ਆਈ ਐਸ : ਬੀਜੀ ਫਸਲ ਕੱਟ ਰਹੇ ਨੇ ਪੱਛਮੀ ਮੁਲਕ -ਯੋਹਨਾਨ ਚੇਮਰਾਪੱਲੀ
Posted on:- 17-10-2014
ਅਖੌਤੀ ਇਸਲਾਮੀ ਰਾਜ (ਆਈ ਐਸ) ਵੱਲੋਂ ਜਿਸ ਨੂੰ ਇਸ ਤੋਂ ਪਹਿਲਾਂ ਆਈ.ਐਸ.ਆਈ.ਐਲ ਅਤੇ ਆਈ.ਐਸ.ਆਈ.ਐਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਤਿੰਨ ਪੱਛਮ ਵਾਸੀਆਂ ਦਾ ਸਿਰ ਧੜ੍ਹ ਤੋਂ ਅਲੱਗ ਕਰ ਦਿੱਤੇ ਜਾਣ ਦੀ ਨਿਰਦਈ ਘਟਨਾ ਤੋਂ ਬਾਅਦ, ਇਕ ਵਾਰ ਫਿਰ ਇਰਾਕ ਵਿੱਚ ਵੱਡੇ ਪੱਧਰ ’ਤੇ ਅਮਰੀਕੀ ਫੌਜੀ ਦਖ਼ਲ ਦੀ ਨੌਬਤ ਆ ਗਈ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਅਮਰੀਕਾ ਨੇ ਆਪਣੀ ਘਰੇਲੂ ਸੁਰੱਖਿਆ ਨੂੰ ਆਈਐਸ ਦੁਆਰਾ ਉਤਪੰਨ ਅਖੌਤੀ ਖ਼ਤਰਿਆਂ ਦਾ ਬਹਾਨਾ ਬਣਾਕੇ, ਆਪਣੇ ਫੌਜੀ ਯੂਨਿਟਾਂ ਨੂੰ ਸੀਰੀਆ ਤੱਕ ਫੈਲਾ ਦਿੱਤਾ ਹੈ। ਇਸ ਦੇ ਨਾਲ ਅਮਰੀਕਾ ਵਿੱਚ ਸੱਜੇਪੱਖੀਆਂ ਨੇ ਇਕ ਸੁਰ ਵਿੱਚ ਇਸ ਸਮੁੱਚੇ ਖ਼ੇਤਰ ’ਚ ਬਕਾਇਦਾ ਫੌਜੀ ਦਖ਼ਲ-ਅੰਦਾਜ਼ੀ ਦੀ ਮੰਗ ਦੀ ਆਵਾਜ਼ ਉੱਚੀ ਕਰ ਦਿੱਤੀ ਹੈ।
ਸਿਰ ਧੜ੍ਹ ਤੋਂ ਅਲੱਗ ਕਰਨ ਦੀ ਜੋ ਵੀਡੀਓ ਆਈਐਸ ਵੱਲੋਂ ਜਾਰੀ ਕੀਤੀ ਗਈ ਸੀ, ਉਸ ਵਿੱਚ ਸਿਰ ਕਲਮ ਕਰਨ ਦੀ ਕਾਰਵਾਈ ਇਕ ਨਕਾਬਧਾਰੀ ਕਰਦਾ ਦਿਖਾਈ ਦੇ ਰਿਹਾ ਹੈ, ਜੋ ਬਹੁਤ ਹੀ ਸ਼ੁੱਧ ਬਿ੍ਰਟਿਸ਼ ਉਚਾਰਨ ਨਾਲ ਅੰਗਰੇਜ਼ੀ ਬੋਲਦਾ ਸੁਣਿਆ ਗਿਆ।
ਬੇਸ਼ਕ ਇਹ ਗੱਲ ਆਮ ਜਾਣਕਾਰੀ ਵਿੱਚ ਰਹੀ ਹੈ ਕਿ ਹਜ਼ਾਰਾਂ ਦੀ ਸੰਖਿਆ ਵਿੱਚ ਪੱਛਮ ਵਾਸੀ, ਸੀਰੀਆ ਅਤੇ ਇਰਾਕ ਵਿੱਚ ਲੜ ਰਹੀਆਂ ਜਿਹਾਦੀ ਤਾਕਤਾਂ ਵਿੱਚ ਸ਼ਾਮਲ ਹੋ ਚੁੱਕੇ ਹਨ। ਬਹਰਹਾਲ, ਪੱਛਮੀ ਸਰਕਾਰਾਂ ਨੇ ਹੁਣ ਇਸ ਸਚਾਈ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ ਹੈ।
