ਗਾਇਕ ਕਲਾਕਾਰਾਂ ਦਾ ਸਿਆਸਤ ਵਿੱਚ ਆਉਣਾ ਸ਼ੁੱਭ ਸ਼ਗਨ ਜਾਂ ਮੌਕਾ ਪ੍ਰਸਤੀ - ਜਗਦੇਵ ਸਿੰਘ ਗੁੱਜਰਵਾਲ
Posted on:- 19-05-2012
ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਸਨ ਕਿ ਅਜੋਕੀ ਰਾਜਨੀਤੀ ਲੋਕ ਸੇਵਾ ਨਾ ਰਹਿ ਕੇ ਵੱਡੇ ਮੁਨਾਫੇ ਵਾਲੇ ਵਪਾਰ ਦਾ ਰੂਪ ਧਾਰ ਚੁੱਕੀ ਹੈ, ਜਿਸ ਵਿੱਚ ਦੇਸ਼ ਦੇ ਚੰਦ ਸਰਮਾਏਦਾਰ ਚੋਣਾ ਦੌਰਾਨ ਲੱਖਾਂ ਰੁਪਏ ਲਗਾ ਕੇ ਚੋਣਾ ਜਿੱਤਣ ਉਪਰੰਤ ਪੂਰੇ 5 ਸਾਲ ਲੋਕਾਂ ਨੂੰ ਲੁੱਟ ਕੁੱਟ ਕੇ ਅਰਬਾਂ ਰੁਪਏ ਦੀਆਂ ਕਮਾਈਆਂ ਕਰਦੇ ਹਨ । ਅਜਿਹੇ ਕਾਰਨਾਂ ਕਰਕੇ ਹੀ ਦੇਸ਼ ਵਾਸੀਆਂ ਦਾ ਸਿਆਸਤਦਾਨਾਂ ਤੋਂ ਉਕਾ ਹੀ ਮਨ ਉਚਾਟ ਹੋ ਚੁੱਕਾ ਹੈ ਤੇ ਉਹਨਾਂ ਦੇ ਮਨਾਂ ਵਿੱਚ ਇਹ ਪੱਕੀ ਧਾਰਨਾਂ ਬਣ ਚੁੱਕੀ ਹੈ ਕਿ ਕਿਸੇ ਵੀ ਸਿਆਸਤਦਾਨ ਤੋਂ ਆਮ ਲੋਕਾਂ ਦੀ ਭਲਾਈ ਦੀ ਆਸ ਰੱਖਣਾ ਸਿਰੇ ਦੀ ਮੂਰਖਤਾ ਤੇ ਬੇਵਕੂਫੀ ਹੈ ।
ਉਂਝ ਵੀ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਚੁੱਕੀ ਹੈ ਕਿ ਅਜੋਕੀ ਰਾਜਨੀਤੀ ਐਨੀ ਭ੍ਰਿਸ਼ਟ ਤੇ ਗੰਦੀ ਹੋ ਚੁੱਕੀ ਹੈ ਕਿ ਇਸ ਵਿੱਚ ਇੱਕ ਇਮਾਨਦਾਰ ਇਨਸਾਨ ਦਾ ਕਾਮਯਾਬ ਹੋਣਾ ਤਾਂ ਦੂਰ ਬਹੁਤੀ ਦੇਰ ਟਿਕਣਾ ਵੀ ਸੰਭਵ ਨਹੀਂ ਹੈ ਕਿਉਂਕਿ ਇਸ ਖੇਤਰ ਵਿੱਚ ਅੱਜ ਕੱਲ ਧੱਕੜ ਤੇ ਧਨਾਢ ਬੰਦਿਆਂ ਦਾ ਹੀ ਬੋਲਬਾਲਾ ਤੇ ਅਜਾਰੇਦਾਰੀ ਹੈ । ਅਨੇਕਾਂ ਪ੍ਰਕਾਰ ਦੀਆਂ ਅਲਾਮਤਾਂ ਨਾਲ ਰਾਜਨੀਤੀ ਦੇ ਪੂਰੀ ਤਰ੍ਹਾਂ ਗਲ-ਸੜ ਚੁੱਕੇ ਛੱਪੜ ਵਿੱਚ ਵੜ ਕੇ ਕਿਸੇ ਦਾ ਉਸਦੇ ਅੰਦਰਲੇ ਚਿੱਕੜ ਰੂਪੀ ਗੰਦ ਤੋਂ ਨਿਰਲੇਪ ਰਹਿਣਾ ਮੁਸ਼ਕਿਲ ਹੀ ਨਹੀਂ ਅਸੰਭਵ ਵੀ ਹੈ । ਜੇਕਰ ਵੱਖੋ-ਵੱਖ ਖੇਤਰਾਂ ਵਿੱਚੋਂ ਰਾਜਨੀਤੀ ਵਿੱਚ ਆਏ ਲੋਕਾਂ ਦੀ ਬਾਰੀਕੀ ਨਾਲ ਘੋਖ ਪੜਤਾਲ ਕੀਤੀ ਜਾਵੇ ਤਾਂ ਸਭ ਦਾ ਏਹੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਇਹ ਸਾਰੇ ਆਪਣੇ ਪਹਿਲੇ ਖੇਤਰ ਵਿੱਚ ਉਮਰ ਹੰਢਾਉਣ ਉਪਰੰਤ ਹੀ ਰਾਜਨੀਤੀ ਵਿੱਚ ਆਏ ਸਨ ਤੇ ਆ ਰਹੇ ਹਨ । ਫੇਰ ਭਾਵੇਂ ਉਹ ਖੇਤਰ ਮੁੰਬਈ ਫਿਲਮ ਇੰਡਸਟਰੀ ਦੇ ਕਲਾਕਾਰਾਂ, ਸਾਹਿਤਕਾਰਾਂ, ਖਿਡਾਰੀਆਂ ਜਾਂ ਫਿਰ ਪੰਜਾਬੀ ਗਾਇਕੀ ਦਾ ਹੀ ਕਿਉਂ ਨਾ ਹੋਵੇ । ਇਸ ਦੀ ਸਭ ਤੋਂ ਵੱਡੀ ਮਿਸਾਲ ਪੰਜਾਬ ਸਰਕਾਰ ਦੀ ਮਿਹਰਬਾਨੀ ਨਾਲ ਪਿਛਲੇ ਲੰਬੇ ਸਮੇਂ ਤੋਂ ਰਾਜ ਗਾਇਕੀ ਦੀ ਉਪਾਧੀ ਦਾ ਆਨੰਦ ਮਾਣ ਰਹੇ ਗਾਇਕ ਦੀ ਲਈ ਜਾ ਸਕਦੀ ਹੈ ਜੋ ਪੰਜਾਬੀ ਗਾਇਕੀ ਦੀ ਮਾਰਕੀਟ ਵਿੱਚੋਂ ਮਨਫੀ ਹੋਣ ਦੇ ਬਾਵਜੂਦ ਵੀ ਇਸ ਖਿਤਾਬ ’ਤੇ ਬਰਕਰਾਰ ਹੈ । ਜਦਕਿ ਸੰਗੀਤ ਦੀ ਸੁਰ-ਸਾਧਨਾ ਤੇ ਸਰੋਤਿਆਂ ਵਿੱਚ ਲੋਕ-ਪ੍ਰਿਅਤਾ ਦੇ ਲਿਹਾਜ ਤੋਂ ਬਹੁਤ ਸਾਰੇ ਨਵੇਂ ਗਾਇਕ ਇਸ ਤੋਂ ਕਾਫੀ ਅੱਗੇ ਨਿਕਲ ਚੁੱਕੇ ਹਨ । ਇਹ ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਰਾਜ ਗਾਇਕ ਦਾ ਖਿਤਾਬ ਕਿਸੇ ਹੱਕਦਾਰ ਨੂੰ ਨਾ ਦੇਣਾ ਇਸ ਭਾਈ ਸਾਹਿਬ ਦੀ ਸਿਆਣਪ ਨਹੀਂ ਕਹੀ ਜਾਵੇਗੀ । ਬਾਕੀ ਆਪਣੇ ਆਪ ਨੂੰ ਫੱਕਰ ਗਾਇਕ ਤੇ ਸਾਈਂ ਲੋਕ ਸਮਝਣ ਵਾਲੇ ਇਸ ਸ਼ਖ਼ਸ ਵੱਲੋਂ ਪਿਛਲੇ ਸਮੇਂ ਦੌਰਾਨ ਲੋਕ ਸਭਾ ਦੀ ਚੋਣ ਹਾਰਨ ਉਪਰੰਤ ਸਿਆਸਤ ਤਿਆਗਣ ਦੇ ਦਿੱਤੇ ਬਿਆਨ ਤੋਂ ਚੰਦ ਦਿਨ ਬਾਅਦ ਇੱਕ ਖਾਸ ਪਾਰਟੀ ਦਾ ਵੱਡਾ ਅਹੁਦਾ ਲੈਣਾ ਇਸਦੀ ਕਹਿਣੀ ਤੇ ਕਰਨੀ ਉਪੱਰ ਕਿੰਤੂ ਪਰੰਤੂ ਤੇ ਸ਼ੱਕ ਕਰਨ ਲਈ ਮਜਬੂਰ ਕਰਦਾ ਹੈ ਅਤੇ ਇਸ ਦੁਆਰਾ ਦਿੱਤੇ ਗਏ ਪਹਿਲੇ ਬਿਆਨ ਨੂੰ ਵੱਡਾ ਅਹੁਦਾ ਲੈਣ ਲਈ ਖੇਡੀ ਗਈ ਸਿਆਸਤ ਦੀ ਚਾਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਅਤੇ ਜੋ ਇਹਨਾਂ ਲੋਕਾਂ ਦੇ ਸਿਆਸਤ ਵਿੱਚ ਆਉਣ ਦੀ ਮਨਸ਼ਾ ਦਾ ਵੀ ਸਾਫ-ਸਾਫ ਪ੍ਰਗਟਾਵਾ ਕਰਦੀ ਹੈ ।
ਆਹ ਪਿਛਲੇ ਦਿਨੀਂ ਇਕ ਹੋਰ ਗਾਇਕ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਅਹੁਦੇ ਲਈ ਵੀ ਉਹ ਭਾਈ ਸਾਹਿਬ ਕਿਸੇ ਪੱਖੋਂ ਵੀ ਰਿਜਰਵ ਨਹੀਂ ਕਰਦਾ । ਇਹ ਸਿਰਫ ਤੇ ਸਿਰਫ ਉਸਦਾ ਚੋਣਾ ਦੌਰਾਨ ਇੱਕ ਰਾਜਨੀਤਿਕ ਪਾਰਟੀ ਦੇ ਹੱਕ ’ਚ ਕੀਤੇ ਗਏ ਪ੍ਰਚਾਰ ਅਤੇ ਆਪਣੇ ਰਿਸ਼ਤੇਦਾਰ ਦੀ ਪਾਰਟੀ ਦਾ ਪੰਜਾਬ ਦੀ ਵੱਡੀ ਪਾਰਟੀ ਵਿੱਚ ਰਲੇਵਾਂ ਕਰਨ ਲਈ ਨਿਭਾਏ ਰੋਲ ਬਦਲੇ ਤੋਹਫਾ ਦਿੱਤਾ ਗਿਆ ਸਮਝਿਆ ਜਾ ਰਿਹਾ ਹੈ ਕਿਉਂਕਿ ਇਹ ਫਿਲਮੀ ਹੀਰੋ ਤੇ ਗਾਇਕ ਆਪਣੇ ਵਿਅਸਤ ਸਮੇਂ ਵਿੱਚੋਂ ਸਰਕਾਰੀ ਅਹੁਦੇ ਲਈ ਕਿੰਨਾ ਕੁ ਸਮਾਂ ਕੱਢ ਸਕੇਗਾ ਤੇ ਇਸ ਅਹੁਦੇ ਨਾਲ ਕਿੰਨਾ ਕੁ ਇਨਸਾਫ ਕਰ ਸਕੇਗਾ । ਇਹ ਪਾਠਕ ਮੇਰੇ ਨਾਲੋਂ ਕਿਤੇ ਵੱਧ ਜਾਣਦੇ ਸਮਝਦੇ ਹਨ। ਇਸ ਲਈ ਮੈਨੂੰ ਜ਼ਿਆਦਾ ਲਿਖਣ ਕਹਿਣ ਦੀ ਲੋੜ ਨਹੀਂ । ਬਾਕੀ ਉਂਝ ਵੀ ਆਪਣੇ ਪ੍ਰੋਗਰਾਮਾਂ ਦੀ ਹਰ ਸਟੇਜ ਉੱਪਰ ਆਪਣੇ ਆਪ ਨੂੰ ਪੰਜਾਬੀਆਂ ਦੇ ਸਰਬ ਸਾਂਝੇ ਕਲਾਕਾਰ ਹੋਣ ਦਾ ਦਾਅਵਾ ਕਰਨ ਵਾਲੇ ਇਹਨਾਂ ਗਾਇਕਾਂ ਦੇ ਇੱਕ ਖਾਸ ਰਾਜਨੀਤਿਕ ਪਾਰਟੀ ਦੇ ਹੱਕ ਵਿੱਚ ਭੁਗਤਣ ਤੇ ਅਹੁਦੇ ਲੈਣ ਨਾਲ ਇਹਨਾਂ ਦੀ ਮਨ ਹੋਰ ਤੇ ਮੁੱਖ ਹੋਰ ਵਾਲੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ ।
