Thu, 21 November 2024
Your Visitor Number :-   7255409
SuhisaverSuhisaver Suhisaver

ਮੁਸਲਿਮ ਆਬਾਦੀ ਦੇ ਵਾਧੇ ਸੰਬੰਧੀ ਗੁੰਮਰਾਹਕੁੰਨ ਪਰਚਾਰ - ਹਰਜਿੰਦਰ ਸਿੰਘ ਗੁਲਪੁਰ

Posted on:- 08-04-2015

suhisaver

ਉਂਝ ਤਾਂ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਦੇ ਆਪੇ ਬਣੇ ਘੜੰਮ ਚੌਧਰੀ ਸ਼ੁਰੂ ਤੋਂ ਇੱਕ ਦੂਜੇ ਨਾਲੋਂ ਆਬਾਦੀ ਵਧਾਉਣ ਸਬੰਧੀ ਪੁੱਠੀ ਸਿਧੀ ਬਿਆਨਬਾਜ਼ੀ ਕਰਦੇ ਆਏ ਹਨ, ਪ੍ਰੰਤੂ ਕੁਝ ਸਮੇਂ ਤੋਂ ਵਿਸ਼ਵ ਪਧਰ ਉੱਤੇ ਮੀਡੀਆ  ਦੇ ਇੱਕ ਵਡੇ ਹਿੱਸੇ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਵੱਖ ਵੱਖ ਫੋਰਮਾਂ ਉੱਤੇ ਇਸ ਮੁੱਦੇ ਨਾਲ ਸਬੰਧਿਤ ਜਿਹੜੀ ਖਬਰ ਘੁੰਮ ਰਹੀ ਹੈ ਉਸ ਨੇ ਹਰ ਜਾਗਰੂਕ ਇਨਸਾਨ ਦਾ ਧਿਆਨ ਆਪਣੇ ਵਲ ਖਿੱਚਿਆ ਹੈ।ਗੂਗਲ ਸਰਚ ਦੇ ਹਵਾਲੇ ਨਾਲ ਇਹਨਾਂ ਅਫ਼ਵਾਹ ਨੁਮਾ ਖਬਰਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ 2035 ਤੱਕ ਭਾਰਤ ਅੰਦਰ ਮੁਸਲਮਾਨਾਂ ਦੀ ਬਹੁਗਿਣਤੀ ਹੋ ਜਾਵੇਗੀ।ਅੰਕੜਿਆਂ ਦੀ ਜਾਦੂਗਿਰੀ ਰਾਹੀਂ ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਸੰਨ 2035 ਤੱਕ ਦੇਸ਼ ਅੰਦਰ ਮੁਸਲਮਾਨਾਂ ਦੀ ਆਬਾਦੀ 92।5 ਕਰੋੜ ਹੋ ਜਾਵੇਗੀ ਜਦੋਂ ਕਿ ਹਿੰਦੂਆਂ ਦੀ ਆਬਾਦੀ 90।2 ਕਰੋੜ ਤੱਕ ਸਿਮਟ  ਜਾਵੇਗੀ। ਇਹਨਾਂ ਖਬਰਾਂ ਵਿਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਨ 2040 ਤੱਕ ਪਹੁੰਚਦਿਆਂ ਹਿੰਦੂਆਂ ਦੇ ਤਿਥ ਤਿਉਹਾਰ ਮੰਨਣੇ ਬੰਦ ਹੋ ਜਾਣਗੇ।ਇਸ ਦੌਰਾਨ ਵੱਡੀ ਪਧਰ ਤੇ ਜਿਥੇ ਹਿੰਦੂਆਂ ਦਾ ਧਰਮ ਪਰਿਵਰਤਨ ਕੀਤਾ ਜਾਵੇਗਾ, ਉਥੇ ਹਿੰਦੂਆਂ ਦਾ ਨਰ ਸੰਘਾਰ ਵੀ ਹੋਵੇਗਾ।

ਇਸ ਵਰਤਾਰੇ ਦੇ ਫਲਸਰੂਪ ਸੰਨ 2050 ਤੱਕ ਮੁਸਲਿਮ ਆਬਾਦੀ 189 ਕਰੋੜ ਹੋ ਜਾਵੇਗੀ ਅਤੇ ਭਾਰਤ ਇੱਕ ਮੁਸਲਿਮ ਰਾਸ਼ਟਰ ਵਿਚ ਤਬਦੀਲ ਹੋ ਜਾਵੇਗਾ।‘ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ’ ਦੀ ਕਹਾਵਤ ਵਾਂਗ ਸੰਘ ਪਰਿਵਾਰ ਦੇ ਆਗੂਆਂ ਨੂੰ ਫਿਰਕੂ ਜਹਿਰ ਉਗਲਣ ਲਈ ਬਹਾਨਾ ਮਿਲ ਗਿਆ,ਘੱਟ ਭਾਵੇਂ ਉਹ ਕਦੇ ਵੀ ਨਹੀਂ ਕਰਦੇ।ਅਕਤੂਬਰ ,2013 ਨੂੰ ਕੋਚੀ ਵਿਖੇ ਆਰ ਐਸ ਐਸ ਦੀ ਰਾਸਟਰੀ ਕਾਰਜ ਸਮਿਤੀ ਦੀ ਬੈਠਕ ਦੌਰਾਨ ਸੰਘ ਦੇ ਸਰਕਾਰਜਕਰਤਾ ਦੱਤਾ ਤਰੇਹ ਹੋਸਬਾਲੇ ਨੇ ਹਰ ਹਿੰਦੂ ਜੋੜੇ ਨੂੰ ਤਿੰਨ ਤਿੰਨ ਬਚੇ ਪੈਦਾ ਕਰਨ ਦੀ ਅਪੀਲ ਕੀਤੀ ਸੀ।ਇਸ ਨੂੰ ਪਿਛੇ ਛਡਦਿਆਂ ਹਾਲ ਹੀ ਵਿਚ ਸਾਖਸ਼ੀ ਮਹਾਰਾਜ ਅਤੇ ਸਾਧਵੀ ਪਰਾਚੀ ਨੇ ਹਿੰਦੂਆਂ ਨੂੰ ਚਾਰ ਚਾਰ ਬਚੇ ਪੈਦਾ ਕਰਨ ਦਾ ਸਦਾ ਦੇ ਮਾਰਿਆ ਸੀ।ਇਸੇ ਤਰਾਂ ਪਰਵੀਨ ਤੋਗੜਿਆ ਨੇ ਇਸੇ ਜਨਵਰੀ ਨੂੰ ਬਰੇਲੀ ਵਿਖੇ ਹੋਏ ਹਿੰਦੂ ਪਰੀਸ਼ਦ ਦੇ 50ਵੇ ਸਥਾਪਨਾ ਦਿਵਸ ਸਮਾਗਮ ਸਮੇਂ ਕਿਹਾ ਸੀ ਕਿ ਜੇਕਰ ਮੁਸਲਮਾਨ,ਚਾਰ ਚਾਰ ਸ਼ਾਦੀਆਂ ਅਤੇ ਦਸ ਦਸ ਬਚੇ ਪੈਦਾ ਕਰ ਸਕਦੇ ਹਨ ਤਾਂ ਚਾਰ ਚਾਰ ਬਚੇ ਪੈਦਾ ਕਰਨ ਤੇ ਇੰਨਾ ਹੰਗਾਮਾ ਕਿਓਂ?