ਉੱਤਰੀ ਤੇ ਮੱਧ ਇਰਾਕ ਵਿੱਚ ਆਈਐਸ ਦੀਆਂ ਸੈਨਾਵਾਂ ਦੇ ਤੇਜ਼ੀ ਨਾਲ ਅੱਗੇ ਵਧਣ ਅਤੇ ਸੁਰੱਖਿਆ ਫੋਰਸਾਂ ਵੱਲੋਂ ਬੰਨ੍ਹਾਂ ਤੇ ਤੇਲ ਖੂਹਾਂ ਵਰਗੀਆਂ ਮਹੱਤਵਪੂਰਨ ਸੰਪਤੀਆਂ ’ਤੇ ਆਪਣਾ ਨਿਯੰਤਰਣ ਕਾਇਮ ਕੀਤੇ ਜਾਣ ਬਾਅਦ ਵੀ, ਸ਼ੁਰੂਆਤ ਵਿੱਚ ਓਬਾਮਾ ਪ੍ਰਸ਼ਾਸਨ ਦੀ ਪ੍ਰਤੀਕ੍ਰਿਆ ਢਿੱਲੀ ਹੀ ਰਹੀ ਸੀ। ਸ਼ੁਰੂ ਵਿੱਚ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉੱਤਰੀ ਇਰਾਕ ਦਾ ਕੁਰਦ ਪ੍ਰਸ਼ਾਸਨ ਅਤੇ ਆਈਐਸ ਵਿਚਕਾਰ ਕਿਸੇ ਨਾ ਕਿਸੇ ਤਰ੍ਹਾਂ ਦਾ ਤਾਲਮੇਲ ਹੈ। ਇੱਧਰ ਆਈਐਸ ਦੀਆਂ ਸੈਨਾਵਾਂ ਨੇ ਮੋਸੂਲ ’ਤੇ ਕਬਜ਼ਾ ਕਰ ਲਿਆ, ਤੇ ਦੂਜੇ ਪਾਸੇ ਕੁਰਦਿਸ਼ ਬਲਾਂ ਨੇ ਵਿਵਾਦਤ ਤੇਲ ਪੱਖੋਂ ਧਨੀ ਸ਼ਹਿਰ, ਕਿਰਕੁੱਕ ਤੋਂ ਇਰਾਕੀ ਸਰਕਾਰ ਦੀਆਂ ਫੌਜਾਂ ਨੂੰ ਬਾਹਰ ਕੱਢ ਦਿੱਤਾ। ਬਹਰਹਾਲ, ਇਨ੍ਹਾਂ ਤਾਕਤਾਂ ਦਾ ਇਹ ਗਠਜੋੜ ਜੋ ਕਿ ਇਸ ਖੇਤਰ ਦੇ ਅਨੇਕ ਜਾਣਕਾਰਾਂ ਅਨੁਸਾਰ ਅਜਿਹਾ ਮੌਕਾਪ੍ਰਸਤਗਠਜੋੜ ਸੀ, ਜਿਸ ਦਾ ਜਲਦ ਹੀ ਟੁੱਟਣਾ ਯਕੀਨੀ ਸੀ, ਥੋੜੇ ਹੀ ਦਿਨ ਚੱਲ ਸਕਿਆ। ਆਈਐਸ ਨੇ ਜਲਦ ਹੀ ਉੱਤਰੀ ਇਰਾਕ ਦੇ ਕੁਰਦ ਕਬਜ਼ੇ ਵਾਲੇ ਇਲਾਕਿਆਂ ਅਤੇ ਅਤੇ ਇਰਾਕ ਦੇ ਇਕ ਹੋਰ ਤੇਲ ਪ੍ਰਧਾਨ ਸ਼ਹਿਰ, ਇਰਬਲ, ’ਤੇ ਕਬਜ਼ੇ ਲਈ ਆਪਣਾ ਰੁਖ ਮੋੜ ਲਿਆ। ਅਮਰੀਕੀਆਂ ਦੇ ਹਿਸਾਬ ਨਾਲ ਇਸ ਦੇ ਨਾਲ ਹੀ ਆਈਐਸ, ਇਰਾਕ ਵਿੱਚ ‘ਲਕਸ਼ਮਣ ਰੇਖਾ’ ਨੂੰ ਪਾਰ ਕਰ ਗਏ।
ਯਾਦ ਰਹੇ ਕਿ ਇਬਰਲ ਕੁਰਦ ਪ੍ਰਸ਼ਾਸਿਤ ਉੱਤਰੀ ਇਰਾਕ ਦੀ ਰਾਜਧਾਨੀ ਹੈ। ਐਕਸਨ ਮੋਬਿਲ ਵਰਗੀਆਂ ਵੱਡੀਆਂ ਅਮਰੀਕੀ ਕੰਪਨੀਆਂ ਨੇ ਇਥੇ ਆਪਣੇ ਖੇਤਰੀ ਦਫਤਰ ਸਥਾਪਿਤ ਕਰ ਰੱਖੇ ਹਨ। ਸਚਾਈ ਇਹ ਹੈ ਕਿ ਕੁਰਦ ਕੰਟਰੋਲ ਵਾਲੇ ਉੱਤਰੀ ਇਰਾਕ ਲਈ ਆਈਐਸ ਤੋਂ ਪੈਦਾ ਹੋ ਗਏ ਖ਼ਤਰੇ ਨੇ ਹੀ ਵਾਇਟ ਹਾਊਸ ਨੂੰ ਇਸ ਦੇ ਲਈ ਉਕਸਾਇਆ ਕੀਤਾ ਸੀ ਕਿ ਵੱਡੇ ਪੱਧਰ ’ਤੇ ਆਪਣੀ ਹਵਾਈ ਸੈਨਾ ਨੂੰ ਤੈਨਾਤ ਕਰੇ।
ਉੱਤਰੀ ਇਰਾਕ ਦੀ ਕੁਰਦ ਲੀਡਰਸ਼ਿਪ ਲੰਬੇ ਸਮੇਂ ਤੋਂ ਪੱਛਮ ਦੀ ਸਹਿਯੋਗੀ ਰਹੀ ਹੈ। ਸੁਤੰਤਰ ਕੁਰਦਸਤਾਨ ਬਣ ਗਿਆ ਤਾਂ ਇਹ ਉਸੇ ਤਰ੍ਹਾਂ ਵਾਸ਼ਿੰਗਟਨ ਦਾ ਸਥਾਈ ਮਿੱਤਰ ਸਾਬਿਤ ਹੋਵੇਗਾ, ਜਿਵੇਂ ਇਸੇ ਹੀ ਖੇਤਰ ਦਾ ਇੱਕ ਛੋਟਾ ਜਿਹਾ ਪਰ ਤਾਕਤਵਰ ਮੁਲਕ, ਇਸਰਾਇਲ ਸਾਬਿਤ ਹੋ ਰਿਹਾ ਹੈ। ਇਸ ਤਰ੍ਹਾਂ, ਅਮਰੀਕਾ ਦੇ ਕੋਲ ਸੈਨਿਕ ਦਖ਼ਲ ਕਰਨ ਤੋਂ ਬਗੈਰ ਕੋਈ ਬਦਲ ਨਹੀਂ ਰਹਿ ਗਿਆ ਸੀ। ਆਖ਼ਿਰ ਉਸ ਨੂੰ ਇਰਾਕ ਵਿੱਚ ਆਪਣੇ ਇਕਲੌਤੇ ਰਾਜਨੀਤਕ ਸਹਿਯੋਗੀ ਸ਼ਾਸਨ ਨੂੰ, ਜਾਹਿਰ ਹੈ ਕਿ ਉੱਤਰੀ ਇਰਾਕ ਵਿੱਚ ਆਪਣੇ ‘‘ਵਿਸ਼ੇਸ਼ ਹਿੱਤਾਂ’’ ਨੂੰ, ਸੁਰੱਖਿਅਤ ਜੋ ਕਰਨਾ ਸੀ।
ਇਸ ਤਰ੍ਹਾਂ, ਅਮਰੀਕਾ ਨੇ ਆਪਣੀ ਹਵਾਈ ਫੌਜ ਦਾ ਸਹਾਰਾ ਲੈ ਕੇ, ਉਨ੍ਹਾਂ ਹਜ਼ਾਰ ਯਜ਼ੀਦੀਆਂ ਦੇ ਲਈ ਭੋਜਨ ਸਮੱਗਰੀ ਵੀ ਸੁੱਟੀ, ਜੋ ਆਈਐਸ ਦੇ ਹਮਲਿਆਂ ਤੋਂ ਬਚਣ ਲਈ ਇਕ ਪਹਾੜ ਦੀ ਚੋਟੀ ’ਤੇ ਚੜ੍ਹ ਕੇ ਬੈਠੇ ਸਨ। ਯਾਦ ਰਹੇ ਕਿ ਆਈਐਸ ਦੁਆਰਾ ਨਿਯੰਤਰਿਤ ਵਿਸ਼ਾਲ ਖੇਤਰ ਵਿੱਚ ਵਸਦੇ ਸਾਰੇ ਗ਼ੈਰ ਸੁੰਨੀਆਂ ਨੂੰ ਇਸ ਨਿਜ਼ਾਮ ਦਾ ਤਸੱਦਦ ਝੱਲਣਾ ਪਿਆ ਹੈ। ਅਸਲੀਅਤ ਵਿੱਚ ਯਜ਼ੀਦੀਆਂ ਤਾਂ, ਜੋ ਮੋਸੂਲ ਵਿੱਚ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਗ਼ੈਰ ਮੁਸਲਿਮ ਮੰਨਿਆ ਜਾਂਦਾ ਹੈ, ਇਹ ਅਲਟੀਮੇਟਮ ਹੀ ਦੇ ਦਿੱਤਾ ਗਿਆ ਸੀ ਕਿ ਆਪਣੇ ਧਰਮ ਨੂੰ ਤਿਆਗ ਦਿਓ, ਜੋ ਕਿ ਅਸਲੀਅਤ ਵਿੱਚ ਇਸਾਈਆਂ ਦੇ ਓਲਡ ਟੈਸਟਾਮੇਟ, ਜੋਰੋਸਿਟਰੀਅਨ ਧਰਮ ਅਤੇ ਇਸਲਾਮੀ ਵਿਸ਼ਵਾਸਾਂ ਦਾ ਮਿਲਿਆ ਜੁਲਿਆ ਰੂਪ ਸੀ। ਬਹਰਹਾਲ, ਇਸਲਾਮਵਾਦੀ ਲੜਾਕਿਆਂ ਨੇ ਤਾਂ ਉਨ੍ਹਾਂ ਨੂੰ ‘ਸ਼ੈਤਾਨ ਦੀ ਪੂਜਾ ਕਰਨ ਵਾਲਾ’’ ਵੀ ਕਹਿ ਦਿੱਤਾ ਸੀ।
