ਗੁਰਦੁਆਰਿਆਂ ਦਾ ਪ੍ਰਬੰਧ ਤੇ ਸਿਆਸਤ -ਗੁਰਦਰਸ਼ਨ ਸਿੰਘ ਢਿੱਲੋਂ
Posted on:- 23-07-2014
ਸਿੱਖ ਧਾਰਮਿਕ ਸਥਾਨਾਂ ਦੇ ਪ੍ਰਬੰਧ ਨੂੰ ਲੈ ਕੇ ਸਿੱਖਾਂ ਦੇ ਤਾਜ਼ਾ ਸਿਆਸੀ ਘਟਨਾਕ੍ਰਮ ਨੇ ਸਾਰੀ ਦੁਨੀਆ ਵਿੱਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਸਿੱਖ ਸਿਆਸਤ ’ਚ ਸਿਰਫ ਇਕੋ ਗੱਲ ਦਾ ਫਿਕਰ ਜਾਪਦਾ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਬਾਦਲ ਪਰਿਵਾਰ ਦਾ ਸਿੱਖ ਸੰਸਥਾਵਾਂ ਅਤੇ ਜੱਥੇਬੰਦੀਆਂ ’ਤੇ ਜੋ ਕਬਜ਼ਾ ਚੱਲ ਰਿਹਾ ਹੈ ਉਹ ਕਾਇਮ ਰਹਿਣਾ ਚਾਹੀਦਾ ਹੈ, ਚਾਹੇ ਇਸ ਸਾਰੇ ਘਟਨਾਕ੍ਰਮ ਵਿੱਚ ਸਿੱਖ ਪ੍ਰੰਪਰਾਵਾਂ ਅਤੇ ਅਦਾਰੇ ਖਤਮ ਹੀ ਹੋ ਜਾਣ। ਜਿਨ੍ਹਾਂ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਲਈ ਸਦੀਆਂ ਦੀਆਂ ਸਿੱਖ ਸ਼ਹਾਦਤਾਂ ਦਾ ਇਤਿਹਾਸ ਹੈ, ਉਸ ਨੂੰ ਅੱਖੋਂ ਓਹਲੇ ਕੀਤਾ ਜਾ ਰਿਹਾ ਹੈ।
ਇਸ ਕਿਸਮ ਦੀ ਸਥਿਤੀ ਸਿੱਖ ਕੌਮ ਅੱਗੇ ਦੋ ਵਾਰ ਦਰਪੇਸ਼ ਹੁੰਦੀ ਹੈ। ਦਸਵੇਂ ਪਾਤਸ਼ਾਹ ਨੇ ਤਿੰਨ ਸਿੱਖ ਵਿਰੋਧੀ ਤਾਕਤਾਂ ਦਾ ਮੁਕਾਬਲਾ ਕੀਤਾ। ਇਕ ਤਾਕਤ ਸੀ ਪਹਾੜੀ ਰਾਜਿਆਂ ਦੀ, ਦੂਜੀ ਮੁਗਲ ਸਲਤਨਤ ਅਤੇ ਤੀਜੀ ਸਿੱਖੀ ਦੇ ਘਰ ਵਿੱਚ ਹੀ ਸਿੱਖੀ ਨੂੰ ਘੁਣ ਵਾਂਗੂੰ ਖਾਣ ਲੱਗੀ ਮਸੰਦ ਪ੍ਰਥਾ ਦੀ। ਦਸਵੇਂ ਪਾਤਸ਼ਾਹ ਨੇ ਮਸੰਦ ਪ੍ਰਥਾ ਦਾ ਜ਼ਹਿਰ ਆਪਣੇ ਹੱਥੀਂ ਹੀ ਖਤਮ ਕਰ ਦਿੱਤਾ। ਦੂਸਰੀ ਇਸ ਕਿਸਮ ਦੀ ਸਥਿਤੀ ਸਿਖ ਰਾਜ ਤੋਂ ਬਾਅਦ ਸਿੱਖਾਂ ਨੂੰ ਦਰਪੇਸ਼ ਹੋਈ। ਸਿੱਖ ਧਾਰਮਿਕ ਅਸਥਾਨਾਂ ਤੋਂ ਅੰਗਰੇਜ਼ ਬਸਤੀਵਾਦੀ ਤਾਕਤ ਦੇ ਹੱਥ ਠੋਕੇ ਪੁਜਾਰੀਆਂ ਤੇ ਮਹੰਤਾਂ ਨੂੰ ਬੇਦਖਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਵੱਡੀ ਜੱਦੋਜਹਿਦ ਕਰਨੀ ਪਈ। ਇਸ ਵਿੱਚ ੪੦੦ ਤੋਂ ਵੱਧ ਸਿੱਖ ਸ਼ਹੀਦ ਹੋਏ ਅਤੇ ੩੦੦੦੦ ਤੋਂ ਵੱਧ ਜੇਲ੍ਹਾਂ ਵਿੱਚ ਗਏ ਅਤੇ ਅਨੇਕਾਂ ਸਿੱਖਾਂ ਨੂੰ ਨੌਕਰੀਆਂ ਗੁਆਉਣੀਆਂ ਪਈਆਂ। ਇਸੇ ਵੇਲੇ ਬਸਤੀਵਾਦੀ ਹਕੂਮਤ ਨੇ ਸ੍ਰੀ ਅਕਾਲ ਤਖਤ ’ਤੇ ਆਪਣੇ ਨੁਮਾਇੰਦਿਆਂ ਨੂੰ ਬਿਠਾ ਕੇ ਅਨੇਕਾਂ ਸੁਹਿਰਦ ਸਿੱਖਾਂ ਨੂੰ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਆਜ਼ਾਦੀ ਦੀ ਜੰਗ ਵਿੱਚ ਆਪਾ ਵਾਰ ਰਹੇ ਸਨ, ਨੂੰ ਪੰਥ ਵਿੱਚੋਂ ਛਿਕਵਾਇਆ ਗਿਆ। ਇੱਥੇ ਹੀ ਬਸ ਨਹੀਂ ਬਸਤੀਵਾਦੀ ਹਕੂਮਤ ਦੇ ਹੱਥਠੋਕੇ ਜਥੇਦਾਰ ਤੋਂ ਜਰਨਲ ਡਾਇਰ ਨੂੰ ਵੀ ਅਕਾਲ ਤਖਤ ’ਤੇ ਬੁਲਾ ਕੇ ਸਨਮਾਨਿਤ ਕਰਾਇਆ ਗਿਆ। ਐਥੇ ਇਹ ਗੱਲ ਖਾਸ ਤੌਰ ’ਤੇ ਵਰਨਣਯੋਗ ਹੈ ਕਿ ਇਨ੍ਹਾਂ ਸਾਰੀਆਂ ਹਰਕਤਾਂ ਨਾਲ ਸ੍ਰੀ ਅਕਾਲ ਤਖਤ ਦੀ ਮਾਣ-ਮਰਿਆਦਾ ਅਤੇ ਪ੍ਰੰਪਰਾਵਾਂ ’ਤੇ ਕੋਈ ਅਸਰ ਨਹੀਂ ਪਿਆ, ਬਲਕਿ ਉਨ੍ਹਾਂ ਸ਼ਕਤੀਆਂ ਬਾਰੇ ਸਿੱਖਾਂ ਦੇ ਦਿਲਾਂ ਵਿੱਚ ਨਫਰਤ ਦੀ ਭਾਵਨਾ ਜਾਗ ਗਈ ਜਿਨ੍ਹਾਂ ਨੇ ਆਪਣੇ ਹੱਥਠੋਕੇ ਜਥੇਦਾਰਾਂ ਤੋਂ ਇਸ ਕਿਸਮ ਦੀਆਂ ਗੈਰ ਸਿੱਖ ਹਰਕਤਾਂ ਕਰਾਈਆਂ ਸਨ।
ਅਜੋਕੇ ਸਮੇਂ ਵਿੱਚ ਵੀ ਪੰਥ ਇਸੇ ਕਿਸਮ ਦੀ ਸਥਿਤੀ ਵਿੱਚੋਂ ਹੀ ਗੁਜ਼ਰ ਰਿਹਾ ਹੈ। ਭਾਰਤ ’ਤੇ ਰਾਜ ਕਰ ਰਹੀ (ਆਰਐਸਐਸ)ਭਾਜਪਾ ਜੁੰਡਲੀ ਸਿੱਖਾਂ ਦੀ ਵੱਖਰੀ ਪਹਿਚਾਣ ’ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ ਅਤੇ ਮੌਜੂਦਾ ਅਕਾਲੀ ਦਲ ਉਨ੍ਹਾਂ ਦੀ ਹਰ ਗੱਲ ਤੇ ਫੁੱਲ ਚੜ੍ਹਾਉਣ ਲਈ ਯਤਨਸ਼ੀਲ ਹੈ। ਸ਼੍ਰੋਮਣੀ ਅਕਾਲੀ ਦਲ ਜੋ ਕਿ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਲਈ ਹੋਂਦ ਵਿੱਚ ਆਇਆ ਸੀ, ਉਸਦਾ ਵਿਧਾਨ ਬਦਲ ਦਿੱਤਾ ਗਿਆ ਹੈ ਅਤੇ ਉਸਨੂੰ ਪੰਜਾਬੀ ਪਾਰਟੀ ਬਣਾ ਕੇ ਸੈਕੂਲਰ ਜਥੇਬੰਦੀ ਵਿੱਚ ਬਦਲ ਦਿੱਤਾ ਗਿਆ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਬਾਦਲ ਅਕਾਲੀ ਦਲ ਇਕ ਸੈਕੂਲਰ ਪੰਜਾਬੀ ਪਾਰਟੀ ਹੈ ਤਾਂ ਇਸਨੂੰ ਸਿੱਖ ਗੁਰਦੁਆਰਿਆਂ ਤੇ ਕੰਟਰੋਲ ਕਰਨ ਦਾ ਕੋਈ ਵੀ ਮੌਲਿਕ ਅਧਿਕਾਰ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਦੇ ਸੰਦਰਭ ਵਿੱਚ ਆਵਾਜ਼ ਉਠਾਉਣੀ ਚਾਹੀਦੀ ਹੈ।
ਸਾਡਾ ਇੱਕ ਸਵਾਲ ਹੈ ਕਿ ਕੀ ਬਾਦਲ ਸਾਹਿਬ ਆਵਾਜ਼ ਉਠਾਉਣਗੇ ਕਿ ਦਿੱਲੀ ਗੁਰਦੁਆਰਾ ਮੈਨਜਮੈਂਟ ਨੂੰ ਤੋੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲਾ ਦਿੱਤਾ ਜਾਵੇ? ਬਾਦਲ ਸਾਹਿਬ ਅਜੇਹਾ ਨਹੀਂ ਕਰਨਗੇ ਕਿਉਂਕਿ ਦਿੱਲੀ ਦੇ ਗੁਰਦੁਆਰਿਆਂ ਦਾ ਕੰਟਰੋਲ ਵੀ ਉਨ੍ਹਾਂ ਦੇ ਆਪਣੇ ਸਮਰਥਕਾਂ ਕੋਲ ਹੀ ਹੈ। ਜੇਕਰ ਹਰਿਆਣਾ ਵਿੱਚ ਰਹਿ ਰਹੇ ਸਿੱਖ ਆਪਣੇ ਗੁਰਦੁਆਰਿਆ ਦੀ ਸੇਵਾ ਸੰਭਾਲ ਲਈ ਇਕ ਵੱਖਰੀ ਕਮੇਟੀ ਚਾਹੁੰਦੇ ਹਨ ਤਾਂ ਇੰਨੀ ਜ਼ਿਆਦਾ ਤਕਲੀਫ ਕਿਉਂ? ਕੁੱਝ ਘੰਟਿਆਂ ਦੇ ਘਟਨਾਕ੍ਰਮ ਨਾਲ ਛੇਤੀ ਛੇਤੀ ਪੀ.ਏ.ਸੀ ਦੀ ਮੀਟਿੰਗ ਬੁਲਾਈ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਬੁਲਾ ਕੇ ਜਥੇਦਾਰਾਂ ਤੋਂ ਹਰਿਆਣਾ ਦੇ ਤਿੰਨ ਸਿੱਖਾਂ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ ਕਰਾ ਦਿੱਤਾ ਗਿਆ। ਇਹ ਸਾਰਾ ਕੁੱਝ ਐਨੀ ਜ਼ਿਆਦਾ ਜਲਦੀ ਅਤੇ ਤੇਜ਼ੀ ਵਿੱਚ ਕਰਵਾਇਆ ਗਿਆ ਕਿ ਸਾਰੇ ਸਿਖ ਜਗਤ ਵਿੱਚ ਇਕ ਭੂਚਾਲ ਜਿਹਾ ਆ ਗਿਆ। ਸਾਰੀ ਸਿੱਖ ਕੌਮ ਇਕਦਮ ਚੌਂਕ ਗਈ ਕਿ ਇਹ ਕੀ ਹੋ ਗਿਆ ਹੈ।
