੀ ਦੀਆਂ ਹਾਕਮ ਜਮਾਤੀ ਪਾਰਟੀਆਂ ਵਾਂਗ ਮੌਕਾਪ੍ਰਸਤ ਅਤੇ ਅਫ਼ਸਰਸ਼ਾਹ ਕਿਰਦਾਰ ਦੀ ਮਾਲਕ ਹੈ।

ਉਸ ਦੇ ਇਸ ਵਿਹਾਰ ਸਦਕਾ ਲੋਕਾਂ ਦੇ ਉਨ੍ਹਾ ਹਿੱਸਿਆਂ ਅੰਦਰ ਮਾਯੂਸੀ ਦਾ ਛਾ ਜਾਣਾ ਕੁਦਰਤੀ ਹੈ ਜੋ ਉਸ ਉੱਤੇ ਨਵਾਂ ਸਿਆਸੀ ਬਦਲ ਮੁਹੱਈਆ ਕਰਵਾਏ ਜਾਣ ਦੀਆਂ ਆਸਾਂ ਲਾਈ ਬੈਠੇ ਸਨ ਅਤੇ ਜੋ ਉਸ ਦੇ ਅਸਲੀ ਖਾਸੇ ਬਾਰੇ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਸਨ। ਦੇਸ਼ ਦੀਆਂ ਪੁਰਾਣੀਆਂ ਸਿਆਸੀ ਪਾਰਟੀਆਂ ਦੀ ਅਗਵਾਈ ’ਚ ਬਣਦੀਆਂ ਰਹੀਆਂ ਹਕੂਮਤਾਂ ਨੂੰ ਦੇਖਣ ਦੇ ਆਦੀ ਹੋ ਚੁੱਕੇ ਬਹੁਤੇ ਲੋਕਾਂ ਲਈ ਆਮ ਆਦਮਂੀ ਪਾਰਟੀ ਦਾ ਚਮਤਕਾਰੀ ਢੰਗ ਨਾਲ ਭਾਰਤ ਦੇ ਸਿਆਸੀ ਦਿ੍ਰਸ਼ ’ਤੇ ਚਮਕਣਾ ਅਤੇ ਫਿਰ ਅਚਾਨਕ ਇਸ ਅੰਦਰ ਵੱਡੀ ਦਰਾੜ ਦਾ ਉੱਭਰ ਆਉਣਾ ਕਾਫ਼ੀ ਹੈਰਾਨੀ ਜਨਕ ਹੈ।

ਜਦੋਂ ਸੰਨ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਅੰਦਰ ਇਹ 70 ਵਿੱਚੋਂ 28 ਸੀਟਾਂ ਲੈ ਕੇ ਭਾਜਪਾ ਤੋਂ ਬਾਅਦ ਦੂਸਰੀ ਵੱਡੀ ਸਿਆਸੀ ਪਾਰਟੀ ਵਜੋਂ ਉੱਭਰੀ ਸੀ ਤਾਂ ਉਸ ਸਮੇਂ ਮੀਡੀਆ ਵਿਸ਼ਲੇਸ਼ਣਕਾਰਾਂ ਅਤੇ ਹੋਰ ਸਿਆਸੀ ਪੰਡਤਾਂ ’ਚੋਂ ਬਹੁਤਿਆਂ ਦੇ ਅੰਦਾਜ਼ੇ ਗਲਤ ਸਾਬਿਤ ਹੋਏ ਸਨ। ਉਹ ਆਮ ਆਦਮੀ ਪਾਰਟੀ ਦੀ ਅਣਕਿਆਸੀ ਜਿੱਤ ਉੱਤੇ ਆਪਣੇ ਮੂੰਹ ’ਚ ਉਗਲੀਆਂ ਟੁੱਕਣ ਲਈ ਮਜ਼ਬੂਰ ਹੋ ਗਏ ਸਨ। ਮਈ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਨੂੰ ਛੱਡ ਕੇ ਦਿੱਲੀ ਸਮੇਤ ਭਾਰਤ ’ਚ ਸਭ ਥਾਈਂ ਬੁਰੀ ਤਰ੍ਹਾਂ ਮਾਤ ਖਾ ਜਾਣ ਬਾਅਦ ਫਰਵਰੀ 2015 ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਅੰਦਰ ਇਸ ਦੀ ਧਮਾਕਾ ਖੇਜ਼ ਵਾਪਸੀ ਹੋਰ ਵੀ ਹੈਰਾਨ ਕਰਨ ਵਾਲੀ ਸੀ। ਇਹਨਾਂ ਚੋਣਾਂ ਵਿੱਚ ‘ਆਪ’ ਨੇ ਦੋ ਤਿਹਾਈ ਨਾਲੋਂ ਵੀ ਜ਼ਿਆਦਾ 70 ਵਿੱਚੋਂ 67 ਸੀਟਾਂ ਹਾਸਿਲ ਕੀਤੀਆਂ। ਇਤਨੀ ਵੱਡੀ ਜਿੱਤ ਦੀ ਆਸ ਖ਼ੁਦ ਇਸਦੇ ਆਗੂਆਂ ਤੱਕ ਨੂੰ ਨਹੀਂ ਸੀ। ਇਹਨਾ ਚੋਣਾਂ ਤੱਕ ਇੱਕਾ ਦੁੱਕਾ ਵਿਅਕਤੀਆਂ ਵੱਲੋਂ ਪਾਰਟੀ ਨੂੰ ਅਲਵਿਦਾ ਕਹਿਣ ਦੇ ਬਾਵਜੂਦ ਬਾਕੀ ਸਭ ਕੁੱਝ ਠੀਕ ਠਾਕ ਲੱਗਣ ਦਾ ਪ੍ਰਭਾਵ ਪੈਂਦਾ ਸੀ। ਪਰ ਇਹ ਪ੍ਰਭਾਵ ਸਤਹੀ ਸੀ। ਉੱਪਰੋਂ ਸਭ ਕੁੱਝ ਅੱਛਾ ਦਿੱਖਣ ਵਾਲੀ ਤਹਿ ਹੇਠਾਂ ਕਾਫ਼ੀ ਕੁੱਝ ਰਿੱਝ ਪੱਕ ਰਿਹਾ ਸੀ ਜੋ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਫੌਰੀ ਬਾਅਦ ਸਾਹਮਣੇ ਆਉਣਾ ਸ਼ੁਰੂ ਹੋ ਗਿਆ।

‘ਆਪ’ ਦੇ ਪ੍ਰਮੁੱਖ ਆਗੂ ਇੱਕ ਪਾਸੇ ਅਰਵਿੰਦ ਕੇਜਰੀਵਾਲ ਅਤੇ ਦੂਸਰੇ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਵਿੱਚਕਾਰ ਮੱਤਭੇਦ ਉਸ ਸਮੇਂ ਵਧਣੇ ਸ਼ੁਰੂ ਹੋ ਗਏ ਜਦੋਂ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ 49 ਦਿਨ ਚੱਲੀ ਕੇਜਰੀਵਾਲ ਸਰਕਾਰ ਨੇ ਲੋਕਪਾਲ ਬਿੱਲ ਦੇ ਮਾਮਲੇ ਉੱਪਰ ਅਸਤੀਫ਼ੇ ਦੇ ਦਿੱਤਾ ਸੀ ਪਰ ਇਸ ਦੇ ਤੁਰੰਤ ਬਾਅਦ ਇਸਨੂੰ ਬਹੁਤ ਵੱਡੀ ਗਲਤੀ ਕਰਾਰ ਦੇ ਦਿੱਤਾ ਸੀ। ਉਸ ਸਮੇਂ ਕੇਜਰੀਵਾਲ ਮੁਅਤਲ ਹੋਈ ਦਿੱਲੀ ਵਿਧਾਨ ਸਭਾ ਨੂੰ ਭੰਗ ਨਹੀਂ ਕਰਵਾਉਣਾ ਚਾਹੁੰਦਾ ਸੀ ਕਿਉਕਿ ਉਸ ਨੂੰ ਆਸ ਸੀ ਉਹ ਤਿਕੜਮਬਾਜ਼ੀ ਕਰ ਕੇ ਵਿਧਾਨ ਸਭਾ ਅੰਦਰ ਆਪਣੀ ਬਹੁਸੰਮਤੀ ਬਣਾ ਸਕਦਾ ਹੈ। ਉਸ ਵੱਲੋਂ ਕੀਤੀ ਗਈ ਤਿਕੜਮਬਾਜ਼ੀ ਅੱਜ ਜੱਗ ਜ਼ਾਹਿਰ ਹੋ ਚੁੱਕੀ ਹੈ। ਇੱਕ ਸਟਿੰਗ ਵੀਡੀਓ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਆਪਣੇ ਸਾਥੀਆਂ ਉੱਪਰ ਜ਼ੋਰ ਪਾਇਆ ਕਿ ਉਹ ਕਾਂਗਰਸ ਦੇ ਦਿੱਲੀ ਵਿਧਾਨ ਸਭਾ ਮੈਂਬਰਾਂ ਅੰਦਰ ਫੁੱਟ ਪਾ ਕੇ ਇਸ ਦੇ 6 ਮੈਂਬਰਾਂ ਦਾ ਅਲੱਗ ਧੜਾ ਬਨਾਉਣ ਅਤੇ ਫਿਰ ਇਸ ਧੜੇ ਵੱਲੋਂ ‘ਆਪ’ ਦੀ ਹਮਾਇਤ ਕੀਤੀ ਜਾਵੇ। ਕੇਜਰੀਵਾਲ ਦੀਆਂ ਇਹਨਾ ਕਾਰਵਾਈਆਂ ਕਰ ਕੇ ਪਾਰਟੀ ਨੂੰ ਗੰਭੀਰ ਸਿਆਸਂੀ ਹਰਜ਼ਾ ਹੋਣ ਦਾ ਖ਼ਤਰਾ ਸੀ ਜਿਸ ਕਰ ਕੇ ਪਾਰਟੀ ਅੰਦਰ ਇਸ ਦਾ ਕਾਫ਼ੀ ਵਿਰੋਧ ਹੋਇਆ। ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਦੇ ਧੜੇ ਨੇ ਇਸ ਮਾਮਲੇ ਉੱਪਰ ਚਰਚਾ ਦੀ ਮੰਗ ਕੀਤੀ। ਪਰ ਕੇਜਰੀਵਾਲ ਨੇ ਅਜਿਹਾ ਕਰਨ ਦੀ ਬਜਾਇ ਆਪਣੇ ਵਿਰੋਧੀਆਂ ਨੂੰ ਨੁਕਰੇ ਲਾਉਣ ਦੀਆਂ ਕੋਸ਼ਿਸ਼ਾਂ ਵਿੱਢ ਦਿੱਤੀਆਂ। ਇਹਨਾਂ ਕੋਸ਼ਿਸਾਂ ਨੂੰ ਬੇਪੜਦ ਕਰਦਿਆਂ ‘ਆਪ’ ਦੇ ਇੱਕ ਸਾਬਕਾ ਵਿਧਾਇਕ ਰਮੇਸ਼ ਗਰਗ, ਜਿਸਨੂੰ ਹੁਣ ਮੁਅਤਲ ਕਰ ਦਿੱਤਾ ਗਿਆ ਹੈ, ਨੇ ਦੋਸ਼ ਲਾਇਆ ਕਿ ਕੇਜਰੀਵਾਲ ਦੀ ਮਿਲੀ ਭੁਗਤ ਨਾਲ ਉਸ ਨੂੰ ਅਤੇ ਕਈ ਹੋਰ ਵਿਧਾਇਕਾਂ ਨੂੰ ਨਕਲੀ ਟੈਲੀਫ਼ੋਨ ਕਾਲ ਕੀਤੀਆਂ ਗਈਆਂ ਜੋ ਭਾਜਪਾ ਆਗੂ ਅਰੁਣ ਜੇਤਲੀ ਅਤੇ ਨਿਤਿਨ ਗਡਕਰੀ ਦੇ ਦਫ਼ਤਰੋਂ ਆਈਆਂ ਦੱਸੀਆਂ ਗਈਆਂ ਜਿਨਾਂ ਵਿੱਚ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ 10 ਕਰੋੜ ਰੁਪੈ ਦੇਣ ਦਾ ਵਾਅਦਾ ਕੀਤਾ ਗਿਆ। ਇਸ ਮਾਮਲੇ ’ਚ ਹੋਈ ਸ਼ਿਕਾਇਤ ਦੀ ਪੜਤਾਲ ਸਮੇਂ ‘ਆਪ’ ਨਾਲ ਸਬੰਧਿਤ ਇੱਕ ਵਿਅਕਤੀ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਜਿਸ ਨੂੰ ਤੁਰੰਤ ‘ਆਪ’ ਦੇ ਪ੍ਰਮੁੱਖ ਆਗੂਆਂ ਨੇ ਦਖ਼ਲ ਦੇ ਕੇ ਛੁਡਵਾ ਲਿਆ। ਇਹਨਾ ਕਾਰਵਾਈਆਂ ਪਿੱਛੇ ਸ਼ੱਕ ਦੀ ਸੂਈ ਕੇਜਰੀਵਾਲ ਵੱਲ ਸੇਧਤ ਹੋਣਾ ਕੁਦਰਤੀ ਹੈ।

2013 ਦੀਆਂ ਦਿੱਲੀ ਚੋਣਾਂ ਤੋਂ ਅਰਵਿੰਦ ਕੇਜਰੀਵਾਲ ਦੇ ਆਪਹੁਦਰੇ ਕੰਮ ਢੰਗ ਤੋਂ ਨਾਰਾਜ਼ ਯੋਗਿੰਦਰ ਯਾਦਵ ਨੇ ਕੌਮੀ ਕਾਰਜਕਾਰਨੀ ਤੋਂ ਇਲਾਵਾ ਬਾਕੀ ਸਭ ਅਹੁਦਿਆਂ ਤੋਂ ਅਸਤੀਫ਼ੇ ਦਿੰਦੇ ਹੋਏ ਕੌਮੀ ਕਾਰਜਕਾਰਨੀ ਦੇ ਮੈਂਬਰਾਂ ਦੇ ਨਾਂ ਇੱਕ ਪੱਤਰ ਵਿੱਚ ਆਪਸੀ ਮੱਤ ਭੇਦਾਂ ਵਾਲੇ 7 ਨੁਕਤੇ ਉਠਾਏ। ਇਹ ਸਨ (1) ਪਾਰਟੀ ਵਲੰਟਰੀਆਂ ਨਾਲ ਸਲਾਹ ਮਸ਼ਵਰਾ ਕਰਨ ਦਾ ਤਰੀਕਾਕਾਰ ਨਾ ਹੋਣਾ। (2) ਕੌਮੀ ਕਾਰਜਕਾਰਨੀ ਨੂੰ ਅੱਖੋਂ ਪਰੋਖੇ ਕਰ ਕੇ ਸਾਰੀਆਂ ਤਾਕਤਾਂ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਹੱਥਾਂ ’ਚ ਕੇਂਦਰਤ ਕਰਨਾ। (3) ਸਿਆਸੀ ਮਾਮਲਿਆਂ ਬਾਰੇ ਕਮੇਟੀ ਅੰਦਰ ਸਹੀ ਕਾਰ-ਵਿਹਾਰ ਦੀ ਘਾਟ। (4) ਵੱਖ ਵੱਖ ਰਾਜਾਂ ਦੇ ਮਾਮਲਿਆਂ ਬਾਰੇ ਲੋੜੀਂਦਾ ਧਿਆਨ ਨਾ ਦੇਣਾ। (5) ਜਥੇਬੰਦੀ ਦੀ ਉਸਾਰੀ ਨੂੰ ਅੱਖੋਂ ਪਰੋਖੇ ਕਰਨਾ। (6) ਨੀਤੀ ਦੀ ਘਾਟ। (7) ਜਮਹੂਰੀ ਕੰਮ ਢੰਗ ਦੀ ਬਜਾਇ ਸੁਪਰੀਮੋਂ (ਪਾਰਟੀ ਆਗੂ ਨੂੰ ਹੀ ਸਰਬਉੱਚ ਸਮਝਣ ਵਾਲਾ) ਕੰਮ ਢੰਗ। ਇਹਨਾਂ ਮਾਮਲਿਆਂ ਬਾਰੇ ਅਜੇ ਪਾਰਟੀ ਅੰਦਰ ਸੰਘਰਸ਼ ਚੱਲ ਹੀ ਰਿਹਾ ਸੀ ਤਾਂ ਉਸ ਸਮੇਂ ਪਾਰਲੀਮਾਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਇਸ ਸਮੇਂ ਪਾਰਟੀ ਦੀ ਚੱਲ ਰਹੀ ਕੌਮੀ ਕਾਰਜਕਾਰਨੀ ਦੀ ਮੀਟਿੰਗ ’ਚ ਪਾਰਟੀ ਦੀ ਇੱਕ ਵਰਕਰ ਅੰਜਲੀ ਦਾਮਨੀਆਂ ਨੇ ਕੁੱਝ ਟੈਲੀਵੀਜ਼ਨ ਚੈਨਲਾਂ ਉੱਤੇ ਚੋਣ ਨਤੀਜਿਆਂ ਨੂੰ ਲੈ ਕੇ ਹੋ ਰਹੀ ਇੱਕ ਬਹਿਸ ਬਾਰੇ ਜਾਣਕਾਰੀ ਦਿੱਤੀ। ਇਸ ਬਹਿਸ ਦਾ ਵਿਸ਼ਾ ਸੀ ਕਿ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਪਾਰਟੀ ਨੂੰ ਬਰਬਾਦ ਕੀਤਾ। ਲੋਕ ਸਭਾ ਚੋਣਾਂ ਅੰਦਰ ‘ਆਪ’ ਨੂੰ ਹੋ ਰਹੀ ਹਾਰ ਅਤੇ ਟੈਲੀਵੀਜ਼ਨ ਚੈਨਲਾਂ ’ਤੇ ਚੱਲ ਰਹੀ ਬਹਿਸ ਕਰ ਕੇ ਕੇਜਰੀਵਾਲ ਬੁਰੀ ਤਰ੍ਹਾ ਟੁੱਟ ਗਿਆ। ਉਹ ਫਰਸ਼ ’ਤੇ ਚੁਫਾਲ ਡਿੱਗ ਪਿਆ ਅਤੇ ਫੁੱਟ ਫੁੱਟ ਕੇ ਰੋਣ ਲੱਗਾ। ਪਾਰਟੀ ਦੇ ਉੱਥੇ ਮੌਜੂਦ ਹੋਰ ਆਗੂਆਂ ਨੇ ਉਸ ਨੂੰ ਢਾਰਸ ਦੇਣ ਦਾ ਯਤਨ ਕੀਤਾ। ਇਸ ਦਿ੍ਰਸ਼ ਨੇ ਦਰਸਾ ਦਿੱਤਾ ਕਿ ਅਰਵਿੰਦ ਕੇਜਰੀਵਾਲ ਅੰਦਰ ਆਪਾ ਚਮਕਾਊ ਬਿਰਤੀ ਕਿਸ ਹੱਦ ਤੱਕ ਹਾਵੀ ਹੈ ਅਤੇ ਪਾਰਟੀ ਨੂੰ ਪਛਾੜ ਵੱਜਣ ਦੀ ਹਾਲਤ ’ਚ ਉਸ ਨੂੰ ਝੱਲਣ ਦੀ ਕਿੰਨੀ ਕੁ ਦਲੇਰੀ ਹੈ। ਇਸ ਤੋਂ ਇਹ ਵੀ ਜ਼ਾਹਿਰ ਹੈ ਕਿ ਆਮ ਆਦਮੀ ਪਾਰਟੀ ਦੀ ਭਾਰੂ ਲੀਡਰਸ਼ਿਪ ਵੀ ਹੋਰ ਮੌਕਾਪ੍ਰਸਤ ਪਾਰਟੀਆਂ ਵਰਗੀ ਹੀ ਹੈ। ਇਹਨਾਂ ਪਾਰਟੀਆਂ ਦੇ ਜ਼ਿਆਦਾਤਰ ਆਗੂ ਸੰਕਟ ਦੀਆਂ ਘੜੀਆਂ ’ਚ ਜਾਂ ਤਾਂ ਦਿਲ ਦੇ ਦੌਰਿਆਂ ਦਾ ਸ਼ਿਕਾਰ ਬਣਦੇ ਹਨ ਅਤੇ ਜਾਂ ‘ਓਪਰੀਆਂ ਬਲਾਵਾਂ’ ਦੀ ‘ਛਾਇਆ’ ਤੋਂ ਬਚਣ ਲਈ ਤਰ੍ਹਾਂ ਤਰ੍ਹਾਂ ਦੇ ਮੰਤਰਾਂ ਅਤੇ ਹਵਨਾ ਦਾ ਸਹਾਰਾ ਲੈਂਦੇ ਹਨ।

ਆਮ ਆਦਮੀ ਪਾਰਟੀ ਅੰਦਰ ਚੱਲ ਰਹੇ ਮੱਤ ਭੇਦ ਉਸ ਸਮੇਂ ਹੋਰ ਡੂੰਘੇ ਹੋ ਗਏ ਜਦੋਂ ਫਰਵਰੀ 2015 ’ਚ ਦਿੱਲੀ ਵਿਧਾਨ ਸਭਾ ਚੋਣਾਂ ਦਾ ਅਮਲ ਸ਼ੁਰੂ ਹੋ ਗਿਆ। ਇਹਨਾਂ ਚੋਣਾਂ ਨੂੰ ਜਿੱਤਣ ਲਈ ਕੇਜਰੀਵਾਲ ਧੜਾ ਹਰ ਹਰਬਾ ਵਰਤਣ ਲਈ ਯਤਨਸ਼ੀਲ ਸੀ। ਆਪਣੇ ਆਪ ਨੂੰ ਲੋਕ ਪੱਖੀ ਅਤੇ ਪਾਰਦਰਸ਼ੀ ਹੋਣ ਦੀ ਵਕਾਲਤ ਕਰਨ ਵਾਲੇ ਇਸ ਧੜੇ ਨੇ 2 ਕਰੋੜ ਰੁਪੈ ਦੀ ਧਨਰਾਸ਼ੀ ਇਹਨਾ ਚੋਣਾਂ ’ਚ ਪ੍ਰਾਪਤ ਕੀਤੀ ਜਿਸ ਦੇ ਸੋਮਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਚੋਣਾਂ ’ਚ ਅਜਿਹੇ ਉਮੀਦਵਾਰ ਖੜ੍ਹੇ ਕੀਤੇ ਗਏ ਜਿਨ੍ਹਾ ਦਾ ਕਿਰਦਾਰ ਦਾਗ਼ੀ ਸੀ। ਇਹਨਾਂ ਉਮੀਦਵਾਰਾਂ ਉੱਤੇ ਚੋਣਾਂ ਜਿੱਤਣ ਲਈ ਪੈਸੇ ਵੰਡਣ ਅਤੇ ਸ਼ਰਾਬ ਦੇ ਗੱਫੇ ਵਰਤਾਉਣ ਦੇ ਦੋਸ਼ ਲੱਗੇ। ਪਾਰਟੀ ਦੇ ਆਗੂ ਪ੍ਰਸ਼ਾਂਤ ਭੂਸ਼ਨ ਨੇ 19 ਉਮੀਦਵਾਰਾਂ ਦੇ ਕਿਰਦਾਰ ਬਾਰੇ ਸੁਆਲ ਉਠਾਏ ਜਿਨ੍ਹਾਂ ਵਿੱਚੋਂ 7 ਨੂੰ ਪਾਰਟੀ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ। ਬਾਕੀ ਰਹਿੰਦੇ 12 ਉਮੀਦਵਾਰਾਂ ਦੀ ਅੰਦਰੂਨੀ ਲੋਕਪਾਲ ਐਡਮਿਰਲ ਰਾਮ ਦਾਸ ਵੱਲੋਂ ਜਾਂਚ ਪੜਤਾਲ ਕੀਤੀ ਗਈ ਪਰ ਸਿਰਫ਼ ਦੋ ਵਿਅਕਤੀਆਂ ਦੇ ਨਾਂ ਕਾਫ਼ੀ ਰੌਲੇ ਰੱਪੇ ਬਾਅਦ ਕੱਟੇ ਗਏ ਚੋਣਾਂ ਦੇ ਮਾਹੌਲ ਕਰ ਕੇ ਵਿਰੋਧੀ ਸੁਰ ਵਾਲੇ ਆਗੂਆਂ ’ਤੇ ਚੁੱਪ ਰਹਿਣ ਲਈ ਦਬਾਅ ਪਾਇਆ ਗਿਆ। ਜਿਉ ਹੀ ਚੋਣਾਂ ਖ਼ਤਮ ਹੋਈਆਂ ਅਤੇ ਆਮ ਆਦਮੀ ਪਾਰਟੀ ਨੇ ਇਸ ਵਿੱਚ ਹੈਰਾਨਕੁੰਨ ਜਿੱਤ ਹਾਸਿਲ ਕੀਤੀ ਤਾਂ ਕੇਜਰੀਵਾਲ ਧੜੇ ਨੇ ਆਪਣੀ ਪਾਰਟੀ ਅੰਦਰਲੇ ਵਿਰੋਧੀਆਂ ਖ਼ਿਲਾਫ਼ ਹਮਲਾਵਰ ਰੁੱਖ ਅਖਤਿਆਰ ਕਰ ਲਿਆ। ਉਸ ਵੱਲੋਂ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਦੇ ਧੜੇ ਉੱਪਰ ਦੋਸ਼ ਲਾਏ ਗਏ ਕਿ ਉਨ੍ਹਾਂ ਨੇ ਦਿੱਲੀ ਚੋਣਾਂ ਅੰਦਰ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦਾ ਅਕਸ ਖ਼ਰਾਬ ਕਰਨ ਦਾ ਯਤਨ ਕੀਤਾ ਹੈ ਅਤੇ ਪਾਰਟੀ ਨੂੰ ਚੋਣਾਂ ’ਚ ਹਰਾਉਣ ਲਈ ਪੂਰਾ ਟਿੱਲ ਲਾਇਆ ਹੈ। ਉਨ੍ਹਾਂ ਉੱਪਰ ਪਾਰਟੀ ਦੀ ਹਾਰ ਯਕੀਨੀ ਬਣਾਉਣ ਲਈ ਵੱਖ ਵੱਖ ਰਾਜਾਂ ਤੋਂ ਪਾਰਟੀ ਆਗੂਆਂ ਨੂੰ ਦਿੱਲੀ ਚੋਣਾਂ ’ਚ ਪ੍ਰਚਾਰ ਕਰਨ ਤੋਂ ਰੋਕਣ ਦਾ ਇਲਜ਼ਾਮ ਵੀ ਲਾਇਆ ਗਿਆ। ਯੋਗਿੰਦਰ ਯਾਦਵ ਦੀ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੀ ਭੰਨ ਤੋੜ ਕਰ ਕੇ ਇਸ ਨੂੰ ਉਸ ਦੇ ਖ਼ਿਲਾਫ਼ ਸਬੂਤ ਦੇ ਤੌਰ ’ਤੇ ਪੇਸ਼ ਕੀਤਾ ਗਿਆ। ਅਜਿਹੇ ਕੋਝੇ ਹੱਥ ਕੰਡੇ ਵਰਤਕੇ ਪਾਰਟੀ ਕਾਰਕੁਨਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਗਿਆ ਅਤੇ ਇਸ ਤਰ੍ਹਾਂ ਸਿਆਸੀ ਬਲੈਕ ਮੇਲ ਰਾਹੀਂ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਨੂੰ ਪਹਿਲਾਂ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ’ਚੋਂ ਬਾਹਰ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ 28 ਮਾਰਚ ਨੂੰ ਕੌਮੀ ਕੌਂਸਲ ਦੀ ਹੋਈ ਮੀਟਿੰਗ ਵਿੱਚ ਉਨ੍ਹਾਂ ਦੇ ਨਾਲ ਨਾਲ ਪ੍ਰੋ. ਅਨੰਦ ਕੁਮਾਰ ਅਤੇ ਅਜੀਤ ਝਾਅ ਨੂੰ ਵੀ ਕੌਮੀ ਕਾਰਜਕਾਰਨੀ ’ਚੋਂ ਬਾਹਰ ਕਰ ਦਿੱਤਾ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਦਿੱਤੀਆਂ ਹੋਰ ਮਹੱਤਵ ਜ਼ਿੰਮੇਵਾਰੀਆਂ ਤੋਂ ਵੀ ਉਨ੍ਹਾਂ ਨੂੰ ਵਾਂਝਾ ਕਰ ਦਿੱਤਾ ਗਿਆ। ਇਸ ਤੋਂ ਕੁੱਝ ਕੁ ਸਮਾਂ ਪਹਿਲਾਂ ਜਦੋਂ 4 ਮਾਰਚ ਨੂੰ ਕੌਮੀ ਕਾਰਜਕਾਰਨੀ ਦੀ ਮੀਟਿੱਗ ’ਚ ਦੋ ਪ੍ਰਮੁੱਖ ਆਗੂਆਂ ਨੂੰ ਸਿਆਸੀ ਮਾਮਲਿਆਂ ਦੀ ਕਮੇਟੀ ਚੋਂ ਬਰਖਾਸਤ ਕੀਤਾ ਗਿਆ ਸੀ ਤਾਂ ਉਸ ਸਮੇਂ ਕੇਜਰੀਵਾਲ ਮੀਟਿੰਗ ’ਚ ਹਾਜ਼ਰ ਨਹੀਂ ਸੀ ਹੋਇਆ ਬਲਕਿ ਬਿਮਾਰੀ ਦੇ ਇਲਾਜ ਦੇ ਬਹਾਨੇ ਹੇਠ ਉਸ ਨੇ ਇਸ ਕਾਰਵਾਈ ਨੂੰ ਮੀਟਿੰਗ ਤੋਂ ਬਾਹਰ ਰਹਿਕੇ ਅੰਜਾਮ ਦਿੱਤਾ ਸੀ। ਪਰ 28 ਮਾਰਚ ਦੀ ਕੌਮੀ ਕੌਂਸਲ ਦੀ ਮੀਟਿੰਗ ਵਿੱਚ ਉਸ ਨੇ ਖ਼ੁਦ ਹਾਜ਼ਰ ਹੋ ਕੇ ਇਸ ਨੂੰ ਸੰਬੋਧਨ ਕੀਤਾ ਅਤੇ ਆਪਣੇ ਇੱਕ ਘੰਟੇ ਦੇ ਭਾਸ਼ਣ ਵਿੱਚ ਉਸ ਨੇ ਪਾਰਟੀ ਵਰਕਰਾਂ ਅੱਗੇ ਸਵਾਲ ਖੜ੍ਹਾ ਕੀਤਾ ਕਿ ਉਹ ਜਾਂ ਤਾਂ ਉਸਨੂੰ ਪਾਰਟੀ ਆਗੂ ਦੇ ਤੌਰ ’ਤੇ ਚੁਣ ਲੈਣ ਅਤੇ ਜਾਂ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਦੀ ਚੋਣ ਕਰ ਲੈਣ। ਪਾਰਟੀ ਸੁਪਰੀਮੋ ਵੱਲੋਂ ਜ਼ਜ਼ਬਾਤੀ ਕੀਤੇ ਇਸ ਮਹੌਲ ਅੰਦਰ ਵਿਰੋਧੀ ਧੜੇ ਦੀ ਕੀ ਸੁਣਵਾਈ ਹੋਣੀ ਸੀ? ਵਿਰੋਧੀ ਧੜੇ ਵੱਲੋਂ ਬਹਿਸ ਵਿਚਾਰ ਲਈ ਰੱਖੇ ਜਾਣ ਵਾਲੇ ਪੰਜ ਮਸਲਿਆਂ ਵੱਲ ਕੋਈ ਗੌਰ ਨਹੀਂ ਕੀਤਾ ਗਿਆ। ਇਹ ਪੰਜ ਮਸਲੇ ਸਨ (1) ਪਾਰਟੀ ਦੇ ਵੱਖ ਵੱਖ ਰਾਜਾਂ ਦੀਆਂ ਇਕਾਈਆਂ ਨੂੰ ਖ਼ੁਦਮੁਖਤਾਰੀ, (2) ਅਨੈਤਿਕ ਮਾਮਲੇ ਅਤੇ ਸਟਿੰਗਜ਼ ਦੀ ਜਾਂਚ ਪੜਤਾਲ, (3) ਪਾਰਟੀ ਵੱਲੋਂ ਲਏ ਜਾਂਦੇ ਫੈੋਸਿਲਆਂ ਵਿੱਚ ਵਲੰਟਰੀਆਂ ਦੀ ਸ਼ਮੂਲੀਅਤ ਨੂੰ ਵਧਾਉਣਾ, (4) ਪਾਰਟੀ ਨੂੰ ਸੂਚਨਾ ਅਧਿਕਾਰ ਹੇਠ ਲੈ ਕੇ ਆਉਣਾ, (5) ਕੌਮੀ ਕਾਰਜਕਾਰਨੀ ’ਚ ਖਾਲੀ ਥਾਵਾਂ ਨੂੰ ਪੂਰਾ ਕਰਨਾ। ਸਵਰਾਜ ਦੀ ਬੂ-ਦਹਾਈ ਦੇਣ ਵਾਲਾ ਕੇਜਰੀਵਾਲ ਧੜਾ ਇਹਨਾਂ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਕਰਨ ਤੋਂ ਹੀ ਭੱਜ ਨਿਕਲਿਆ। ਉਸ ਵੱਲੋ ਆਪਣੇ ਵਿਰੋਧੀ ਰਾਇ ਰੱਖਣ ਵਾਲੇ ਪਾਰਟੀ ਕਾਰਕੰੁਨਾਂ ਨੂੰ ਮੀਟਿੰਗ ਅੰਦਰ ਸ਼ਾਮਲ ਹੋਣ ਤੋਂ ਰੋਕਣ ਲਈ ਦਬਾਅ ਬਣਾਇਆ ਗਿਆ। ਇਥੋਂ ਤੱਕ ਕਿ ਪਾਰਟੀ ਦੇ ਅੰਦਰੂਨੀ ਲੋਕ ਪਾਲ ਐਡਮਿਰਲ ਰਾਮ ਦਾਸ ਨੂੰ ਵੀ ‘ਨਸੀਹਤ’ ਕੀਤੀ ਗਈ ਕਿ ਉਹ ਮੀਟਿੰਗ ’ਚ ਨਾ ਆਵੇ ਕਿਉਕਿ ਇਸ ਨਾਲ ਝਗੜਾ ਹੋਣ ਦੀ ਸੰਭਾਵਨਾ ਹੈ। ਵਿਰੋਧੀਆਂ ਨੂੰ ਯਰਕਾਉਣ ਲਈ ਕੇਜਰੀਵਾਲ ਦੀ ਪਾਰਟੀ ਅੰਦਰ ਬਣੀ ਹੈਸੀਅਤ ਅਤੇ ਉਸ ਦੁਆਲੇ ਇਕੱਤਰ ਪਾਰਟੀ ਦੀ ਭਾਰੀ ਗਿਣਤੀ ਦਾ ਦਬਾਅ ਹੀ ਲਾਮਬੰਦ ਨਹੀਂ ਕੀਤਾ ਗਿਆ ਬਲਕਿ ਬਾਊਂਸਰਾਂ ਦਾ ਇਸਤੇਮਾਲ ਕਰ ਕੇ ਘਸੁੰਨ-ਮੁੱਕੀ ਨਾਲ ਵੀ ਦਹਿਸ਼ਤ ਪਾਈ ਗਈ।

ਅਜਿਹੇ ਮਾਹੌਲ ’ਚ ਕੇਜਰੀਵਾਲ ਦੇ ਲੈਫਟੈਨ ਮਨੀਸ ਸਸੋਦੀਆ ਦੁਆਰਾ ਵਿਰੋਧੀ ਧੜੇ ਦੇ ਆਗੂਆਂ ਨੂੰ ਕੱਢਣ ਲਈ ਰੱਖੇ ਮਤੇ ਨੂੰ ਬਹੁ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਇਸ ਤੋਂ ਬਾਅਦ ਦੇਸ਼ ਅੰਦਰ ਵੱਖ ਵੱਖ ਥਾਵਾਂ ’ਤੇ ਕੇਜਰੀਵਾਲ ਧੜਾ ਆਪਣੇ ਵਿਰੋਧੀਆਂ ਨਾਲ ਸਬੰਧ ਰੱਖਣ ਵਾਲੇ ਆਗੂਆਂ ਨੂੰ ਬਰਖਾਸਤ ਕਰਨ ਜਾਂ ਪਾਰਟੀ ਅੰਦਰ ਨੁਕਰੇ ਲਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗਾ ਹੋਇਆ ਹੈ। ਇਸ ਤੋਂ ਔਖੇ ਹੋ ਕੇ ਮੇਧਾ ਪਾਟਕਰ ਵਰਗੀਆਂ ਉੱਘੀਆਂ ਹਸਤੀਆਂ ‘ਆਪ’ ਨੂੰ ਅਲਵਿਦਾ ਕਹਿ ਗਈਆਂ ਹਨ। ਦੂਸਰੇ ਪਾਸੇ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਧੜਾ ਵੀ ਇਸ ਨੂੰ ਚੁੱਪ ਚਾਪ ਬਰਦਾਸਤ ਨਹੀਂ ਕਰ ਰਿਹਾ। ਉਨ੍ਹਾਂ ਵੱਲੋਂ ਭਾਰੂ ਲੀਡਰਸ਼ਿਪ ਦੀਆਂ ਕਾਰਵਾਈਆਂ ਦੇ ਖ਼ਿਲਾਫ਼ 14 ਅਪ੍ਰੈਲ ਨੂੰ ਗੁੜਗਾਉ ਵਿਖੇ ਪਾਰਟੀ ਕਾਰਕੁਨਾਂ ਦੀ ਇਕੱਤਰਤਾ ਕੀਤੀ ਗਈ। ਇਸ ਵਿੱਚ ਕੇਜਰੀਵਾਲ ਧੜੇ ਦੀ ਸਖ਼ਤ ਨੁਕਤਾਚੀਨੀ ਕਰਦੇ ਹੋਏ ਐਲਾਨਕੀਤਾ ਗਿਆ ਕਿ ‘ਆਪ’ ਅੰਦਰ ਸਵਰਾਜ ਨਾ ਦੀ ਕੋਈ ਚੀਜ਼ ਨਹੀਂ। ਉਨ੍ਹਾਂ ਵੱਲੋਂ ਹਾਲ ਦੀ ਘੜੀ ਵੱਖਰੀ ਪਾਰਟੀ ਬਨਾਉਣ ਤੋਂ ਗੁਰੇਜ਼ ਕੀਤਾ ਗਿਆ ਹੈ ਪਰ ਇਸ ਤੋਂ ਪ੍ਰਤੱਖ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦੁਫੇੜ ਦੇ ਕਿਨਾਰੇ ਪਹੁੰਚ ਚੁੱਕੀ ਹੈ ਜਿਸਦਾ ਰਸਮੀ ਐਲਾਨ ਹੋਣਾ ਹੀ ਬਾਕੀਹੈ।