ਇਹ ਇੱਕ ਦਿਲਚਸਪ ਤੱਥ ਹੈ ਕਿ ਮਾਊਂਟ ਸਿੰਜਰ ’ਤੇ ਫਸੇ ਕੁਝ ਹਜ਼ਾਰ ਯਜ਼ੀਦੀਆਂ ਦੀਆਂ ਤਕਲੀਫ਼ਾਂ ਤੇ ਉਨ੍ਹਾਂ ਨੂੰ ਰਾਹਤ ਪਹੁੰਚਾਉਣ ਦੀ ਅਮਰੀਕਾ ਦੀ ਕੋਸ਼ਿਸ਼ ਨੂੰ ਠੀਕ ਉਸ ਸਮੇਂ ਅਮਰੀਕੀ ਮੀਡੀਆ ਵਿੱਚ ਸਭ ਤੋਂ ਪ੍ਰਮੁੱਖ ਖ਼ਬਰ ਬਣਾਇਆ ਜਾ ਰਿਹਾ ਸੀ, ਜਦੋਂ ਇਸਰਾਇਲ ਗਾਜ਼ਾ ਪੱਟੀ ’ਤੇ ਬੰਬ ਸੁੱਟਕੇ ਉਸ ਨੂੰ ਮਲਬੇ ਵਿੱਚ ਤਬਦੀਲ ਕਰਨ ਵਿੱਚ ਲੱਗਿਆ ਹੋਇਆ ਸੀ, ਇਹ ਵੀ ਦਿਲਚਸਪ ਹੈ ਕਿ ਆਈਐਸ ਨੇ ਤਾਂ ਇੱਕ ਹੋਰ ਘੱਟ ਗਿਣਤੀ ਸਮੂਹ, ਤੁਰਕਮੇਨ ਨੂੰ ਵੀ ਉਸੇ ਤਰ੍ਹਾਂ ਹੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਸੀ, ਉਨ੍ਹਾਂ ਦੀ ਦੁਰਦਸ਼ਾ ਨੂੰ ਉਸ ਤਰ੍ਹਾਂ ਉਭਾਰਨ ਦੀ ਪੱਛਮ ਨੂੰ ਜ਼ਰੂਰਤ ਮਹਿਸੂਸ ਹੀ ਨਹੀਂ ਹੋਈ।
ਓਬਾਮਾ ਪ੍ਰਸ਼ਾਸਨ ਨੇ ਖੁੱਲ੍ਹ ਕੇ ਮੁਸੀਬਤ ਦੀ ਮਾਰੀ ਇਰਾਕੀ ਸੈਨਾ ਦੀ ਮਦਦ ਕਰਨਾ ਮਨਜ਼ੂਰ ਨਹੀਂ ਕੀਤਾ ਹੈ, ਜਿਸ ਦੇ ਹੱਥੋਂ ਇੱਕ ਤੋਂ ਬਾਅਦ ਇੱਕ ਫਲੂਜਾ, ਟਿਕਰਿਤ, ਕਿਰਕੁੱਕ ਤੇ ਮੋਸੂਲ ਵਰਗੇ ਮਹੱਤਵਪੂਰਨ ਸ਼ਹਿਰ ਨਿਕਲ ਗਏ ਹਨ। ਆਈਐਸ ਨੇ ਜਿਸ ਅਖੌਤੀ ਇਸਲਾਮੀ ਰਾਜ ਦੀ ਘੋਸ਼ਣਾ ਕੀਤੀ ਹੈ, ਫਲੂਜਾ ਨੂੰ ਉਸ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ ਹੈ। ਉਧਰ ਵਾਸ਼ਿੰਗਟਨ ਨੇ, ਇਰਾਕ ਅੱਜ ਜਿਸ ਦਲਦਲ ਵਿੱਚ ਫਸ ਗਿਆ ਹੈ ਉਸ ਦੇ ਲਈ, ਇਰਾਕ ਦੇ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਸਲੀਅਤ ਵਿੱਚ ਮੋਸੂਲ ਦੇ ਆਈਐਸ ਦੇ ਹੱਥਾਂ ਵਿੱਚ ਜਾਣ ਦੇ ਨਾਲ ਮਲਿਕੀ ਦੀ ਰਾਜਨੀਤਕ ਕਿਸਮਤ ਦਾ ਫੈਸਲਾ ਵੀ ਹੋ ਗਿਆ ਅਤੇ ਉਸ ਨੂੰ ਇੱਕ ਤਰ੍ਹਾਂ ਨਾਲ ਮੈਦਾਨ ਹੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਗਿਆ। ਵਾਸ਼ਿੰਗਟਨ ਨੇ ਇਰਾਕ ’ਤੇ ਆਪਣਾ ਕਬਜ਼ਾ ਬਣਾਈ ਰੱਖਣ ਲਈ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਦੀ ਖੁੱਲ੍ਹ ਕੇ ਵਰਤੋਂ ਕੀਤੀ। ਪ੍ਰਧਾਨ ਮੰਤਰੀ ਮਲਿਕੀ ਨੂੰ ਲਗਾਤਰ ਦੋ ਕਾਰਜਕਾਲ ਤੱਕ ਇਸ ਅਹੁਦੇ ’ਤੇ ਰਹਿਣ ਤੋਂ ਬਾਅਦ ਤੀਸਰੇ ਕਾਰਜਕਾਲ ਲਈ ਆਪਣੀ ਦਾਅਵੇਦਾਰੀ ਉਦੋਂ ਛੱਡਣੀ ਪਈ ਜਦੋਂ ਉਸ ਦੇ ਅਨੇਕ ਸਹਿਯੋਗੀਆਂ ਨੇ ਉਸ ਦਾ ਸਾਥ ਛੱਡ ਦਿੱਤਾ ਜਿਸ ਵਿੱਚ ਸ਼ੀਆ ਧਰਮ ਗੁਰੂ ਇਆਤੁਲਾ ਅਲੀ ਸਿਸਤਾਨੀ ਵੀ ਸ਼ਾਮਲ ਸਨ। ਨਵੇਂ ਪ੍ਰਧਾਨ ਮੰਤਰੀ ਹੈਦਰ ਅਬ ਆਬਦੀ ਨੂੰ ਵਾਸ਼ਿੰਗਟਨ ਅਤੇ ਤਹਿਰਾਨ ਦੋਹਾਂ ਦਾ ਹੀ ਸਮਰਥਨ ਹਾਸਲ ਹੈ। ਇਰਾਕ ਦੇ ਨਵੇਂ ਬਣੇ ਰਾਸ਼ਟਰਪਤੀ ਫੋਆਦ ਮਾਸੂਮ ਨੇ, ਜੋ ਖੁਦ ਇਰਾਕੀ ਕੁਰਦ ਹੈ, ਹੈਰਾਨੀ ਭਰੇ ਤਰੀਕੇ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਬਦੀ ਨੂੰ ਚੁਣਿਆ ਸੀ। ਜ਼ਾਹਿਰ ਹੈ ਕਿ ਇਸ ਚੋਣ ਵਿੱਚ ਅਮਰੀਕੀਆਂ ਦੀ ਮਹੱਤਵਪੂਰਨ ਭੂਮਿਕਾ ਸੀ।
ਯਾਦ ਰਹੇ ਕਿ ਵਾਸ਼ਿੰਗਟਨ ਦੇ ਹਿਸਾਬ ਨਾਲ ਮਲਿਕੀ, ਤਹਿਰਾਨ ਦੇ ਕੁਝ ਜ਼ਿਆਦਾ ਹੀ ਨਜ਼ਦੀਕ ਸੀ। ਉਹ ਇਹ ਮੰਨ ਕੇ ਚੱਲ ਰਹੇ ਹਨ ਕਿ ਆਬਦੀ, ਜਿਹੜਾ ਪੱਛਮ ਵਿੱਚ ਪੜ੍ਹਿਆ ਲਿਖਿਆ ਹੈ। ਅਮਰੀਕਾ ਦੀਆਂ ਮੰਗਾਂ ਪ੍ਰਤੀ ਕੁਝ ਜ਼ਿਆਦਾ ਹੀ ਸਾਕਾਰਾਤਮਕ ਰੁਖ ਅਪਣਾਵੇਗਾ। ਬਹਰਹਾਲ, ਆਬਦੀ ਦੇ ਸਾਹਮਣੇ ਬਹੁਤੀ ਮੁਸ਼ਕਿਲ ਚੁਣੌਤੀ ਹੈ ਕਿਉਂਕਿ ਕੁਰਦ ਵੱਧ ਤੋਂ ਵੱਧ ਰਿਆਇਤਾਂ ਮੰਗ ਰਹੇ ਹਨ ਅਤੇ ਦੂਜੇ ਪਾਸੇ ਸੁੰਨੀ ਲੀਡਰਸ਼ਿਪ ਇਰਾਕ ਦੀਆਂ ਨਵੀਆਂ ਰਾਜਨੀਤਕ ਹਕੀਕਤਾਂ ਨੂੰ ਪਹਿਚਾਨਣ ਲਈ ਵੀ ਤਿਆਰ ਨਹੀਂ ਹੈ।
ਬੇਸ਼ਕ ਤਹਿਰਾਨ ਦੀ ਲੀਡਰਸ਼ਿਪ, ਸੀਰੀਆ ਅੰਦਰ ਆਈਐਸ ਦੇ ਟਿਕਾਣਿਆਂ ’ਤੇ ਹਮਲੇ ਕਰਨ ਦੀਆਂ ਇਸ ਸਮੇਂ ਅਮਰੀਕਾ ਵਿੱਚ ਚੱਲ ਰਹੀਆਂ ਚਰਚਾਵਾਂ ’ਤੇ ਮੁਸਕਰਾ ਰਹੀ ਹੈ। ਅਮਰੀਕੀ ਜੁਆਇੰਟ ਚੀਫਸ ਆਫ ਸਟਾਫ, ਜਨਰਲ ਮਾਰਟਿਨ ਡੈਂਪਸੀ ਨੇ 21 ਅਗਸਤ ਨੂੰ ਕਿਹਾ ਸੀ ਕਿ ਆਈਐਸ ਨੂੰ ਤਦ ਹੀ ਹਰਾਇਆ ਜਾ ਸਕਦਾ ਹੈ ਜੇਕਰ (ਉਸ ਦੇ) ਸੰਗਠਨ ਦੇ ਸੀਰੀਆ ’ਚ ਸਥਿਤ ਹਿੱਸੇ ਨਾਲ ਨਿਪਟਿਆ ਜਾਵੇ।