ਇਹ ਗੱਲ ਬੜੀ ਸਿਆਣਪ ਅਤੇ ਦਿਆਨਤਦਾਰੀ ਨਾਲ ਟਲ ਸਕਦੀ ਸੀ, ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਮਾਨਦਾਰੀ ਅਤੇ ਸੱਚਾਈ ਨਾਲ ਬੇਇਮਾਨੀ ਤੋਂ ਉਪਰ ਉਠ ਕੇ ਸਿੱਖੀ ਦੇ ਅਸੂਲਾਂ ਮੁਖਾਤਿਬ ਚਲਾਇਆ ਜਾਂਦਾ। ਇਕ ਸਵਾਲ ਆਮ ਚਰਚਾ ਦਾ ਵਿਸ਼ਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਮਾਰਕੀਟ ਤੋਂ ਬਹੁਤ ਘੱਟ ਰੇਟਾਂ ਤੇ ਆਪਣੇ ਪਿਠੂਆਂ ਅਤੇ ਰਿਸ਼ਤੇਦਾਰਾਂ ਨੂੰ ਦਿੱਤੀਆਂ ਜਾਂਦੀਆਂ ਹਨ। ਪਿੰਡਾਂ ਵਿੱਚ ਜ਼ਮੀਨਾਂ ਦੇ ਠੇਕੇ ੪੦੦੦੦ ਤੋਂ ੫੦੦੦੦ ਪ੍ਰਤੀ ਏਕੜ ਤੱਕ ਪਹੁੰਚ ਚੁੱਕੇ ਹਨ, ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਸੈਂਕੜਿਆਂ ਵਿਚ ਅਤੇ ਵੱਡੇ ਅਰਸੇ ਲਈ ਲੀਜ਼ ’ਤੇ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਦਾ ਹਾਲ ਸ਼ਹਿਰੀ ਜਾਇਦਾਦ ਦਾ ਹੈ। ਪਹਿਲਾਂ ਦਰਬਾਰ ਸਾਹਿਬ ਤੋਂ ਕੀਰਤਨ ਟੈਲੀਕਾਸਟ ਕਰਨ ਦਾ ਟੈਲੀਵਿਜ਼ਨ ਕੰਪਨੀਆਂ ਕਰੋੜਾਂ ਰੁਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੰਦੀਆਂ ਸਨ, ਪਰੰਤੂ ਹੁਣ ਗੱਲ ਬਿਲਕੁਲ ਉਲਟ ਹੋ ਗਈ ਹੈ ਕਿਉਂਕਿ ਹੁਣ ਵਾਲੀ ਕੰਪਨੀ ਬਾਦਲ ਪਰਿਵਾਰ ਦੀ ਹੈ। ਇਸੇ ਤਰ੍ਹਾਂ ਕੁੱਝ ਅਦਾਰੇ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਮਾਏ ਦੀ ਲਾਗਤ ਨਾਲ ਹੋਂਦ ਵਿੱਚ ਆਏ ਸਨ ਉਨ੍ਹਾਂ ਨੂੰ ਨਿੱਜੀ ਟਰੱਸਟਾਂ ਵਿੱਚ ਤਬਦੀਲ ਕਰਕੇ ਬਾਦਲ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਇਹ ਸਾਰਾ ਕੁੱਝ ਸਿਖਾਂ ਦੇ ਜ਼ਿਹਨ ਵਿੱਚ ਹੈ ਅਤੇ ਉਹ ਇਨ੍ਹਾਂ ਗੱਲਾਂ ਦਾ ਸਾਫ ਅਤੇ ਇਮਾਨਦਾਰ ਜਵਾਬ ਚਾਹੁੰਦੇ ਹਨ।
ਬਾਦਲ ਸਾਹਿਬ ਅੱਗੇ ਬੇਨਤੀ ਹੈ ਕਿ ਪਰਿਵਾਰ ਦੇ ਮੋਹ ਤੋਂ ਉਪਰ ਉਠ ਕੇ ਪੰਥ ਅਤੇ ਪੰਜਾਬ ਪ੍ਰਤੀ ਕੁੱਝ ਚੰਗੇ ਕੰਮ ਵੀ ਕਰ ਜਾਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨ।
ਸੰਪਰਕ: +91 98151 43911