ਪੰਜਾਬ ਦੇ ਅਰਥਚਾਰੇ ਨੂੰ ਕੌਣ ਠੀਕ ਕਰੂ? - ਗੁਰਚਰਨ ਪੱਖੋਕਲਾਂ
Posted on:- 27-08-2014
ਹਜ਼ਾਰਾਂ ਨੇਤਾ ਪੰਜਾਬ ਦੀ ਧਰਤੀ ਨਿੱਤ ਦਿਨ ਪੰਜਾਬੀਆਂ ਲਈ ਇਨਕਲਾਬ ਦੇ ਦਮਗਜੇ ਮਾਰਦੇ ਨਹੀਂ ਥੱਕਦੇ ਪਰ ਇੱਕ ਵੀ ਨੇਤਾ ਇਹੋ ਜਿਹਾ ਨਹੀਂ ਜਿਹੜਾ ਨਿੱਤ ਦਿਨ ਗਹਿਣੇ ਕੀਤੇ ਜਾ ਰਹੇ ਪੰਜਾਬ ਦੀ ਆਰਥਿਕਤਾ ਤੇ ਬੋਲ ਸਕੇ । ਹਜ਼ਾਰਾਂ ਦੀ ਗਿਣਤੀ ਵਿੱਚ ਬੁੱਧੀਜੀਵੀ ਲੇਖਕ ਅਖਵਾਉਂਦੇ ਏਸੀ ਕਲਚਰ ਵਿੱਚ ਰਹਿੰਦੇ ਨੌਕਰੀ ਪੇਸਾ ਲੋਕ ਕਾਲੇ ਵਰਕੇ ਕਾਲੇ ਅਖਬਾਰ ਕਰਦੇ ਹਨ ਪਰ ਕਾਲੇ ਮਨਾਂ ਦੇ ਇਹ ਲੋਕ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੋਰ ਉਲਝਾਈ ਜਾ ਰਹੇ ਹਨ । ਪੰਜ ਸੌ ਤੋਂ ਪੰਜ ਹਜ਼ਾਰ ਤੱਕ ਦੀ ਰੋਜਾਨਾਂ ਤਨਖਾਹ ਲੈਣ ਵਾਲੇ ਬੁੱਧੀਜੀਵੀ ਅਤੇ ਰਾਜਨੀਤਕ ਲੋਕ ਪੱਚੀ ਤੋਂ ਪੰਜਾਹ ਰੁਪਏ ਰੋਜ਼ਾਨਾ ਕਮਾਉਣ ਵਾਲੇ ਦੋ ਕਰੋੜ ਪੰਜਾਬੀਆਂ ਬਾਰੇ ਸੋਚਣ ਵੀ ਕਿਉਂ ਉਹ ਤਾਂ ਆਪਣੇ ਹਜ਼ਾਰਾਂ ਕਮਾਉਣ ਵਾਲੇ ਆਪਣੇ ਭਾਈਚਾਰੇ ਬਾਰੇ ਹੀ ਸੋਚਣਗੇ ।
ਇਹ ਵਰਗ ਆਮ ਲੋਕਾਂ ਤੋਂ ਇਕੱਠੇ ਕੀਤੇ ਖੂਨ ਪਸੀਨੇ ਦੀ ਕਮਾਈ ਦੇ ਟੈਕਸਾਂ ਰੂਪੀ ਹਰਾਮ ਦੀ ਕਮਾਈ ਵਿੱਚੋਂ ਤਨਖਾਹਾਂ ਭਾਵ ਖੂਨ ਭਿੱਜੀਆਂ ਰੋਟੀਆਂ ਖਾਣ ਗਿੱਝੇ ਹੋਏ ਹਨ । ਇਸ ਅਮੀਰ ਵਰਗ ਦੇ ਕਿਸੇ ਇੱਕ ਵੀ ਬੁੱਧੀਜੀਵੀ ਨੇ ਕਦੇ ਵੀ ਨਹੀਂ ਕਿਹਾ ਕਿ ਸਾਡੀ ਆਮਦਨ ਵੀ ਆਮ ਪੰਜਾਬੀ ਜਿੰਨੀ ਹੀ ਹੋਣੀ ਚਾਹੀਦੀ ਹੈ ਕਿਉਂਕਿ ਆਮ ਪੰਜਾਬੀ ਤਾਂ 12 ਤੋਂ 16 ਘੰਟੇ ਤੱਕ ਲੰਗੇ ਡੰਗ ਮਿਲਣ ਵਾਲੀ ਦਿਹਾੜੀ ਵਿੱਚ ਵੀ ਏਨਾਂ ਕੰਮ ਕਰਦਾ ਹੈ ਜਦ ਕਿ ਮੁਲਾਜ਼ਮ ਵਰਗ ਅੱਠ ਘੰਟੇ ਵਿੱਚ ਫਰਲੋ ਮਾਰਨ ਨੂੰ ਹੀ ਤਰਜੀਹ ਦਿੰਦਾਂ ਹੈ ਕੰਮ ਕਰਨ ਲਈ ਤਾਂ ਰਿਸਵਤਾਂ ਦੇਕੇ ਉਠਾਉਣਾ ਪੈਂਦਾ ਹੈ ਗੱਪਾ ਮਾਰਦਿਆਂ ਨੂੰ । ਕੋਈ ਵਿਰਲਾ ਟਾਵਾਂ ਮੁਲਾਜ਼ਮ ਹੀ ਤਨਖਾਹ ਲੈਕੇ ਇਮਾਨਦਾਰੀ ਨਾਲ ਕੰਮ ਕਰਦਾ ਹੈ ਜਿਸਨੂੰ ਵੀ ਭਿ੍ਰਸ਼ਟ ਲੋਕ ਮੂਰਖ ਗਰਦਾਨਦੇ ਰਹਿੰਦੇ ਹਨ ।
ਪੰਜਾਬ ਦੀ ਆਰੲਥਿਕਤਾ ਨੂੰ ਡੋਬਣ ਵਿੱਚ ਵੱਡੀ ਅਫਸਰ ਸਾਹੀ ਦਾ ਅਹਿਮ ਰੋਲ ਹੈ ਜੋ ਆਰਥਿਕਤਾ ਤੋਂ ਅਣਜਾਣ ਰਾਜਨੀਤਕਾਂ ਨੂੰ ਡੰਗ ਟਪਾਈ ਦੇ ਗੁਰ ਸਿਖਾਕੇ ਕਰਜੇ ਦੀ ਪੰਡ ਪੰਜਾਬ ਅਤੇ ਪੰਜਾਬੀਆਂ ਦੇ ਸਿਰ ਧਰਵਾਉਣ ਲਈ ਜੁੰਮੇਵਾਰ ਹੈ । ਰਾਜਨੀਤਕ ਲੋਕਾਂ ਵਿਚ ਬਹੁਤੇ ਲੋਕ ਆਰਥਿਕਤਾ ਜਾਂ ਇਸ ਤਰਾਂ ਦੇ ਹੋਰ ਸਮਾਜਿਕ ਮਸਲਿਆਂ ਦੇ ਬਹੁਤੇ ਮਾਹਰ ਨਹੀਂ ਹੁੰਦੇ ਸਗੋਂ ਇਹਨਾਂ ਦੀ ਟੇਕ ਤਾਂ ਆਈ ਏ ਐੱਸ ਵਾਲੀ ਉੱਚ ਯੋਗਤਾ ਪਰਾਪਤ ਸਿਆਣੇ ਸਮਝੇ ਜਾਂਦੇ ਲੋਕਾਂ ਉਪਰ ਹੀ ਹੁੰਦੀ ਹੈ ਜਿਹੜੇ ਆਪਣੀਆਂ ਰਾਵਾਂ ਰਾਜਨੀਤਕਾਂ ਨੂੰ ਦਿੰਦੇ ਹਨ । ਸੋ ਰਾਜਨੀਤਕ ਲੋਕ ਸਭ ਤੋਂ ਪਹਿਲਾਂ ਸਿਆਣੇ ਜਾਂ ਮੂਰਖ ਵੀ ਇਸ ਲਾਬੀ ਦੀ ਜਾਦੂਗਰੀ ਨਾਲ ਹੀ ਬਣਦੇ ਹਨ ।
ਅੱਜ ਪੰਜਾਬ ਸਿਰ ਕਰਜਾ ਇੱਕ ਲੱਖ ਕਰੋੜ ਤੋਂ ਵਧ ਚੁਕਿਆਂ ਹੈ ਅਗਲੇ ਸਾਲ ਦਾ ਬਜਟ ਗਿਆਰਾਂ ਹਜ਼ਾਰ ਕਰੋੜ ਘਾਟੇ ਦਾ ਹੈ ਜੋ ਕਿ ਅਸਲ ਵਿੱਚ ਕਰਜਾ ਚੁਕਕੇ ਹੀ ਪੂਰਾ ਕਰਨਾਂ ਹੈ । ਪੰਜਾਬ ਦੀ ਬਿਜਲੀ ਕਾਰਪੋਰੇਸਨ ਹੀ ਪੰਦਰਾਂ ਹਜ਼ਾਰ ਕਰੋੜ ਤੋਂ ਵਧ ਕਰਜਾਈ ਹੈ ਅਤੇ ਇਸ ਤਰਾਂ ਹੋਰ ਸਰਕਾਰੀ ਅਦਾਰੇ ਵੀ ਹਜ਼ਾਰਾਂ ਕਰੋੜ ਦੇ ਕਰਜਾਈ ਹਨ । ਪੰਜਾਬ ਦੀ ਆਰਥਿਕਤਾ ਦਾ ਧੁਰਾ ਕਿਸਾਨ ਵਰਗ ਵੀ ਇੱਕ ਲੱਖ ਕਰੋੜ ਤੋਂ ਜਿਆਂਦਾ ਦਾ ਕਰਜਾਈ ਹੈ । ਉਪਰੋਕਤ ਤਿੰਨਾਂ ਵਰਗਾਂ ਦਾ ਕੁੱਲ ਕਰਜਾ ਪੰਜਾਬ ਦੀ ਪੰਜਵੇਂ ਹਿੱਸੇ ਦੀ ਉਪਜਾਊ ਜਮੀਨ ਦੇ ਮੁੱਲ ਦੇ ਬਰਾਬਰ ਹੈ । ਜੇ ਪੰਜਾਬ ਨੇ ਬਿਨਾਂ ਕਿਸੇ ਸੈਂਟਰ ਦੀ ਸਹਾਇਤਾ ਦੇ ਕਰਜਾ ਮੁਕਤ ਹੋਣਾ ਹੈ ਤਦ ਘੱਟੋ ਘੱਟ ਪੰਜਾਬ ਦੀ ਉਪਜਾਊ ਹਿੱਸੇ ਦੀ ਬੀਹ ਪਰਸੈਂਟ ਜ਼ਮੀਨ ਵੇਚਣੀ ਪਵੇਗੀ ।
ਇਸ ਕਰਜ਼ੇ ਦੀ ਮੁਕਤੀ ਬਿਨਾਂ ਪੰਜਾਬੀਆਂ ਤੇ ਹਰ ਸਾਲ ਟੈਕਸਾਂ ਦਾ ਬੋਝ ਵਧਦਾ ਹੀ ਚਲਿਆ ਜਾਵੇਗਾ ਜੋ ਕਿ ਕਰਜੇ ਦੀਆਂ ਕਿਸਤਾਂ ਵਿੱਚ ਹੀ ਜ਼ਿਆਦਾਤਰ ਜਾਂਦਾ ਰਹੇਗਾ ਬਾਕੀ ਬਚਦਾ ਪੈਸਾ ਮੁਲਾਜ਼ਮ ਵਰਗ ਦੀਆਂ ਤਨਖਾਹਾਂ ਵਿੱਚ ਚਲਾ ਜਾਂਦਾ ਹੈ । ਅਸਲ ਵਿੱਚ ਪੰਜਾਬ ਦੇ ਬਜਟ ਦਾ ਅੱਧਾ ਹਿੱਸਾ ਤਾਂ ਮੁਲਾਜਮਾਂ ਦੀਆਂ ਤਨਖਾਹਾਂ ਅਤੇ ਪੈਨਸਨਾਂ ਦੀ ਭੇਂਟ ਚੜ ਜਾਂਦਾਂ ਹੈ 25% ਸਬਸਿਡੀਆਂ ਖਾ ਜਾਦੀਆਂ ਹਨ । ਬਾਕੀ 25% ਲੱਗਭਗ ਕਰਜੇ ਦੀਆਂ ਕਿਸਤਾਂ ਵਿੱਚ ਚਲਾ ਜਾਂਦਾ ਹੈ ਵਿਕਾਸ ਲਈ ਤਾਂ ਕੋਈ ਪੈਸਾ ਬਚਦਾ ਹੀ ਨਹੀਂ । ਵਿਕਾਸ ਲਈ ਕਰਜੇ ਚੁੱਕਣ ਵਾਲਾ ਪਾਸਾ ਹੀ ਰਹਿੋ ਜਾਂਦਾ ਹੈ ਕਰਜੇ ਵਿੱਚੋਂ ਨਿਕਲਿਆਂ ਵਿਕਾਸ਼ ਨਹੀ ਵਿਨਾਸ਼ ਹੀ ਹੁੰਦਾ ਹੈ ਜਿਹੜਾ ਕਿ ਜਾਲ ਦੀ ਤਰਾਂ ਹੈ ਅਤੇ ਜੋ ਪੰਜਾਬ ਦੇ ਭਵਿੱਖ ਨੂੰ ਜਕੜਨ ਵੱਲ ਜਾਂਦਾ ਹੈ ਜਿਸ ਨਾਲ ਗੁਲਾਮ ਪੰਜਾਬ ਦੀ ਨੀਂਹ ਹੋਰ ਪੱਕੀ ਹੋ ਜਾਂਦੀ ਹੈ ।
ਇਸ ਤਰਾਂ ਪੰਜਾਬ ਦਾ ਹਾਲ ਕਰਵਾਉਣ ਲਈ ਅਫਸਰਸਾਹੀ ਦਾ ਵੱਡਾ ਹਿੱਸਾ ਹੀ ਜ਼ੁੰਮੇਵਾਰ ਹੈ ਜਿਸਦਾ ਇੱਕ ਵਿਹਲਾ ਵਰਗ ਲੇਖਕ ਬੁੱਧੀਜੀਵੀ ਵੀ ਬਣਿਆ ਹੋਇਆ ਹੈ ਪਰਿੰਟ ਮੀਡੀਆ ਅਤੇ ਇਲੈਕਟਰੋਨਿਕ ਮੀਡੀਆ ਇਸ ਅਮੀਰ ਸਿਫਾਰਸ਼ ਲਾਊ ਵਰਗ ਨੂੰ ਬਹੁਤ ਵੱਡੀ ਥਾਂ ਦੇ ਰਿਹਾ ਹੈ ਪਰ ਇਸ ਵਰਗ ਨੂੰ ਕਦੇ ਇਹ ਨਹੀਂ ਪੁਛਦਾ ਕਿ ਪੰਜਾਬ ਨੂੰ ਕੱਖੋਂ ਹੌਲਾ ਕਰਨ ਦਾ ਕੰਮ ਉਹਨਾਂ ਨੇ ਅਤੇ ਉਹਨਾਂ ਦੇ ਭਾਈਵਾਲਾਂ ਨੇ ਕਿਉਂ ਕੀਤਾ ਅਤੇ ਕਰਵਾਇਆ ਹੈ ।
ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਹੈ ਅਤੇ ਕਾਂਗਰਸ਼ ਤੇ ਅਕਾਲੀ ਪਹਿਲਾਂ ਹੀ ਮੌਜੂਦ ਹਨ ਪਰ ਤਿੰਨਾਂ ਪਾਰਟੀਆਂ ਦਾ ਇੱਕ ਵੀ ਆਗੂ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਦਮ ਨਹੀਂ ਭਰ ਰਿਹਾ । ਬਿਨਾਂ ਕਰਜ਼ਾ ਮੁਕਤ ਕਰਿਆਂ ਪੰਜਾਬ ਦੀ ਤਰੱਕੀ ਸੰਭਵ ਹੀ ਨਹੀਂ । ਕੀ ਪੰਜਾਬ ਦੀ ਵਾਗਡੋਰ ਕਿਸੇ ਵੀ ਆਗੂ ਨੂੰ ਮਿੱਠੇ ਸਬਦ ਬੋਲਣ ਕਾਰਨ ਹੀ ਦੇ ਦਿੱਤੀ ਜਾਣੀ ਚਾਹੀਦੀ ਹੈ ਜਾ ਲੋਕਾਂ ਨੂੰ ਹਸਾਉਣ ਬਦਲੇ ਹੀ ਰਾਜਸੱਤਾ ਸੌਂਪ ਦਿੱਤੀ ਜਾਵੇਗੀ । ਇਸ ਤਰਾਂ ਕਦਾ ਚਿੱਤ ਵੀ ਨਹੀਂ ਹੋਣ ਦੇਣਾ ਚਾਹੀਦਾ । ਪੰਜਾਬ ਦੀ ਹਾਲਤ ਹੁਣ ਪਰਯੋਗ ਕਰਨ ਵਾਲੀ ਨਹੀਂ ਰਹਿ ਗਈ ਹੈ ਹੁਣ ਪੰਜਾਬ ਦੀ ਆਰਥਿਕਤਾ ਦਾ ਮਹੌਲ ਐਮਰਜੈਂਸੀ ਵਾਲਾ ਹੈ ਅਤੇ ਇਸ ਨੂੰ ਬਚਾਉਣ ਲਈ ਤੁਰੰਤ ਇਲਾਜ ਦੀ ਜ਼ਰੂਰਤ ਹੈ ।