ਆਮ ਆਦਮੀ ਪਾਰਟੀ ਅੰਦਰ ਹੋਇਆ ਇਹ ਘਟਨਾ ਵਿਕਾਸ ਸਧਾਰਨ ਲੋਕਾਂ ਲਈ ਤਾਂ ਅਚੰਭਾਜਨਕ ਹੋ ਸਕਦਾ ਹੈ ਪਰ ਇਸ ਨੂੰ ਗਹੁ ਨਾਲ ਤੱਕਣ ਵਾਲੇ ਅਤੇ ਰਾਜਨੀਤਕ ਵਿਗਿਆਨ ਦੀ ਡੂੰਘੀ ਸਮਝ ਰੱਖਣ ਵਾਲੇ ਵਿਸ਼ਲੇਸ਼ਣਕਾਰਾਂ ਲਈ ਇਸ ਵਿੱਚ ਕੋਈ ਬਹੁਤੀ ਹੈਰਾਨ ਹੋਣ ਵਾਲੀ ਗੱਲ ਨਹੀਂ। ਭਾਰਤ ਦੇ ਸਿਆਸੀ ਰੰਗ ਮੰਚ ’ਤੇ ਸਰਗਰਮ ਰਹੀਆਂ ਹਾਕਮ ਜਮਾਤਾਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਦੀਆਂ ਨਜ਼ਰਾਂ ’ਚ ਡਿੱਗ ਜਾਣ ਕਰ ਕੇ ਪੈਦਾ ਹੋਈ ਖ਼ਿਲਾਅ ਦੀ ਹਾਲਤ ’ਚ ਆਮ ਆਦਮੀ ਪਾਰਟੀ ਦਾ ਉਭਾਰ ਬੜੀ ਤੇਜ਼ੀ ਨਾਲ ਹੋਇਆ। ਇਸ ਪਾਰਟੀ ਦੀ ਨਾ ਤਾਂ ਕੋਈ ਨਿਸਚਿਤ ਵਿਚਾਰਧਾਰਾ ਹੈ ਅਤੇ ਨਾ ਹੀ ਨਿਸਚਿਤ ਸਿਆਸੀ ਪ੍ਰੋਗਰਾਮ। ਇਸ ਦਾ ਜਨਮ ਅੰਨਾ ਹਜ਼ਾਰੇ ਦੀ ਅਗਵਾਈ ’ਚ ਭਿ੍ਰਸ਼ਟਾਚਾਰ ਵਿਰੋਧੀ ਅੰਦੋਲਨ ’ਚੋਂ ਹੋਇਆ ਸੀ। ਇਸ ਕੋਲ ਮੁੱਖ ਮੁੱਦਾ ਭਿ੍ਰਸ਼ਟਾਚਾਰ ਨੂੰ ਰੋਕਣ ਅਤੇ ਵਿਦੇਸ਼ੀ ਬੈਂਕਾਂ ’ਚ ਜਮ੍ਹਾਂ ਹੋਏ ਕਾਲੇ ਧਨ ਨੂੰ ਵਾਪਸ ਲਿਆਉਣ ਦਾ ਸੀ। ਇਸ ਤੋਂ ਇਲਾਵਾ ‘ਆਪ’ ਮੌਜੂਦਾ ਲੁਟੇਰੇ ਅਤੇ ਧੱਕੜ ਰਾਜ ਪ੍ਰਬੰਧ ਨੂੰ ਕਾਇਮ ਰੱਖਦੇ ਹੋਏ ਕੁੱਝ ਸੁਧਾਰਵਾਦੀ ਕਦਮ ਚੁੱਕਣ ਦਾ ਪ੍ਰੋਗਰਾਮ ਲੈ ਕੇ ਆਈ। ਇਹਨਾਂ ਸੁਧਾਰਾਂ ਨੂੰ ਗਾਂਧੀਵਾਦੀ ਢੰਗ ਤਰੀਕਿਆਂ ਰਾਹੀਂ ਲੋਕਾਂ ਦੀ ਸ਼ਮੂਲੀਅਤ ਨਾਲ ਹੱਲ ਕਰਨ ਦੇ ਆਪਣੇ ਏਜੰਡੇ ਨੂੰ ਉਸ ਵੱਲੋਂ ਸਵਰਾਜ ਦਾ ਨਾਮ ਦਿੱਤਾ ਗਿਆ। ਉਸ ਨੇ ਹੁੱਬ ਹੁੱਬ ਕੇ ਐਲਾਨ ਕੀਤਾ ਕਿ ਉਹ ਸਰਮਾਏਦਾਰੀ ਪ੍ਰਬੰਧ ਦੇ ਖ਼ਿਲਾਫ਼ ਨਹੀਂ ਬਲਕਿ ਯਾਰਾਨਾ ਸਰਮਾਏਦਾਰੀ ਦੇ ਖ਼ਿਲਾਫ਼ ਹੈ। ਅਜਿਹੀ ਸਮਝ ਰੱਖਣ ਵਾਲੀ ਸਿਆਸੀ ਪਾਰਟੀ ਲੋਕਾਂ ਨੂੰ ਸਵਰਾਜ ਕਿਵੇਂ ਮੁਹੱਈਆ ਕਰ ਸਕਦੀ ਹੈ। ਇਸ ਦਾ ਬੈਂਗਣੀ ਦੇਰ ਸਵੇਰ ਸਾਹਮਣੇ ਆਉਣਾ ਹੀ ਸੀ, ਸੋ ਆ ਗਿਆ। ਇਹ ਆਪਣੇ ਭਿ੍ਰਸ਼ਟਾਚਾਰ ਵਿਰੋਧੀ ਫੱਟੇ ’ਤੇ ਵੀ ਕਾਇਮ ਨਹੀਂ ਰਹਿ ਸਕੀ।

ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੇਜਰੀਵਾਲ ਵੱਲੋਂ ਭ੍ਹਿਸ਼ਟ ਢੰਗਾਂ ਦੀ ਕੀਤੀ ਗਈ ਵਰਤੋਂ ਨੇ ਇਸ ਦੇ ਦੋਗਲੇ ਕਿਰਦਾਰ ਬਾਰੇ ਕੋਈ ਭਰਮ-ਭੁਲੇਖਾ ਨਹੀਂ ਰਹਿਣ ਦਿੱਤਾ। ਵੈਸੇ ਵੀ ਭਿ੍ਰਸ਼ਟਾਚਾਰ ਦੇ ਮਾਮਲੇ ਨੂੰੂ ਲੈ ਕੇ ਉੱਭਰੀ ਆਮ ਆਦਮੀ ਪਾਰਟੀ ਕੋਈ ਨਵੀਂ ਨਹੀਂ। ਇਸ ਤੋਂ ਪਹਿਲਾਂ 1974 ਵਿੱਚ ਜੇ.ਪੀ. ਅੰਦੋਲਨ ਸਮੇਂ ਜੇ.ਪੀ. ਵੱਲੋਂ ਲੋਕਾਂ ਤੋਂ ਬੇਮੁੱਖ ਹੋਣ ਵਾਲੇ ਭਿ੍ਰਸ਼ਟ ਆਗੂਆਂ ਨੂੰ ਥੱਪੜਾਂ ਨਾਲ ਸਿੱਧੇ ਕਰਨ ਦੀ ਵਕਾਲਤ ਕੀਤੀ ਗਈ ਸੀ। ਅਜਿਹੇ ਅੰਦੋਲਨ ਅਤੇ ਐਮਰਜੈਂਸੀ ਵਾਲੀ ਹਾਲਤ ’ਚੋਂ ਜਨਮੀ ਜਨਤਾ ਪਾਰਟੀ ਬੜੀ ਤੇਜ਼ੀ ਨਾਲ ਅੱਗੇ ਆਈ ਅਤੇ 1977 ਵਿੱਚ ਕਾਂਗਰਸ ਨੂੰ ਲੱਕ ਤੋੜਵੀ ਹਾਰ ਦੇ ਕੇ ਆਪਣੀ ਹਕੂਮਤ ਸਥਾਪਤ ਕਰਨ ਵਿੱਚ ਕਾਮਯਾਬ ਹੋਈ। ਪਰ ਢਾਈ ਤਿੰਨ ਸਾਲ ਦੇ ਅਰਸੇ ਅੰਦਰ ਹੀ ਇਹ ਪਾਰਟੀ ਕਈ ਹਿੱਸਿਆਂ ’ਚ ਖਿੰਡ ਗਈ। ਇਸੇ ਤਰ੍ਹਾਂ ਬੋਫ਼ਰਜ਼ ਤੋਪਾਂ ਦੇ ਮਾਮਲੇ ’ਚ ਬਦਨਾਮ ਹੋਈ ਰਾਜੀਵ ਗਾਂਧੀ ਦੀ ਸਰਕਾਰ ਦੇ ਖ਼ਿਲਾਫ਼ ਭਿ੍ਰਸ਼ਟਾਚਾਰ ਵਿਰੋਧੀ ਮੁਹਿੰਮ ਚਲਾਕੇ ਵੀ.