ਇਸ ਖੇਤਰ ਵਿੱਚ ਅਮਰੀਕਾ ਦੇ ਸਹਿਯੋਗੀਆਂ, ਖਾਸ, ਤੌਰ ’ਤੇ ਸਾਉਦੀ ਅਰਬ ਅਤੇ ਕਤਰ ਤੋਂ, ਆਇਆ ਪੈਸਾ ਬਹੁਤ ਵੱਡੇ ਪੱਧਰ ’ਤੇ, ਪ੍ਰਤੱਖ ਜਾਂ ਅਪ੍ਰਤੱਖ ਤਰੀਕਿਆਂ ਨਾਲ, ਆਈਐਸ ਦੇ ਖ਼ਜ਼ਾਨਿਆਂ ਵਿੱਚ ਪਹੁੰਚਦਾ ਰਿਹਾ ਹੈ। ਉਸ ਸਮੇਂ ਜਦੋਂ ਕਿ ਇਸ ਤਰ੍ਹਾਂ ਦੀ ਮਦਦ ਦੇ ਜ਼ੋਰ ’ਤੇ ਹੀ ਆਈਐਸ ਨੇ, ਸੀਰੀਆਈ ਸਰਕਾਰ ਖਿਲਾਫ਼ ਬਹੁਤ ਹੀ ਮਾਰੂ ਤਾਕਤ ਦੇ ਰੂਪ ਵਿੱਚ ਆਪਣਾ ਵਿਕਾਸ ਕੀਤਾ, ਪੂਰੇ ਦੋ ਸਾਲਾਂ ਤੋਂ ਵਧੇਰੇ ਵਾਸ਼ਿੰਗਟਨ ਸਿਰਫ਼ ਤਮਾਸ਼ਾ ਵੇਖਦਾ ਰਿਹਾ ਸੀ। ਹਾਂ ਅਗਸਤ ਮਹੀਨੇ ਦੇ ਅਖ਼ੀਰ ਵਿੱਚ ਜ਼ਰੂਰ ਕਤਰ ਦੀ ਸਰਕਾਰ ਨੂੰ ਇਸ ਸਬੰਧੀ ਬਿਆਨ ਜਾਰੀ ਕਰਨਾ ਪਿਆ ਕਿ ਉਸ ਨੇ ਆਈ.ਐਸ. ਨੂੰ ਨਾ ਤਾਂ ਕੋਈ ਪੈਸਾ ਦਿੱਤਾ ਸੀ ਅਤੇ ਨਾ ਉਸ ਦਾ ਸਮਰਥਨ ਕਰਦੀ ਹੈ।
ਬਹਰਹਾਲ, ਅਜਿਹਾ ਲੱਗਦਾ ਹੈ ਕਿ ਪੱਛਮ ਵੱਲੋਂ ਆਪਣੀ ਬੀਜੀ ਹੋਈ ਫਸਲ ਕੱਟਣ ਦਾ ਵਕਤ ਆ ਗਿਆ ਹੈ। ਅਗਸਤ ਦੇ ਆਖ਼ਰੀ ਹਫ਼ਤੇ ਵਿੱਚ ਆਈਐਸ ਨੇ ਬਗਦਾਦ, ਕਿਰਕੁੱਕ ਅਤੇ ਇਰਬਲ ਵਿੱਚ ਇਕੋ ਸਮੇਂ ਵਿਸਫੋਟ ਕਰਵਾਏ ਜਿਨ੍ਹਾਂ ਵਿੱਚ ਸੌ ਤੋਂ ਵਧੇਰੇ ਮੌਤਾਂ ਹੋਈਆਂ। ਦਿਆਲਾ ਪਿੰਡ ਵਿੱਚ ਐਮ ਮਸਜਿਦ ’ਚ ਨਮਾਜ਼ ਪੜ੍ਹਦੇ ਹੋਏ ਸੱਤਰ ਤੋਂ ਵਧੇਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਆਈ ਐਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਫਿਰਕਿਆਂ ਵਿਚਕਾਰ ਖਾਈ ਇੰਨੀ ਡੂੰਘੀ ਕਰ ਦਿੱਤੀ ਜਾਵੇ ਕਿ ਉਸ ਨੂੰ ਫਿਰ ਕਦੇ ਪੂਰਿਆ ਹੀ ਨਾ ਜਾ ਸਕੇ।