ਜਿਹੜਾ ਪੰਜਾਬੀ ਆਗੂ ਆਰਥਿਕਤਾ ਦਾ ਸਾਸਤਰ ਜਾਣਦਾ ਹੋਵੇ ਅਤੇ ਪੰਜਾਬੀ ਲੋਕਾਂ ਨੂੰ ਬਿਨਾਂ ਲੁੱਟੇ ਅਤੇ ਲੁਟਾਏ ਬਿਹਤਰ ਹਾਲਤਾਂ ਵੱਲ ਲਿਜਾਵੇ ਨੂੰ ਹੀ ਕੁਰਸੀ ਤੱਕ ਪਹੁੰਚਣ ਦਿੱਤਾ ਜਾਵੇ ।ਪੰਜਾਬ ਦੁਨੀਆਂ ਦੀ ਮੂਲ ਪਹਿਲੀ ਲੋੜ ਅਨਾਜ ਦਾ ਬਹੁਤ ਵੱਡਾ ਉਤਪਾਦਕ ਹੈ ਅਤੇ ਇਸਨੂੰ ਪੈਰਾਂ ਸਿਰ ਥੋੜੀ ਅਕਲਮੰਦੀ ਨਾਲ ਹੀ ਕੀਤਾ ਜਾ ਸਕਦਾ ਹੈ । ਸੋ ਲੋੜ ਤਾਂ ਦਲੇਰ ਅਤੇ ਹਿੰਮਤੀ ਸਿਆਣੇ ਆਗੂ ਦੀ ਹੈ ਜੋ ਅਫਸਰਸਾਹੀ ਅਤੇ ਰਾਜਨੀਤਕ ਆਗੂਆਂ ਨੂੰ ਨੱਥ ਪਾਉਣੀ ਜਾਣਦਾ ਹੋਵੇ । ਜਿਸ ਦਿਨ ਪਰੀਵਾਰਕ ਅਤੇ ਨਿੱਜੀ ਹਿੱਤਾਂ ਤੋਂ ਉਪਰ ਉਠਿਆ ਆਗੂ ਪੰਜਾਬ ਨੂੰ ਮਿਲ ਗਿਆ ਉਸ ਦਿਨ ਪੰਜਾਬ ਦੇ ਹਾਲਾਤ ਸੁਧਾਰ ਵਲ ਤੁਰਨ ਲੱਗ ਪੈਣਗੇ । ਹੁਣ ਵੇਲਾ ਹੈ ਆਮ ਪੰਜਾਬੀਆਂ ਨੂੰ ਪੰਥ ਦੇ ਨਾਅਰਿਆਂ ਤੋਂ ਬਚਣ ਦੀ ਅਤੇ ਹਸਾਉਣ ਵਾਲੇਕਮੇਡੀਅਨਾਂ ਤੋਂ ਦੂਰ ਰਹਿਣ ਦੀ ਅਤੇ ਖੂੰਡਿਆਂ ਸੋਟਿਆਂ ਦੀ ਵਕਤੀ ਸਿਆਸਤ ਤੋਂ ਬਚਣ ਦੀ । ਆਉ ਪੰਜਾਬ ਦੇ ਸੋਹਣੇ ਭਵਿੱਖ ਲਈ ਅਟੱਲ ਕੁਦਰਤ ਤੋਂ ਕਾਮਨਾ ਕਰੀਏ ਆਰਥਿਕ ਮਸਲਿਆ ਦੇ ਹੱਲ ਕਰਨ ਵਾਲੇ ਕਿਸੇ ਹਿੰਮਤੀ ਦਲੇਰ ਰਾਜਨੀਤਕ ਨੂੰ ਹਮਾਇਤ ਦੇਣ ਦਾ ਹਿੰਮਤ ਭਰਿਆ ਪਹਿਲਾਂ ਕਦਮ ਚੁੱਕੀਏ ।
ਸੰਪਰਕ: +91 94177 27245