ਗੈਰ ਜੁੰਮੇਵਾਰਾਨਾ ਬਿਆਨ ਜਾਰੀ ਕਰਦਿਆਂ ਬਦ੍ਰਿਕਾ ਆਸ਼ਰਮ ਦੇ ਸ਼ੰਕਰਾ ਚਾਰੀਆ ਵਾਸੂਦੇਵਾ ਨੰਦਾ ਸਰਸ੍ਵਤੀ ਨੇ ਤਾਂ ਹਿੰਦੂਆਂ ਨੂੰ ਦਸ ਬਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ।ਗੂਗਲ ਵਰਗੀਆਂ ਸਾਇਟਾਂ ਤੇ ਅਫਵਾਹ ਤਾਂ ਇਹ ਵੀ ਫੈਲਾਈ ਜਾ ਰਹੀ ਹੈ ਕਿ ਜੇਕਰ ਮੁਸਲਮਾਨ ਆਬਾਦੀ ਦਾ ਵਿਸਫੋਟ ਇਸੇ ਤਰਾਂ ਜਾਰੀ ਰਿਹਾ ਤਾਂ ਕਿਸੇ ਦਿਨ ਯੂਰਪ ਖਤਮ ਹੋ ਜਾਵੇਗਾ ਅਤੇ ਉਸ ਦੀ ਥਾਂ ਯੂਰੇਬੀਆ ਹੋਂਦ ਵਿਚ ਆ ਜਾਵੇਗਾ।ਭਾਰਤ ਦੇ ਸੰਦਰਭ ਵਿਚ ਜੇਕਰ ਦੇਖਿਆ ਜਾਵੇ ਤਾਂ ਇਹ ਮਹਿਜ ਇੱਕ ਰਾਜਨੀਤਕ ਛੜਯੰਤਰ ਹੈ ਜਿਹੜਾ ਧਰਮਾਂ ਨੂੰ ਮੋਹਰਾ ਬਣਾ ਕੇ ਰਚਿਆ ਜਾ ਰਿਹਾ ਹੈ ।ਇਸ ਦਾ ਮਕਸਦ ਆਪੋ ਆਪਣੇ ਵੋਟ ਬੈੰਕ ਨੂੰ ਸੁਰਖਿਅਤ ਕਰਨਾ ਹੈ।ਹੋਰ ਤਾਂ ਹੋਰ ਇਹਨਾਂ ਦੀ ਰੀਸੋ ਰੀਸ ਸਿਖ ਭਾਈਚਾਰੇ ਦੇ ਇੱਕ ਦੁੱਕਾ ਧਾਰਮਿਕ ਆਗੂਆਂ ਨੇ ਵੀ ਸਿਖਾਂ ਨੂੰ ਵਧ ਬਚੇ ਪੈਦਾ ਕਰਨ ਦੀ ਨਸੀਹਤ ਦੇ ਦਿੱਤੀ ਸੀ ਭਾਵੇਂ ਜਾਗਰੂਕ ਪੰਜਾਬੀਆਂ ਵਲੋਂ ਇਸ ਦਾ ਮਖੌਲ ਹੀ ਉਡਾਇਆ ਗਿਆ ਸੀ ।ਸੂਚਨਾ ਅਤੇ ਤਕਨੀਕ ਦੇ ਇਸ ਯੁੱਗ ਵਿਚ ਜੇਕਰ ਅਫਵਾਹਾਂ ਤੇਜੀ ਨਾਲ ਫੈਲਦੀਆਂ ਹਨ ਤਾਂ ਉਹਨਾਂ ਦੀ ਅਸਲੀਅਤ ਵੀ ਉੰਨੀ ਹੀ ਤੇਜੀ ਨਾਲ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ।ਆਉ ਵਿਗਿਆਨਕ ਅਧਾਰ ਤੇ ਪਰਖੀਏ ਕਿ ਇਹਨਾਂ ਦਾਅਵਿਆਂ ਵਿਚ ਕਿੰਨਾ ਕੁ ਦਮ ਹੈ।