ਇਸ ਦੌਰਾਨ ਇਰਾਕੀ ਸੈਨਾ, ਆਪਣੀ ਪਹਿਲਾਂ ਦੀ ਤਾਕਤ ਦਾ ਪ੍ਰਛਾਵਾਂ ਮਾਤਰ ਰਹਿ ਗਈ ਹੈ। ਅਸਲ ਵਿੱਚ ਦੋ ਹਜ਼ਾਰ ਤਿੰਨ ਵਿੱਚ ਇਰਾਕ ’ਤੇ ਕਬਜ਼ਾ ਕਰਨ ਤੋਂ ਬਾਅਦ ਅਮਰੀਕੀਆਂ ਨੇ ਪਹਿਲਾਂ ਕੰਮ ਤਾਂ ਇਰਾਕੀ ਸੈਨਾ ਨੂੰ ਭੰਗ ਕਰਨ ਦਾ ਹੀ ਕੀਤਾ ਸੀ। ਪਹਿਲਾਂ ਖਾੜੀ ਯੁੱਧ, ਅਤੇ ਉਸ ਤੋਂ ਬਾਅਦ ਥੋਪੀਆਂ ਗਈਆਂ ਦਮਨਕਾਰੀ ਪਾਬੰਦੀਆਂ ਨੇ ਪਹਿਲਾਂ ਹੀ ਇਰਾਕੀ ਸੈਨਾ ਨੂੰ ਭਾਰੀ ਸੱਟ ਮਾਰੀ ਸੀ ਹੁਣ ਇਰਾਕੀ ਸੈਨਾ ਨੂੰ ਭੰਗ ਕਰਨ ਤੋਂ ਬਾਅਦ, ਇਰਾਕੀ ਹਵਾਈ ਸੈਨਾ ਨੂੰ, ਕਿਉਂਕਿ ਉਹ ਇਸ ਖੇਤਰ ਵਿੱਚ ਸਭ ਤੋਂ ਸਮਰਥ ਹਵਾਈ ਸੈਨਾ ਮੰਨੀ ਜਾਂਦੀ ਸੀ, ਹਮੇਸ਼ਾ ਲਈ ਖ਼ਤਮ ਹੀ ਕਰ ਦਿੱਤਾ ਗਿਆ ਅਤੇ ਅਮਰੀਕੀ ਕਬਜ਼ੇ ਵਾਲੀਆਂ ਫੌਜਾਂ ਦੀ ਦੇਖ-ਰੇਖ ਵਿੱਚ ਜਿਹੜੀ ਨਵੀਂ ਇਰਾਕੀ ਸੈਨਾ ਦਖਲ ਕੀਤੀ ਗਈ, ਇੱਕ ਫੌਜੀ ਸਾਜੋ ਸਾਮਾਨ ਦੀ ਕਮੀ ਦੀ ਮਾਰੀ, ਗੈਰ ਅਨੁਸਾਸ਼ਿਤ ਅਤੇ ਭਿ੍ਰਸ਼ਟ ਅਫਸਰਾਂ ਵੱਲੋਂ ਚਲਾਈ ਜਾਣ ਵਾਲੀ ਸੈਨਾ ਦੇ ਰੂਪ ਵਿੱਚ ਸਾਹਮਣੇ ਆਈ ਹੈ। ਮੌਜੂਦਾ ਘਟਨਾਵਾਂ ਨੇ ਦਿਖਾ ਦਿੱਤਾ ਹੈ ਕਿ ਇਹ ਫੌਜ ਲਗਣ ਦੇ ਵੀ ਲਾਇਕ ਹੀ ਨਹੀਂ ਹੈ। ਇਰਾਕ ਵਿੱਚ ਆਈਐਸ ਦੇ ਖਿਲਾਫ਼ ਲੜਾਈ ’ਚ ਮੋਹਰੀ ਭੂਮਿਕਾ ਇਸ ਸਮੇਂ ਦੂਸਰੀਆਂ ਫੌਜਾਂ ਹੀ ਨਿਭਾਅ ਰਹੀਆਂ ਹਨ। ਜਿਨ੍ਹਾਂ ਵਿੱਚ ਅਨੇਕ ਨੇ ਇਰਾਨੀਆਂ ਅਤੇ ਹਿਜਬੁੱਲਾ ਤੋਂ ਟਰੇਨਿੰਗ ਲਈ ਹੈ।
ਆਈਐਸ ਨੇ ਕਿਹਾ ਹੈ ਕਿ ਫਾਲੀ ਦਾ ਸਿਰ ਕਲਮ ਕੀਤਾ ਜਾਣਾ ਇਰਾਕ ਵਿੱਚ ਅਮਰੀਕੀ ਹਵਾਈ ਸੈਨਾ ਵੱਲੋਂ ਉਸ ਦੀਆਂ ਸੈਨਾਵਾਂ ’ਤੇ ਕੀਤੇ ਜਾ ਰਹੇ ਹਮਲਿਆਂ ਨਾਲ ਸਿੱਧਾ ਜੁੜਿਆ ਹੋਇਆ ਹੈ। ਚੇਤੇ ਰਹੇ ਕਿ ਆਈ ਐਸ ਨੂੰ ਕੁੱਝ ਸਮਾਂ ਪਹਿਲਾਂ ਹੀ ਇਰਾਕ ਦੇ ਗੁਆਂਢ ਵਿੱਚ ਸੀਰੀਆ ਵਿੱਚ ਪੱਛਮ ਵੱਲੋਂ ਖੁੱਲ੍ਹ ਖੇਡਣ ਦੀ ਛੋਟ ਮਿਲੀ ਹੋਈ ਸੀ।
