ਜੇਲ੍ਹ-3
ਖਾਲਿਦ ਮੁਜਾਹਿਦ
ਅਨੁਵਾਦ: ਮਨਦੀਪ, +91 98764 42052
(ਨੋਟ :- ਸੀਮਾ ਅਜ਼ਾਦ ਜਮਹੂਰੀ ਹੱਕਾਂ ਦੀ ਹਾਮੀ ਵਾਲੀ ਇਕ ਨਿਧੱੜਕ ਪੱਤਰਕਾਰ ਹੈ। ਕੁਝ ਅਰਸਾ ਪਹਿਲਾਂ ਉਸਨੂੰ ‘ਦੁਨੀਆ ਦੀ ਸਭ ਤੋਂ ਵੱਡੀ ਜਹਮੂਰੀਅਤ’ ਕਹਾਉਣ ਵਾਲੇ ਰਾਜ ਪ੍ਰਬੰਧ ਨੇ ਜਮਹੂਰੀ ਹੱਕਾਂ ਲਈ ਅਵਾਜ਼ ਉਠਾਉਣ ਬਦਲੇ ਗੈਰ ਕਾਨੂੰਨੀ ਸਾਹਿਤ ਤੇ ਰਾਜ ਵਿਰੋਧੀ ਵਿਚਾਰ ਰੱਖਣ ਦੇ ਜੁਰਮ ’ਚ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਜੇਲ੍ਹ ਜੀਵਨ ਦੌਰਾਨ ਉਨ੍ਹਾਂ ਨੇ ਜੇਲ੍ਹ ਅੰਦਰ ਔਰਤਾਂ ਦੀ ਦਰਦਨਾਕ ਹਾਲਤ ਦਾ ਅੱਖੀਂ ਡਿੱਠਾ ਹਾਲ ਆਪਣੀ ਡਾਇਰੀ ਦੇ ਪੰਨਿਆਂ ਤੇ ਉਕਰਿਆ, ਜਿਸਨੂੰ ਅਸੀਂ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।- ਅਨੁਵਾਦਕ)
ਖਾਲਿਦ ਮੁਜਾਹਿਦ ਪੁਲਸੀਆ ਅੱਤਵਾਦ ਦੀ ਭੇਂਟ ਚੜ੍ਹ ਚੁੱਕਾ ਹੈ। ਪੰਜ ਸਾਲ ਦਾ ਨਰਕ ਦੇਖਣ ਬਾਅਦ ਜਦ ਉਸਨੇ ਬਾਹਰ ਦੀ ਦੁਨੀਆਂ ’ਚ ਆਉਣ ਦਾ ਸੁਪਨਾ ਵੇਖਣਾ ਸ਼ੁਰੂ ਹੀ ਕੀਤਾ ਸੀ, ਕਿ ਉਸਦੀ ਹੱਤਿਆ ਕਰ ਦਿੱਤੀ ਗਈ। ਉਸਦੀਆਂ ਅੱਖਾਂ ਦੇ ਸੁਪਨਿਆਂ ਦੇ ਨਾਲ, ਉਸ ਨਾਲ ਜੁੜੇ ਨਾ ਜਾਣੇ ਕਿੰਨੇ ਹੋਰ ਲੋਕਾਂ ਦੇ ਸੁਪਨੇ ਵੀ ਕਤਲ ਕਰ ਦਿੱਤੇ ਗਏ। ਇਹ ਪੂਰਾ ਘਟਨਾਕ੍ਰਮ ਜਿਸ ਤਰੀਕੇ ਨਾਲ ਘਟਿਆ ਹੈ ਉਸ ਨਾਲ ਇਹ ਸਮਝਣਾ ਬਹੁਤਾ ਮੁਸ਼ਕਲ ਨਹੀਂ ਹੈ ਕਿ ਉਸਦਾ ਕਤਲ ਕਿਉਂ ਅਤੇ ਕਿੰਨਾਂ ਲੋਕਾਂ ਨੇ ਕੀਤਾ ਹੈ। ਇਸ ਸਮੇਂ ਮੈਂ ਆਪਣੇ ਆਪ ਨੂੰ ਖਾਲਿਦ ਤੋਂ ਵੱਧ ਜੁੜਿਆ ਹੋਇਆ ਇਸ ਲਈ ਮਹਿਸੂਸ ਕਰ ਰਹੀ ਹਾਂ ਕਿਉਂ ਕਿ ਉਸਨੂੰ ਇਸ ਝੂਠੇ ਕੇਸ ’ਚ ਫਸਾਉਣ ਅਤੇ ਉਸਦੀ ਵਿਵੇਚਨਾ ਤੱਕ ’ਚ ਸਾਰੇ ਉਹ ਅਧਿਕਾਰੀ ਸ਼ਾਮਿਲ ਸਨ ਜੋ ਕਿ ਸਾਡੇ ਕੇਸ ’ਚ ਸਾਨੂੰ ਫਸਾਉਣ ’ਚ ਸ਼ਾਮਲ ਰਹੇ ਹਨ। ਐਸ ਟੀ ਐਫ ਦੇ ਸਿਪਾਹੀਆਂ ਤੋਂ ਲੈ ਕੇ ਏ ਟੀ ਐਸ ਦੇ ਅਧਿਕਾਰੀ ਮਨੋਜ ਕੁਮਾਰ ਝਾਅ, ਰਾਜੇਸ਼ ਸ੍ਰੀਵਾਸਤਵ ਜਾਂ ਪੁਲਸੀਆ ਰੋਹਬ ’ਚ ਹਰ ਵਕਤ ਡੁੱਬਿਆ ਰਹਿਣ ਵਾਲਾ ਬ੍ਰਿਜ ਲਾਲ।