2011 ਦੀ ਮਰਦਮ ਸ਼ੁਮਾਰੀ ਰਿਪੋਰਟ ਭਾਵੇਂ ਕਿਸੇ ਕਾਰਨ ਵਸ ਅਜੇ ਜਾਰੀ ਨਹੀਂ ਹੋਈ ਪ੍ਰੰਤੂ ਇਹ ਰਿਪੋਰਟ ਇੱਕ ਤੋਂ ਵਧ ਵਾਰੀ ਲੀਕ ਹੋ ਕੇ ਮੀਡੀਆ ਵਿਚ ਛਪ ਚੁੱਕੀ ਹੈ।ਲੀਕ ਹੋਈ ਇਸ ਰਿਪੋਰਟ ਅਨੁਸਾਰ ਮੁਸਲਮਾਨਾਂ ਦੀ ਆਬਾਦੀ 13।4% ਤੋਂ ਵਧ ਕੇ 14।2% ਹੋਈ ਹੈ।ਮਰਦਮ ਸ਼ੁਮਾਰੀ ਦੇ ਇਤਿਹਾਸ ਵਿਚ ਪਹਿਲੀ ਵਾਰ ਹਿੰਦੂਆਂ ਦੀ ਪ੍ਰਤੀਸ਼ਤਤਾ 80 ਤੋਂ ਹੇਠ ਜਾਣ ਦਾ ਅਨੁਮਾਨ ਹੈ ।1961 ਦੀ ਪਹਿਲੀ ਮਰਦਮ ਸ਼ੁਮਾਰੀ ਵਕਤ ਮੁਸਲਮਾਨਾਂ ਦੀ ਆਬਾਦੀ 10।7% ਸੀ ਅਤੇ ਹਿੰਦੂਆਂ ਦੀ 83।4% ਸੀ।ਸੰਨ 2001 ਚ ਮੁਸਲਮਾਨ ਵਧ ਕੇ 13।4% ਹੋ ਗਏ ਜਦੋਂ ਕਿ ਹਿੰਦੂ 80।5% ਰਹਿ  ਗਏ ।ਇਸ ਲਈ ਲੀਕ ਰਿਪੋਰਟ ਅਨੁਸਾਰ ਮੁਸਲਮਾਨਾਂ ਦੀ ਆਬਾਦੀ 14।2% ਅਤੇ ਹਿੰਦੂਆਂ ਦੀ 80% ਤੋਂ ਘੱਟ ਰਹਿ ਜਾਵੇਗੀ।ਸਤਹੀ ਤੌਰ ਤੇ ਦੇਖਿਆਂ ਇਹ ਅੰਕੜੇ ਡਰਾਉਣ ਵਾਲੇ ਲਗਦੇ ਹਨ ਜਿਹਨਾਂ ਨੂੰ ਲੈ ਕੇ ਸੰਘ ਪਰਿਵਾਰ ਦੇ ਕੁਝ "ਮਹਾਂਰਥੀ"ਹਿੰਦੂਆਂ ਨੂੰ ਡਰਾਉਣ ਅਤੇ ਮੁਸਲਮਾਨਾਂ ਦੇ ਵਿਰੁਧ ਮਹੌਲ ਬਣਾਉਣ ਵਿਚ ਰੁਝੇ ਹੋਏ ਹਨ।ਲੇਕਿਨ ਇਹ ਅਧੂਰਾ ਸਚ ਹੈ ਸਚਾਈ ਦਾ ਦੂਸਰਾ ਪਹਿਲੂ ਇਹ ਹੈ ਕਿ ਮੁਸਲਮਾਨ ਆਬਾਦੀ ਦੀ ਦਹਾਕਾਈ ਵਾਧਾ ਦਰ ਵਿਚ ਕਾਫੀ ਕਮੀ ਆਈ ਹੈ।ਇਸ ਤੋਂ ਇਲਾਵਾ ਮੁਸਲਮਾਨਾਂ ਦਾ ਰੁਝਾਨ ਛੋਟੇ ਪਰਿਵਾਰਾਂ ਵਲ ਤੇਜੀ ਨਾਲ ਵਧਦਾ ਜਾ ਰਿਹਾ ਹੈ ।ਵਧਦੀ ਮੁਸਲਿਮ ਆਬਾਦੀ ਦੇ ਖਦਸ਼ੇ ਨੂੰ ਦਰ ਕਿਨਾਰ ਕਰਨ ਲਈ 91-92,98-99 ਅਤੇ 2005-੦6 ਦੌਰਾਨ ਹੋਏ ਪੰਜ ਸਾਲਾ ਰਾਸ਼ਟਰੀ ਪਰਿਵਾਰ ਸਵਸਥ ਸਰਵੇਖਣ(NFHS)ਵਲ ਨਜਰ ਮਾਰਨੀ ਪਵੇਗੀ। ਇਹਨਾਂ ਪੰਦਰਾਂ ਸਾਲਾਂ ਦੌਰਾਨ ਪਰਯਨਣ ਦਰ ,ਪਰਿਵਾਰ ਨਿਯੋਜਨ ,ਅਤੇ ਗਰਭ ਨਿਰੋਧਕ ਉਪਾਵਾਂ ਦੇ ਇਸਤੇਮਾਲ ਦੀ ਪ੍ਰੀਕਿਰਿਆ ਨੂੰ ਆਸਾਨੀ ਨਾਲ ਦੇਖ ਸਕਦੇ ਹਾਂ।ਇਹਨਾਂ ਸਰਵੇਖਣਾਂ ਦੌਰਾਨ ਕ੍ਰਮਵਾਰ ਹਿੰਦੂ ਔਰਤਾਂ ਦੀ ਪਰਯਨਣ ਦਰ (ਟੀ ਐਫ ਆਰ) 3।3,2 ।78ਅਤੇ 2।59 ਜਦੋਂ ਕਿ ਮੁਸਲਮਾਨ ਔਰਤਾਂ ਦੀ 4।4,3।59ਅਤੇ 3।4 ਦਰਜ ਕੀਤੀ ਗਈ।