ਪੀ. ਸਿੰਘ ਦੇਸ਼ ਦਾ ਪ੍ਰਧਾਨ ਮੰਤਰੀ ਬਨਣ ’ਚ ਕਾਮਯਾਬ ਹੋਇਆ। ਕੱਚੇ ਪੈਰੀਂ ਖੜ੍ਹੀ ਉਸ ਦੀ ਹਕੂਮਤ ਨੂੰ ਬੜੀ ਜਲਦੀ ਕਾਂਗਰਸ ਨੇ ਜੋੜ ਤੋੜ ਕਰ ਕੇ ਡੇਗ ਦਿੱਤਾ ਅਤੇ ਚੰਦਰ ਸ਼ੇਖਰ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਸ਼ਸੋਭਿਤ ਕਰ ਦਿੱਤਾ। ਜਲਦੀ ਹੀ ਉਸ ਨੂੰੂ ਵੀ ਧੋਬੀ ਪਟਕਾ ਮਾਰ ਦਿੱਤਾ ਗਿਆ ਅਤੇ ਦੋ ਸਾਲ ਦੇ ਅਰਸੇ ਅੰਦਰ ਹੀ ਕਾਂਗਰਸ ਦੀ ਅਗਵਾਈ ਵਾਲੀ ਹਕੂਮਤ ਫਿਰ ਦੇਸ਼ ਦੀ ਵਾਗਡੋਰ ਸੰਭਾਲਣ ’ਚ ਕਾਮਯਾਬ ਹੋ ਗਈ।

ਮੰਨਿਆ ਕਿ ਭਿ੍ਰਸ਼ਟਾਚਾਰ ਨੂੰ ਕਾਬੂ ਕਰਨ ਦਾ ਮਸਲਾ ਦੇਸ਼ ਦਾ ਇੱਕ ਵੱਡਾ ਮਸਲਾ ਹੈ । ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਸਲੇ ਹਨ। ਦੇਸ਼ ਦੇ ਕਰੋੜਾਂ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਛੋਟੇ ਕਾਰੋਬਾਰੀਆਂ ਤੋ ਇਲਾਵਾ ਵੱਖ ਵੱਖ ਕੌਮੀਅਤਾਂ, ਧਾਰਮਿਕ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਦੀਆਂ ਅਨੇਕਾਂ ਸਮੱਸਿਆਵਾਂ ਹਨ। ਇਹਨਾਂ ਸਾਰਿਆਂ ਦੇ ਹੱਲ ਬਾਰੇ ‘ਆਪ’ ਅੰਦਰ ਵਿਚਾਰਾਂ ਦੀ ਇੱਕਮੱਤਤਾ ਨਹੀਂ । ‘ਆਪ’ ਦਾ ਨੇਤਾ ਸ਼ਾਤੀ ਭੂਸ਼ਨ ਕਸ਼ਮੀਰ ਸਮੱਸਿਆ ਦੇ ਹੱਲ ਲੲਂੀ ਜੇਕਰ ਕਸ਼ਮੀਰੀ ਲੋਕਾਂ ਦਾ ਜਨਮਤ ਕਰਵਾ ਕੇ ਕੋਈ ਫ਼ੈਸਲਾ ਕਰਨ ਦੀ ਰਾਏ ਰੱਖਦਾ ਹੈ ਤਾਂ ਕੇਜਰੀਵਾਲ ਧੜਾ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ। ਇਸੇ ਤਰ੍ਹਾਂ ਧਰਮ ਦੇ ਸੁਆਲ ’ਤੇ ‘ਆਪ’ ਦੇ ਕੁੱਝ ਆਗੂਆਂ ਦੀ ਸਮਝ ਦੇ ਉਲਟ ਕੇਜਰੀਵਾਲ ਨੇ ਸਭ ਧਰਮਾਂ ਦੇ ਲੋਕਾਂ ਦੀਆਂ ਵੋਟਾਂ ਹਾਸਿਲ ਕਰਨ ਲਈ ਸਾਰੇ ਧਾਰਮਿਕ ਸਥਾਨਾਂ ਤੱਕ ਪਹੁੰਚ ਕੀਤੀ। ਹਿੰਦੂਆਂ ਨੂੰ ਖ਼ੁਸ਼ ਕਰਨ ਲਈ ਉਹ ਗੰਗਾ ਵਿੱਚ ਡੁਬਕੀ ਲਾਕੇ ਇਸ਼ਨਾਨ ਕਰਨ ਦੀਆਂ ਫੋਟੋਆਂ ਖਿਚਵਾਉਣ ਤੱਕ ਗਿਆ। ਇਸ ਤੋਂ ਇਲਾਵਾ ਸਾਮਰਾਜੀ ਤਾਕਤਾਂ ਵੱਲੋਂ ਭਾਰਤ ਅੰਦਰ ਦਖ਼ਲ ਅੰਦਾਜ਼ੀ, ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ, ਵਿਦੇਸ਼ ਨੀਤੀ, ਖੇਤੀਬਾੜੀ, ਸਨਅਤ ਅਤੇ ਵਪਾਰ ਆਦਿਕ ਸਬੰਧੀ ਆਮ ਆਦਮੀ ਪਾਰਟੀ ਨੇ ਕੋਈ ਸਪੱਸ਼ਟ ਸਮਝ ਨਹੀਂ ਬਣਾਈ। ਭਿ੍ਰਸ਼ਟਾਚਾਰ ਵਿਰੋਧੀ ਅਤੇ ਕੁੱਝ ਹੋਰ ਸੁਧਾਰਾਂ ਦਾ ਆਦਰਸ਼ਵਾਦੀ ਪ੍ਰੋਗਰਾਮ ਬਣਾ ਕੇ ਦੇਸ਼ ਦੀ ਗੱਡੀ ਨਹੀਂ ਚੱਲ ਸਕਦੀ।

ਜ਼ਮੀਨੀ ਹਕੀਕਤਾਂ ਦੇ ਵਾਅ-ਵਰੋਲੇ ਦਾ ਸਾਹਮਣਾ ਕਰਕੇ ਹੀ ਉਨ੍ਹਾਂ ਦਾ ਆਦਰਸ਼ਵਾਦ ਉੱਡ ਕੇ ਅਸਮਾਨੀ ਗੋਤੇ ਖਾਣ ਲੱਗਾ। ਆਉਣ ਵਾਲੇ ਸਮੇਂ ’ਚ ਕੇਜਰੀਵਾਲ ਦੀ ਲੀਡਰਸ਼ਿਪ ਦਾ ਮੌਕਾਪ੍ਰਸਤ ਕਿਰਦਾਰ ਹੋਰ ਬੇਪਰਦ ਹੋਣਾ ਹੈ। ਪੰਜਾਬ ਅੰਦਰ ਇਸ ਧੜੇ ਦੇ ਆਗੂ ਆਪਣੇ ਦੁਆਲੇ ਮੌਕਾਪ੍ਰਸਤ ਲੁੰਗਲਾਣੇ ਨੂੰ ਇਕੱਠਾ ਕਰਨ ਲਈ ਤਾਂ ਪੂਰੀ ਵਾਹ ਲਾ ਰਹੇ ਹਨ ਜਦ ਕਿ ਆਪਣੇ ਨਾਲ ਮੱਤਭੇਦ ਰੱਖਣ ਵਾਲੇ ਆਗੂਆਂ ਦੀ ਵੱਡੀ ਪੱਧਰ ’ਤੇ ਛਾਂਟੀ ਕਰ ਰਹੇ ਹਨ। ਇਥੋਂ ਤੱਕ ਕਿ ਉਹ ਲੋਕ ਪੱਖੀ ਛਵੀ ਵਾਲੇ ਆਪਣੇ ਆਗੂ ਡਾ. ਧਰਮਵੀਰ ਗਾਂਧੀ ਦੀਆਂ ਅਰਥੀਆਂ ਸਾੜ ਰਹੇ ਹਨ। ਜੇਕਰ ਉਹਨਾਂ ਅੰਦਰ ਆਪਣੇ ਵਿਰੋਧੀ ਵਿਚਾਰਾਂ ਵਾਲੇ ਆਗੂਆਂ ਨੂੰ ਵੀ ਬਰਦਾਸਤ ਕਰਨ ਦਾ ਮਾਦਾ ਨਹੀਂ ਤਾਂ ਉਨ੍ਹਾਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਦੀ ਆਸ ਲੋਕ ਕਿਵੇਂ ਕਰ ਸਕਦੇ ਹਨ। ਜੇਕਰ ਇਹੀ ਹਾਲ ਰਿਹਾ ਤਾਂ ਲੋਕ ਉਨ੍ਹਾਂ ਨੂੰ ਉਹਨਾਂ ਦੀ ਅਸਲੀ ਔਕਾਤ ਦੇ ਦਰਸ਼ਨ ਕਰਵਾਉਣ ’ਚ ਬਹੁਤੀ ਦੇਰ ਨਹੀਂ ਲਾਉਣਗੇ। ਅਜਿਹੀ ਹਾਲਤ ’ਚ, ਲੋਕਾਂ ਦੀ ਵਾਹ ਵਾਹ ਖੱਟ ਕੇ ਲੋਕ ਸਭਾ ’ਚ ਪਹੁੰਚਣ ਵਾਲੇ ਅਤੇ ਹੁਣ ਕੇਜਰੀਵਾਲ ਧੜੇ ਨਾਲ ਖੜ੍ਹੇ ਕੇ ਭਗਵੰਤ ਮਾਨ ਵਰਗਿਆਂ ਦੀ ਪੱਗ ਦਾ ਰੰਗ ਵੀ ਫਿੱਕਾ ਪੈ ਜਾਵੇਗਾ।

ਇਹਨਾਂ ਦੇ ਵਿਚਾਰਾਂ ਦਾ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਉੱਕਾ ਹੀ ਕੋਈ ਮੇਲ ਨਾ ਹੋਣ ਕਰ ਕੇ ਦੂਸਰਿਆਂ ’ਤੇ ਵਿਅੰਗ ਕਰਨ ਵਾਲੇ ਅਤੇ ਲੋਕਾਂ ਨੂੰ ਹਸਾਉਣ ਵਾਲੇ ਖ਼ੁਦ ਹਾਸੇ ਮਜ਼ਾਕ ਦੇ ਪਾਤਰ ਬਣ ਜਾਣਗੇ। ਦੂਸਰੇ ਪਾਸੇ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਦੇ ਧੜੇ ਨੇ ਜੇਕਰ ਜਮਹੂਰੀ ਅਸੂਲਾਂ ਉੱਤੇ ਖਰੇ ਉੱਤਰਨਾ ਹੈ ਤਾਂ ਉਨ੍ਹਾਂ ਨੂੰ ਅਹਿਸਾਸ ਕਰਨਾ ਪਵੇਗਾ ਕਿ ਉਨ੍ਹਾਂ ਵੱਲੋਂ ਰੱਖੀਆਂ ਚੰਦ ਗੱਲਾਂ ਨਾਲ ਗੁਜ਼ਾਰਾ ਨਹੀਂ ਹੋਵੇੇਗਾ ਸਗੋਂ ਉਨ੍ਹਾਂ ਵੱਲੋਂ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ’ਤੇ ਸਹੀ ਪੁਜੀਸ਼ਨ ਲੈਣੀ ਪਵੇਗੀ ਅਤੇ ਉਨ੍ਹਾਂ ਉੱਤੇ ਅਮਲ ਕਰਨਾ ਹੋਵੇਗਾ। ਅਜਿਹਾ ਦੇਸ਼ ਦੇ ਲੋਕ ਵਿਰੋਧੀ ਢਾਂਚੇ ਅੰਦਰ ਕੁੱਝ ਪਦਵੀਆਂ ਹਾਸਿਲ ਕਰ ਕੇ ਅਤੇ ਇਸ ਨਾਲ ਸਮਝੌਤਾ ਕਰ ਕੇ ਨਹੀਂ ਬਲਕਿ ਇਸ ਦੇ ਖ਼ਿਲਾਫ਼ ਜਿੰਦਗੀ ਮੌਤ ਦੇ ਸੰਘਰਸ਼ ਨਾਲ ਹੀ ਹੋ ਸਕੇਗਾ। ਇਸ ਬਿਖੜੇ ਪੈਂਡੇ ਵੱਲ ਕਦਮ ਵਧਾਉਣ ਦੀ ਇੱਛਾ ਸ਼ਕਤੀ ਇਸ ਧੜੇ ਅੰਦਰ ਵੀ ਦਿਖਾਈ ਨਹੀਂ ਦਿੰਦੀ ਜਿਸ ਕਰ ਕੇ ਕੇਜਰੀਵਾਲ ਦੀ ਲੀਡਰਸ਼ਿਪ ਦੇ ਖ਼ਿਲਾਫ਼ ਉਨ੍ਹਾਂ ਦਾ ਸੰਘਰਸ਼ ਵੀ ਕੋਈ ਜ਼ਿਆਦਾ ਸਾਰਥਿਕ ਸਿੱਟੇ ਨਹੀਂ ਕੱਢ ਸਕੇਗਾ।

Comments

Mannoo Dhillon

I am not agreed. Some facts are not true... why shanti bhushan praised Kiran bedi as CM candidate during election campaign. Why no body ask this question from parshant bhushan. Why he didn't clarify his answer in this issue. Yogendra yadav was chief for Parliament election in Hariyana. Kejriwal blaimed he was not ready for parliament election in whole country. It was totally yogendra yadav and bhushan family's decision. Why they not replying these elegations.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