ਅੰਤ ਵਿੱਚ ਮੈਂ ਇਹਨਾਂ ਦੋਵਾਂ ਗਾਇਕਾਂ ਦਾ ਰਾਜਨੀਤੀ ਵਿੱਚ ਆਉਣ ਦੀ ਮਨਸ਼ਾ ਨੂੰ ਹੋਰ ਵਧੇਰੇ ਵਧੀਆ ਤਰੀਕੇ ਨਾਲ ਸਾਫ ਕਰਦਾ ਹੋਇਆ ਲਿਖਣਾ ਚਾਹੁੰਦਾ ਹਾਂ ਕਿ ਇਹ ਦੋਵੇਂ ਸ਼ਖ਼ਸ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਹਨ ਪਰ ਇਹਨਾਂ ਦੀ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਸਮੇਂ-ਸਮੇਂ ਦਰਪੇਸ਼ ਆਈਆਂ ਮੁਸ਼ਕਿਲਾਂ, ਵਾਪਰੇ ਹਾਦਸਿਆਂ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਕੋਈ ਗੱਲ ਸੁਣਨੀ ਤਾਂ ਦੂਰ ਕਦੇ ਉਹਨਾਂ ਦੁਖੀ ਬੇਸਹਾਰਾ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੀ ਵੀ ਕੋਈ ਉਦਾਹਰਣ ਘਟਨਾ ਭਾਲਿਆਂ ਨਹੀਂ ਲੱਭਦੀ ਇਸ ਕਾਰਨ ਜੇਕਰ ਇਹ ਕਹਿ ਲਿਆ ਜਾਵੇ ਕਿ ਇਹ ਭਾਈ ਸਾਹਿਬ ਵੀ ਦੂਜੇ ਰਾਜਨੀਤਿਕ ਨੇਤਾਵਾਂ ਵਾਂਗ ਰਾਜਨੀਤੀ ਵਿੱਚ ਲੋਕਾਂ ਦਾ ਨਹੀਂ ਆਪਣਾ ਨਿੱਜ ਸੰਵਾਰਨ ਲਈ ਆਏ ਹਨ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ । ਬਾਕੀ ਅੰਤ ਵਿੱਚ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਵੇਂ ਮਾੜੇ ਤੋਂ ਮਾੜੇ ਸਮੇਂ ਵਿੱਚ ਵੀ ਕੁਝ ਚੰਗਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਉਸੇ ਤਰ੍ਹਾਂ ਇਸ ਅਤਿ ਗੰਦਲੀ ਹੋ ਚੁੱਕੀ ਸਿਆਸਤ ਦੇ ਖੇਤਰ ਵਿੱਚ ਵੀ ਇਹਨਾਂ ਦੋਵਾਂ ਕਲਾਕਾਰਾਂ ਕੋਲੋਂ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਆਸ ਬਾਕੀ ਹੈ ।
ਸੰਪਰਕ: 99149 28048
Sony Deol
Jiska kam usi ko saje