ਐਨ ਐਫ ਐਚ ਐਸ ਦੇ ਅੰਕੜਿਆਂ ਤੋਂ ਸਾਫ਼ ਹੋ ਜਾਂਦਾ ਹੈ ਕਿ ਮੁਸਲਮਾਨਾਂ ਦੀ ਪਰਯਨਣ ਦਰ ਵਿਚ ਪਿਛਲੇ ਡੇਢ ਦਹਾਕੇ ਤੋਂ ਕਮੀ ਆਈ ਹੈ।ਇਹ ਅੰਕੜੇ ਕੁਝ ਕੱਟੜ ਵਾਦੀ ਤਾਕਤਾਂ ਵਲੋਂ ਮੁਸਲਮਾਨਾਂ ਖਿਲਾਫ਼ ਕੀਤੇ ਜਾ ਰਹੇ ਇਸ ਗੁੰਮਰਾਹਕੁੰਨਪ੍ਰਚਾਰ ਦਾ ਵੀ ਭੰਡਾ ਭੰਨਦੇ ਹਨ ਕਿ ਮੁਸਲਮਾਨ ਪਰਿਵਾਰ ਨਿਯੋਜਨ ਨੂੰ ਗੈਰ ਇਸਲਾਮੀ ਆਖ ਕੇ ਪੂਰੀ ਤਰਾਂ ਰੱਦ ਕਰਦੇ ਹਨ।ਉਪਰੋਕਤ ਤਿੰਨ ਸਰਵੇਖਣਾਂ ਦੇ ਅੰਕੜੇ ਸਾਬਤ ਕਰਦੇ ਹਨ ਕਿ ਮੁਸਲਮਾਨ ਔਰਤਾਂ ਪਰਿਵਾਰ ਨ੍ਯੋਜਨ ਦੇ ਆਧੁਨਿਕ ਤਰੀਕਿਆਂ ਨੂੰ ਆਪਣਾ ਹੀ ਨਹੀਂ ਰਹੀਆਂ ਸਗੋਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਵਾਲੀਆਂ ਔਰਤਾਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ।ਤਾਜਾ ਜਾਣਕਾਰੀ ਅਨੁਸਾਰ ਮੁਸਲਮਾਨਾਂ ਵਿਚ ਲਿੰਗ ਅਨੁਪਾਤ ਦੀ ਦਰ 1000:936 ਹੈ।ਅਰਥਾਤ ਜੇਕਰ ਸਾਰੀਆਂ ਔਰਤਾਂ ਦੀ ਸ਼ਾਦੀ ਹੋ ਜਾਵੇ ਤਾਂ 64 ਮਰਦ ਅਣਵਿਆਹੇ ਰਹਿ ਜਾਂਦੇ ਹਨ।ਜੇ ਇੱਕ ਮਰਦ ਇੱਕ ਤੋਂ ਵਧ ਵਿਆਹ ਕਰੇਗਾ ਤਾਂ ਜਿਆਦਾ ਗਿਣਤੀ ਵਿਚ ਮਰਦਾਂ ਦੇ ਵਿਆਹ ਨਹੀਂ ਹੋਣਗੇ।ਇਸ ਤਰਾਂ ਆਬਾਦੀ ਵਧਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਇੱਕ ਤੋਂ ਵਧ ਔਰਤਾਂ ਨਾਲ ਸ਼ਾਦੀ ਕਰਨ ਤੇ ਆਬਾਦੀ ਉਥੇ ਵਧਦੀ ਹੈ ਜਿਥੇ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵਧ ਹੋਵੇ।