ਸੀਰੀਆ ਸ਼ਾਸ਼ਨ ਦੇ ਖਿਲਾਫ਼ ਲੜ ਰਹੇ ਜਿਹਾਦੀਆਂ ਨੂੰ ਪੱਛਮ ਨੇ ਜਿਹੜੇ ਆਧੁਨਿਕ ਹਥਿਆਰ ਦਿੱਤੇ ਸਨ, ਉਨ੍ਹਾਂ ਵਿੱਚੋਂ ਬਹੁਤੇ ਆਈ.ਐਸ. ਦੇ ਹੱਥ ਲੱਗ ਚੁੱਕੇ ਹਨ। ਅਸਲ ਵਿੱਚ ਆਈ.ਐਸ ਦੇ ਅਨੇਕ ਨੇਤਾਵਾਂ ਦਾ ਤਾਂ ਸੈਨੇਟਰ ਜਾਨ ਮੈਕਕੇਨ ਵਰਗੀਆਂ ਅਮਰੀਕੀ ਪ੍ਰਭਾਵਸ਼ਾਲੀ ਹਸਤੀਆਂ ਨੇ ਇਸ ਇਲਾਕੇ ਦੇ ਆਪਣੇ ਦੌਰੇ ਸਮੇਂ, ਆਜ਼ਾਦੀ ਸੰਗਰਾਮੀਆਂ ਦੇ ਰੂਪ ਵਿੱਚ ਬਕਾਇਦਾ ਸਵਾਗਤ ਕੀਤਾ ਸੀ। ਪਿਛਲੇ ਸਾਲ ਮਈ ਮਹੀਨੇ ’ਚ ਇਹ ਅਮਰੀਕੀ ਸੈਨੇਟਰ ਗ਼ੈਰ ਕਾਨੂੰਨੀ ਤਰੀਕੇ ਨਾਲ ਸੀਰੀਆ ਜਾ ਪਹੁੰਚਿਆ ਸੀ ਅਤੇ ਉਸ ਨੇ ਇਦਲਿਬ ’ਚ ਜਾ ਕੇ ਹਥਿਆਰਬੰਦ ਬਾਗ਼ੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਓਬਾਮਾ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਪਿਛਲੇ ਦੋ ਸਾਲਾਂ ਤੋਂ ਸੀਰੀਆ ਵਿੱਚ ਅਸਦ ਨਜ਼ਾਮ ਖਿਲਾਫ਼ ਲੜਾਈ ਆਈ.ਐਸ.ਆਈ.ਐਸ ਅਤੇ ਅਲਕਾਇਦਾ ਨਾਲ ਜੁੜੇ ਦੂਜੇ ਸੰਗਠਨ ਹੀ ਚਲਾ ਰਹੇ ਸਨ। ਰਾਸ਼ਟਰਪਤੀ ਓਬਾਮਾ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਦਾ ਨਿਸ਼ਾਨਾ ਇਹੀ ਹੈ ਕਿ ਆਈ.ਐਸ ਨੂੰ ਇਰਾਕ ਅਤੇ ਸੀਰੀਆ ਵਿੱਚ ਕਿਸੇ ਤਰ੍ਹਾਂ ਵੀ ‘ਖਿਲਾਫ਼ਤ’ ਕਾਇਮ ਕਰਨ ਤੋਂ ਰੋਕਿਆ ਜਾਵੇ। ਇਸ ਤਰ੍ਹਾਂ ਦੀਆਂ ਵਿਸ਼ਵਾਸ਼ ਯੋਗ ਖ਼ਬਰਾਂ ਹਨ ਕਿ ਇਰਾਕ ਵਿੱਚ ਕਿਸੇ ਜ਼ਮਾਨੇ ਵਿੱਚ ਬਾਥ ਪਾਰਟੀ ਨਾਲ ਰਹੇ ਲੋਕ ਅਤੇ ਸੱਦਾਮ ਦੀ ਸੈਨਾ ’ਚ ਸ਼ਾਮਲ ਰਹੇ ਲੋਕ ਹੁਣ ਆਈ.ਐਸ. ਨਾਲ ਜੁੜ ਰਹੇ ਹਨ ਅਤੇ ਆਪਣੀ ਫੌਜੀ ਮੁਹਾਰਤ ਨਾਲ ਉਸ ਦੀ ਤਾਕਤ ਵਧਾ ਰਹੇ ਹਨ। ਬਹਰਹਾਲ, ਇਸ ਉਮੀਦ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਇਸ ਮੌਕਾਪ੍ਰਸਤ ਗੱਠਜੋੜ ਵਿੱਚ ਤਰੇੜਾਂ ਨਜ਼ਰ ਆਉਣ ਲੱਗੀਆਂ ਹਨ ਅਤੇ ਅਜਿਹਾ ਸਭ ਤੋਂ ਵਧੇਰੇ ਆਈ.ਐਸ ਵੱਲੋਂ ਮਚਾਈ ਗਈ ਹਿੰਸਕ ਫਿਰਕੂ ਤਬਾਹੀ ਕਾਰਨ ਹੋਇਆ ਹੈ।