(11 ਜਨਵਰੀ,1915-2015 ਸ਼ਤਾਬਦੀ ਵਰ੍ਹੇ ਨੂੰ ਸਮਰਪਿਤ)
11 ਜਨਵਰੀ, 1915 ਦਾ ਦਿਨ ਕੈਨੇਡਾ ਦੇ ਇਤਿਹਾਸ ਵਿੱਚ ਭਾਰਤੀਆਂ ਲਈ ਉਹ ਕਾਲਾ ਦਿਨ ਹੈ, ਜਿਸ ਦਿਨ ਹੱਕ, ਸੱਚ ਤੇ ਇਨਸਾਫ਼ ਦੀ ਲੜਾਈ ਲੜਨ ਵਾਲੇ ਜੁਝਾਰੂ ਦੇਸ਼ ਭਗਤ ਭਾਈ ਮੇਵਾ ਸਿੰਘ ਦੇ ਨਸਲਵਾਦੀ ਕਨੇਡੀਅਨ ਸਰਕਾਰ ਨੇ ਫਾਂਸੀ ਦਾ ਰੱਸਾ ਗਲ਼ ਵਿੱਚ ਪਾਇਆ ਸੀ। ਉਹ ਮੇਵਾ ਸਿੰਘ ਜੋ 1906 ਵਿੱਚ ਰੋਟੀ ਰੋਜ਼ੀ ਕਮਾਉਣ ਲਈ ਕੈਨੇਡਾ ਆਇਆ ਸੀ ਤੇ ਫਰੇਜ਼ਰ ਮਿੱਲ ਵਿੱਚ ਆ ਕੇ ਕੰਮ ਕਰਨ ਲੱਗ ਗਿਆ ਸੀ। ਉਹ ਬਹੁਤ ਹੀ ਮਿਹਨਤੀ ਤੇ ਸਾਊ ਸੁਭਾਅ ਦਾ ਇਨਸਾਨ ਸੀ। ਉਸ ਸਮੇਂ ਭਾਰਤੀਆਂ ਨੂੰ ਬਸਤੀਵਾਦੀ ਸਾਮਰਾਜ ਦੀ ਹੱਕੀ ਰਿਆਇਆ ਹੋਣ ਦੇ ਬਾਵਜੂਦ ਹਰ ਥਾਂ ਤੇ ਚਮੜੀ ਦੇ ਰੰਗ ਕਰਕੇ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ।ਇੱਥੋਂ ਤੱਕ ਕਿ ਲੋਕਾਂ ਦੀ ਅਵਾਜ਼ ਨੂੰ ਬੰਦ ਕਰਨ ਲਈ ਕਤਲੋਗਾਰਤ ਵੀ ਸ਼ੁਰੂ ਹੋ ਚੁੱਕੀ ਸੀ, ਜਿਸਦਾ ਸਿੱਟਾ ਗੁਰਦਵਾਰੇ ਵਰਗੇ ਪਵਿੱਤਰ ਸਥਾਨ ਤੇ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਨੂੰ ਸੈਂਕੜੇ ਲੋਕਾਂ ਦੇ ਸਾਹਮਣੇ ਦਿਨ ਦੁਪਹਿਰੇ ਹਾਪਕਿਨਸਨ ਦੀ ਸੱਜੀ ਬਾਂਹ ਬੇਲਾ ਸਿੰਘ ਗ਼ਦਾਰ ਨੇ ਕਤਲ ਕਰ ਦਿੱਤਾ ਸੀ ਤੇ ਕਾਤਲ ਬਾਘੀਆਂ ਪਾਉਂਦੇ ਫਿਰ ਰਹੇ ਸਨ, ਕਿਉਂਕਿ ਉਹਨਾਂ ਦਾ ਕਤਲ ਦੇ ਕੇਸ ਵਿੱਚੋਂ ਬਰੀ ਹੋਣਾ ਨਿਸ਼ਚਤ ਸੀ। ਉਹ ਤਾਂ ਸਿਰਫ ਹਾਪਕਿਨਸਨ, ਮੈਲਕਮ ਰੀਡ ਤੇ ਸਟੀਵਨਜ਼ ਦੇ ਹੱਥ ਠੋਕੇ ਸਨ। ਇਸਤੋਂ ਪਹਿਲਾਂ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਨਾਲ ਅਣਮਨੁੱਖੀ ਵਰਤਾਓ ਕਰਕੇ ਉਸ ਸਮੇਂ ਦੀ ਸਰਕਾਰ ਚੰਮ ਦੀਆਂ ਚਲਾ ਰਹੀ ਸੀ। ਕੋਈ ਵੀ ਦੂਰ ਅੰਦੇਸ਼ ਦੇਸ਼ ਭਗਤ ਅੱਖਾਂ ਮੀਚ ਕੇ ਹਰ ਰੋਜ਼ ਹੋ ਰਹੀ ਦੁਰਦਸ਼ਾ ਨਹੀਂ ਸੀ ਦੇਖ ਸਕਦਾ। ਉਸਦੇ ਕਹਿਣ ਮੁਤਾਬਕ ਉਸਦੀ ਜਾਗਦੀ ਜ਼ਮੀਰ ਉਸਨੂੰ ਅਰਾਮ ਨਾਲ ਸੌਣ ਨਹੀਂ ਸੀ ਦਿੰਦੀ।