ਜੇਕਰ ਦੋਹਾਂ ਭਾਈਚਾਰਿਆਂ ਦੀ ਆਬਾਦੀ ਵਿਚ ਉੱਨੀ ਇੱਕੀ ਦਾ ਫਰਕ ਹੋ ਵੀ ਜਾਂਦਾ ਹੈ ਤਾਂ ਇਸ ਦੇ ਗਲਤ ਅਰਥ ਨਹੀਂ ਨਿਕਾਲਣੇ ਚਾਹੀਦੇ।ਦੋਹਾਂ ਭਾਈਚਾਰਿਆਂ ਦੀਆਂ ਔਰਤਾਂ ਦੀ ਗਿਣਤੀ ਅਤੇ ਪਰਯਨਣ ਦਰ ਵਿਚ ਸੰਤੁਲਨ ਬਣਿਆ ਹੋਇਆ ਹੈ।ਜੇ ਕਦੇ ਮੁਸਲਿਮ ਆਬਾਦੀ ਵਿਚ ਵਾਧਾ ਹੁੰਦਾ ਹੈ ਤਾਂ ਉਸ ਦੇ ਕੁਝ ਹੋਰ ਮਹਤਵਪੂਰਣ ਕਾਰਨ ਹਨ।

ਪੁਖਤਾ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦੂਆਂ ਦੇ ਮੁਕਾਬਲੇ ਮੁਸਲਮਾਨਾਂ ਦੀ ਔਸਤ ਉਮਰ ਤਿੰਨ ਸਾਲ ਵਧ ਹੈ।2005-੦6 ਦੌਰਾਨ ਹਿੰਦੂਆਂ ਦੀ 65 ਸਾਲ ਔਸਤ ਉਮਰ ਦੇ ਮੁਕਾਬਲੇ ਮੁਸਲਮਾਨਾਂ ਦੀ ਔਸਤ ਉਮਰ 68 ਸਾਲ ਸੀ ।ਇਸ ਤੋਂ ਇਲਾਵਾ ਪੰਜ ਸਾਲ ਤੋਂ ਘੱਟ ਉਮਰ ਦੇ ਹਿੰਦੂ ਬਚਿਆਂ ਦੀ ਔਸਤ ਮੌਤ ਦਰ ਜਿਥੇ 76 ਹੈ ਉਥੇ ਮੁਸਲਮਾਨਾਂ ਦੇ ਬੱਚਿਆਂ ਦੀ ਮੌਤ ਦਰ 70 ਹੈ(NFHS--3)।ਸੋ ਮੁਸਲਮਾਨਾਂ ਦੀ ਥੋੜੀ ਬਹੁਤ ਆਬਾਦੀ ਵਧਣ ਦਾ ਇੱਕ ਕਾਰਨ ਇਹ ਵੀ ਹੈ।ਆਬਾਦੀ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ ਪ੍ਰੰਤੂ ਇਸ ਦਾ ਹੱਲ ਇਹ ਨਹੀਂ ਜੋ ਸੰਘ ਪਰਿਵਾਰ ਵਾਲੇ ਦਸਦੇ ਹਨ।ਦੇਸ਼ ਦੀ ਆਬਾਦੀ ਉੱਤੇ ਕਾਬੂ ਪਾਉਣ ਲਈ ਸਿਖਿਆ ਦੇ ਪ੍ਰਚਾਰ ਅਤੇ ਪਰਸਾਰ ਨੂੰ ਦੇਸ਼ ਦੀਆਂ ਪਛੜੀਆਂ ਸਫਾਂ ਤੱਕ ਲਿਜਾਣਾ ਪਵੇਗਾ।ਪਲਸ ਪੋਲਿਓ ਮੁਹਿੰਮ ਦੀ ਤਰਜ ਤੇ ਪਰਿਵਾਰ ਨਿਯੋਜਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣੀ ਪਵੇਗੀ ਜਿਸ ਲਈ ਸਰਕਾਰਾਂ ਕੋਲ ਇਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ।

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